ਅੰਨੀ ਹੈ ਇਹ ਸੁਨੱਖੇ ਨੈਣਾਂ ਵਾਲੀ ਦੁਨੀਆਂ ਕੋਰੀ ਅੰਨੀ

ਅੰਨੀ ਹੈ ਇਹ ਸੁਨੱਖੇ ਨੈਣਾਂ ਵਾਲੀ ਦੁਨੀਆਂ ਕੋਰੀ ਅੰਨੀ
ਦੇਖ ਕੇ ਵੀ ਅਨਦੇਖਾ ਕਰਦੀ ਹੈ
ਗਲਤ ਨੂੰ ਜ਼ੁਲਮ ਨੂੰ
ਅਤਿਆਚਾਰ ਤੇ ਪਾਪ ਨੂੰ
ਮਚਲੀ ਜਿਹੀ ਦੁਨੀਆਂ
ਇਸਨੂੰ ਦਿਸਦਾ ਹੈ ਤਾਂ ਬਸ ਉਹ
ਜੋ ਇਹ ਦੇਖਣ ਦੀ ਲਾਲਸਾ ਰਖਦੀ ਹੈ
ਪਾਟੇ ਕਪੜਿਆਂ ਚੋਂ ਝਾੰਕਦੇ ਅੰਗ
ਜੋਬਨ ਰੁੱਤੇ ਖੜੀ ਸੋਹਨੀ ਮੁਟਿਆਰ ਦੀ ਸਰੀਰਕ ਬਣਤਰ
ਤੇ ਕੋਈ ਐਸੀ ਜਗਾਹ ਜਿਥੇ ਇਹਨਾਂ ਅੰਗਾਂ ਨੂੰ ਨੋਚਿਆਂ ਮਸਲਿਆ ਜਾ ਸਕੇ
ਲੁਚ ਸੇਕਦੀਆਂ ਵਹਿਸ਼ੀ ਅੱਖਾਂ
ਡਰਾਉਣੀਆਂ
ਭੁੱਖੀਆਂ ਅੱਖਾਂ
ਤੇ ਅੰਨੇ ਨੇ ਉਹ ਲੋਕ ਜੋ ਇਹ ਨਹੀਂ ਦੇਖਦੇ
ਯਾਂ ਦੇਖ ਕੇ ਮਚਲੇ ਹੋ ਜਾਂਦੇ ਨੇ
ਬਹਾਨਾਂ ਕਰਦੇ ਨੇ ਨਾ ਦੇਖਣ ਦਾ
ਬੋਲੇ ਨੇ ਇਹਨਾਂ ਦੇ ਕੰਨ
ਜੋ ਸੁਣਦੇ ਨਹੀਂ ਪੁਕਾਰ
ਚੀਖ ਤੇ ਸਿਸਕੀਆਂ
ਦਰਦ ਭਰੀਆਂ
ਔਰਤ ਦੀ ਪੀੜ ਤੇ ਦੁਖ
ਕਿਉਂਕਿ ਉਸਨੂੰ ਤਾਂ ਗੂੰਗੀ ਕੀਤਾ ਹੋਇਆ ਹੈ
ਅਸੂਲਾਂ ਦੀ ਪੱਟੀ ਨੇ ਗਲਾ ਘੁੱਟਿਆ ਹੈ
ਤੇ ਪਾਬੰਦੀਆਂ ਨੇ ਜੀਭ ਵੱਡੀ ਹੋਈ ਹੈ
ਬੋਲੇ ਕੰਨਾ ਨੂੰ ਵਾਜੇ ਨਹੀਂ ਸੁਣਦੇ
ਗੂੰਗਾ ਤਾ ਫਿਰ ਕੋਸ਼ਿਸ਼ ਕਰਦਾ ਹੈ ਊਂ ਆਂ ਕਰਕੇ ਕੁਝ ਸਮਝਾਉਣ ਦੀ
ਇਹ ਗੂੰਗੀ ਬੇਜ਼ੁਬਾਨ ਅੱਗ
ਸੁਲਗ ਰਹੀ ਹੈ
ਭਾਂਬੜ ਮਚਾਉਣ ਨੂੰ
ਸਬ ਰਾਖ ਕਰ ਸੁੱਟੇਗੀ ਇਸ ਦੀ ਦੱਬੀ ਅੱਗ
ਤੇ ਫਿਰ ਪਛਤਾਉਂਦੇ ਰਿਹ ਜਾਣਗੇ
ਸੜੇ ਭੁਝੇ ਝੁਲਸੇ ਤੇ ਖਾਕ ਹੋਏ ਅਸੂਲ ਤੇ ਲੋਕ ਵੀ ….SONIA BHARTI