ਕੋਈ ਦੇਸ਼ ਪੰਜਾਬੋਂ ਸੋਹਣਾ ਨਾ

ਪੰਜ ਦਰਿਆ ਇਸ ਦੇਸ਼ ਦੇ, ਤਾਹੀਉਂ ਕਹਿਣ ਪੰਜਾਬ ।
ਰਾਵੀ, ਸਤਲੁਜ, ਬਿਆਸ ਜੀ, ਜਿਹਲਮ ਅਤੇ ਚਨਾਬ ।

॥ਛੰਦ॥

ਲਿਖੇ ਮੁਲਕਾਂ ਦੇ ਗੁਣ ਗੁਣੀਆਂ । ਸਾਰੀ ਫਿਰ ਤੁਰ ਵੇਖੀ ਦੁਨੀਆਂ ।
ਕੁੱਲ ਜੱਗ ਦੀਆਂ ਕਰੀਆਂ ਸੈਰਾਂ । ਇੱਕ ਨਜ਼ਮ ਬਣਾਉਣੀ ਸ਼ੈਰਾਂ ।
ਜੀਭ ਕੁਤਰੇ ਲਫ਼ਜ਼ ਪੰਜਾਬੀ ਦੇ ।
ਸਾਕੀ ਨਸ਼ਾ ਚੜ੍ਹਾ ਦੇ ਉਤਰੇ ਨਾ, ਲਾ ਮੁੱਖ ਨੂੰ ਜਾਮ ਸ਼ਰਾਬੀ ਦੇ ।

ਜੁਆਨ ਸੋਹਣੇ ਸ਼ਾਮ ਫ਼ਰਾਂਸੋਂ । ਗੋਲ ਗਰਦਨ ਕੰਚ ਗਲਾਸੋਂ ।
ਸ਼ੇਰਾਂ ਵਰਗੇ ਉੱਭਰੇ ਸੀਨੇ । ਚਿਹਰੇ ਝੱਗਰੇ, ਨੈਣ ਨਗੀਨੇ ।
ਐਸਾ ਗੱਭਰੂ ਜੱਗ ਵਿਚ ਹੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਢਲੇ ਬਰਫ਼ ਹਿਮਾਲੇ ਪਰਬਤ । ਜਲ ਮੀਠਾ ਖੰਡ ਦਾ ਸ਼ਰਬਤ ।
ਪੰਜ ਨਦੀਆਂ ਮਾਰਨ ਲਹਿਰਾਂ । ਹੈੱਡ ਬੰਨ੍ਹ ਕੇ ਕੱਢ ਲਈਆਂ ਨਹਿਰਾਂ ।
ਛੱਡ ਵਾਟਰ ਮੈਨਰ ਭਰਮੇਂ ਦੇ ।
ਵੇਖ ਚਾਅ ‘ਜਹੇ ਚੜ੍ਹਨ ਕਿਸਾਨਾਂ ਨੂੰ, ਖੇਤ ਖਿੜ-ਖਿੜ ਹਸਦੇ ਨਰਮੇ ਦੇ ।

ਹਰੀ ਚਰ੍ਹੀਆਂ ਦੀ ਹਰਿਆਵਲ । ਕਿਤੇ ਲਹਿ ਲਹਿ ਕਰਦੇ ਚਾਵਲ ।
ਰਲ ਗੁਡਣੇ ਜਾਣ ਕਮਾਦੀ । ਮੁੰਡਿਆਂ ਰੱਜ ਰੱਜ ਚੂਰੀ ਖਾਧੀ ।
ਦੀਂਹਦਾ ਘਿਉ ਨਾਲ ਲਿਬੜਿਆ ਪੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਬੜੀ ਰੌਣਕ ਖੇਤਰ ਅਗਲੇ । ਟਾਹਲੀ ਪੁਰ ਬੋਲਣ ਬਗਲੇ ।
ਹਲ ਵਾਹੁੰਦੇ ਫਿਰਨ ਟਰੈਕਟਰ । ਜਿਵੇਂ ਐਕਟਿੰਗ ਕਰਦੇ ਐਕਟਰ ।
ਬੁਲਡੋਜ਼ਰ ਫਿਰਦੇ ਕਮਲੇ ਜ੍ਹਿ,
ਦਿਲ ਖਿੱਚ ਦੇ ਲੰਘਦਿਆਂ ਰਾਹੀਆਂ ਦੇ, ਟਿਊਬਵੈਲ ਪਰ ਫੁੱਲ ਗਮਲੇ ਜ੍ਹਿ ।

ਖਿੜੇ ਕੇਤਕੀਆਂ ਤੇ ਗੇਂਦੇ । ਕਿਤੇ ਸੋਸਣ ਖ਼ੁਸ਼ਬੋ ਦੇਂਦੇ ।
ਥਾਂ-ਥਾਂ ਤੇ ਬਿਜਲੀਆਂ ਬਲੀਆਂ । ਲਾ ਰੀਝਾਂ ਗੁੰਦ ਲਾਂ ਕਲੀਆਂ ।
ਕਿਸੇ ਐਸਾ ਹਾਰ ਪਰੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਗੋਭੀ, ਮਟਰ, ਟਮਾਟਰਾਂ, ਗਾਜਰ । ਜਿੱਥੇ ਰੇਤ ਮਤੀਰੇ, ਬਾਜਰ ।
ਕਣਕਾਂ ਦੀਆਂ ਗਿਠ-ਗਿਠ ਬੱਲੀਆਂ । ਮੱਕੀਆਂ ਦੇ ਕੁਛੜੀਂ ਛੱਲੀਆਂ ।
ਛਣ ਕੰਗਣ ਛਣਕਣ ਟਾਟਾਂ ਦੇ ।
ਕਰੇ ਸਰਸੋਂ ਝਰਮਲ ਝਰਮਲ ਜੀ, ਫੁੱਲ ਟਹਿਕਣ ਸਬਜ਼ ਪਲਾਟਾਂ ਦੇ ।

ਬੋਹੜ ਪੌਣ ਵਗੀ ਤੋਂ ਸ਼ੂਕਣ । ਪਿਪਲਾਂ ਪਰ ਕੋਇਲਾਂ ਕੂਕਣ ।
ਬਾਗ਼ਾਂ ਵਿਚ ਅੰਬੀਆਂ ਰਸੀਆਂ । ਖਾ ਤੋਤਾ ਮੈਨਾ ਹੱਸੀਆਂ ।
ਬੋਲ ਬੁਲਬੁਲ ਵਰਗਾ ਮੋਹਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਲੋਕ ਧਰਮੀ, ਦਾਤੇ, ਦਾਨੇ । ਵੰਡ ਦੇਵਣ ਭਰੇ ਖ਼ਜ਼ਾਨੇ ।
ਨੂੰਹ ਰਾਣੀ ਤੇ ਧੀ ਮੇਲਣ । ਨਿੱਤ ਦੌਲਤ ਦੇ ਵਿਚ ਖੇਲਣ ।
ਲੜ ਉੱਡਦੇ ਰੰਗਲੇ ਸਾਲੂ ਦੇ ।
ਜਾਣ ਪੈਲਾਂ ਪਾਉਂਦੀਆਂ ਮੋਰਨੀਆਂ, ਭੱਤੇ ਢੋਵਣ ਕੰਤ ਰਸਾਲੂ ਦੇ ।

ਮਾਰ ਬੜ੍ਹਕਾਂ ਵਹਿੜੇ ਬੜਕਣ । ਗਲ ਵਿਚ ਘੁੰਗਰਾਲਾਂ ਖੜਕਣ ।
ਥਣ ਬੱਗੀਆਂ ਦੇ ਚੜ੍ਹ ਲਹਿੰਦੇ । ਉਸ ਮੱਝ ਨੂੰ ਮੱਝ ਨਾ ਕਹਿੰਦੇ,
ਜਿਸ ਮੱਝ ਨੇ ਭਰ ‘ਤਾ ਦੋਹਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਰੰਗ ਲਾਲ ਕਮਾਣਾਂ ਅੱਬਰੂ । ਮੱਲ ਰੁਸਤਮ ਵਰਗੇ ਗੱਭਰੂ ।
ਕਰ ਵਰਜ਼ਸ ਦੇਹਾਂ ਰੱਖੀਆਂ । ਹੀਰੇ ਹਰਨ ਵਰਗੀਆਂ ਅੱਖੀਆਂ,
ਕੱਦ ਸਰੂਆਂ ਵਰਗੇ ਜੁਆਨਾਂ ਦੇ,
ਹੰਸਾਂ ਦੇ ਵਰਗੀਆਂ ਤੋਰਾਂ ਜੀ , ਹੱਥ ਸੋਹੇ ਗੁਰਜ ਭਲਵਾਨਾਂ ਦੇ ।

ਨਿਰੇ ਘਿਉ ਵਿੱਚ ਰਿਝਦੇ ਸਾਲਣ । ਜਿੰਦ ਦੇ ਕੇ ਵੀ ਲੱਜ ਪਾਲਣ ।
ਸੱਜਣਾਂ ਦੀਆਂ ਵੰਡਦੇ ਪੀੜਾਂ । ਜਿੱਥੇ ਖੜਦੇ ਕਰਦੇ ਛੀੜਾਂ ।
ਜਿੰਦ ਵਾਰਨ ਸੀਸ ਲਕੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਪੈਲੀ ਵਧ ਕੇ ਤੇਜ਼ ਕਰੀਨੋਂ । ਲਾਲ ਉੱਗਦੇ ਐਸ ਜ਼ਮੀਨੋਂ ।
ਮੋਠ ਮੂੰਗੀ ਵਿਕਦੇ ਜੱਟ ਦੇ । ਨਾਵੇਂ ਮੂੰਗਫਲੀ ਦੇ ਵੱਟ ਦੇ ।
ਨਵੇਂ ਨੋਟ ਧਰਨ ਵਿੱਚ ਪੇਟੀ ਦੇ ।
ਢੋਂਦੇ(ਪੌਂਦੇ) ਸੱਠ ਸੱਠ ਤੋਲੇ ਨੂੰਹਾਂ ਨੂੰ, ਨਾ ਤਿਉਰ ਮਿਉਂਦੇ ਬੇਟੀ ਦੇ ।

ਮਾਂਵਾਂ ਸ਼ੇਰਨੀਆਂ ਨੂੰ ਚੁੰਘਦੇ । ਲੜ ਦੁਸ਼ਮਣ ਦੇ ਸਿਰ ਡੁੰਗਦੇ ।
ਜ਼ੋਰਾ-ਵਰੀਆਂ ਕਰਨ ਚੁਗੱਤੇ । ਨਾ ਹਾਰਨ ਜੈਮਲ ਫ਼ੱਤੇ ।
ਅਗਾਂਹ ਵਧਦੇ ਪਿਛਾਂਹ ਖੜੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਚੜ੍ਹ ਘਟਾ ਪਹਾੜੋਂ ਆਵਣ । ਮੁਟਿਆਰਾਂ ਤੀਆਂ ਲਾਵਣ ।
ਪੈਣ ਟੂਮਾਂ ਦੇ ਚਮਕਾਰੇ । ਪਾ ਪੀਂਘਾਂ ਲੈਣ ਹੁਲਾਰੇ ।
ਰਲ ਗਾਵਣ ਗੀਤ ਮੁਹੱਬਤਾਂ ਦੇ ।
ਹੁੰਡ ਵਰਨ੍ਹ ਮਹੀਨੇ ਸਾਵਨ ਦੇ, ਕਰ ਪਾਰ ਉਤਾਰਾ ਰੱਬ ਤਾਂ ਦੇ ।

ਧੀਆਂ ਅਣਖ ਸ਼ਰਮ ਨਾਲ ਭਰੀਆਂ । ਘਰੇ ਬੁਣਨ ਸਵੈਟਰ ਦਰੀਆਂ ।
ਕੰਨੋਂ ਪਕੜ ਗਹਿਰ ‘ਤੀ ਚੋਰੀ । ਗਲ ਹੱਸ(ਹੰਸ) ਪਾ ਬੱਕਰੀ ਤੋਰੀ ।
ਜਾਂਦਾ ਰਾਹੀ, ਪਾਂਧੀ ਖੋਹਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਹੋਏ ‘ਪਾਕ ਪਟਣ’ ਵਿੱਚ ‘ਬਾਵਾ’ । ਗੁਰੂ ਨਾਨਕ ਜੀ ਦੇ ਸ਼ਾਵਾ ।
‘ਬਾਬੂ’ ਸੋਨੇ ਦਾ ਹਰਿਮੰਦਰ । ਹੋਵੇ ਭਜਨ ਹਮੇਸ਼ਾਂ ਅੰਦਰ ।
ਅੰਮ੍ਰਿਤਸਰ ਨਗਰੀ ਗੁਰੂਆਂ ਦੀ ।
ਹਟੇ ਪੱਥਰ ਦੇ ਬੁੱਤ ਪੂਜਣ ਤੋਂ, ਹੋਵੇ ਰੱਬ ਦੀ ਇਬਾਦਤ ਸ਼ੁਰੂਆਂ ਦੀ ।

ਲਾਏ ਸੰਤ ਮਹੰਤਾਂ ਡੇਰੇ । ਏਥੇ ਪੀਰ ਬਜ਼ੁਰਗ ਬਥੇਰੇ ।
ਰੋਹੀ, ਦੁਆਬੇ, ਮਾਲਵੇ, ਮਾਝੇ । ਗੁਰੂ ਦਸਮੇਂ ਨੇ ਸਿੰਘ ਸਾਜੇ ।
ਐਸੀ ਸਜਦੀਆਂ ਪੱਗ ਦੀਆਂ ਚੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।