ਇਹ ਮਾਂ-ਬੋਲੀ

ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ,
ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ,
ਗੀਤ ਵੀ ਆਪਣੀ ਕਿਸਮਤ ਉੱਤੇ ਹੌਂਕੇ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ,
ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ,
ਗੈਰਤ-ਮੰਦ ਪੰਜਾਬੀ ਇਥੇ ਸਭ ਕੁਝ ਜਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਹੋਕਾ ਦਿੰਦੇ ਸਰੋਂ੍ਹ ਦਾ ਪਰ ਸੰਘਾੜੇ ਵੇਚਦੇ,
ਗੀਤਾਂ ਵਿੱਚ ਲਪੇਟ ਕੇ ਨਵੇਂ ਪੁਆੜੇ ਵੇਚਦੇ,
ਨਸ਼ਿਆਂ ਤੇ ਹਥਿਆਰਾਂ ਦੀ ਜੋ ਹਾਮੀ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਫੁੱਲ ਮਹਿਕਣਾ ਭੁੱਲ ਗਏ ਮਾਂ-ਬੋਲੀ ਦੇ ਬਾਗ ਦੇ,
ਨਿੱਤ ਡੰਗ ਝੱਲਣੇ ਪੈਂਦੇ ਲੱਚਰਤਾ ਦੇ ਨਾਗ ਦੇ,
ਸੱਭਿਆਚਾਰ ਲੁਕੋਇਆ ਬੇਸ਼ਰਮੀ ਦੇ ਗਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਸੂਰਮਿਆਂ ਦੀ ਧਰਤੀ ‘ਮੋਹੀ’ ਬਣੀ ਗਵੱਈਆਂ ਦੀ,
ਫੋਕੀ ਸ਼ੋਹਰਤ ਖਾਤਿਰ ਜਾਂ ਭੁੱਖ ਚੰਦ ਰੁਪਈਆਂ ਦੀ,
ਗੈਰਤ ਨੂੰ ਇਹ ਗੀਤਾਂ ਦੇ ਵਿੱਚ ਗਹਿਣੇ ਧਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਨਵੇਂ ਗਵੱਈਆਂ ਸੰਗ ਸ਼ਰਮ ਦੇ ਚੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

-ਬਲਵਿੰਦਰ ਸਿੰਘ ਮੋਹੀ