ਇਕ ਸ਼ਾਮ – Shiv Kumar Batalvi

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ
ਮਾਯੂਸ ਨਜ਼ਰ ਆਈ ਹੈ
ਦਿਲ ‘ਤੇ ਲੈ ਘਟੀਆ ਜਹੇ
ਹੋਣ ਦਾ ਅਹਿਸਾਸ
ਕਾਹਵਾ-ਖਾਨੇ ‘ਚ ਮੇਰੇ ਨਾਲ
ਚਲੀ ਆਈ ਹੈ ।

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ
ਮਾਯੂਸ ਨਜ਼ਰ ਆਈ ਹੈ ।

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਇਕ ਡੈਣ
ਨਜ਼ਰ ਆਈ ਹੈ
ਜੋ ਮੇਰੀ ਸੋਚ ਦੇ
ਸਿਵਿਆਂ ‘ਚ ਕਈ ਵਾਰ
ਮੈਨੂੰ ਨੰਗੀ ਅਲਫ਼
ਘੁੰਮਦੀ ਨਜ਼ਰ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵਾ-ਖਾਨੇ ‘ਚ ਮੇਰੇ ਨਾਲ
ਚਲੀ ਆਈ ਹੈ ।

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਪਾਲਤੂ ਸੱਪ ਕੋਈ
ਮੈਨੂੰ ਨਜ਼ਰ ਆਈ ਹੈ
ਜੋ ਇਸ ਸ਼ਹਿਰ-ਸਪੇਰੇ ਦੀ
ਹੁਸੀਂ ਕੈਦ ‘ਚੋਂ ਛੁੱਟ ਕੇ
ਮਾਰ ਕੇ ਡੰਗ, ਕਲੇਜੇ ‘ਤੇ
ਹੁਣੇ ਆਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵਾ-ਖਾਨੇ ‘ਚ ਮੇਰੇ ਨਾਲ
ਚਲੀ ਆਈ ਹੈ ।

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਲੰਮੂਬੇ ਦੀ
ਨਾਰ ਨਜ਼ਰ ਆਈ ਹੈ
ਜਿਦ੍ਹੀ ਮਾਂਗ ‘ਚੋਂ ਜ਼ਰਦਾਰੀ ਨੇ
ਹਾਏ, ਪੂੰਝ ਕੇ ਸੰਧੂਰ
ਅਫ਼ਰੀਕਾ ਦੀ ਦਹਿਲੀਜ਼ ‘ਤੇ
ਕਰ ਵਿਧਵਾ ਬਿਠਾਈ ਹੈ
ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਕਾਹਵਾ-ਖਾਨੇ ‘ਚ ਮੇਰੇ ਨਾਲ
ਚਲੀ ਆਈ ਹੈ ।

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਐਸੀ ਮਨਹੂਸ
ਤੇ ਬਦਸ਼ਕਲ ਸ਼ਹਿਰ ਆਈ ਹੈ
ਜਿਹੜੇ ਸ਼ਹਿਰ ‘ਚ
ਇਸ ਦੁੱਧ ਮਿਲੇ ਕਾਹਵੇ ਦੇ ਰੰਗ ਦੀ
ਮਾਸੂਮ ਗੁਨਾਹ ਵਰਗੀ
ਮੁਹੱਬਤ ਮੈਂ ਗਵਾਈ ਹੈ ।

ਅੱਜ ਦੀ ਸ਼ਾਮ
ਇਹ ਗੋਲੇ ਕਬੂਤਰ ਰੰਗੀ
ਮੈਨੂੰ ਮੇਰੇ ਵਾਂਗ ਹੀ
ਮਾਯੂਸ ਨਜ਼ਰ ਆਈ ਹੈ
ਦਿਲ ‘ਤੇ ਲੈ ਘਟੀਆ ਜਿਹੇ
ਹੋਣ ਦਾ ਅਹਿਸਾਸ
ਕਾਹਵਾ-ਖਾਨੇ ‘ਚ ਮੇਰੇ ਨਾਲ
ਚਲੀ ਆਈ ਹੈ ।