ਔਰਤ ! ਓ ਔਰਤ!

ਔਰਤ ! ਓ ਔਰਤ!
ਇਹੋ ਜੂਨ ਤੇਰੀ
ਇਹ ਤੂੰ ਹੀ ਹੰਢਾਣੀ
ਕਿਸੇ ਨਾ ਹੰਢਾਣੀ
ਜਦ ਤਿਲ੍ਹਕੇਂ, ਤਾਂ ਦੇਵੇ ਸਹਾਰਾ ਨਾ ਕੋਈ
ਜਦ ਡਿੱਗੇਂ, ਉਠਾਵੇ ਦੁਬਾਰਾ ਨਾ ਕੋਈ
ਤੂੰ ਖੁਦ ਛਾਲ ਮਾਰੀ, ਸਮੁੰਦਰ ‘ਚ ਮੋਹ ਦੇ
ਜਦ ਡੁੱਬੇਂ, ਤਾਂ ਬਣਦਾ ਕਿਨਾਰਾ ਨਾ ਕੋਈ

ਔਰਤ! ਓ ਔਰਤ!
ਇਹੋ ਹੋਣੀ ਤੇਰੀ
ਇਹ ਤੂੰ ਹੀ ਪੁਗਾਣੀ
ਕਿਸੇ ਨਾ ਪੁਗਾਣੀ
ਤੂੰ ਹਾਰੀ, ਜਦ ਹੋਈ ਮਜਬੂਰ ਆਪਣੇ ਤੋਂ
ਤੂੰ ਹਾਰੀ, ਜਦ ਹਾਰੀ ਸੰਧੂਰ ਆਪਣੇ ਤੋਂ
ਤੂੰ ਰੁਕ ਨਾ ਸੀ ਸਕਦੀ, ਤੂੰ ਝੁਕ ਨਾ ਸੀ ਸਕਦੀ
ਤੂੰ ਹਾਰੀ ਤਾਂ ਹਾਰੀ ਹੈਂ ਨੂਰ ਆਪਣੇ ਤੋਂ

ਔਰਤ! ਓ ਔਰਤ!
ਇਹੋ ਹਾਰ ਤੇਰੀ
ਇਹ ਤੂੰ ਹੀ ਜਿਤਾਣੀ
ਕਿਸੇ ਨਾ ਜਿਤਾਣੀ
ਕੋਈ ਜੂਏ ‘ਚ ਹਾਰੇ , ਤੂੰ ਫਿਰ ਉਹੋ ਔਰਤ
ਕੋਈ ਅੱਗ ਵਿੱਚ ਸਾੜੇ , ਤੂੰ ਫਿਰ ਉਹੋ ਔਰਤ
ਕੋਈ ਪ੍ਰੀਖਿਆ ਮੰਗੇ, ਤੂੰ ਫਿਰ ਉਹੋ ਔਰਤ
ਕੋਈ ਲਹੂ ਵਿੱਚ ਤਾਰੇ, ਤੂੰ ਫਿਰ ਉਹੋ ਔਰਤ

ਔਰਤ ! ਓ ਔਰਤ !
ਇਹੋ ਕੁੰਜ ਤੇਰੀ
ਇਹ ਤੂੰ ਹੀ ਹੈ ਲਾਹਣੀ
ਕਿਸੇ ਨੇ ਨਾ ਲਾਹਣੀ
ਆਪਣੇ ਖੰਭ ਤੂੰ ਆਪ ਉਗਾਣੇ
ਜੇ ਕਿਤੇ ਆਪਣੀ ਤੂੰ ਸ਼ਕਤੀ ਪਛਾਣੇਂ
ਤੂੰ ਦੁਰਗਾ ਸੀ ਹੁੰਦੀ ,ਤੂੰ ਭਾਗੋ ਸੀ ਹੁੰਦੀ
ਜੇ ਕਿਤੇ ਸਮਿਆਂ ਦੀ ਮਿੱਟੀ ਨੂੰ ਛਾਣੇਂ

ਔਰਤ! ਓ ਔਰਤ
ਇਹੋ ਲਾਟ ਤੇਰੀ
ਇਹ ਤੂੰ ਹੀ ਜਗਾਣੀ
ਕਿਸੇ ਨਾ ਜਗਾਣੀ
ਔਰਤ! ਓ ਔਰਤ!
ਇਹੋ ਜੂਨ ਤੇਰੀ
ਇਹ ਤੂੰ ਹੀ ਬਚਾਣੀ
ਕਿਸੇ ਨਾ ਬਚਾਣੀ ।

-ਡਾ: ਗੁਰਮਿੰਦਰ ਸਿੱਧੂ