ਜਿਨ੍ਹਾਂ ਦੇ ਰੂਪ ਨੇ ਸੋਹਣੇ

ਅੱਜ ਫੇਰ ਓਹੀ ਗੱਲ ਹੋਈ ਜਿਸ ਦਾ ਡਰ ਸੀ। ਪੁਲਿਸ ਅਫ਼ਸਰ ਦਾ ਫ਼ੋਨ ਸੀ।

“ਮਿਸਜ਼ ਸੈਂਡੂ, ਸੌਰੀ ਟੂ ਡਿਸਟਰਬ ਯੂ ਐਟ ਵਰਕ, ਯੂਅਰ ਹਸਬੈਂਡ ਇਜ਼ ਅੰਡਰ ਅਰੈੱਸਟ। ਉਸ ਨੇ ਗੁਆਂਢਣ ਤੇ ਅਟੈਕ ਕੀਤੈ …”

“ਆਇ’ਲ ਬੀ ਹੋਮ ਸੂਨ, ਆਫ਼ੀਸਰ,” ਸ਼ਰਨ ਤੋਂ ਮਸੀਂ ਇੰਨਾ ਕੁ ਹੀ ਕਿਹਾ ਗਿਆ ਤੇ ਨਾਲ ਖਾਲੀ ਪਏ ਦਫ਼ਤਰ ਵਿਚ ਬੈਠ ਕੇ ਉਸ ਨੇ ਆਪਣੇ ਆਪ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕੀਤੀ। ਘਰ ਦੋਨੋਂ ਬੱਚੇ ਬਾਪ ਦੇ ਸਹਾਰੇ ਛੱਡ ਕੇ ਕੰਮ ਤੇ ਆਉਂਦੀ ਸੀ ਉਹ ਪਰ ਤੌਖ਼ਲਾ ਹਰ ਪਲ ਲੱਗਿਆ ਰਹਿੰਦਾ ਸੀ ਕਿ ਪਤਾ ਨਹੀਂ ਪਿੱਛੋਂ ਕੀ ਹੋ ਜਾਣੈ। ਆਪਣੀ ਲੰਚ ਬ੍ਰੇਕ ਤੇ ਉਹ ਭੱਜੀ ਭੱਜੀ ਘਰ ਜਾਂਦੀ, ਸਭ ਨੂੰ ਦੁਪਹਿਰ ਦਾ ਖਾਣਾ ਪਰੋਸ ਕੇ ਤੇ ਆਪ ਭੁੱਖੀ ਹੀ ਵਾਪਸ ਕੰਮ ਤੇ ਆ ਜਾਂਦੀ ਕਿਉਂਕਿ ਐਨਾ ਟਾਈਮ ਹੀ ਕਿੱਥੇ ਬਚਦਾ ਸੀ ਕਿ ਉਹ ਵੀ ਦੋ ਗਰਾਹੀਆਂ ਅੰਦਰ ਕਰ ਸਕੇ।

“ਮੈਂ ਤਾਂ ਕੰਮ ਤੇ ਹੁੰਦੀ ਆਂ, ਉਹ ਪਿੱਛੋਂ ਸਾਰਾ ਦਿਨ ਕੰਪਿਊਟਰ ਤੇ ਬੈਠਾ ਪਤਾ ਨਹੀਂ ਕੀ ਪੁੱਠਾ ਸਿੱਧਾ ਕਰਦਾ ਰਹਿੰਦੈ। ਗਰਮੀਆਂ ਦੀਆਂ ਛੁੱਟੀਆਂ ਵਿਚ ਨਿਆਣੇ ਸਾਰਾ ਦਿਨ ਘਰ ਨੇ, ਉੁਹਨਾਂ ਨੂੰ ਸਨੈਕ ਜਾਂ ਸੈਂਡਵਿਚ ਵੀ ਨਹੀਂ ਬਣਾ ਕੇ ਦੇ ਸਕਦਾ। ਜੇ ਕਹੋ ਤਾਂ ਬੱਸ ਕਲੇਸ਼ ਖੜ੍ਹਾ ਹੋ ਜਾਂਦੈ ਘਰ …” ਸ਼ਰਨ ਕਈ ਵਾਰ ਆਪਣੀਆਂ ਸਹੇਲੀਆਂ ਨਾਲ ਆਪਣਾ ਦਿਲ ਫੋਲਦੀ।

ਸੀਅਰਜ਼ ਡਿਪਾਰਟਮੈਂਟਲ ਸਟੋਰ ਦੀ ਉਹ ਕਸਟਮਰ ਸਰਵਿਸ ਤੇ ਖੜ੍ਹੀ ਬਹੁਤ ਜਚਦੀ ਸੀ। ਗੋਰੀ ਨਿਛੋਹ, ਬਿੱਲੀਆਂ ਅੱਖਾਂ, ਸੋਹਣਾ ਕੱਦ। ਗੋਰੇ ਤਾਂ ਕੀ, ਇੰਡੀਅਨ ਵੀ ਉਸ ਨੂੰ ਗੋਰੀ ਹੀ ਸਮਝਦੇ ਸਨ ਜਦ ਤੱਕ ਉਹ ਉਸ ਦਾ ਨਾਂ ਨਹੀਂ ਸਨ ਜਾਣਦੇ। ਮੁਸਕਰਾਹਟ ਤਾਂ ਉਸ ਦੇ ਚਿਹਰੇ ਤੇ ਹਮੇਸ਼ਾ ਹੀ ਟਪਕਦੀ ਰਹਿੰਦੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਸ ਦੀ ਘਰੇਲੂ ਜ਼ਿੰਦਗੀ ਕਿੰਨੀ ਲੀਰੋ ਲੀਰ ਹੋਈ ਪਈ ਹੈ।

ਅਮਨ ਨੇ ਇਹ ਕੁੱਤਖਾਨਾ ਕੋਈ ਪਹਿਲੀ ਵਾਰ ਨਹੀਂ ਸੀ ਕੀਤਾ। ਹੁਣ ਤਾਂ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੋਵੇ ਕਿ ਕਿੰਨੀ ਕੁ ਵਾਰ ਉਹ ਅੰਦਰ ਹੋਇਆ ਤੇ ਕਿੰਨੀ ਵਾਰ ਜ਼ਮਾਨਤ ਤੇ ਬਾਹਰ ਕਰਾਇਆ ਗਿਆ। ਸਾਰੇ ਰਿਸ਼ਤੇਦਾਰ ਉਸ ਨੂੰ ਛੁਡਾਉਣ ਲਈ ਆਪਣੀ ਆਪਣੀ ਵਾਰੀ ਭੁਗਤ ਚੁੱਕੇ ਸੀ ਤੇ ਕਈਆਂ ਦੀ ਤਾਂ ਜ਼ਮਾਨਤ ਵੀ ਜ਼ਬਤ ਹੋਈ ਸੀ। ਸੋਸ਼ਲ ਵਰਕਰ ਤੇ ਡਾਕਟਰਾਂ ਨੇ ਉਸ ਨੂੰ ‘ਦਿਮਾਗੀ ਤੌਰ ਤੇ ਅਸਥਿਰ’ ਕਰਾਰ ਦਿੱਤਾ ਸੀ ਤੇ ਇਸੇ ਬਲਬੂਤੇ ਤੇ ਉਸ ਨੂੰ ਗੌਰਮਿੰਟ ਤੋਂ ”ਡਿਸਿਬਿਲਿਟੀ ਪੈਨਸ਼ਨ” ਹਰੇਕ ਮਹੀਨੇ ਮਿਲਣੀ ਸ਼ੁਰੂ ਹੋ ਗਈ ਸੀ। ਇਹ ਪੈਸਾ ਉਹ ਬੜੀ ਅਜ਼ਾਦੀ ਨਾਲ ਆਪਣੀ ਦਾਰੂ, ਨਸ਼ੇ, ਵਕੀਲਾਂ ਤੇ ਹੋਰ ਸੌ ਤਰ੍ਹਾਂ ਦੇ ਐਬਾਂ ਤੇ ਖਰਚ ਕਰਦਾ। ਹਾਲੇ ਦੱਸ ਕੁ ਦਿਨ ਪਹਿਲਾਂ ਹੀ ਘਰ ਬਿਨਾਂ ਇੰਨਸ਼ੋਅਰੈਂਸ ਦੇ ਖੜ੍ਹੀ ਕਾਰ ਭਜਾ ਕੇ ਲੈ ਗਿਆ ਤੇ ਜਾ ਕੇ ਖੰਭੇ ਵਿਚ ਮਾਰ ਦਿੱਤੀ। ਪੁਲਿਸ ਆਈ ਤੇ ਨਾਲ ਲੈ ਗਈ। ਸ਼ਰਨ ਵਕੀਲ ਨੂੰ ਨਾਲ ਲਿਜਾ ਛੁਡਾ ਕੇ ਲਿਆਈ। ਅੱਜਕਲ੍ਹ ਉਸ ਨੇ ਆਪਣੇ ਗੋਰੇ ਗੁਆਂਢੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਸੀ। ਇੱਕ ਦਿਨ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾ ਦਿੱਤਾ, ”ਮਾਈ ਡਾਟਰ ਬਾਂਟ ਬੀ ਇਨ ਜੂਅਰ ਸਵਿੰਮਿੰਗ ਪੂਲ।” ਅਮਨ ਨੇ ਸਿੱਧਾ ਈ ਕਹਿ ਮਾਰਿਆ।

“ਸੌਰੀ ਮਿਸਟਰ ਸੈਂਡੂ, ਮਾਈ ਪੂਲ ਇਜ਼ ਫੌਰ ਮਾਈ ਫੈਮਿਲੀ।” ਗੋਰੀ ਨੇ ਬੜੀ ਨਿਮਰਤਾ ਨਾਲ ਜੁਆਬ ਦਿੱਤਾ।

“ਜੂ ਰੇਸਿਸਟ ਬਾਸਟਰਡ, ਵੈੱਨ ਜੂਅਰ ਡੌਗ ਬਾਰਕ, ਮੀ ਸੇ ਨਥਿੰਗ। ਆਈ ਹੇਟ ਜੂ, ਬਾਈਟ ਪਿੱਗ।” ਹੁਣ, ਅਮਨ ਦੀ ਆਵਾਜ਼ ਕਾਫ਼ੀ ਉੱਚੀ ਸੀ। ਗੋਰੀ ਨੇ ਕੁਝ ਨਹੀਂ ਅੱਗੋਂ ਕਿਹਾ ਬੱਸ ਦਰਵਾਜ਼ਾ ਬੰਦ ਕਰ ਲਿਆ। ਅਗਲੇ ਦਿਨ ਜਦੋਂ ਉਹ ਘਾਹ ਨੂੰ ਪਾਣੀ ਲਾ ਰਹੀ ਸੀ ਤਾਂ ਅੰਦਰੋਂ ਭੱਜਿਆ ਆਇਆ ਤੇ ਕੁੱਦ ਕੇ ਪੈ ਗਿਆ ਉਹਨੂੰ ਕਿ ਤੂੰ ਮੇਰੀ ਪ੍ਰਾਪਰਟੀ ਵਿਚ ਖੜ੍ਹੀ ਹੋ ਕੇ ਪਾਣੀ ਲਾ ਰਹੀ ਸੀ। ਉਹਨੇ ਬਥੇਰਾ ਕਿਹਾ ਕਿ ਨਹੀਂ, ਮੈਂ ਨਹੀਂ ਪੈਰ ਪਾਇਆ ਤੇਰੇ ਘਾਹ ਵਿਚ ਪਰ ਪਤਾ ਉਦੋਂ ਹੀ ਲੱਗਾ ਜਦੋਂ ਅਮਨ ਨੇ ਕੱਢ ਕੇ ਉਸ ਨੂੰ ਥੱਪੜ ਜੜ ਦਿੱਤਾ। ਅੱਗ ਬਬੂਲਾ ਹੋਈ ਗੋਰੀ ਨੇ ਅੰਦਰ ਜਾ ਕੇ ਪੁਲਿਸ ਨੂੰ ਕਾਲ ਕਰ ਦਿੱਤੀ। ਅਮਨ ਨੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੰਜ ਮਿੰਟ ਦੇ ਅੰਦਰ ਅੰਦਰ ਹੀ ਜਦੋਂ ਪੁਲਿਸ ਦੀਆਂ ਚਾਰ ਕਾਰਾਂ ਆ ਢੁੱਕੀਆਂ ਤਾਂ ਸਾਰਾ ਗਲੀ ਗੁਆਂਢ ਬਾਹਰ ਆ ਗਿਆ ਤੇ ਉਸ ਨੂੰ ਭੱਜਦੇ ਜਾਂਦੇ ਨੂੰ ਦਬੋਚ ਲਿਆ।

ਸ਼ਰਨ ਆਪਣੇ ਸੁਪਰਵਾਈਜ਼ਰ ਨੂੰ ਕੋਈ ਬਹਾਨਾ ਮਾਰ ਕੇ ਦੋ ਕੁ ਘੰਟੇ ਦੀ ਛੁੱਟੀ ਲੈ ਕੇ ਘਰ ਪਹੁੰਚੀ। ਲੋਕੀਂ ਹਾਲੇ ਵੀ ਜੁੱਟ ਜਿਹੇ ਬਣਾਈ ਬਾਹਰ ਖੜ੍ਹੇ ਘੁਸਰ ਮੁਸਰ ਕਰ ਰਹੇ ਸੀ। ਉਹਨਾਂ ਨੂੰ ਅਣਦੇਖਿਆ ਕਰ ਕੇ ਉਹ ਅੰਦਰ ਬੱਚਿਆਂ ਕੋਲ ਗਈ। ਉਹਨਾਂ ਨੂੰ ਗੋਦੀ ਵਿਚ ਲਿਆ। ਉਹ ਸੁੰਨ ਜਿਹੇ ਹੋਏ ਆਪਣੀ ਮਾਂ ਦੇ ਮੂੰਹ ਵੱਲ ਦੇਖ ਰਹੇ ਸਨ। ਫੇਰ ਜਿਵੇਂ ਉਸ ਦਾ ਸਿਰ ਘੁੰਮਣ ਲੱਗਾ ਹੋਵੇ। ਉਹ ਕੰਧ ਦੇ ਸਹਾਰੇ ਨਾਲ ਬੈਠੀ ਫੁੱਟ ਫੁੱਟ ਕੇ ਰੋਣ ਲੱਗੀ।

ਪੁਲਿਸ ਦਾ ਫੇਰ ਫ਼ੋਨ ਆਇਆ, ”ਮਿਸਜ਼ ਸੈਂਡੂ, ਤੁਹਾਡੇ ਹਸਬੈਂਡ ਨੇ ਆਪਣੀ ਦੁਆਈ ਨਿਯਮ ਨਾਲ ਨਹੀਂ ਖਾਧੀ। ਕਈ ਦਿਨਾਂ ਤੋਂ ਸ਼ਰਾਬ ਪੀਤੀ ਹੋਈ ਹੈ। ਡਾਕਟਰੀ ਰਿਪੋਰਟ ਅਨੁਸਾਰ ਇਹ ਦਵਾਈ ਨਾਲ ਸ਼ਰਾਬ ਨਹੀਂ ਪੀ ਸਕਦਾ। ਸ਼ਾਇਦ ਇੱਕ ਅੱਧੀ ਡੋਜ਼ ਦਵਾਈ ਦੀ ਵੀ ਖਾਧੀ ਹੋਵੇ। ਅਸੀਂ ਇਸ ਨੂੰ ਰਿਲੀਜ਼ ਨਹੀਂ ਕਰ ਸਕਦੇ। ਸਿੱਧਾ ਹਸਪਤਾਲ ਵਿਚ ਭਰਤੀ ਕਰਾਉਣਾ ਪਵੇਗਾ ਤਾਂ ਕਿ ਕਿਸੇ ਦੀ ਜਾਨ ਨੂੰ ਖ਼ਤਰਾ ਨਾ ਬਣ ਸਕੇ।” ਪੁਲਿਸ ਅਫ਼ਸਰ ਦੀ ਆਵਾਜ਼ ਵਿਚ ਹਮਦਰਦੀ ਸੀ।

“ਆਫੀਸਰ, ਮੈਂ ਵੀ ਇਹੀ ਚਾਹੁੰਦੀ ਹਾਂ ਕਿ ਅਮਨ ਦਾ ਇਲਾਜ ਸ਼ੁਰੂ ਹੋ ਜਾਵੇ। ਕੋਈ ਸਾਈਕੋਥੇਰੈਪੀ ਦਿੱਤੀ ਜਾਵੇ। ਜੇਲ੍ਹ ਵਿਚ ਰੱਖ ਕੇ ਤਾਂ ਇਸ ਦਾ ਕੁਝ ਨਹੀਂ ਬਣਨਾ। ਜਿੰਨੀ ਵਾਰ ਵੀ ਇਹ ਜੇਲ੍ਹ ਵਿਚ ਵਾਪਸ ਆਇਆ ਹੈ, ਹੋਰ ਵੀ ਹੈਵਾਨ ਬਣ ਕੇ ਆਇਆ ਹੈ ਤੇ ਭੁਗਤਿਆ ਹੈ ਅਸੀਂ, ਮੈਂ ਤੇ ਮੇਰੇ ਬੱਚਿਆਂ ਨੇ। ਇਸ ਦੀ ਬਿਮਾਰੀ ਗੁੰਝਲਦਾਰ ਬਣਦੀ ਜਾ ਰਹੀ ਹੈ ਦਿਨੋ ਦਿਨ।” ਉਹ ਪੁਲਿਸ ਕਾਂਸਟੇਬਲ ਨੂੰ ਸਭ ਕੁਝ ਦੱਸਣਾ ਚਾਹੁੰਦੀ ਸੀ।

“ਆਲਰਾਈਟ ਮਿਸਜ਼ ਸੈਂਡੂ, ਨਾਓ ਜੱਜ ਵਿੱਲ ਡਿਸਾਈਡ ਐਜ਼ ਟੂ ਵੱਟ ਟੂ ਡੂ ਵਿੱਦ ਹਿਮ … ਯੂ ਟੇਕ ਕੇਅਰ, ਬਾਏ।” ਪੁਲਸੀਏ ਨੇ ਗੱਲ ਦਾ ਭੋਗ ਪਾਇਆ।

ਸ਼ਰਨ ਨੂੰ ਇਸ ਨਵੇਂ ਸ਼ਹਿਰ ਵਿਚ ਆਏ ਕੋਈ ਦੋ ਕੁ ਮਹੀਨੇ ਹੀ ਹੋਏ ਸਨ। ਸਾਰੇ ਭੈਣ ਭਰਾ ਤੇ ਮਾਂ-ਬਾਪ ਜੋ ਉਸ ਦੀ ਬਦੌਲਤ ਕਨੇਡਾ ਪਹੁੰਚੇ ਸਨ, ਹੁਣ ਅਮਨ ਦੀਆਂ ਹਰਕਤਾਂ ਤੋਂ ਤੰਗ ਆਏ ਪਏ ਸਨ ਤੇ ਚਾਹੁੰਦੇ ਸਨ ਕਿ ਸ਼ਰਨ ਉਸ ਨੂੰ ਲੈ ਕੇ ਕਿਤੇ ਦੂਰ ਹੋਰ ਸ਼ਹਿਰ ਵਸ ਜਾਵੇ। ਉਸ ਨੂੰ ਆਪ ਵੀ ਸ਼ਾਇਦ ਇਹੀ ਰਸਤਾ ਠੀਕ ਲੱਗਾ। ਸੋਚਦੀ ਸੀ ਕਿ ਨਵੇਂ ਸਥਾਨ ਤੇ ਨਵੀਂ ਸ਼ੁਰੂਆਤ ਨਾਲ ਸ਼ਾਇਦ ਕੋਈ ਫਰਕ ਪਵੇ। ਫੇਰ ਇਸ ਸ਼ਹਿਰ ਵਿਚ ਉਸ ਦੇ ਮਾਮੇ ਦਾ ਪਰਿਵਾਰ ਵੀ ਰਹਿੰਦਾ ਸੀ ਜਿਹਨਾਂ ਦੇ ਘਰ ਉਹ ਆ ਜਾ ਸਕਦੀ ਸੀ। ਨਵੇਂ ਘਰ ਵਿਚ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੇ ਆਪਣੀ ਨੌਕਰੀ ਦੀ ਟਰਾਂਸਫ਼ਰ ਕੈਲਗਰੀ ਤੋਂ ਇਸ ਸ਼ਹਿਰ ਬਰੁੱਕਸ ਵਿਚ ਕਰਾਉਣੀ ਠੀਕ ਸਮਝੀ। ਇਸ ਸਿਲਸਿਲੇ ਵਿਚ ਉਹ ਆਪਣੇ ਮਾਮੇ ਦੇ ਘਰ ਆਈ ਹੋਈ ਸੀ ਤੇ ਮੇਰੀ ਪਹਿਲੀ ਮੁਲਾਕਾਤ ਉਸ ਨਾਲ ਉੱਥੇ ਹੀ ਹੋਈ। ਮੈਨੂੰ ਉਸ ਦੇ ਪਤੀ ਬਾਰੇ ਮਾਮੀ ਤੋਂ ਹੀ ਥੋੜ੍ਹੀ ਭਿਣਖ ਪਈ ਸੀ।

ਬੜੀ ਹਸਮੁੱਖ ਤੇ ਸੁਹਜ ਸੁਭਾਅ ਦੀ ਮਾਲਕ ਸੀ ਓਹ ਪਰ ਉਸ ਦੇ ਅੰਦਰ ਕਿਹੜੇ ਝੱਖੜ ਝੁੱਲ ਰਹੇ ਹਨ, ਕਿਸੇ ਨੂੰ ਕੋਈ ਇਲਮ ਨਹੀਂ ਸੀ। ਸਾਡੀ ਗੱਲਬਾਤ ਮੇਕਅੱਪ ਦੇ ਨਵੇਂ ਤੌਰ ਤਰੀਕਿਆਂ ਤੋਂ ਹੁੰਦੀ ਹੋਈ ਬੱਚਿਆਂ ਦੀ ਪੜ੍ਹਾਈ ਲਿਖਾਈ, ਨੌਕਰੀ, ਪਿਛੋਕੜ ਤੇ ਪਰਿਵਾਰ ਤੱਕ ਪਹੁੰਚ ਗਈ।

“ਇਸ ਛੋਟੇ ਜਿਹੇ ਸ਼ਹਿਰ ਵਿਚ ਤੇਰੀ ਜੌਬ ਦਾ ਕੀ ਬਣੂੰ ਸ਼ਰਨ?” ਮੈਂ ਪੁੱਛਿਆ।

“ਲਓ ਦੀਦੀ, ਜੌਬ ਤਾਂ ਮੈਂ ਐਥੇ ਟਰਾਂਸਫ਼ਰ ਕਰਾ ਲੈਣੀ ਐ, ਵੱਧ ਤੋਂ ਵੱਧ ਇੱਕ ਟੈਸਟ ਜਿਹਾ ਪਾਸ ਕਰਨਾ ਪਊ, ਕਰ ਲਾਂਗੇ। ਓਹ ਮੁਸਕਰਾਈ ਤੇ ਉਹਦੇ ਮੋਤੀਆਂ ਵਰਗੇ ਦੰਦ ਬੜੇ ਹੀ ਸੋਹਣੇ ਲੱਗੇ। ਮੈਂ ਉਸ ਦੇ ਆਸ਼ਾਵਾਦੀ ਨਜ਼ਰੀਏ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੀ। ਮੈਂ ਤਾਂ ਸੋਚ ਰਹੀ ਸੀ ਕਿ ਘਰ ਵਾਲੇ ਦੇ ਹੋਣ ਦੇ ਬਾਵਜੂਦ ਵੀ ਉਹ ਇਕੱਲੀ ਹੀ ਕਮਾਉਣ ਵਾਲੀ ਹੈ ਤੇ ਬਿਨਾਂ ਨੌਕਰੀ ਤੋਂ ਬਿੱਲ ਕਿਵੇਂ ਅਦਾ ਹੋਣਗੇ। ਪਰ ਉਸ ਦੀ ਹਿੰਮਤ ਨੇ ਮੈਨੂੰ ਪ੍ਰਭਾਵਿਤ ਕੀਤਾ।

“ਭਾਈ ਸਾਡੀ ਕੁੜੀ ਨੇ ਤਾਂ ਸ਼ੁਰੂ ਤੋਂ ਹੀ ਘਰ ਦਾ ਭਾਰ ਆਪਣੇ ਸਿਰ ਚੁੱਕਿਆ ਹੋਇਐ, ਜੇ ਇਹ ਵੀ ਕੰਮ ਤੇ ਨਾ ਜਾਵੇ ਤਾਂ ਰੋਟੀ ਪਾਣੀ ਕਿਵੇਂ ਚੱਲੂ?” ਮਾਮੀ ਨੇ ਵੀ ਆਪਣੀ ਹਮਦਰਦੀ ਜਿਤਾਈ।

ਬੱਚਿਆਂ ਨੂੰ ਹੋਮਵਰਕ ਤੇ ਬਿਠਾ ਕੇ ਉਹ ਫੇਰ ਸਾਡੇ ਨਾਲ ਡਰਾਇੰਗ ਵਿਚ ਆ ਬੈਠੀ।

“ਤੁਹਾਡੇ ਹਸਬੈਂਡ ਕੀ ਕਰਦੇ ਨੇ?” ਮੇਰੇ ਮੂੰਹੋਂ ਅਚਾਨਕ ਨਿਕਲ ਗਿਆ।

“ਦੀਦੀ, ਹਸਬੈਂਡ ਦਾ ਤਾਂ ਕੁਝ ਨਾ ਪੁੱਛੋ, ਬੱਸ ਐਦਾਂ ਦਾ ਈ ਐ। ਕੀ ਦੱਸਾਂ ਥੋਨੂੰ, ਸਾਡੀ ਤਾਂ ਹਰ ਘੜੀ ਉਹਦੀ ਦਹਿਸ਼ਤ ਹੇਠ ਲੰਘਦੀ ਐ। ਮੇਰੇ ਬੱਚਿਆਂ ਦਾ ਵੀ ਜਿਵੇਂ ਦਿਮਾਗ ਜਿਹਾ ਈ ਸੁੰਨ ਹੋਇਆ ਪਿਐ। ਇਹ ਕੋਈ ਨਾਰਮਲ ਬੱਚਿਆਂ ਦੀ ਤਰ੍ਹਾਂ ਥੋੜ੍ਹੀ ਪਲ ਰਹੇ ਨੇ ਵਿਚਾਰੇ, ਕੁੱਟ ਮਾਰ, ਗਾਲ੍ਹ ਗਲੋਚ, ਚੀਜ਼ਾਂ ਦੀ ਭੰਨ ਤੋੜ, ਮਰਨ ਤੇ ਮਾਰਨ ਦੀਆਂ ਧਮਕੀਆਂ, ਇਹ ਕੁਝ ਹੁੰਦੈ ਸਾਡੇ ਅੰਦਰ ਖਾਤੇ। ਹੋਰ ਤਾਂ ਹੋਰ ਮੇਰੇ ਪੇਕਿਆਂ ਦੇ ਪਰਿਵਾਰ ਨੂੰ ਵੀ ਆਪਣੀ ਹਿੱਟ ਲਿਸਟ ਤੇ ਲਿਖੀ ਬੈਠੈ।”

“ਐਦਾਂ ਕਿਵੇਂ ਨਿਭੇਗੀ ਐਦਾਂ ਦੇ ਬੰਦੇ ਨਾਲ?” ਮੈਨੂੰ ਤਾਂ ਆਪ ਰੋਣਾ ਜਿਹਾ ਆ ਰਿਹਾ ਸੀ।

“ਬਾਈ-ਪੋਲਰ ਡਿਸਔਰਡਰ ਐ ਉਹਨੂੰ … ਦੋ ਤਿੰਨ ਵਾਰ ਆਤਮ ਹੱਤਿਆ ਦੀ ਕੋਸ਼ਿਸ਼ ਵੀ ਕੀਤੀ ਐ ਉਹਨੇ। ਦਿਮਾਗੀ ਸੰਤੁਲਨ ਖਰਾਬ ਐ ਬਹੁਤ ਦੇਰ ਤੋਂ। ਕਹਿੰਦੈ, ਜਦੋਂ ਚੌਦਾਂ ਪੰਦਰਾਂ ਸਾਲਾਂ ਦਾ ਸੀ, ਉਦੋਂ ਤੋਂ ਹੀ ਇਹ ਸਾਰੇ ਲੱਛਣ ਸਾਹਮਣੇ ਆ ਗਏ ਸੀ। ਹੁਣ ਉਸ ਨੇ ਫੈਸਲਾ ਕਰ ਲਿਐ ਕਿ ਜਦੋਂ ਮਰੂੰ ਤਾਂ ਦੋ ਚਾਰ ਨੂੰ ਲੈ ਕੇ ਈ ਮਰੂੰ। ਕੁਝ ਵੀ ਕਰ ਸਕਦੈ।”

“ਇਸ ਜਾਲ ’ਚੋਂ ਨਿਕਲਣ ਦਾ ਰਸਤਾ ਹੈ ਕੋਈ?” ਮੈਂ ਫੇਰ ਪੁੱਛਿਆ।

“ਇਹਨੂੰ ਛੱਡ ਕੇ ਜਿੱਥੇ ਵੀ ਜਾਊਂ, ਇਹ ਲੱਭ ਲਏਗਾ ਤੇ … ਫੇਰ” ਸ਼ਰਨ ਨੇ ਅਪਣਾ ਸਿਰ ਦੋਹਾਂ ਹੱਥਾਂ ਵਿਚ ਫੜ ਲਿਆ, “ਕਨੂੰਨ ਦੀ ਕੋਈ ਵੀ ਵਿਵਸਥਾ ਸਾਨੂੰ ਇਸ ਤੋਂ ਨਹੀਂ ਬਚਾ ਸਕਦੀ। ਕਹਿੰਦੇ ਨੇ ਇਹਨਾਂ ਮੁਲਖਾਂ ਵਿੱਚ ਔਰਤ ਦੀ ਬਹੁਤ ਸੁਣਵਾਈ ਐ। ਬਹੁਤ ਬਰਾਬਰੀ ਐ। ਔਰਤ ਅਜ਼ਾਦ ਹੈ ਤੇ ਔਰਤ ’ਤੇ ਹਿੰਸਾ ਨੂੰ ਬਹੁਤ ਵੱਡਾ ਅਪਰਾਧ ਮੰਨਿਆ ਜਾਂਦੈ। ਹੋਊ, ਪਰ ਮੇਰੇ ਹਾਲਾਤ ਵਿਚ ਤਾਂ ਕੋਈ ਸਿਸਟਮ ਕੁਝ ਨਹੀਂ ਕਰ ਸਕਦਾ।” ਸ਼ਰਨ ਆਪਣੇ ਦਿਲ ਦੇ ਦਰਦ ਤੇ ਭੈਅ ਨੂੰ ਮਾਮਾ ਮਾਮੀ ਤੇ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੀ ਸੀ।

ਐਨੇ ਵਿਚ ਇੱਕ ਸੱਤ ਕੁ ਸਾਲ ਦੀ ਬੱਚੀ ਤਪਾਕ ਨਾਲ ਆ ਕੇ ਆਪਣੀ ਮਾਂ ਦੀ ਗੋਦ ਵਿਚ ਬੈਠ ਗਈ। “ਤੁਹਾਡਾ ਕੀ ਨਾਂ ਐ ਬੇਟਾ?” ਮੈਂ ਪੁੱਛਿਆ।

“ਖੁਸ਼ੀ।” ਬੱਚੀ ਨੇ ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜਦਿਆਂ ਜਵਾਬ ਦਿੱਤਾ।

“ਡੂ ਯੂ ਲਾਈਕ ਸਕੂਲ?” ਮੈਂ ਐਵੇਂ ਹੀ ਗੱਲ ਕਰਨ ਲਈ ਪੁੱਛਿਆ।

“ਯਾਅ …ਬਿਕੌਜ਼ ਆਈ ਡੋਂਟ ਲਾਈਕ ਮਾਈ ਹੋਮ। ਮਾਈ ਡੈਡ ਇਜ਼ ਮੈਂਟਲ, ਡੂ ਯੂ ਨੋਅ ਦੈਟ?”

“ਕੋਈ ਟ੍ਰੀਟਮੈਂਟ ਨਹੀਂ ਚੱਲ ਰਹੀ ਅਮਨ ਦੀ?” ਮੈਂ ਗੱਲ ਮੋੜ ਕੇ ਸ਼ਰਨ ਨੂੰ ਪੁੱਛਿਆ।

“ਵੀਹ ਵਾਰ ਰੀਹੈਬ ਵਿਚ ਗਿਐ ਤੇ ਵੀਹ ਵਾਰ ਜੇਲ੍ਹ ’ਚ। ਦਵਾਈਆਂ ਤਾਂ ਢੇਰ ਸਾਰੀਆਂ ਆਉਂਦੀਆਂ ਨੇ, ਉਹ ਵੀ ਇਸ ਨੂੰ ਸ਼ਾਂਤ ਕਰਨ ਲਈ ਹੀ ਹੁੰਦੀਆਂ ਨੇ। ਦੁਆਈ ਖਾ ਕੇ ਉੱਪਰੋਂ ਦਾਰੂ ਡੱਫ ਲੈਂਦੈ। ਫੇਰ ਤਾਂ ਹੋਰ ਵੀ ਡੂੰਘਾ ਚਲਾ ਜਾਂਦੈ ਪਾਗਲਪੁਣੇ ’ਚ। ਬੱਸ ਕਿਸਮਤ ਦੀਆਂ ਖੇਡਾਂ ਨੇ ਦੀਦੀ … ਮੇਰੀ ਦਾਦੀ ਕਿਹਾ ਕਰਦੀ ਸੀ, ਜਿਹਨਾਂ ਦੇ ਰੂਪ ਨੇ ਸੋਹਣੇ, ਉਹਨਾਂ ਦੇ ਲੇਖ ਨੇ ਖੋਟੇ।” ਸ਼ਰਨ ਨੇ ਇੱਕ ਲੰਮਾ ਹਉਕਾ ਭਰਿਆ। ਕੁਝ ਪਲਾਂ ਦੀ ਚੁੱਪ ਤੋਂ ਬਾਅਦ ਉਹ ਬੋਲੀ, ”ਬੇਟੈ ਮੇਰਾ ਦੱਸ ਸਾਲ ਦਾ ਪ੍ਰਭਜੋਤ … ਵਿਧਮਾਤਾ ਨੇ ਕਿਹੋ ਜਿਹੇ ਲੇਖ ਲਿਖ ਤੇ ਮੇਰੇ ਬੱਚਿਆਂ ਦੇ ਵੀ। ਕਿੰਨੀ ਵਾਰ ਇਹਨਾਂ ਨੂੰ ਇੰਡੀਆ ਮਾਂ ਕੋਲ ਛੱਡਿਆ ਤਾਂ ਕਿ ਘਰ ਦੇ ਮਾਹੌਲ ਦਾ ਅਸਰ ਨਾ ਪਵੇ। ਪਰ ਹੁਣ ਤਾਂ ਮਾਂ ਬਾਪ ਵੀ ਐਥੇ ਹੀ ਆ ਗਏ। ਮੇਰਾ ਕਾਲਜਾ ਬਾਹਰ ਨੂੰ ਆਉਂਦੈ ਜਦੋਂ ਪ੍ਰਭਜੋਤ ਮੈਨੂੰ ਕਹਿੰਦੈ ਕਿ ‘ਮੰਮੀ ਜੇ ਆਪਾਂ ਕੋਈ ਡੌਗੀ ਰੱਖ ਲਈਏ ਤਾਂ ਡੈਡ ਸਾਨੂੰ ਐਦਾਂ ਮਾਰ ਨਹੀਂ ਸਕੇਗਾ। ਮੈਂ ਇੱਕ ਬੁੱਕ ਵਿਚ ਪੜ੍ਹਿਐ ਕਿ ਡੌਗੀ ਆਪਣੇ ਮਾਲਕ ਨੂੰ ਬਚਾਉਣ ਲਈ ਹਮੇਸ਼ਾ ਅੱਗੇ ਆ ਕੇ ਖੜ੍ਹ ਜਾਂਦੈ। ਮੈਂ ਉਸ ਨੂੰ ਜੱਫੀ ਪਾ ਕੇ ਐਨਾ ਕੁ ਰੋਈ ਕਿ ਮੇਰੀਆਂ ਅੱਖਾਂ ਸੁੱਜ ਕੇ ਪੋਪੋਲੀਆਂ ਵਰਗੀਆਂ ਹੋ ਗਈਆਂ। ਇੱਕ ਮਾਸੂਮ ਨੂੰ ਐਨੇ ਡਰ ਤੇ ਸਹਿਮ ਵਿਚ ਰਹਿਣਾ ਪਵੇ, ਮਾਂ ਦਾ ਦਿਲ ਤਾਂ ਪੁੱਛਿਆ ਈ ਜਾਣੀਦੈ।”

“ਵਿਆਹ ਤੋਂ ਪਹਿਲਾਂ ਅਮਨ ਦੀ ਦਿਮਾਗੀ ਹਾਲਤ ਦਾ ਨਹੀਂ ਪਤਾ ਸੀ ਤੇਰੇ ਮਾਂ ਬਾਪ ਨੂੰ?” ਮੈਂ ਸੋਚਿਆ ਇਹ ਬੱਸ ਮੇਰਾ ਆਖਰੀ ਸਵਾਲ ਹੋਵੇਗਾ।

“ਦੀਦੀ, ਕਿਹੜਾ ਭੜੂਆ ਪਤਾ ਕਰਦੈ ਪਿਛੋਕੜਾਂ ਦਾ, ਨਾਲੇ ਦਿਮਾਗੀ ਨੁਕਸਾਂ ਦਾ ਜਦੋਂ ਕਨੇਡਾ ਆਲੀ ਪੂਛ ਲੱਗੀ ਹੁੰਦੀ ਐ ਕਿਸੇ ਨੂੰ, ਨ੍ਹੇਰੀ ਆ ਜਾਂਦੀ ਐ ਲੋਕਾਂ ਦੀਆਂ ਅੱਖਾਂ ਮੂਹਰੇ। ਇਹ ਤਾਂ ਫੇਰ ਆਪ ਆ ਕੇ ਸਾਡੇ ਦਰ ਢੁਕਿਆ।”

“ਆਪ ਆ ਕੇ ਕਿੱਦਾਂ?”

ਉਸ ਨੇ ਫੇਰ ਇੱਕ ਠੰਢਾ ਹੌਕਾ ਭਰਿਆ ਤੇ ਆਪਣੀਆਂ ਸੱਖਣੀਆਂ ਜਿਹੀਆਂ ਨਜ਼ਰਾਂ ਨਾਲ ਕੰਧ ਵੱਲ ਤੱਕਣ ਲੱਗੀ ਜਿਵੇਂ ਅਤੀਤ ਵਿਚ ਜਾਣਾ ਐਨਾ ਸੌਖਾ ਨਾ ਹੋਵੇ ਉਸ ਲਈ। ਫੇਰ ਆਪਣੀ ਠੋਡੀ ਨੂੰ ਸੱਜੇ ਹੱਥ ਨਾਲ ਮਲਦੀ ਬੋਲੀ, ”ਮੈਂ ਦਸਵੀਂ ਵਿਚ ਪੜ੍ਹਦੀ ਸੀ ਆਪਣੇ ਪਿੰਡ ਦੇ ਸਕੂਲ ’ਚ। ਇੱਕ ਦਿਨ ਜਦੋਂ ਅਸੀਂ ਪਲੇਅ ਗਰਾਊਂਡ ਵਿਚ ਖੋਹ-ਖੋਹ ਖੇਲ ਰਹੀਆਂ ਸੀ ਤਾਂ ਅਸੀਂ ਹੈੱਡਮਾਸਟਰ ਦੇ ਦਫ਼ਤਰ ਵੱਲ ਤਿੰਨ ਜ਼ਨਾਨੀਆਂ ਤੇ ਦੋ ਬੰਦਿਆਂ ਨੂੰ ਜਾਂਦੇ ਦੇਖਿਆ। ਕੁੜੀਆਂ ਖੁਸਰ ਫੁਸਰ ਕਰਨ ਲੱਗੀਆਂ ਕਿ ਬਾਹਰੋਂ ਆਏ ਲੱਗਦੇ ਨੇ। ਥੋੜ੍ਹੀ ਦੇਰ ਬਾਅਦ ਸਾਡੇ ’ਚੋਂ ਤਿੰਨਾਂ ਕੁੜੀਆਂ ਨੂੰ ਅੰਦਰ ਬੁਲਾਇਆ ਗਿਆ। ਔਰਤਾਂ ਨੇ ਸਾਡੇ ਨਾਲ ਦੱਸ ਕੁ ਮਿੰਟ ਗੱਲਾਂ ਕੀਤੀਆਂ। ਇੱਕ ਆਦਮੀ ਜੋ ਉਹਨਾਂ ਦੇ ਨਾਲ ਸੀ, ਕੁਝ ਅਜੀਬ ਜਿਹੀ ਦਿੱਖ ਦਾ ਮਾਲਿਕ ਸੀ; ਢਿੱਡਲ ਜਿਹਾ, ਕਲੀਨ ਸ਼ੇਵਨ, ਪਰ ਦਾੜ੍ਹੀ ਵਧੀ ਹੋਈ ਤੇ ਸਿਰ ਦੇ ਵਾਲ ਕਾਫ਼ੀ ਝੜੇ ਹੋਏ, ਸੁਸਤ ਜਿਹਾ ਬੈਠਾ ਤੇ, ਚੋਰ ਅੱਖੀ ਸਾਨੂੰ ਦੇਖਦਾ ਹੋਇਆ। ਸਾਨੂੰ ਬਾਹਰ ਭੇਜ ਦਿੱਤਾ ਗਿਆ ਤੇ ਅਸੀਂ ਫੇਰ ਖੇਡਣ ਵਿਚ ਮਸਤ ਹੋ ਗਈਆਂ। ਗੱਲ ਆਈ ਗਈ ਹੋ ਗਈ।

ਦੋ ਕੁ ਦਿਨਾਂ ਬਾਅਦ ਬੀਜੀ ਤੇ ਪਾਪਾ ਜੀ ਨੇ ਮੈਨੂੰ ਕੋਲ ਬਿਠਾ ਕੇ ਦੱਸਿਆ ਕਿ ਮੇਰੇ ਲਈ ਕਨੇਡਾ ਤੋਂ ਰਿਸ਼ਤਾ ਆਇਆ ਹੈ। ਉਹ ਦੋਨੋਂ ਬੜੇ ਮਾਣ ਮੱਤੇ ਹੋਏ ਮੈਨੂੰ ਦੱਸ ਰਹੇ ਸੀ ਕਿ ਉਹਨਾਂ ਨੇ ਬਾਰ੍ਹਾਂ ਪਿੰਡਾਂ ਦੇ ਸਕੂਲਾਂ ਵਿਚ ਜਾ ਕੇ ਕੁੜੀਆਂ ਦੇਖੀਆਂ। ਪਰ ਪਸੰਦ ਸਿਰਫ਼ ਤੂੰ ਈ ਆਈ ਮੁੰਡੇ ਨੂੰ। ਅਸੀਂ ਤਾਂ ਗੱਲ ਪੱਕੀ ਕਰ ਦਿੱਤੀ ਐ। ਮੈਂ ਡੌਰ ਭੌਰ ਹੋਈ ਉਹਨਾਂ ਦੇ ਮੂੰਹ ਵੱਲ ਤੱਕਣ ਲੱਗੀ। ਮੇਰਾ ਦਿਲ ਤੇਜ਼ ਤੇਜ਼ ਧੜਕਣ ਲੱਗਿਆ ਕਿ ਕਿਤੇ ਉਹ ਹੀ ਨਾ ਹੋਵੇ ਜਿਹੜਾ ਜਨੌਰ ਜਿਹਾ ਮੈਂ ਕੱਲ੍ਹ ਦੇਖਿਆ ਸੀ।

“ਪਰ … ਬੀਜੀ, ਤੁਸੀਂ ਆਹ ਕੀ ਕੀਤਾ? ਮੈਨੂੰ ਪੁੱਛੇ ਬਿਨਾਂ? ਮੈਂ ਦੇਖ ਲਿਐ ਉਹਨੂੰ … ਮੈਂ ਉਹਦੇ ਨਾਲ … ਮੈਂ ਤਾਂ ਹਜੇ ਹੋਰ ਪੜ੍ਹਨੈ …” ਮੈਂ ਤਰਲਾ ਕੀਤਾ।

“ਪੜ੍ਹ ਕੇ ਤੂੰ ਹੁਣ ਵਕੀਲ ਬਣਨੈ? ਅਗਲੇ ਆਪ ਚੱਲ ਕੇ ਆਏ ਨੇ ਸਾਡੇ ਘਰ। ਲੋਕ ਤਾਂ ਮੱਖੀਆਂ ਦੀ ਤਰ੍ਹਾਂ ਭਿਣਕਦੇ ਫਿਰਦੇ ਨੇ ਉਹਨਾਂ ਦੇ ਘਰ ਰਿਸ਼ਤੇ ਲਈ। ਮੁੰਡਾ ਕਹਿੰਦਾ, ਬੱਸ ਕੁੜੀ ਸੋਹਣੀ ਹੋਣੀ ਚਾਹੀਦੀ ਐ, ਹੋਰ ਕੁਝ ਨਹੀਂ ਚਾਹੀਦਾ।” ਬੀਜੀ ਨੇ ਸੌ ਦੀ ਇੱਕ ਸੁਣਾਈ।

“ਮੈਨੂੰ ਤਾਂ ਤੁਸੀਂ ਕੋਈ ਐਥੇ ਦਾ ਈ ਲੱਭ ਦਿਓ। ਮੈਂ ਥੋਡੇ ਕੋਲ … ਬੀਜੀ … ਸੇਵਾ ਕਰੂੰਗੀ ਥੋਡੀ। ਕੀ ਪਿਐ ਅਮਰੀਕਾ ਕਨੇਡਾ ’ਚ …” ਮੈਂ ਫੇਰ ਦੁਹਾਈ ਪਾਈ।

“ਆਹ ਜਿਹੜੇ ਦੋ ਵਿਹਲੜ ਫਿਰਦੇ ਨੇ ਤੇਰੇ ਭਰਾ ਤੇ ਤੇਰੀ ਵੱਡੀ ਭੈਣ, ਇਹਨਾਂ ਦਾ ਕੀ ਬਣੂੰ? ਬੀ.ਏ. ਕਰ ਕੇ ਵੀ ਕੋਈ ਨੌਕਰੀ ਨਹੀਂ ਮਿਲੀ ਇਹਨੂੰ। ਅਗਲੇ ਚੋਖਾ ਦਾਜ ਮੰਗਦੇ ਨੇ ਭਈ, ਕਿੱਥੋਂ ਆਊ? ਮੇਰੀ ਦੋ ਕਿੱਲੇ ਦੀ ਖੇਤੀ ’ਚੋਂ ਮੈਂ ਕੀ ਕੀ ਕਰਾਂ? ਰੋਟੀ ਪਾਣੀ ਮਸੀਂ ਚੱਲਦੈ। ਜੇ ਬਾਹਰ ਜਾਏਂਗੀ ਤਾਂ ਇਹਨਾਂ ਦਾ ਕਲਿਆਣ ਕਰਨ ਜੋਗੀ ਹੋਏਂਗੀ। ਬੜੇ ਰਮਾਨ ਨਾਲ ਕਹਿਤਾ ਅਖੇ ਮੈਂ ਨੀ ਜਾਣਾ ਬਾਹਰ। ਮੈਂ ਤਾਂ ਕਹਿਨਾ, ਪਤਾ ਨੀ ਮੈਂ ਕਿਹੜੇ ਮੋਤੀ ਦਾਨ ਕੀਤੇ ਸੀ ਪਿਛਲੇ ਜਨਮ ਵਿਚ ਜਿਹੜਾ ਮੇਰੀ ਧੀ ਨੂੰ ਆਹ ਰਿਸ਼ਤਾ ਆਇਐ।” ਬਾਪ ਨੇ ਆਪਣੇ ਦਿਲ ਦੀ ਭੜਾਸ ਕੱਢ ਦਿੱਤੀ।

“ਪੁੱਤ, ਅਜੰਟ ਤਾਂ ਚਾਲੀ ਚਾਲੀ ਲੱਖ ਮੰਗਦੇ ਨੇ ਇੱਕ ਬੰਦੇ ਨੂੰ ਬਾਹਰ ਕੱਢਣ ਦਾ। ਜੇ ਤੂੰ ਅੜ ਗਈ ਤਾਂ ਆਪਣੇ ਲੁੰਗ ਲਾਣੇ ਦਾ ਕੀ ਬਣੂੰ? ਚੱਲ ਮੇਰੀ ਬੀਬੀ ਧੀ, ਮੂੰਹ ਹੱਥ ਧੋ ਲੈ ਤੇ ਕਪੜੇ ਬਦਲ ਲੈ। ਦੋ ਕੁ ਘੰਟੇ ਨੂੰ ਉਹ ਆਏ ਖੜ੍ਹੇ ਨੇ ਤੈਨੂੰ ਸ਼ਗਨ ਪਾਉਣ …” ਮਾਂ ਨੇ ਧੀ ਨੂੰ ਪੁਚਕਾਰਿਆ।

ਮੈਂ ਪੱਥਰ ਦੀ ਤਰ੍ਹਾਂ ਬੈਠੀ ਬੱਸ ਰੱਬ ਨਾਲ ਈ ਸ਼ਿਕਵਾ ਕਰ ਰਹੀ ਸੀ, ‘ਹੇ ਰੱਬਾ, ਕਿਉਂ ਬਣਾਇਆ ਤੂੰ ਮੈਨੂੰ ਸੋਹਣੀ? ਮੈਂ ਤਾਂ ਨੀ ਕਿਹਾ ਸੀ ਤੈਨੂੰ ਤੇ ਲੇਖ ਕਿਉਂ ਲਿਖੇ ਫੇਰ ਐਹੋ ਜਿਹੇ? ਕਿੰਨਾ ਕੋਝਾ ਮਜ਼ਾਕ ਕੀਤਾ ਤੂੰ ਮੇਰੇ ਨਾਲ … ਭੈਣ ਭਰਾਵਾਂ ’ਚੋਂ ਸਭ ਤੋਂ ਛੋਟੀ, ਤੇ ਬਲੀ ਤੇ ਮੈਨੂੰ ਚੜ੍ਹਨਾ ਪੈ ਰਿਹੈ ਵੱਡਿਆਂ ਦੇ ਭਲੇ ਲਈ। ਇਹ ਕਿੱਥੋਂ ਦਾ ਇਨਸਾਫ਼ ਹੈ?’ ਬੱਸ ਅੱਜ ਤੱਕ ਇਹਨਾਂ ਸੁਆਲਾਂ ਦੇ ਜੁਆਬ ਨਹੀਂ ਮਿਲੇ, ਦੀਦੀ।”

ਮੈਂ ਚੁੱਪਚਾਪ ਬੈਠੀ ਆਪਣੀਆਂ ਸੋਚਾਂ ਦੇ ਜਵਾਰ ਭਾਟੇ ਵਿੱਚ ਵਹੀ ਜਾ ਰਹੀ ਸੀ। ਕਿੱਦਾਂ ਔਰਤਾਂ ਨੂੰ ਆਪਣਿਆਂ ਦੇ ਹੀ ਹੱਥੋਂ ਰਾਖ਼ ਹੋਣਾ ਪੈਂਦਾ ਹੈ। ਇਹਨਾਂ ਮੁਲਕਾਂ ਵਿਚ ਜਿੱਥੇ ਔਰਤ ਦੀ ਬਰਾਬਰੀ ਤੇ ਅਧਿਕਾਰਾਂ ਦੀ ਐਨੀ ਅਹਿਮੀਅਤ ਹੈ, ਇਸ ਵਿਚਾਰੀ ਲਈ ਤਾਂ ਇਹ ਸਭ ਕੁਝ ਦਾ ਬਹੁਤਾ ਮਤਲਬ ਨਹੀਂ। ਅਮਨ ਵਰਗੇ ਭੂਤਾਂ ਤੋਂ ਪਿੱਛਾ ਛੁਡਾਉਣਾ ਸ਼ਾਇਦ ਐਨਾ ਅਸਾਨ ਨਹੀਂ ਜਿੰਨਾ ਮੈਂ ਸਮਝਦੀ ਆਂ। ਕੀ ਉਹ ਮਾਂ ਬਾਪ, ਭੈਣ ਭਾਈ ਜੋ ਸ਼ਰਨ ਦੀ ਬਦੌਲਤ ਕਨੇਡਾ ਪਹੁੰਚੇ ਨੇ, ਖੁਸ਼ ਹੋਣਗੇ? ਉਹਨਾਂ ਨੂੰ ਇੱਕ ਅਪਰਾਧ-ਬੋਧ ਨਹੀਂ ਤੰਗ ਕਰਦਾ ਹੋਏਗਾ?

ਹਾਲੇ ਮੈਂ ਸੋਚ ਦੇ ਤਾਣੇ ਬਾਣੇ ਵਿਚ ਹੀ ਸੀ ਕਿ ਸ਼ਰਨ ਫੇਰ ਬੋਲੀ, “ਦੀਦੀ, ਸਾਰੇ ਭੈਣ ਭਰਾ ਆਪਣੇ ਆਪਣੇ ਪਰਿਵਾਰਾਂ ਵਿਚ ਬਿਜ਼ੀ ਨੇ। ਕਹਿੰਦੇ ਅਮਨ ਬਹੁਤ ਤੰਗ ਕਰਦੈ ਸਾਨੂੰ ਵੀ। ਦੂਰ ਕਿਸੇ ਹੋਰ ਸ਼ਹਿਰ ਲੈ ਜਾ ਇਹਨੂੰ, ਸ਼ਾਇਦ ਠੀਕ ਹੋ ਜੇ। ਸਾਡਾ ਐਵੇਂ ਜੀਣਾ ਹਰਾਮ ਕੀਤੈ ਇਹਨੇ। ਬਿਨਾਂ ਬੁਲਾਏ ਆ ਜਾਂਦੈ। ਆਪਣੇ ਘਰ ਦੀਆਂ ਪ੍ਰੌਬਲਮਾਂ ਆਪ ਈ ਸੁਲਝਾਓ। … ਕਿੰਨੀ ਇਕੱਲੀ ਆਂ ਮੈਂ ਇਸ ਭਰੀ ਦੁਨੀਆਂ ’ਚ!” ਕਹਿੰਦਿਆਂ ਸ਼ਰਨ ਦਾ ਗਲਾ ਭਰ ਆਇਆ ਪਰ ਫੇਰ ਪਤਾ ਨਹੀਂ ਉਹਨੇ ਕਿਹੜਾ ਸਬਰ ਦਾ ਘੁੱਟ ਪੀਤਾ ਕਿ ਬੁੱਲ੍ਹਾਂ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ।

ਮੈਂ ਇਜਾਜ਼ਤ ਮੰਗੀ ਤੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਭਰੋਸਾ ਦੁਆਇਆ ਕਿ ਮੈਂ ਤੇਰੇ ਨਾਲ ਹਾਂ। ਬਾਹਰ ਨਿੱਕਲ ਕੇ ਜਦੋਂ ਸ਼ਰਨ ਕਾਰ ਵਿਚ ਬੈਠੀ ਤਾਂ ਹੰਝੂਆਂ ਦਾ ਹੜ੍ਹ ਮੇਰੇ ਰੋਕਿਆਂ ਵੀ ਨਹੀਂ ਰੁਕ ਰਿਹਾ ਸੀ।

-ਗੁਰਮੀਤ ਪਨਾਗ