ਇਕ ਸ਼ਹਿਰ ਦੇ ਨਾਂ– ਸ਼ਿਵ ਕੁਮਾਰ ਬਟਾਲਵੀ

ਅੱਜ ਅਸੀਂ
ਤੇਰੇ ਸ਼ਹਿਰ ਹਾਂ ਆਏ
ਤੇਰਾ ਸ਼ਹਿਰ, ਜਿਉਂ ਖੇਤ ਪੋਹਲੀ ਦਾ
ਜਿਸ ਦੇ ਸਿਰ ਤੋਂ ਪੁੰਨਿਆਂ ਦਾ ਚੰਨ
ਸਿੰਮਲ ਰੁੱਖ ਦੀ ਫੰਬੀ ਵਾਕਣ
ਉੱਡਦਾ ਟੁਰਿਆ ਜਾਏ ।

ਇਹ ਸੜਕਾਂ ‘ਤੇ ਸੁੱਤੇ ਸਾਏ
ਵਿਚ ਵਿਚ ਚਿਤਕਬਰਾ ਜਿਹਾ ਚਾਨਣ
ਜੀਕਣ ਹੋਵੇ ਚੌਂਕ ਪੂਰਿਆ
ਧਰਤੀ ਸ਼ੈਂਤ ਨਹਾ ਕੇ ਬੈਠੀ
ਚੰਨ ਦਾ ਚੌਂਕ ਗੁੰਦਾ ਕੇ ਜੀਕਣ
ਹੋਵਣ ਵਾਲ ਵਧਾਏ ।

ਅੱਜ ਰੁੱਤਾਂ ਨੇ ਵਟਣਾ ਮਲਿਆ
ਚਿੱਟਾ ਚੰਨ ਵਿਆਹਿਆ ਚੱਲਿਆ
ਰੁੱਖਾਂ ਦੇ ਗਲ ਲੱਗ ਲੱਗ ਪੌਣਾਂ
ਈਕਰ ਸ਼ਹਿਰ ਤੇਰੇ ‘ਚੋਂ ਲੰਘਣ
ਜੀਕਣ ਤੇਰੇ ਧਰਮੀ ਬਾਬਲ
ਤੇਰੇ ਗੌਣ ਬਿਠਾਏ ।

ਸੁੱਤਾ ਘੁਕ ਮੋਤੀਏ ਰੰਗਾ
ਚਾਨਣ ਧੋਤਾ ਸ਼ਹਿਰ ਏ ਤੇਰਾ
ਜੀਕਣ ਤੇਰਾ ਹੋਵੇ ਡੋਲਾ
ਅੰਬਰ ਜੀਕਣ ਤੇਰਾ ਵੀਰਾ
ਬੰਨ੍ਹੇ ਬਾਹੀਂ ਚੰਨ-ਕਲੀਰਾ
ਤਾਰੇ ਸੋਟ ਕਰਾਏ ।

ਅੱਜ ਦੀ ਰਾਤ ਮੁਬਾਰਕ ਤੈਨੂੰ
ਹੋਏ ਮੁਬਾਰਕ ਅੱਜ ਦਾ ਸਾਹਿਆ
ਅਸੀਂ ਤਾਂ ਸਹਿਰ ਤੇਰੇ ਦੀ ਜੂਹ ਵਿਚ
ਮੁਰਦਾ ਦਿਲ ਇਕ ਦੱਬਣ ਆਏ
ਸ਼ਹਿਰ ਕਿ ਜਿਸ ਦੇ ਸਿਰ ਤੋਂ ਪੀਲਾ
ਚੰਨ ਨਿਰਾ ਤੇਰੇ ਮੁਖੜੇ ਵਰਗਾ
ਸਿੰਮਲ ਰੁੱਖ ਦੀ ਫੰਬੀ ਵਾਕਣ
ਉੱਡਦਾ ਟੁਰਿਆ ਜਾਏ
ਜਿਸ ਨੂੰ ਪੀੜ ਨਿਆਣੀ ਮੇਰੀ
ਮਾਈ-ਬੁੱਢੀ ਵਾਕਣ ਫੜ-ਫੜ
ਫੂਕਾਂ ਮਾਰ ਉਡਾਏ
ਭੱਜ ਭੱਜ ਪੋਹਲੀ ਦੇ ਖੇਤਾਂ ਵਿਚ
ਅੱਜ ਅਸੀਂ
ਤੇਰੇ ਸ਼ਹਿਰ ਹਾਂ ਆਏ ।