ਜੇ ਹਕ ਲੈਣੈ ਤਾਂ ਫਿਰ ਸੂਲ਼ੀ ਉਤੇ ਵੀ ਨੱਚਣਾ ਪੈਣੈਂ – Harjinder Bal

ਜੇ ਹਕ ਲੈਣੈ ਤਾਂ ਫਿਰ ਸੂਲ਼ੀ ਉਤੇ ਵੀ ਨੱਚਣਾ ਪੈਣੈਂ।
ਤਰੀਕਾ ਦੋਸਤੋ! ਇਹ ਸਾਰਿਆਂ ਨੂੰ ਦੱਸਣਾ ਪੈਣੈਂ।

ਤੁਸੀਂ ਵੀ ਰਲ਼ਣਾ ਚਾਹੁੰਦੇ ਹੋ ਜੇ ਸਾਡੇ ਕਾਫ਼ਿਲੇ ਦੇ ਵਿਚ,
ਤਾਂ ਅਪਣਾ ਸਿਰ ਤਲੀ ‘ਤੇ ਸਾਰਿਆਂ ਨੂੰ ਰੱਖਣਾ ਪੈਣੈਂ।

ਮੁਸੀਬਤ ਵਿਚ ਨਾ ਘਬਰਾ ਜੇ ਦਿਲਾ! ਪੁੱਜਣੈਂ ਮੁਕਾਮ ਉੱਤੇ,
ਮੁਸੀਬਤ ਸਹਿ ਕੇ ਤੈਨੂੰ ਇਹਨੀਂ ਰਾਹੀਂ ਚੱਲਣਾ ਪੈਣੈਂ।

ਤੁਹਾਡਾ ਖ਼ੂਨ ਪੀ ਪੀ ਕੇ, ਜੋ ਪਲਦੇ ਨੇ ਜਹਾਨ ਅੰਦਰ,
ਇਨ੍ਹਾਂ ਨਾਗਾਂ ਦੀਆਂ ਸਿਰੀਆਂ ਨੂੰ ਮਿਲ਼ ਕੇ ਮਿੱਧਣਾ ਪੈਣੈਂ।

ਭਟਕਦੇ ਫਿਰ ਰਹੇ ਨੇ ਲੋਕ ਜਿਹੜੇ ਬਿੱਖੜੇ ਰਾਹੀਂ,
ਸਹੀ ਰਸਤਾ ਇਨ੍ਹਾਂ ਨੂੰ ਦੋਸਤੋ! ਹੁਣ ਦੱਸਣਾ ਪੈਣੈਂ।

ਜੋ ਖ਼ੁਦ ਕੁਝ ਕਰ ਨਹੀਂ ਸਕਦੇ, ਸਗੋਂ ਰਾਹ ਦੀ ਰੁਕਾਵਟ ਹਨ,
ਅਜੇਹੇ ਸਾਥੀਆਂ ਬਾਰੇ ਵੀ ਹੁਣ ਕੁਝ ਸੋਚਣਾ ਪੈਣੈਂ।

ਤੁਸੀਂ ਵੀ ਇਸ਼ਕ ਦੀ ਮੰਜ਼ਿਲ ਜੇ ਪਾਉਣੀ ਹੈ ਤਾਂ ਫਿਰ ਯਾਰੋ!
ਸਿਰਾਂ ‘ਤੇ ਬੰਨ੍ਹ ਕੇ ਕੱਫਣ ਘਰਾਂ ‘ਚੋਂ ਨਿਕਲਣਾ ਪੈਣੈਂ।

ਮੇਰੇ ਕਾਤਿਲ! ਜ਼ਰਾ ਸੁਣ ਲੈ, ਮੇਰਾ ਇਹ ਖ਼ੂਨ ਕੀ ਕਹਿੰਦੈ,
ਕਿ ਤੈਨੂੰ ਸੁੱਟ ਕੇ ਤਲਵਾਰ ਇਕ ਦਿਨ ਭੱਜਣਾ ਪੈਣੈਂ।।