ਆਸ

ਜਦੋਂ ਤੇਰੀ ਮੇਹਰਬਾਨੀ, ਮੇਰਾ ਸ਼ੁਕਰੀਆ, ਰਲ ਬਹਿੰਦੇ ਨੇ ।
ੳਦੋਂ ਹੀ, ਤੇਰਾ “ਨਾਮੁ”, ਮੇਰੇ ਹੋਂਠ ਸ਼ਰੇਆਮ ਲੈਂਦੇ ਨੇ ॥

ਅੱਖੀਆਂ ਮੇਰੀਆਂ ਤੋਂ, ਬੇਸ਼ੱਕ ਬਹੁਤ ਦੂਰ ਏ ।
ਪਰ ਅਹਿਸਾਸ ਤੇਰੀ ਹੋਂਦ ਦਾ, ਆਸ-ਪਾਸ ਜ਼ਰੂਰ ਏ ॥

ਸ਼ੁਭ ਸੁਭਾਅ ਤੇਰਾ, ਮੇਰੇ ਮਨ ਨੂੰ, ਨਿੱਤ ਹੈ ਭਾਉਂਦਾ ।
ਕਿਉਂ ਨਹੀ ਤੇਰੇ ਵਰਗੀ, ਪੁੱਛਦਾ ਸਵਾਲ ਦਿਲ ਕੁਰਲਾਉਂਦਾ ॥

ਆਪਣਾ ਹੀ ਤਾਣਾ-ਪੇਟਾ, ਤੂੰ ਵਗਲਿਆ ਹੈ ਚੁਫੇਰੇ ।
ਕੋਈ ਰੋਸ਼ਨੀ ਵੀ ਦ੍ਹੇ, ਘੁੰਮਾ ਨਾਂ ਮੈਨੂੰ ਵਿਚ ਹਨੇਰੇ ॥

ਸਬੱਬੀਂ ਹੀ ਦਰ ਤੇਰੇ ‘ਤੇ, ਜਦੋਂ ਆਮੋ-ਸਾਹਮਣਾ ਹੋਵੇਗਾ।
ਖੁਸ਼ੀ ਦੇ ਹੰਝੂਆਂ ਨਾਲ, ਮੇਰਾ ਦਿਲ, ਤੇਰੀ ਸਰਦਲ ਧੋਵੇਗਾ ॥

ਮੇਰੀ ਆਸ ਦੀਆਂ ਟਹਿਣੀਆਂ ਨੂੰ, ਜਦੋਂ ਪਵੇਗਾ ਬੂਰ ।
ਮੈ ਨਹੀਂ ਹੋਵਾਂਗੀ ਮਗਰੂਰ, ਤੇ “ਤੂੰ” ਵੀ ਨਹੀਂ ਹੋਵੇਂਗਾ ਦੂਰ ॥

-ਅਨਮੋਲ ਕੌਰ, ਕਨੇਡਾ