ਇਸ ਘੂੰਗਟ ਨੂੰ, ਅੱਗ ਲਾਵੋ ਜੀ ..SONIA BHARTI

ਇਸ ਘੂੰਗਟ ਨੂੰ, ਅੱਗ ਲਾਵੋ ਜੀ
ਮੈਂਡਾ ਸੱਜਣ ਪਰਦੇ ਪਾਇਆ ਏ ਜੀ
ਸੂਤਰ ਦੀ ਕੈਦ ਚ ਪਾ ਜਿਸਨੇ
ਇਹਨਾਂ ਅੱਖੀਆਂ ਨੂੰ ਤਰਸਾਇਆ ਏ ਜੀ

ਸੌਂਕਣ ਸਿਉਂ ਬਣ ਕੇ ਬੈਠਾ ਏ
ਸੱਜਣ ਤੇ ਸਾਡੇ ਵਿਚ ਆ ਕੇ
ਸਾਡੇ ਤੋ ਪਹਿਲਾਂ ਦੀਦ ਕਰੇ
ਹੱਕ ਸਾਥੋਂ ਵਧ ਜਤਾਇਆ ਏ ਜੀ

ਅਸਾਂ ਸੱਜਣ ਤਾਈਂ ਦੇਖਣ ਨੂੰ
ਹਿਜਰਾਂ ਦੀਆਂ ਪੀੜਾਂ ਕੱਟੀਆਂ ਨੇ
ਬਿਰਹੋਂ ਦੀ ਮਾਰ ਸਹਾਰੀ ਏ
ਪਲ ਪਲ ਸੰਤਾਪ ਹੰਡਾਇਆ ਏ ਜੀ

ਰੂਹ ਤੜਫੇ ਤਨ ਦੇ ਅੰਦਰ ਜੀ
ਜਿਉਂ ਆਬ ਨੂੰ ਤੜਫ ਰਹੀ ਮੱਛੀ
ਉਸ ਰੂਹ ਨੂੰ ਪਰਦਾ ਕਿੰਝ ਰੋਕੇ
ਜਿਸ ਰੱਬ ਨੂੰ ਯਾਰ ਬਣਾਇਆ ਏ ਜੀ

ਕੋਈ ਪਾ ਕੇ ਗੂੜ੍ਹ ਬੁਝਾਰਤ ਜੀ
ਅੱਜ ਖੋਲੋ ਦਿਲ ਦੇ ਭੇਤ ਸਭੈ
ਘੂੰਗਟ ਵਿਚ ਅੱਖੀਆਂ ਬੰਦ ਕਰਕੇ
ਅਸਾਂ ਦਿਲ ਵਿਚ ਤੈਨੂੰ ਪਾਇਆ ਏ ਜੀ

ਆਵੋ ਸੱਜਣ ਹੁਣ ਚੁੱਕ ਸ਼ਰਮਾਂ
ਅੱਜ ਰੂਹ ਵਿਚ ਰੂਹ ਬਣ ਰਚ ਜਾਵੋ
ਇਹ ਪਰਦਾ ਚਾਹੇ ਲੱਖ ਚਾਹੇ
ਕੋਈ ਰੂਹ ਨੂੰ ਰੋਕ ਨਾ ਪਾਇਆ ਏ ਜੀ…..SONIA BHARTI