ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ

ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ

ਕੋਈ  ਤਾਂ  ਅਸਲ  ਪਹਿਚਾਣ  ਰਹਿਣ  ਦਿਓ
ਜਿੱਥੇ ਵੇਖੋ ਉਂਥੇ ਅੱਜ ਕਾਰ ਸੇਵਾ ਚੱਲੇ
ਕਰੀ ਜਾਂਦੇ ਜੋ ਨੇ ਸਭ ਪੱਥਰਾਂ ਦੇ ਥੱਲੇ
ਸਿੱਖੀ ਦੀ ਕੋਈ ਤਾਂ ਦਾਸਤਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਨਾ ਬੁਰਜ਼ ਉਹ ਠੰਡਾ,ਨਾ ਗੜ੍ਹੀ ਚਮਕੌਰ
ਨਾ ਕੰਧ ਸਰਹੰਦ ਹੋਇਆ ਸਭ ਕੁਝ ਹੋਰ
ਉਹ  ਕੋਈ  ਤਾਂ  ਅਸਲ ਸਥਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਰਹਿਣ ਦਿਓ ਸੱਚੀ-ਸੁੱਚੀ ਗੁਰੂਆਂ ਦੀ ਬਾਣੀ
ਨਾ  ਆਪਣੀ ਮਿਲਾਓ ਵਿੱਚ  ਰਾਮ-ਕਹਾਣੀ
ਉਹੀ  ਗੁਰੂਆਂ ਦੀ  ਪਾਕ ਜ਼ੁਬਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਲੰਗਰਾਂ ‘ਚ ਪੱਕਦੇ ਨੇ ਹੁਣ ਮਾਹਲ ਪੂੜੇ
ਕੀ  ਪੂੜੀ-ਛੋਲੇ, ਕੀ ਜਲੇਬ, ਕੀ ਪਕੌੜੇ
ਉਹ ਲਾਲੋ  ਦਾ ਸਾਦਾ ਪਕਵਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਬਾਗ਼ ਜ਼ਿਲਿਆਂ ਵਾਲੇ ਦਾ ਨਾ ਰੂਪ ਬਦਲਾਓ
ਨਵੇਂ ਰੰਗ-ਰੂਪ ਨਾਲ ਨਾ ਇਤਿਹਾਸ ਮਿਟਾਓ
ਉਹ ਕੋਈ  ਤਾਂ  ਯਾਦ  ਮਹਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਰਹੇ ਵੱਸਦਾ ਪੰਜਾਬ, ਰਹੇ ਵੱਸਦੀ ਪੰਜਾਬੀ
ਇਹਨੂੰ ਭੁੱਲ ਜਾਣ ਵਾਲੀ ਲੋਕੋ ਕਰੋ ਨਾ ਖ਼ਰਾਬੀ
ਉਹ ਪੰਜਾਬੀਆਂ ਦੀ ਵੱਖਰੀ ਹੀ ਸ਼ਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ
ਕੋਈ  ਤਾਂ  ਅਸਲ  ਪਹਿਚਾਣ  ਰਹਿਣ  ਦਿਓ

-ਨਵਦੀਪ ਸਿੰਘ ਬਦੇਸ਼ਾ