ਉਹ ਤੇਰਾ ਹੀ ਰੰਗ ਸੀ – Ravinder Singh Jassi

ਉਹ ਤੇਰਾ ਹੀ ਰੰਗ ਸੀ, ਮੇਰੀ ਰੂਹ ਨੂੰ ਚੜ੍ਹਿਆ,
ਕੁਝ ਹੱਥ ਵੀ ਨਾ ਲੱਗਾ, ਭੱਜ ਨੂਰ ਨੂੰ ਫੜ੍ਹਿਆ…

ਬਾਕੀ ਜੱਗ ਦਾ ਕੀ ਐ , ਜਿੱਤ ਵੀ ਸਾਂ ਸਕਦਾ,
ਪਰ ਹਰਿਆ ਖੁਦ ਤੋਂ, ਜਦ ਖੁਦ ਨਾਲ ਲੜਿਆ….

ਜੋ ਵੀ ਕੁਝ ਸਹੀ ਸੀ, ਕਹਿੰਦੇ ਸਾਡੇ ਹੀ ਕਰਕੇ,
ਜਦ ਵਿਗੜ ਗਿਆ ,ਦੋਸ਼ ਮੇਰੇ ਸਿਰ ਮੜ੍ਹਿਆ…

ਕਿੰਝ ਨਜਰੀਂ ਪੈਂਦੀ, ਕੁਰਬਾਨੀ ਕੀ ਸੀ ਮੇਰੀ,
ਨਾ ਮਸੀਹਾ ਹੋਇਆਂ ,ਨਾ ਹੀ ਸੂਲੀ ਚੜ੍ਹਿਆ…..