ਜ਼ਿੰਦਗੀ

ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ ,
ਆਪਣੇ ਤੇ ਆਪਣਿਆਂ ਲਈ ਜੀਣਾ  ਸਿਖਾਉਦੀ ਹੈ ਜ਼ਿੰਦਗੀ ।

ਡਿੱਗਦੀ ਹੈ , ਉੱਠਦੀ ਹੈ , ਪੈਰਾਂ ਤੇ  ਖੜਾਉਦੀ ਹੈ ਜ਼ਿੰਦਗੀ ,
ਨਿੱਤ ਨਵੇਂ – ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਦੀ ਹੈ ਜ਼ਿੰਦਗੀ ।

ਗ਼ਮਾਂ ਵਿਚ ਰੋਵੇ ਤੇ ਪੀੜ ਹਿਜ਼ਰ ਦੀ ਹਢਾਂਉਦੀ ਹੈ ਜ਼ਿੰਦਗੀ ,
ਖੁਸ਼ੀਆਂ  ਵਿੱਚ ਗੀਤ ਪਿਆਰ ਦੇ ਵੀ  ਗਾਉਂਦੀ ਹੈ ਜ਼ਿੰਦਗੀ ।

ਹੋਵੇ ਦ੍ਰਿੜ ਵਿਸ਼ਵਾਸ ਤੇ ਕੁੱਝ ਕਰ – ਗੁਜਰਨ ਦਾ ਜਜ਼ਬਾ ,
ਫਿਰ ਤਾਂ  ਪਹਾੜਾਂ ਨਾਲ ਵੀ ਜਾ ਟਕਰਾਉਦੀ ਹੈ ਜ਼ਿੰਦਗੀ ।

ਹੋਵੇ ਸ਼ਬਰ ਸੰਤੋਖ ਤੇ ਦਸਾਂ ਨਹੂੰਆਂ ਦੀ ਸੁੱਚੀ ਕੀਰਤ ਜਿਥੇ ,
ਉਸ ਵਿਹੜੇ ਵਿੱਚ ਪਲ – ਪਲ ਮੁਸਕਰਾਉਦੀ ਹੈ ਜ਼ਿੰਦਗੀ ।

ਆਪਣੇ ਵੀ ਕਈ ਇੱਥੇ ਗੈਰਾਂ ਤੋਂ ਵੀ ਵੱਧ ਕੇ ਬਣ ਜਾਂਦੇ ਨੇ ,
ਤੇ ਗੈਰਾਂ ਵੀ ਨੂੰ ਕਈ ਵਾਰ ਆਪਣਾ ਬਣਾਉਂਦੀ ਹੈ ਜ਼ਿੰਦਗੀ ।

ਮਨਦੀਪ ਜ਼ਿੰਦਗੀ ਨੂੰ ਸਮਝਣ ਵਾਲੇ ਪੀਰ ਪੈਗੰਬਰ ਬਣਦੇ ਨੇ ,
ਨਿੱਤ ਹੀ   ਨਵੀਂ ਬੁਝਾਰਤ ਬੰਦੇ ਅੱਗੇ ਪਾਉਂਦੀ ਹੈ ਜ਼ਿੰਦਗੀ ।