ਚਰਿਤ੍ਰ-ਹੀਣ – Shiv Kumar Batalvi

ਸਾਉਣ ਮਾਂਹ ਦੀ ਸਾਂਵਲੀ
ਸਿੱਲ੍ਹੀ ਹੈ ਸ਼ਾਮ
ਪੀ ਕੇ ਟੁਰਿਆ ਹਾਂ
ਘਰੋਂ ਮਦਰਾ ਦਾ ਜਾਮ
ਸਾਉਣ ਮਾਂਹ ਦੀ ਸਾਂਵਲੀ
ਸਿੱਲ੍ਹੀ ਹੈ ਸ਼ਾਮ ।

ਹਲਕੇ ਕੁੱਤੇ ਦੀ
ਜ਼ੁਬਾਂ ਜਹੀ ਸੜਕ ‘ਤੇ
ਤਾਜ਼ਾ ਵੱਸੇ ਮੀਂਹ ਦੀਆਂ
ਇਹ ਛਪੜੀਆਂ
ਜਿਉਂ ਪੁਰਾਣੇ ਉੱਜੜੇ
ਕਿਸੇ ਮਹਿਲ ਦੀ
ਛੱਤ ਤੇ ਰੀਂਗਣ
ਹਜ਼ਾਰਾਂ ਮੱਕੜੀਆਂ
ਜਾਂ ਜਿਵੇਂ ਹਬਸ਼ਣ
ਕਿਸੇ ਦੇ ਮੁੱਖ ‘ਤੇ
ਹੋਣ ਗਹਿਰੇ ਪੈ ਗਏ
ਚੀਚਕ ਦੇ ਦਾਗ਼ ।
ਜਾਂ ਦਮੂੰਹਾਂ
ਕੌਡੀਆਂ ਵਾਲਾ ਕੋਈ ਨਾਗ
ਕਿੰਨੇ ਕੋਝੇ ਤੇ ਡਰਾਉਣੇ
ਉਫ਼ ! ਮੇਰੇ ਹਨ ਇਹ ਖ਼ਾਬ ।

ਉਮਰ ਦੇ ਪੰਝੀ ਵਰ੍ਹੇ
ਦਿਨ ਸਵਾ ਕੁ ਨੌਂ ਹਜ਼ਾਰ
ਕਿਹੜੇ ਮਕਸਦ ਵਾਸਤੇ
ਆਖ਼ਿਰ ਨੇ ਦਿੱਤੇ ਮੈਂ ਗੁਜ਼ਾਰ ?
ਕਿਹੜੇ ਮਕਸਦ ਵਾਸਤੇ
ਏਨੇ ਮੈਂ ਸੂਰਜ ਖਾ ਲਏ
ਸਿਰ ਏਨੀਆਂ ਰਾਤਾਂ ਦਾ ਭਾਰ
ਸ਼ਾਇਦ ਇਸ ਲਈ : ਵੇਖ ਸਕਾਂ
ਹਰ ਨਜ਼ਰ ਦੇ ਆਰ ਪਾਰ
ਨਿੱਤ ਕਿਸੇ ਦੇਹੀ ‘ਤੇ ਸਕਾਂ
ਕਾਮ ਦਾ ਮੈਂ ਡੰਗ ਮਾਰ
ਦੁਨੀਆਂ ਦੀ ਜਾਂ ਹਰ ਹੁਸੀਨਾ
ਦੇ ਸਕੇ ਮੈਨੂੰ ਪਿਆਰ
ਵੇਖ ਸਕਾਂ ਓਸ ਦੇ
ਮੈਂ ਜਿਸਮ ਨੰਗੇ ਦਾ ਉਭਾਰ
ਉਫ਼ ! ਮੈਂ ਕਿੰਨਾ ਕਮੀਨਾ
ਕਿੰਨੇ ਗੰਦੇ ਹਨ ਵਿਚਾਰ ।

ਕਿੰਨਾ ਗੰਦਾ ਜਿਹਨ ਮੇਰਾ
ਕਿੰਨਾ ਗੰਦ ਸੋਚਦਾਂ
ਆਪਣੇ ਹੱਥ ਨੂੰ ਹੀ ਆਪਣਾ
ਹੱਥ ਲਾਣੋਂ ਰੋਕਦਾਂ
ਇਕ ਕਿਣਕੇ ਤੋਂ ਖੁਦਾ ਤੀਕਣ
ਮੈਂ ਕਾਮੀ ਮੰਨਦਾਂ
ਮਾਂ ਦੇ ਦੁੱਧ ਨੂੰ
ਮੈਂ ਗਰਮ ਕਰਕੇ ਪੀਣਾ ਲੋਚਦਾਂ
ਮੇਰੇ ਹੱਥ ਵਿਚ, ਜਿਨ੍ਹਾਂ ਵਿਚ
ਧਰੁਵਾਂ ਜਿੰਨੀ ਠੰਢ ਹੈ
ਸੋਚਦਾ ਹਾਂ ਇਨ੍ਹਾਂ ਬਾਰੇ
ਇਸ ਤਰ੍ਹਾਂ ਕੁਝ ਸੋਚਦਾਂ
ਮੇਲ ਇਨ੍ਹਾਂ ਦੇ ‘ਚੋਂ ਹੋਵੇ
ਜਨਮ ਕਿਸ ਲਈ ਸੇਕ ਦਾ
ਮੈਂ ਤਾਂ ਐਸੇ ਸੇਕ ਨੂੰ ਵੀ
ਕਾਮ ਪੱਖੋਂ ਵੇਖਦਾਂ
ਮੈਂ ਤਾਂ ਕਹਿੰਦਾ : ਕਾਮ ਹੈ ਹੀ
ਸੇਕ ਦਾ ਆਨੰਦ ਹੈ
ਚਾਹੇ ਉਹ ਸੂਰਜ ਹੈ ਕੋਈ
ਚਾਹੇ ਉਹ ਕੋਈ ਚੰਦ ਹੈ
ਚਾਹੇ ਦੀਵਾ ਜਾਂ ਚਿੰਗਾੜੀ
ਨਜ਼ਰ ਤੋਂ ਵੀ ਮੰਦ ਹੈ
ਕਾਮ ਦੋ ਚੀਜ਼ਾਂ ਦੀ ਮਿਲਣੀ ਦੀ
ਉਪਜ ਦਾ ਰੰਗ ਹੈ ।

ਸੋਚਦਾਂ ਇਹ ਸੜਕ ਕੰਢੇ
ਨਵ-ਬਣੇ ਮਹਿਲਾਂ ਦੀ ਲਾਮ
ਮੈਲੇ ਮੈਲੇ ਕੀੜੇ ਲੱਗੇ
ਦੰਦਾਂ ਵੱਤ ਜੋ ਮੁਸਕਰਾਣ
ਵੇਸਵਾ ਜਿਹੀ ਸੜਕ ਦੇ
ਹੈ ਜਿਉਂ ਬੱਚੇ ਹਰਾਮ
ਉਫ਼ ! ਇਹ ਬੇਜਾਨ ਮਹਿਲਾਂ
ਵਿਚ ਵੀ ਕਿੰਨਾ ਹੈ ਕਾਮ
ਗੋਲ ਰੌਸ਼ਨਦਾਨ
ਅੱਖਾਂ ਵਾਂਗ ਪਏ ਹਨ ਚਮਕਦੇ
ਲੰਮ ਸਲੰਮੀਆਂ ਬਾਰੀਆਂ
ਵਾਂਗ ਹੋਠਾਂ ਮੁਸਕਰਾਣ
ਸੋਚਦਾਂ ਕਿ ਮਹਿਲ
ਮਹਿਲਾਂ ਨੂੰ ਪਏ ਨੇ ਚੁੰਮਦੇ
ਲੈ ਕੇ ਵਿਚ ਗਲਵੱਕੜੀ
ਕੈਫ਼ਿਆਂ ਨੂੰ ਟੁਰੇ ਜਾਣ
ਉਫ਼ ! ਮੈਂ ਕਿੰਨਾ ਸ਼ੈਤਾਨ
ਸੋਚਣੀ ਕਿੰਨੀ ਹਰਾਮ ।

ਬਦਲੀਆਂ ‘ਚੋਂ
ਅਰਧ ਨੰਗਾ ਸੂਰਜ
ਕਰ ਰਿਹਾ ਝੁਕ ਕੇ
ਹੈ ਕੁਝ ਏਦਾਂ ਸਲਾਮ
ਸੋਨੇ ਦੇ ਕੋਈ ਦੰਦ ਵਾਲੀ
ਕੰਨ ਫ਼ਾਹਸ਼ਾ
ਮੁਸਕਰਾਵੇ ਭਰ ਕੇ ਜਿਉਂ
ਨਜ਼ਰਾਂ ‘ਚ ਕਾਮ
ਸਾਉਣ ਮਾਂਹ ਦੀ ਸਾਂਵਲੀ
ਸਿੱਲ੍ਹੀ ਹੈ ਸ਼ਾਮ ।
ਸਾਉਣ ਮਾਂਹ ਦੀ ਸਾਂਵਲੀ
ਸਿੱਲ੍ਹੀ ਹੈ ਸ਼ਾਮ ।