ਇਕ ਸਫ਼ਰ – Shiv Kumar Batalvi

ਉਹ ਵੀ ਸ਼ਹਿਰੋਂ ਆ ਰਹੀ ਸੀ
ਮੈਂ ਵੀ ਸ਼ਹਿਰੋਂ ਆ ਰਿਹਾ ਸੀ
ਯੱਕਾ ਟੁਰਿਆ ਜਾ ਰਿਹਾ ਸੀ ।
ਦੂਰ ਲਹਿੰਦੇ ਦੀ ਖੁਸ਼ਕ ਟਹਿਣੀ ‘ਤੇ ਦੂਰ
ਫੁੱਲ ਸੂਰਜ ਦਾ ਅਜੇ ਕੁਮਲਾ ਰਿਹਾ ਸੀ
ਉਹਦੇ ਤੇ ਮੇਰੇ ਵਿਚਾਲੇ ਵਿੱਥ ਸੀ
ਫਿਰ ਮੈਨੂੰ ਸੇਕ ਉਹਦਾ ਆ ਰਿਹਾ ਸੀ
ਯੱਕੇ ਵਾਲਾ ਹੌਲੀ-ਹੌਲੀ ਗਾ ਰਿਹਾ ਸੀ
ਯੱਕਾ ਟੁਰਿਆ ਜਾ ਰਿਹਾ ਸੀ ।

ਦੋਵੇਂ ਕੰਢੇ ਸਾਂਵਲੀ ਜਿਹੀ ਸੜਕ ਦੇ
ਉਹਦੇ ਬੁੱਲ੍ਹਾਂ ਵਾਂਗ ਪਏ ਸੀ ਫਰਕਦੇ
ਜਾਪਦਾ ਸੀ ਮੀਲ-ਪੱਥਰ, ਬੁਰਜੀਆਂ
ਸੜਕ ਦੇ ਪਏ ਦੰਦ ਹੋਵਣ ਹੱਸਦੇ
ਪੌਣ ਦਾ ਚਿਮਟਾ ਪਿਆ ਸੀ ਵੱਜਦਾ
ਟਾਹਲੀਆਂ ਦੇ ਪੱਤੇ ਪਏ ਸੀ ਖੜਕਦੇ
ਵੇਖ ਰਹੇ ਸਨ ਸਾਡੀ ਵੱਲੇ ਨਾਮੁਰਾਦ
ਕਾਸ਼ਨੀ ਜਿਹੇ ਫੁੱਲ ਪਹਾੜੀ ਅੱਕ ਦੇ
ਬੀਜ ਰਹੇ ਸਨ ਮੇਰੇ ਦਿਲ ਵਿਚ ਸਰਘੀਆਂ
ਲਾਲ ਸੂਹੇ ਕੋਰ ਉਹਦੀ ਅੱਖ ਦੇ
ਦੂਰ ਇਕ ਆਥਣ ਦਾ ਤਾਰਾ ਫਿੱਕੜਾ
ਗਗਨ ਦੀ ਹੁਣ ਗੱਲ੍ਹ ‘ਤੇ ਮੁਸਕਾ ਰਿਹਾ ਸੀ
ਇਕ ਨਿਆਣੇ ਦੇ ਗੁਲਾਬੀ ਮੁੱਖ ਉੱਤੇ
ਕਾਲੇ ਤਿਲ ਦੇ ਵਾਂਗ ਨਜ਼ਰੀਂ ਆ ਰਿਹਾ ਸੀ
ਉਹਦੇ ਤੇ ਮੇਰੇ ਵਿਚਾਲੇ ਫਾਸਲਾ
ਸਾਡੀ ਮੰਜ਼ਿਲ ਵਾਂਗ ਘਟਦਾ ਜਾ ਰਿਹਾ ਸੀ
ਯੱਕੇ ਵਾਲਾ ਹੌਲੀ ਹੌਲੀ ਗਾ ਰਿਹਾ ਸੀ
ਯੱਕਾ ਟੁਰਿਆ ਜਾ ਰਿਹਾ ਸੀ ।

ਉਫ਼ਕ ਦੇ ਨੈਣਾਂ ‘ਚ ਕੁਝ ਨੀਲਾ ਕੁ ਧੂੰ
ਕਾਗ ਦੇ ਜਿਉਂ ਬੋਟ ਦੇ ਪਿੰਡੇ ‘ਤੇ ਲੂੰ
ਬਖ਼ਸ਼ਦਾ ਸੀ ਜਾ ਰਿਹਾ ਮੈਨੂੰ ਸਕੂੰ
ਦੂਰ ਉਸ ਧੂੰਏਂ ਦੇ ਉਸ ਜੰਗਲ ਤੋਂ ਪਾਰ
ਜਾ ਰਹੀ ਸੀ ਪੰਛੀਆਂ ਦੀ ਇਕ ਡਾਰ
ਮੇਰਾ ਜੀ ਕੀਤਾ ਕਿ ਮੈਂ ਉਸ ਡਾਰ ਨੂੰ
ਉੱਚੀ ਦੇਣੀ ਇਕ ਕਹਾਂ ਆਵਾਜ਼ ਮਾਰ
‘ਨਾਲ ਆਪਣੇ ਲੈ ਚਲੋ ਸਾਨੂੰ ਵੀ ਯਾਰ
ਦੂਰ ਇਸ ਦੁਨੀਆਂ ਤੋਂ ਕਿਧਰੇ ਪਰਲੇ ਪਾਰ
ਦੇਣਾ ਸਾਨੂੰ ਉਸ ਜਜ਼ੀਰੇ ‘ਤੇ ਉਤਾਰ
ਜਿਥੇ ਸਕੀਏ ਰਾਤ ਅੱਜ ਦੀ ਇਹ ਗੁਜ਼ਾਰ’
ਸਿਆਹ ਹਨੇਰਾ ਸਿਆਹ ਦੀ ਇਕ ਸਪਣੀ ਦੇ ਵਾਂਗ
ਮੇਰੇ ਵੱਲੇ ਸਰਕਦਾ ਹੀ ਆ ਰਿਹਾ ਸੀ
ਮੇਰਾ ਹੱਥ ਹੁਣ ਉਹਦਿਆਂ ਹੱਥਾਂ ਦੇ ਨਾਲ
ਖ਼ੌਰੇ ਕਿੰਨੀ ਦੇਰ ਤੋਂ ਟਕਰਾ ਰਿਹਾ ਸੀ
ਜੀਕਣਾਂ ਘੁੱਗੀਆਂ ਦਾ ਜੋੜਾ ਕੰਧ ‘ਤੇ
ਚੁੰਝ ਦੇ ਵਿਚ ਚੁੰਝ ਪਾ ਮੁਸਕਾ ਰਿਹਾ ਸੀ
ਯੱਕੇ ਵਾਲਾ ਹੌਲੀ ਹੌਲੀ ਗਾ ਰਿਹਾ ਸੀ
ਯੱਕਾ ਟੁਰਿਆ ਜਾ ਰਿਹਾ ਸੀ ।

ਸੜਕ ਦੇ ਬੁੱਲ੍ਹਾਂ ‘ਤੇ ਅੰਬਾਂ ਦੀ ਕਤਾਰ
ਮਹਿਕ ਆਪਣੇ ਬੂਰ ਦੀ ਸੀ ਰਹੀ ਖਿਲਾਰ
ਉਸ ਪਲਾਡੇ ਵਿਚ ਅਜੇ ਤੀਕ
ਚੁਗ ਰਹੀ ਸੀ ਬਿਜੜਿਆਂ ਦੀ ਇਕ ਡਾਰ
ਹੁਣ ਉਹਦੇ ਹੱਥ ਮੇਰਿਆਂ ਹੱਥਾਂ ‘ਚ ਸਨ
ਬਰਫ਼ ਨਾਲੋਂ ਵੱਧ ਸਨ ਜੋ ਠੰਢੇ ਠਾਰ
ਜੀਕਣਾਂ ਬਿੱਲੇ ਦੇ ਮੂੰਹ ਕੋਈ ਗੁਟਾਰ
ਕਰ ਰਹੇ ਸਨ ਫੇਰ ਵੀ ਮੈਨੂੰ ਪਿਆਰ
ਜਦ ਹੀ ਭੈੜੀ ਰਾਹ ਅਸਾਡਾ ਕੱਟ ਗਈ
ਕਾਲੀ ਬਿੱਲੀ ਵਾਗਣਾਂ ਇਕ ਕਾਲੀ ਕਾਰ
ਸਾਡੇ ਮੂੰਹ ‘ਤੇ ਰੌਸ਼ਨੀ ਦਾ ਇਕ ਬੁੱਕ ਮਾਰ
ਸਾਨੂੰ ਉਸ ਖੇਡ ਤੋਂ ਗਈ ਵਿਸਾਰ
ਪਿੱਛੇ ਬੱਤੀ ਲਾਲ ਜਿਹੀ ਉਸ ਕਾਰ ਦੀ
ਅਜੇ ਤੀਕਣ ਚਮਕ ਪਈ ਸੀ ਮਾਰਦੀ
ਜਾਪਦਾ ਸੀ ਸੜਕ ਦੇ ਮੱਥੇ ‘ਤੇ ਜਿਉਂ
ਕੰਮ ਦੌਣੀ ਦਾ ਪਈ ਸੀ ਸਾਰਦੀ
ਜਾਂ ਮਣੀ ਚਮਕੇ ਗਲੇ ਦੇ ਹਾਰ ਦੀ
ਪੌਣਾਂ ਦੇ ਪੈਰਾਂ ‘ਚ ਝਾਂਜਰ ਮਹਿਕ ਦੀ
ਫੁੱਲ ਚੌਂਹ ਹੱਥਾਂ ਦਾ ਰਲ ਕੇ ਪਾ ਰਿਹਾ ਸੀ
ਜਾਪਦਾ ਸੀ ਤੇਜ਼ ਸੂਰਜ ਹਾੜ ਦਾ
ਸਾਡੀਆਂ ਤਲੀਆਂ ‘ਚੋਂ ਚੜ੍ਹਦਾ ਆ ਰਿਹਾ ਸੀ
ਸੇਕ ਵਧਦਾ ਜਾ ਰਿਹਾ ਸੀ
ਯੱਕੇ ਵਾਲਾ ਹੌਲੀ ਹੌਲੀ ਗਾ ਰਿਹਾ ਸੀ
ਯੱਕਾ ਟੁਰਿਆ ਜਾ ਰਿਹਾ ਸੀ ।

ਆ ਰਹੀ ਸੀ ਤੇਜ਼ ਸੁੰਮਾਂ ਦੀ ਆਵਾਜ਼
ਤਾਲ ਵਿਚ ਸੀ ਛਣਕਦਾ ਯੱਕੇ ਦਾ ਸਾਜ਼
ਸਾਜ਼ ‘ਚੋਂ ਇਕ ਉਭਰਦੀ ਐਸੀ ਆਵਾਜ਼
ਬਿਜਲੀ ਦੇ ਖੰਭਿਆਂ ‘ਚੋਂ ਜਿਸ ਤਰ੍ਹਾਂ
ਨਿੱਕੇ ਹੁੰਦੇ ਕੰਨ ਲਾ ਸੁਣਦੇ ਆਵਾਜ਼
ਪਰ ਨਾ ਆਉਂਦਾ ਸਮਝ ਦੇ ਵਿਚ ਉਸਦਾ ਰਾਜ਼
ਸਮਝਦੇ ਕਿ ਹੈ ਪਰੇਤਾਂ ਦੀ ਆਵਾਜ਼
ਉੱਡ ਰਹੇ ਨੇ ਜਾਂ ਕਿ ਲਾਮਾਂ ਵਿਚ ਜਹਾਜ਼
ਜਗਤ ਦੇ ਪਾਪਾਂ ਤੋਂ ਚਿੜ ਕੇ ਸਮਝਦੇ
ਹੋ ਗਏ ਜਾਂ ਦੇਵਤੇ ਸਾਰੇ ਨਾਰਾਜ਼
ਹੱਥ ਸਾਡੇ ਅੱਗ ਦੀ ਉਸ ਖੇਡ ਤੋਂ
ਅਜੇ ਤੀਕਣ ਵੀ ਨਹੀਂ ਹਨ ਆਏ ਬਾਅਜ਼
ਆ ਰਹੀ ਸੀ ਤੇਜ਼ ਸੁੰਮਾਂ ਦੀ ਆਵਾਜ਼
ਛਣਕਦਾ ਸੀ ਜਾ ਰਿਹਾ ਯੱਕੇ ਦਾ ਸਾਜ਼ ।

ਉਹਦੇ ਪਿੰਡ ਦੀ ਉੱਚੀ ਮਸਜਿਦ ਦਾ ਮਿਨਾਰ
ਉਸ ਹਨੇਰੇ ਵਿਚ ਵੀ ਨਜ਼ਰੀਂ ਆ ਰਿਹਾ ਸੀ
ਉਹ ਤੇ ਉਹਦੇ ਨਾਲ ਉਹਦਾ ਹੱਥ ਵੀ
ਮੇਰੇ ਹੱਥਾਂ ‘ਚੋਂ ਨਿਕਲ ਕੇ ਜਾ ਰਿਹਾ ਸੀ
ਉਹਦੇ ਬਾਝੋਂ ਓਸ ਦਾ ਹੀ ਹੁਣ ਗਰਾਂ
ਲੱਗਿਆ ਕਿ ਖਾਣ ਨੂੰ ਜਿਉਂ ਆ ਰਿਹਾ ਸੀ
ਯੱਕੇ ਵਾਲਾ ਖ਼ੌਰੇ ਕੀ ਕੁਰਲਾ ਰਿਹਾ ਸੀ
ਬੇ-ਰਹਿਮ, ਘੋੜੇ ਨੂੰ ਇਕ ਜੱਲਾਦ ਵਾਂਗ
ਉੱਚੀ-ਉੱਚੀ ਤੇਜ਼ ਛਾਂਟੇ ਲਾ ਰਿਹਾ ਸੀ
ਦੂਰ ਉੱਚੀ ਚੁਗ਼ਲ ਇਕ ਚਿਚਲਾ ਰਿਹਾ ਸੀ
ਸਾਰਾ ਰਾਹ ਓਸ ਚੁਗ਼ਲ ਦੀ ਆਵਾਜ਼ ਨਾਲ
ਲੱਗਿਆ ਕਿ ਨੀਂਦ ਵਿਚ ਬਰੜਾ ਰਿਹਾ ਸੀ
ਸਾਰਾ ਯੱਕਾ ਹੁਣ ਕਿਸੇ ਤਾਜ਼ਾ ਮਰੇ
ਜਾਨਵਰ ਦਾ ਕਰੰਗ ਨਜ਼ਰੀਂ ਆ ਰਿਹਾ ਸੀ
ਦੂਰ ਲਹਿੰਦੇ ਦੀ ਖ਼ੁਸ਼ਕ ਟਾਹਣੀ ਨੂੰ ਹੁਣ
ਤਾਰਿਆਂ ਦਾ ਘੁਣ ਜਿਹਾ ਬਸ ਖਾ ਰਿਹਾ ਸੀ
ਦੀਵਿਆਂ ਦੀ ਲੋ ‘ਚ ਹੁਣ ਮੇਰਾ ਗਰਾਂ
ਦੂਰੋਂ ਕਬਰਸਤਾਨ ਨਜ਼ਰੀਂ ਆ ਰਿਹਾ ਸੀ
ਦਿਲ ਮੇਰਾ ਉੱਡਦੇ ਫਰਾਰੇ ਵਾਕਣਾਂ
ਹਰ ਘੜੀ ਪਿੱਛੇ ਨੂੰ ਟੁਰਿਆ ਜਾ ਰਿਹਾ ਸੀ
ਯੱਕੇ ਵਾਲਾ ਖ਼ੌਰੇ ਕੀ ਕੁਰਲਾ ਰਿਹਾ ਸੀ
ਬੇ-ਰਹਿਮ, ਘੋੜੇ ਨੂੰ ਇਕ ਜੱਲਾਦ ਵਾਂਗ
ਉੱਚੀ-ਉੱਚੀ ਤੇਜ਼ ਛਾਂਟੇ ਲਾ ਰਿਹਾ ਸੀ
ਯੱਕਾ ਟੁਰਿਆ ਜਾ ਰਿਹਾ ਸੀ
ਯੱਕਾ ਟੁਰਿਆ ਜਾ ਰਿਹਾ ਸੀ ।