ਕਹਾਣੀ “ਦੂਰ”

(ਦੂਰ)
ਬਲਕਾਰ ਸਿੰਘ ਨੇ ਸਵੇਰੇ ਉੱਠਦੇ ਹੀ ਚਾਹ ਦਾ ਘੁੱਟ ਭਰਿਆ ਤੇ ਵਿਹੜੇ ਵਿਚ ਨਿੰਮ ਥੱਲੇ ਪਈ ਕਹੀ ਨੂੰ ਚੁੱਕਦਿਆਂ ਘਰਵਾਲੀ ਨੂੰ ਕਿਹਾ ਪ੍ਰਸਿੰਨ ਕੂਰੇ ਮੈਂ ਚੱਲਿਆਂ ਖੇਤ ਨੂੰ ਤੂੰ ਇੰਝ ਕਰੀਂ ਬੂਟੇ ਹੱਥ ਰੋਟੀ ਭੇਜ ਦੇਵੀਂ ਮੇਰੀ ਪਿਛਲੀ ਮੋਟਰ ਤੇ ਪ੍ਰਸਿੰਨ ਕੌਰ ਨੇ ਵਿਹੜੇ ਵਿਚ ਬਹੁਕਰ ਫੇਰਦੀ ਨੇ ਹੀ ਜਵਾਬ ਦਿੱਤਾ ਚੰਗਾ ਭੇਜ ਦੇਵਾਂਗੀ।
ਬੂਟਾ ਬਲਕਾਰ ਸਿੰਘ ਦਾ ਵੱਡਾ ਮੁੰਡਾ ਹੈ ਜੋ ਸ਼ਹਿਰ ਕਾਲਜ ਵਿਚ ਪੜ੍ਹਦਾ ਹੈ ਤੇ ਅਜੇ ਕੱਲ ਹੀ ਉਸ ਨੂੰ ਕਾਲਜ ਚੋਂ ਹਫਤੇ ਦੀਆਂ ਛੁੱਟੀਆਂ ਹੋਈਆਂ ਨੇ ਬੂਟਾ ਪੜ੍ਹਨ ਵਿੱਚ ਤਾਂ ਸਧਾਰਨ ਹੀ ਹੈ ਪਰ ਕਾਲਜ ਦੇ ਯਾਰਾਂ ਦੋਸਤਾਂ ਨਾਲ ਮਿਲ ਕੇ ਮਹਿੰਗੇ ਕੱਪੜੇ ਤੇ ਮਹਿੰਗਾ ਮੋਬਾਈਲ ਰੱਖਣ ਦਾ ਪੂਰਾ ਸ਼ੌਕੀਨ ਹਰ ਰੋਜ਼ ਕੋਈ ਨਾ ਕੋਈ ਫੋਟੋ ਖਿੱਚ ਕੇ ਫੇਸਬੁੱਕ ਤੇ ਪਾ ਹੀ ਦਿੰਦਾ ਤੇ ਬੜੀ ਬੇਸਬਰੀ ਨਾਲ ਦੋਸਤਾਂ ਦੇ ਕਮੈਂਟ ਉਡੀਕਦਾ ਰਹਿੰਦਾ।
ਮੋਬਾਈਲ ਤੇ ਉਂਗਲਾਂ ਜਹੀਆਂ ਮਾਰਦੇ ਨੂੰ ਵੇਖ ਕੇ ਕੋਲ ਬੈਠੀ ਬੂਟੇ ਦੀ ਬੇਬੇ ਬੂਟੇ ਨੂੰ ਬੋਲੀ ਵੇ ਬੂਟੇ ਤੂੰ ਕੀ ਆ ਸਾਰਾ ਦਿਨ ਇਸ ਮੋਬਾਈਲ ਤੇ ਉਗਲਾਂ ਜੀਆਂ ਮਾਰੀ ਜਾਨੇ ਕੋਈ ਹੋਰ ਵੀ ਕੰਮ ਕਰ ਲਿਆ ਕਰ ਸਾਰਾ ਦਿਨ ਇਹਦਾ ਖਹਿੜਾ ਹੀ ਨੀ ਛੱਡਦਾ ਮੈਨੂੰ ਤਾਂ ਇਹ ਸਮਝ ਨੀ ਆਉਂਦੀ ਤੁਸੀ ਜਵਾਕ ਇਹਨਾਂ ਚੌਂ ਕੱਢਦੇ ਕੀ ਓ, ਬੂਟਾ ਬੋਲਿਆ ਤੈਨੂੰ ਨੀ ਪਤਾ ਬੇਬੇ ਬੰਦਾ ਜਿੰਨੀ ਮਰਜੀ ਦੂਰ ਬੈਠਾ ਹੋਵੇ ਜੇ ਉਹਨੂੰ ਕੋਈ ਸੁਨੇਹਾ ਭੇਜਣਾ ਹੋਵੇ ਨਾ ਤਾਂ ਇੱਕ ਮਿੰਟ ਲੱਗਦੈ ਹੁਣ ਤਾਂ ਕੁਝ ਵੀ ਦੂਰ ਨਹੀ ਰਿਹਾ ਬੇਬੇ ਸਾਰਾ ਕੁਝ ਬਸ ਕੁਝ ਹੀ ਮਿੰਟਾਂ ਚ, ਨਾਲੇ ਮਾਸੀ ਦਾ ਮੁੰਡਾ ਨੀ ਦੀਪਾ ਜਿਹੜਾ ਕਨੇਡਾ ਗਿਆ ਰੋਜ਼ ਗੱਲ ਹੁੰਦੀ ਹੈ ਉਹਦੇ ਨਾਲ ਮੇਰੀ ਫੇਸਬੁੱਕ ਤੇ ਨਾਲੇ ਦੇਖ ਕਿੰਨੀ ਦੂਰ ਬੈਠੇ ਕੋਈ ਸੁਨੇਹਾ ਭੇਜਣਾ ਹੈ ਜਾਂ ਫੋਟੋ ਬਸ ਇਕ ਮਿੰਟ ਵਿਚ ਪਹੁੰਚ ਜਾਂਦੀ ਹੈ ਉਹਦੇ ਕੋਲ ਮੈਨੂੰ ਤਾਂ ਕੁਝ ਸਮਝ ਨਹੀ ਆਉਂਦੀ ਤੁਹਾਡੀਆਂ ਗੱਲਾਂ ਦੀ, ਬੂਟੇ ਦੀ ਬੇਬੇ ਨੇ ਮੰਜੀ ਹੇਠੋਂ ਕੁਝ ਭਾਂਡੇ ਚੱਕੇ ਤੇ ਨਾਲ ਹੀ ਉਸ ਨੂੰ ਯਾਦ ਆਇਆ ਕਿ ਉਹਦਾ ਬਾਪੂ ਸਵੇਰੇ ਰੋਟੀ ਨੂੰ ਕਹਿ ਗਿਆ ਸੀ ਤੇ ਉਸ ਨੇ ਕੋਲ ਬੈਠੇ ਬੂਟੇ ਨੂੰ ਕਿਹਾ ਜਾ ਪੁੱਤ ਆਪਣੇ ਬਾਪੂ ਦੀ ਰੋਟੀ ਦਿਆ ਖੇਤ ਪਿਛਲੀ ਮੋਟਰ ‘ਤੇ, ਪਿਛਲੀ ਮੋਟਰ ਤੇ ! ਨਾ ਬੇਬੇ ਨਾ ਮੇਰੇ ਤੌਂ ਨੀ ਜਾਇਆ ਜਾਂਦਾ ਏਨੀ ਦੂਰ ਤੂੰ ਨਿੱਕੇ ਨੂੰ ਭੇਜ ਦੇ ਰੋਟੀ ਦੇ ਕੇ ਉਹਨੂੰ ਵੀ ਤਾਂ ਸਕੂਲੋਂ ਛੁੱਟੀ ਏ ਅੱਜ ਉਵੀ ਤਾਂ ਘਰੀ ਏ, ਪ੍ਰਸਿੰਨ ਕੌਰ ਹੁਣ ਅੱਗੋਂ ਕੁਝ ਬੋਲ ਤਾਂ ਨਾ ਸਕੀ ਪਰ ਮਨ ਹੀ ਮਨ ਵਿੱਚ ਸੋਚਦੀ ਵਾਹ ਉਏ ! ਮੇਰੇ ਬੂਟੇ ਪੁੱਤਰਾ, ਜਿਹੜਾ ਇਨਸਾਨ ਬਾਹਰਲੇ ਮੁਲਕ ਚ ਬੈਠਾ ਏ ਉਹ ਤੇਰੇ ਲਈ ਨੇੜੇ ਐ, ‘ਤੇ ਜਿਹੜਾ ਤੇਰਾ ਬਾਪੂ ਖੇਤ ਰੋਟੀ ਦੀ ਉਡੀਕ ਚ ਬੈਠੇ ਉਹ ਦੂਰ ।
ਗੁਰਜੰਟ ਤਕੀਪੁਰ
8872782674