ਆਟੇ ਦੀਆਂ ਚਿੜੀਆਂ ਸ਼ਿਵ ਕੁਮਾਰ ਬਟਾਲਵੀ

ਆਟੇ ਦੀਆਂ ਚਿੜੀਆਂ

ਚਾਨਣੀ ਰਾਤ ‘ਚ
ਸੁੱਤੀ ਇਕ ਪਹਾੜੀ ਬਸਤੀ
ਕਸਮ ਤੇਰੀ ਮੇਰੇ ਦੋਸਤ ਬੜੀ ਪਿਆਰੀ ਹੈ
ਉਹ ਵੇਖ ! ਤਾਂ ਦੋ ਦੂਰ ਪਹਾੜਾਂ ਵੱਲੇ
ਜਿਉਂ ਬਾਲ-ਵਿਧਵਾ ਕਿਸੇ ਕਾਮ-ਮੱਤੀ ਨੇ
ਨਜ਼ਰ ਬਚਾ ਕੇ ਆਪਣੀ ਨਜ਼ਰ ਦੀ ਆਹਟ ਤੋਂ
ਡਰਦੀ ਡਰਦੀ ਨੇ ਹਿੱਕ ਉਭਾਰੀ ਹੈ ।

ਉਨ੍ਹਾਂ ‘ਚ ਵੇਖ ਜ਼ਰਾ ਅਟਕੀ ਹੋਈ ਚਿੱਟੀ ਬਦਲੀ
ਜਿਉਂ ਤਾਜ਼ੀ ਨਾਗਾਂ ਨੇ ਕੁੰਜ ਉਤਾਰੀ ਹੈ
ਜਿਉਂ ਕਾਲਾ-ਹਾਰੀ ਦੀ ਹਬਸ਼ਣ ਨੇ
ਚਿੱਟੀ ਚਾਦਰ ਦੀ ਝੁੰਬ ਮਾਰੀ ਹੈ ।

ਤੂੰ ਸੁਣ ਤਾਂ ਸਹੀ :
ਤੁੰਦ ਹਵਾਵਾਂ ਦੀ ਆਵਾਜ਼
ਕਿੰਨੀ ਮਿੱਠੀ ਤੇ ਨਿਆਰੀ ਹੈ
ਜੀਕਣਾਂ ਜ਼ਿੱਦੀ ਕਿਸੇ ਨਿਆਣੇ ਨੇ
ਆ ਕੇ ਗ਼ੁੱਸੇ ਦੇ ਵਿਚ ਸਣੇ ਚੂਰੀ
ਕੈਂਹ ਦੀ ਕੌਲੀ ਵਗਾਹ ਕੇ ਮਾਰੀ ਹੈ
ਸੁੱਤੀ ਇਹ ਪਹਾੜੀ ਬਸਤੀ
ਕਸਮ ਤੇਰੀ ਮੇਰੇ ਦੋਸਤ, ਬੜੀ ਪਿਆਰੀ ਹੈ ।

ਮੈਂ ਨਹੀਂ ਚਾਹੁੰਦਾ
ਕਿ ਤੂੰ ਦੁਖੀ ਹੋਵੇਂ
ਮੈਂ ਨਹੀਂ ਚਾਹੁੰਦਾ ਕਿ ਮੈਂ ਦੁਖੀ ਹੋਵਾਂ
ਬੀਤੇ ਵਰ੍ਹਿਆਂ ਦੀ ਲਾਸ਼ ਦੇ ਮੂੰਹ ਤੋਂ
ਚੁੱਕ ਯਾਦਾਂ ਦਾ ਰੇਸ਼ਮੀ ਕਫ਼ਨ
ਮੈਂ ਨਹੀਂ ਚਾਹੁੰਦਾ ਭਵਿੱਖ ਵਿਚ ਰੋਵਾਂ
ਮੈਂ ਤਾਂ ਚਾਹੁੰਦਾਂ, ਦਿਲ ਦੀ ਗੋਜੀ ‘ਚੋਂ
ਗ਼ਮਾਂ ਦਾ ਕੋਰੜੂ ਰਹੇ ਛਣਿਆਂ
ਮੈਂ ਤਾਂ ਚਾਹੁੰਦਾਂ ਮਾਹੌਲ ਰਹੇ ਬਣਿਆਂ
ਸਾਡੀ ਮਿਲਣੀ ਦੀ ਸੋਨ-ਬੇੜੀ ‘ਤੇ
ਖ਼ੁਸ਼ੀ ਦਾ ਬਾਦਬਾਂ ਰਹੇ ਤਣਿਆਂ
ਮੈਂ ਤਾਂ ਚਾਹੁੰਦਾਂ ਕਿ ਬਦਲੀਆਂ ਫੜੀਏ
ਘੁੱਟ ਚਾਨਣ ਦਾ ਸੀਤ ਪੀ ਮਰੀਏ
ਤੜਾਗੀ ਉਫ਼ਕ ਦੀ, ਪਾਈ ਜੋ ਅਰਸ਼ਾਂ ਨੇ
ਉਹਦੇ ‘ਚ ਤਾਰਿਆਂ ਦੇ ਨਗ ਜੜੀਏ
ਟੁਰੀ ਜਾਂਦੀ ਹਵਾ ਹੈ ਦੇਸ਼ ਜਿਹੜੇ
ਦੇਸ਼ ਓਸੇ ਨੂੰ ਟੁਰ ਚੱਲੀਏ ।

ਦਿਲ ਹੈ ਚਾਹੁੰਦਾ, ਕਿਤੇ ਵੀ ਨਾ ਖੜ੍ਹੀਏ
ਬੀੜ ਬਿਰਹੋਂ ਦੀ ਅਤਿ ਪਵਿੱਤਰ ਦਾ
ਮੈਂ ਤਾਂ ਚਾਹੁੰਦਾਂ ਕਿ ਪਾਠ ਨਾ ਧਰੀਏ
ਮੈਂ ਤਾਂ ਚਾਹੁੰਦਾਂ ਕਿ ਵਾਕ ਨਾ ਲਵੀਏ
ਰਾਤ ਸਾਰੀ ਹਰਾਮ ਨਾ ਕਰੀਏ ।

ਪਰ ਤੂੰ ਹਾਲੇ ਵੀ ਯਾਰ, ਜ਼ਿਦ ਕਰਦੈਂ
ਤੇ ਮੇਰੀ ਦੋਸਤੀ ਦਾ ਦਮ ਭਰਦੈਂ
ਤੂੰ ਸੱਚੀ ਕਹਿਣ ਤੋਂ ਪਰ ਬਹੁਤ ਡਰਦੈਂ
ਹੈ ਨਫ਼ਰਤ ਜਿਉਂਦਿਆਂ ਦੇ ਨਾਲ ਮੈਨੂੰ
ਮੈਂ ਮੋਇਆਂ ਨੂੰ ਅਜੇ ਵੀ ਪਿਆਰ ਕਰਦਾਂ ।

ਬੜਾ ਲੋਭੀ ਹੈ ਰੂਹ ਦਾ ਬਾਣੀਆਂ ਮੇਰਾ
ਇਹਦੇ ਲਈ ਹੌਕਿਆਂ ਦਾ ਵਣਜ ਕਰਦਾਂ
ਇਹਦੇ ਲਈ ਭਾਲਦਾ ਹਾਂ ਰੋਜ਼ ਹੂਰਾਂ
ਕਿ ਛੰਨਾ ਕਾਮ ਦਾ ਮੈਂ ਰੋਜ਼ ਭਰਦਾਂ
ਮੈਂ ਲੱਭਦਾਂ ਮਹਿਕ ਕਲੀਆਂ ਕੱਚੀਆਂ ਦੀ
ਤੇ ਭੌਰਾ ਹੋਣ ਤੋਂ ਵੀ ਨਾਲ ਡਰਦਾਂ ।

ਬੜੇ ਸ਼ਰਮ ਦੀ ਹੈ ਗੱਲ ਯਾਰਾ
ਕਿ ਸੱਚ ਦੀ ਜੀਭ ‘ਤੇ ਅੰਗਾਰ ਧਰਦਾਂ
ਉਮਰ ਨੂੰ ਪੀਣ ਲਈ ਤੇਜ਼ਾਬ ਦੇਂਦਾਂ
ਤੇ ਨਾਲੇ ਮਸ਼ਕਰੀ ਸਮਿਆਂ ਨੂੰ ਕਰਦਾਂ ।

ਮੈਂ ਚਾਹੁੰਦਾਂ ਅੱਕ ਵੀ ਹੁੰਦਾ ਚੰਬੇਲੀ
ਮੈਂ ਥੋਹਰਾਂ ਦਾ ਮਰੂਆ ਨਾਮ ਧਰਦਾਂ
ਹਕੀਕਤ ਨਾਲ ਰੱਜ ਕੇ ਵੈਰ ਕਰਦਾਂ
ਸਦਾ ਹੀ ਝੂਠ ਦਾ ਵੀ ਇਹਤਰਾਮ ਕਰਦਾਂ
ਹੈ ਤੇਈਏ ਤਾਪ ਵਾਕਣ ਇਸ਼ਕ ਮੇਰਾ
ਜਦੋਂ ਵੀ ਵਕਤ ਲੱਗਾ ਆਣ ਚੜ੍ਹਦਾ ।

ਜ਼ਰਾ ਤੂੰ ਨੀਝ ਨੈਣੀਂ ਮਾਰ ਮੇਰੇ
ਰਸੌਂਤੀ ਛੱਲਿਆਂ ਜੋ ਖਾ ਲਏ ਨੇ
ਇਹ ਮੇਰੇ ਝਿੰਮਣਾਂ ਦੀ ਸੁਬਕ ਟਾਹਣੀ
ਕਿ ਹਿੰਝਾਂ ਆਲ੍ਹਣੇ ਸੈ ਪਾ ਲਏ ਨੇ
ਮੇਰੇ ਸਾਹਾਂ ‘ਚ ਬਦਬੂ ਸਿਗਰਟਾਂ ਦੀ
ਤੇ ਮੂਸਲ ਹੌਕਿਆਂ ‘ਤੇ ਲਾ ਲਏ ਨੇ ।

ਵਧੀ ਦਾੜ੍ਹੀ ਇਹ ਮੇਰੀ ਸ਼ਾਮ ਰੰਗ ਦੀ
ਜਿਦ੍ਹੇ ਵਿਚ ਵਾਲ ਦੂਧੀ ਆ ਗਏ ਨੇ
ਸਮੇਂ ਦੀ ਧੂੜ ਨੇ ਰੰਗ ਖਾ ਲਏ ਨੇ
ਸਮੇਂ ਦੇ ਪੈਰ ਨੂੰ ਨਹੀਂ ਮੋਚ ਆਉਣੀ
ਜ਼ਮਾਨੇ ਵਾਹ ਲੱਖਾਂ ਲਾ ਲਏ ਨੇ
ਵੇ ਮਹਿੰਗੇ ਪੰਨਿਆਂ ਤੋਂ ਪਲ ਹਜ਼ਾਰਾਂ
ਮੁਹੱਬਤ ਦੀ ਵੇ ਝੂਠੀ ਚੀਲ੍ਹ ਕਾਮਣ
ਮੇਰੇ ਹੱਥਾਂ ‘ਚੋਂ ਖੋਹ ਕੇ ਖਾ ਲਏ ਨੇ ।
ਹੈ ਡਿੱਗੀ ਖੰਭੜੀ ਇਕੋ ਅਜੇ ਤਾਂ ਸੀਸ ਉੱਤੇ
ਤੇ ਆਨੇ ਤਿਤਲੀਆਂ ਪਰਤਾ ਲਏ ਨੇ ।
ਉਹ ! ਟੁਰਦੇ ਚੰਨ ਦੇ ਵੱਲ ਮਾਰ ਝਾਤੀ
ਹੈ ਦਾਗ਼ੋ-ਦਾਗ਼ ਹੋਈ ਜਿਸਦੀ ਛਾਤੀ
ਕਿਸੇ ਗੌਤਮ ਰਿਸ਼ੀ ਦੀ ਨਾਰ ਖ਼ਾਤਰ
ਨੇ ਕਹਿੰਦੇ : ਏਸ ਦੀ ਸੀ ਲੋਅ ਗਵਾਚੀ
ਸੀ ਅੱਖਰ ਕੁੰਨ ਦੇ ਤੋਂ ਕਾਮ ਪਹਿਲਾਂ
ਹੈ ਵਿਗਾਸੀ ਕਾਮ ‘ਚੋਂ ਹਰ ਇਕ ਹਯਾਤੀ
ਮੈਂ ਮੰਨਦਾਂ ਕਾਮ ਡਾਢਾ ਹੀ ਬਲੀ ਹੈ
ਜੇ ਇਸ ਵਿਚ ਚੇਤਨਾ ਵੀ ਹੋਏ ਬਾਕੀ ।

ਮੇਰੀ ਮਹਿਬੂਬ ਨੂੰ ਤੂੰ ਜਾਣਦਾ ਹੈਂ
ਹੈ ਵਗਦੀ ਕੂਲ੍ਹ ਚਾਨਣ ਵਿਚ ਨਹਾਤੀ
ਜਿਉਂ ਵਾਦੀ ਦੋ ਪਹਾੜਾਂ ਦੇ ਵਿਚਾਲੇ
ਇਹਦੇ ਤੋਂ ਵੀ ਹੁਸੀਂ ਹੈ ਉਸ ਦੀ ਛਾਤੀ
ਉਹਦੇ ਸਾਹਾਂ ‘ਚ ਮੱਸਿਆ ਹੈ ਗਵਾਚੀ
ਉਹਦੀ ਦੇਹ ‘ਚੋਂ ਆਵੇ ਇਉਂ ਸੁਗੰਧੀ
ਕੰਵਲ-ਫੁੱਲ ਜਿਉਂ ਸਰਾਂ ‘ਚੋਂ ਖਾਣ ਹਾਥੀ
ਹੈ ਗੋਰਾ ਰੰਗ ਜੀਕਣ ਸ਼ਾਮ ਵੇਲੇ
ਬਰਫ਼ ਦੇ ਨਾਲ ਲੱਦੀ ਕੋਈ ਘਾਟੀ
ਸਲੇਟੀ ਨੈਣ ਘੁੱਗੀਆਂ ਵਾਂਗ ਉਹਦੇ
ਉਹਦੇ ਬੁੱਲ੍ਹਾਂ ‘ਚ ਉੱਗੇ ਬਣ-ਕਪਾਸੀ ।

ਉਹਦੇ ਹੱਥਾਂ ‘ਚ ਗਿੱਧਾ ਮਾਲਵੇ ਦਾ
ਉਹਦੇ ਪੈਰਾਂ ‘ਚ ਮਾਝੇ ਦੀ ਵਿਸਾਖੀ
ਕਰਾਂ ਕੀ ਸਿਫ਼ਤ ਉਹਦੀ ਟੋਰ ਵਾਲੀ
ਜਿਉਂ ਕੱਚੀ ਸੜਕ ਉੱਤੇ ਟੁਰੇ ਡਾਚੀ
ਰਤਾ ਨਹੀਂ ਸ਼ੱਕ ਮੈਨੂੰ ਓਸ ਬਾਰੇ
ਹੈ ਕਾਲੇ ਬਾਗ਼ ਦੀ ਸਾਵੀ ਇਲਾਚੀ
ਮੈਂ ਫਿਰ ਵੀ ਦੋਸਤਾ ਮਹਿਸੂਸਦਾ ਹਾਂ
ਕਿ ਭਰ ਕੇ ਰੱਖ ਲਾਂ ਚਾਨਣ ਦੀ ਚਾਟੀ
ਵੇ ਮਿੱਤਰਾ ਚਾਨਣੀ ਦੀ ਛਿੱਟ ਬਾਝੋਂ
ਕਦੇ ਨਹੀਂ ਨ੍ਹੇਰਿਆਂ ਦੀ ਹਿੱਕ ਪਾਟੀ
ਗਿਲਾ ਕੀ ਜੇ ਭਲਾ ਉਹ ਬੇਵਫ਼ਾ ਹੈ
ਗਿਲਾ ਕੀ ਜੇ ਨਹੀਂ ਜਨਮਾਂ ਦੀ ਸਾਥੀ ।

ਮੇਰਾ ਵਿਸ਼ਵਾਸ ਹੈ ਕੁਝ ਇਸ ਤਰ੍ਹਾਂ ਦਾ
ਮੁਹੱਬਤ ਤੋਂ ਵੀ ਮਹਿੰਗੀ ਹੈ ਹਯਾਤੀ
ਮੁਹੱਬਤ ਦੀਨ ਹੈ, ਦੁਨੀਆਂ ਨਹੀਂ ਹੈ
ਹੈ ਦੁਨੀਆਂ ਦੀਨ ਦੇ ਪਿੰਡੇ ਛਪਾਕੀ
ਮੁਹੱਬਤ ਘਾਟ ਹੈ ਬਸ ਦੋ ਪਲਾਂ ਦੀ
ਜਦੋਂ ਤੱਕ ਖ਼ੂਨ ਦੇ ਵਿਚ ਹੈ ਸੇਕ ਬਾਕੀ
ਮੁਹੱਬਤ ਕਾਮ ਦੇ ਬੂਟੇ ਦਾ ਫ਼ਲ ਹੈ
ਕਿ ਜੀਕਣ ਚੇਤ ਵਿਚ ਫੁੱਲੇ ਪਟਾਕੀ
ਮੁਹੱਬਤ ਕਾਮ ਦਾ ਹੀ ਇਕ ਪੜਾਅ ਹੈ
ਤੇ ਸ਼ਾਇਦ ਕਾਮ ਦਾ ਹੀ ਨਾਂ ਖ਼ੁਦਾ ਹੈ
ਖ਼ੁਦਾ ਦੀ ਜ਼ਾਤ ਕੋਲੋਂ ਵੱਧ ਕੋਈ
ਨਾ ਮੇਰੇ ਦੋਸਤਾ ਕੋਈ ਬੇ-ਵਫ਼ਾ ਹੈ ।

ਮੈਂ ਅਕਸਰ ਇਸ ਤਰ੍ਹਾਂ ਵੀ ਸੋਚਦਾ ਹਾਂ
ਕਿ ਸਾਰੇ ਜੀਵ-ਜੰਤੂ ਤੇ ਪ੍ਰਾਣੀ
ਇਹ ਵਣ-ਤ੍ਰਿਣ ਪੌਣ, ਮਿੱਟੀ, ਅੱਗ, ਪਾਣੀ
ਹੈ ਸਾਰੀ ਕਾਮ ‘ਚੋਂ ਉਪਜੀ ਕਹਾਣੀ
ਹੈ ਬੱਦਲ ਰਿੜਕਦੀ ਨਿੱਤ ਕਾਮ ਖ਼ਾਤਰ
ਐ ਮੇਰੇ ਦੋਸਤ ! ਪੌਣ ਦੀ ਮਧਾਣੀ
ਇਹ ਰੁੱਖ ਵੀ ਨੇ ਭੋਗ ਕਰਦੇ
ਵੇ ਟਾਹਲੀ ਨਾਲ ਜਦ ਖਹਿੰਦੀ ਹੈ ਟਾਹਣੀ
ਬਰਫ਼ ਸੰਗ ਬਰਫ਼ ਜਦ ਹੈ ਭੋਗ ਕਰਦੀ
ਤਾਂ ਨੀਲਮ ਜਨਮਦਾ ਹੈ ਮੇਰੇ ਹਾਣੀ
ਤੇ ਤਿਤਲੀ ਭੋਗ ਫੁੱਲਾਂ ਦੇ ਖ਼ਾਤਰ
ਹੈ ਫੁੱਲ ਤੋਂ ਫੁੱਲ ਤੱਕ ਉਡਦੀ ਨਿਮਾਣੀ
ਇਹ ਸ਼੍ਰਿਸਟੀ ਸੂਰਜੇ ਸੰਗ ਕਾਮ ਖ਼ਾਤਰ
ਹੈ ਘੁੰਮਦੀ ਵੀਨਸੇ ਦੀ ਨਿੱਤ ਜਠਾਣੀ ।
ਜ਼ੁਹਲ ਤੇ ਯੂਰੇਨਸ ਦੀ ਇਹ ਦਰਾਣੀ
ਵੇ ਮੇਰੇ ਦੋਸਤਾ ! ਵੇ ਮਿਹਰਬਾਨਾ
ਇਹ ਸ਼੍ਰਿਸਟੀ ਕਾਮ ਦੇ ਹੱਥੋਂ ਹੈ ਕਾਣੀ ।

ਵੇ ਮੇਰੇ ਦੋਸਤਾ ! ਵੇ ਵੇਖ ਵੀਰਾ !
ਮੁਹੱਬਤ ਮੂੰਗਿਆਂ ਦਾ ਹੈ ਜਜ਼ੀਰਾ
ਹਵਸ ਦੇ ਸਾਗਰੀਂ ਜੋ ਤਰ ਰਿਹਾ ਹੈ
ਤੇ ਆਪਣੇ ਆਪ ਕੋਲੋਂ ਡਰ ਰਿਹਾ ਹੈ ।

ਮੁਹੱਬਤ ਜਿਗਰ ਹੈ ਇਕ ਓਸ ਮਾਂ ਦਾ
ਜਿਦ੍ਹਾ ਸੂਤਕ ਦੇ ਵਿਚ ਹੀ ਮਰੇ ਬੱਚਾ
ਤੇ ਸੜ ਜਾਏ ਦੁਧਨੀਆਂ ਵਿਚ ਦੁੱਧ ਕੱਚਾ
ਨਾ ਹੋਏ ਪੀੜ ਦਾ ਪਰ ਸੇਕ ਮੱਠਾ ।

ਤੇ ਮੈਂ ਸਮਝਦਾਂ ਇਹ ਸੱਭੇ ਕੁੜੀਆਂ
ਇਹ ਆਟੇ ਸੰਗ ਬਣਾਈਆਂ ਹੈਨ ਚਿੜੀਆਂ
ਜਿਨ੍ਹਾਂ ਸੰਗ ਵਰਚ ਜਾਂਦੈ ਕਾਮ-ਬੱਚਾ
ਇਹ ਸ਼ਾਇਦ ਰਾਤ ਅੱਜ ਦੀ ਚਾਨਣੀ ਜਿਹੀ
ਹੋਏ ਤੈਨੂੰ ਭਾਸਦੀ ਕੋਈ ਜ਼ਰਦ ਪੱਤਾ
ਤੇ ਮੇਰੇ ਵਾਸਤੇ ਇਹ ਰਾਤ ਅੱਜ ਦੀ
ਹੇ ਮੇਰੇ ਦੋਸਤਾ ! ਕੋਈ ਸੁਆਣੀ
ਕਿ ਜਿਸ ਦੀ ਢਾਕ ‘ਤੇ ਹੈ ਚੰਨ-ਬੱਚਾ
ਜੋ ਕੁੱਜਾ ਛਾਛ ਦਾ ਸਿਰ ‘ਤੇ ਟਿਕਾਈ
ਤੇ ਗਲ ਵਿਚ ਬੁਗਤੀਆਂ ਦਾ ਹਾਰ ਪਾਈ
ਹੈ ਲੈ ਕੇ ਜਾ ਰਹੀ ਚਾਨਣੀ ਦਾ ਭੱਤਾ
ਮੈਂ ਇਹ ਜਾਣਦਾਂ :
ਹੈਂ ਤੂੰ ਵੀ ਸੱਚਾ ।

ਮੈਂ ਇਹ ਜਾਣਦਾਂ ।
ਹਾਂ ਮੈਂ ਵੀ ਸੱਚਾ
ਅਸਲ ਵਿਚ ਰੂਹ ਮਨੁੱਖ ਦੀ ਸ਼ੀਲ ਨੂੰਹ ਹੈ
ਕਿ ਜਿਸ ਦਾ ਬਦਨ ਵੱਤ ਸਿੰਮਲ ਦੇ ਰੂੰ ਹੈ
ਤੁਖ਼ੱਈਯਲ ਦੇ ਵੇ ਦੂਹਰੇ ਘੁੰਡ ਵਿਚੋਂ
ਸਦਾ ਹੀ ਦਿਸਦਾ ਰਹਿੰਦਾ ਜਿਸ ਦਾ ਮੂੰਹ ਹੈ
ਤੇ ਦਿਲ ਦਾਮਾਦ ਹੁੰਦਾ ਹੈ ਮਨੁੱਖ ਦਾ
ਜੋ ਸਾਹ ਨਾ ਲੈਣ ਦੇਂਦਾ ਹੈ ਵੇ ਸੁੱਖ ਦਾ
ਜੋ ਸਿਹਰੇ ਬੰਨ੍ਹ ਕੇ ਵੀ ਸ਼ੁਹਰਤਾਂ ਦੇ
ਹੈ ਥੁੱਕਾਂ ਮੋਢਿਆਂ ਤੋਂ ਰੋਜ਼ ਥੁੱਕਦਾ
ਹੈ ਸੋਹਣੀ ਉਸ ਕਦਰ ਦੀ ਜ਼ਿੰਦਗਾਨੀ
ਕਿ ਜਿੰਨੀ ਹੋਏ ਤਸੱਵਰ ਵਿਚ ਜਵਾਨੀ
ਕਿਸੇ ਲਈ ਕਾਲਖਾਂ ਦਾ ਹੈ ਸਮੁੰਦਰ
ਕਿਸੇ ਲਈ ਇਤਰ-ਭਿੰਨੀ ਅਰਗਵਾਨੀ ।

ਵੇ ਬਹੁਤਾ ਕੀਹ ਮੈਂ ਇਕੋ ਜਾਣਦਾ ਹਾਂ
ਕੋਈ ਵੀ ਸ਼ੈ ਨਹੀਂ ਇਸ ਦੇ ਸਾਨੀ
ਤੂੰ ਜਾਣੇਂ ਸੁਆਦ ਸਾਰੇ ਸਾਗਰਾਂ ਦਾ
ਹੈ ਮੈਂ ਵੀ ਦਰ-ਬਦਰ ਦੀ ਖ਼ਾਕ ਛਾਣੀ ।
ਤੂੰ ਕਹਿੰਦੈਂ ਪਿਆਰ ਨਾਂ ਵਿਸ਼ਵਾਸ ਦਾ ਹੈ
ਤੇ ਜਾਂ ਫਿਰ ਤ੍ਰਿਪਤੀਆਂ ਦੀ ਆਸ ਦਾ ਹੈ
ਮੁਹੱਬਤ ਅਸਲ ਖ਼ਾਤਰ ਤਰਸਦੀ ਹੈ
ਮੁਹੱਬਤ ਨਾਂ ਹੀ ਇਕ ਧਰਵਾਸ ਦਾ ਹੈ
ਮੁਹੱਬਤ ਆਪਣੀ ‘ਤੇ ਸ਼ੱਕ ਕਰਨਾ
ਇਹ ਜਜ਼ਬਾ ਵਾਸਨਾ ਦੀ ਪਿਆਸ ਦਾ ਹੈ ।

ਮੁਹੱਬਤ ਰੁਕਮਣੀ, ਨਾ ਦਾਮਨੀ ਹੈ
ਨਾ ਪਦਮਾ, ਹਸਤਨੀ, ਨਾ ਕਾਮਨੀ ਹੈ
ਮੁਹੱਬਤ ਨਾਂ ਗ਼ਮਾਂ ਦੀ ਰਾਸ ਦਾ ਹੈ
ਨਾ ਪੁੱਤਰ ਧੀ, ਨਾ ਮਾਈ ਬਾਪ ਦਾ ਹੈ
ਤੇ ਮੇਰੇ ਵਾਸਤੇ ਮੈਂ ਸਮਝਦਾ ਹਾਂ
ਮੁਹੱਬਤ ਨਾਂ ਹੀ ਚਿੱਟੇ ਮਾਸ ਦਾ ਹੈ ।

ਇਹ ਮੈਂ ਹੁਣ ਸਮਝਦਾਂ ਕਿ ਜਾਣ ਦਈਏ
ਉਹ ਸੁਣ ਕੋਈ ਦੂਰ ਚਸ਼ਮਾ ਗਾ ਰਿਹਾ ਹੈ
ਆ, ਆਵਾਜ਼ ਦਾ ਅਨੰਦ ਲਈਏ
ਉਹ ਸਾਹਵੇਂ ਵੇਖ ਚੀਲ੍ਹਾਂ ਤੇ ਚਨਾਰਾਂ
ਉਨ੍ਹਾਂ ਦੀ ਗੋਦ ਵਿਚ ਆ ਚੱਲ ਕੇ ਬਹੀਏ
ਤੇ ਰਲ ਕੇ ਹੀਰ ਦਾ ਕੋਈ ਬੈਂਤ ਕਹੀਏ
ਉਲਾਂਭੇ ਤੇ ਗਿਲੇ ਸਭ ਜਾਣ ਦਈਏ
ਤੇ ਥੋਹੜੇ ਕੁ ਪਲਾਂ ਲਈ ਚੁੱਪ ਰਹੀਏ ।
ਤੇ ਥੋਹੜੇ ਕੁ ਪਲਾਂ ਲਈ ਚੁੱਪ ਰਹੀਏ ।