ਅਜਨਬੀ – ਸ਼ਿਵ ਕੁਮਾਰ ਬਟਾਲਵੀ

ਅਜੇ ਤਾਂ ਮੈਂ ਹਾਂ ਅਜਨਬੀ ।
ਅਜੇ ਤਾਂ ਤੂੰ ਹੈਂ ਅਜਨਬੀ ।
ਤੇ ਸ਼ਾਇਦ ਅਜਨਬੀ ਰਹਾਂਗੇ
ਇਕ ਸਦੀ ਜਾਂ ਦੋ ਸਦੀ
ਨਾ ਤੇ ਤੂੰ ਹੀ ਔਲੀਆ ਹੈਂ
ਨਾ ਤੇ ਮੈਂ ਹੀ ਹਾਂ ਨਬੀ
ਇਹ ਆਸ ਹੈ, ਉਮੀਦ ਹੈ
ਕਿ ਮਿਲ ਪਵਾਂਗੇ ਪਰ ਕਦੀ
ਅਜੇ ਤਾਂ ਮੈਂ ਹਾਂ ਅਜਨਬੀ
ਅਜੇ ਤਾਂ ਤੂੰ ਹੈਂ ਅਜਨਬੀ ।

ਮੇਰੇ ਲਈ ਇਹ ਰਸ-ਭਰੀ
ਤੇਰੀ ਮਲੂਕ ਮੁਸਕੜੀ
ਕਿਸੇ ਵਿਮਾਨ ਸੇਵਕਾ
ਦੀ ਮੁਸਕੜੀ ਦੇ ਵਾਂਗ ਹੈ
ਅਜੇ ਵੀ ਜਿਸ ‘ਚ ਜਾਣਦਾਂ
ਕਿ ਵਾਸ਼ਨਾ ਦੀ ਕਾਂਗ ਹੈ
ਮੈਂ ਜਾਣਦਾਂ, ਮੈਂ ਜਾਣਦਾਂ
ਮੇਰੇ ਲਈ ਤੇਰੀ ਵਫ਼ਾ
ਅਜੇ ਵੀ ਇਕ ਸਵਾਂਗ ਹੈ
ਮੇਰੇ ਨਸ਼ੀਲੇ ਜਿਸਮ ਦੀ
ਅਜੇ ਵੀ ਤੈਨੂੰ ਮਾਂਗ ਹੈ
ਜਿਹੜਾ ਕਿ ਤੇਰੀ ਨਜ਼ਰ ਵਿਚ
ਫਿਲਮੀ ਰਸਾਲੇ ਵਾਂਗ ਹੈ
ਸਫ਼ਾ ਸਫ਼ਾ ਫਰੋਲਣਾ
ਜਿਦ੍ਹਾ ਹੈ ਤੇਰੀ ਦਿਲ ਲਗੀ
ਸਮੇਂ ਨੂੰ ਸੰਨ੍ਹ ਮਾਰ ਕੇ
ਜੇ ਮਿਲ ਜਾਏ ਘੜੀ ਕਦੀ
ਕਾਮ ਦਾ ਹਾਂ ਮੈਂ ਸਗਾ
ਤੇ ਕਾਮ ਦੀ ਹੈਂ ਤੂੰ ਸਗੀ
ਅਜੇ ਤਾਂ ਮੈਂ ਹਾਂ ਅਜਨਬੀ
ਅਜੇ ਤਾਂ ਤੂੰ ਹੈਂ ਅਜਨਬੀ ।

ਅਜੇ ਤਾਂ ਸਾਡਾ ਇਸ਼ਕ
ਓਸ ਮੱਕੜੀ ਦੇ ਵਾਂਗ ਹੈ
ਕਾਮ ਦੇ ਸੁਆਦ ਪਿੱਛੋਂ
ਹੋ ਜਾਏ ਜੋ ਹਾਮਿਲਾ
ਤੇ ਮੱਕੜੇ ਨੂੰ ਮਾਰ ਕੇ
ਬਣਾ ਲਏ ਜਿਵੇਂ ਗਜ਼ਾ
ਤੇ ਖਾਈ ਜਾਏ ਉਹ ਕਾਮਣੀ
ਕੁਲੱਛਣੀ ਸੁਆਦ ਲਾ
ਹੇ ਕਾਮਣੀ, ਹੇ ਕਾਮਣੀ ।
ਮੈਨੂੰ ਬਚਾ, ਮੈਨੂੰ ਬਚਾ
ਵਾਸਤਾ ਈ ਜੀਭ ਨੂੰ
ਇਹ ਖ਼ੂਨ ਦਾ ਨਾ ਸੁਆਦ ਪਾ
ਦੂਰ ਹੋ ਕੇ ਬਹਿ ਪਰ੍ਹਾਂ
ਨਾ ਕੋਲ ਆ, ਨਾ ਕੋਲ ਆ
ਅਜੇ ਤਾਂ ਮੈਂ ਹਾਂ ਅਜਨਬੀ
ਅਜੇ ਤਾਂ ਤੂੰ ਹੈਂ ਅਜਨਬੀ ।

ਤੇਰੇ ਗਲੇ ਥੀਂ ਚਿਮਟ ਕੇ
ਇਹ ਸੌਂ ਰਿਹਾ ਜੋ ਬਾਲ ਹੈ
ਛੁਰੀ ਹੈ ਸੰਸਕਾਰ ਦੀ
ਜੋ ਕਰ ਰਹੀ ਹਲਾਲ ਹੈ
ਇਹ ਕਹਿਣ ਨੂੰ ਤਾਂ ਠੀਕ ਹੈ ਕਿ
ਤੇਰਾ ਮੇਰਾ ਹੀ ਲਾਲ ਹੈ
ਜੇ ਸੋਚੀਏ ਤਾਂ ਸੋਹਣੀਏ
ਤੈਨੂੰ ਸਦੀਵੀ ਮਰਦ ਦੀ
ਮੈਂ ਜਾਣਦਾਂ ਕਿ ਭਾਲ ਹੈ
ਸਾਡੀ ਵਫ਼ਾ ਨੂੰ ਗਾਲ੍ਹ ਹੈ
ਜ਼ਿੰਦਗੀ ਬਿਤਾਉਣ ਦੀ
ਚੱਲੀ ਅਸਾਂ ਨੇ ਚਾਲ ਹੈ
ਮੈਨੂੰ ਸਦੀਵੀ ਨਾਰ ਦੀ
ਤੂੰ ਜਾਣਦੀ ਕਿ ਭਾਲ ਹੈ
ਹੈ ਠੀਕ ਫਿਰ ਵੀ ਵਗ ਰਹੀ
ਹੈ ਰਿਸ਼ਤਿਆਂ ਦੀ ਇਕ ਨਦੀ
ਮੁਲੰਮਿਆਂ ਦੀ ਮੈਂ ਉਪਜ
ਮੁਲੰਮਿਆਂ ਦੀ ਤੂੰ ਛਬੀ
ਨਾ ਵਫ਼ਾ ਦਾ ਮੈਂ ਸਗਾ
ਤੇ ਨਾ ਵਫ਼ਾ ਦੀ ਤੂੰ ਸਗੀ
ਅਜੇ ਤਾਂ ਮੈਂ ਹਾਂ ਅਜਨਬੀ
ਅਜੇ ਤਾਂ ਤੂੰ ਹੈਂ ਅਜਨਬੀ ।

ਹੈ ਠੀਕ ਕਿ ਤੇਰੀ ਮੇਰੀ
ਅਜੇ ਕੋਈ ਪਛਾਣ ਨਹੀਂ
ਅਜੇ ਅਸਾਨੂੰ ਆਪਣੇ ਹੀ
ਆਪ ਦੀ ਪਛਾਣ ਨਹੀਂ
ਅਜੇ ਅੰਜੀਲ ਵੇਦ ਤੇ
ਕੁਰਾਨ ਦੀ ਪਛਾਣ ਨਹੀਂ
ਗੌਰੀਆਂ ਨੂੰ ਸੋਮ ਦੀ
ਅਜੇ ਕੋਈ ਪਛਾਣ ਨਹੀਂ
ਮੰਗੋਲੀਆਂ ਦਰਾਵੜਾਂ ਨੂੰ
ਆਰੀਆਂ ‘ਤੇ ਮਾਣ ਨਹੀਂ
ਅਜੇ ਤਾਂ ਦਿਲ ਨੇ ਅਜਨਬੀ
ਅਜੇ ਦਿਮਾਗ਼ ਅਜਨਬੀ
ਅਜੇ ਤਾਂ ਕੁਲ ਜਹਾਨ
ਸਾਡੇ ਵਾਕਣਾ ਹੈ ਅਜਨਬੀ
ਤੇ ਸ਼ਾਇਦ ਅਜਨਬੀ ਰਹਾਂਗੇ
ਇਕ ਸਦੀ ਜਾਂ ਦੋ ਸਦੀ
ਇਹ ਆਸ ਹੈ ਉਮੀਦ ਹੈ
ਕਿ ਮਿਲ ਪਵਾਂਗੇ ਪਰ ਕਦੀ
ਅਜੇ ਤਾਂ ਮੈਂ ਹਾਂ ਅਜਨਬੀ
ਅਜੇ ਤਾਂ ਤੂੰ ਹੈਂ ਅਜਨਬੀ ।