ਚੱਲਿਆ ਤੈਂਥੋਂ ਦੂਰ ਗੀਤ–Kaka Gill

ਅੱਗ ਵਰਗੀਆਂ ਧੁੱਪਾਂ ਕਾਲ਼ਾ ਕੀਤਾ ਸਰੀਰ ਨੀ।
ਚੱਲਿਆ ਤੈਂਥੋਂ ਦੂਰ ਜਿੱਥੇ ਲੈਜਾਵੇ ਤਕਦੀਰ ਨੀ।

ਜੋ ਤੂੰ ਵਿੱਛੜਕੇ ਇੰਨ੍ਹਾਂ ਥੱਲੇ ਨਾ ਬਹੀ
ਵਣਾਂ ਦੀ ਛਾਂ ਮਿਠਾਸ ਵਾਲੀ ਨਾ ਰਹੀ
ਖੇਤਾਂ ਵਿੱਚੋਂ ਨਿੱਸਰੇ ਕਣਕ ਦੇ ਕਸੀਰ ਨੀ।

ਇੰਨਾਂ ਨੰਗੇ ਪੈਰਾਂ ਨੂੰ ਮੱਛਰ ਖਾ ਗਏ
ਸੱਪ ਠੂੰਹੇਂ ਚੰਗੇ ਮੌਕੇ ਮੋਹਰਾਂ ਲਾ ਗਏ
ਰਾਹੀਂ ਵਿਛੇ ਕੰਡੇ ਬੇਰੀਆਂ ਕਿੱਕਰ ਕਰੀਰ ਨੀ।

ਪੰਛੀਆਂ ਅਤੇ ਜਾਨਵਰਾਂ ਦੇ ਸਾਹ ਸੁੱਕੇ ਹੋਏ
ਗਰਮੀ ਦੇ ਨਾਲ ਦਰਿਆ ਵੀ ਰੁਕੇ ਹੋਏ
ਵਾਪਸ ਕਦਮਾਂ ਨਾ ਟੱਪਣੀ ਲਛਮਣ ਲਕੀਰ ਨੀ।

ਵੈਰੀ ਹੋਏ ਬੱਦਲ ਸੂਰਜ ਨੂੰ ਢਕਦੇ ਨਹੀਂ
ਮੌਤ ਦੇ ਵੀ ਹੱਥ ਮੈਨੂੰ ਚੱਕਦੇ ਨਹੀਂ
ਸੀਨੇ ਮੱਧਮ ਨਾ ਹੋਈ ਤੇਰੀ ਤਸਵੀਰ ਨੀ।

ਜਾਣਨਾ ਤੈਥੋਂ ਦੂਰ ਜਾਕੇ ਮੈਂ ਨਹੀਂ ਬਚਦਾ
ਪਰ ਤੇਰਾ ਬਗਾਨਾ ਹੋਣਾ ਸਹਿ ਨਹੀਂ ਸਕਦਾ
ਤੇਰੇ ਮੱਥੇ ਲੱਗਣੋਂ ਵਰਜੇ ਮੇਰੀ ਜ਼ਮੀਰ ਨੀ।