ਜੋਗਾ ਸਿੰਘ ਜੋਗੀ

ਪੰਜਾਬੀ ਸਾਹਿਤ ਦੀ ਸਭ ਤੋਂ ਪੁਰਾਤਨ ਗਾਇਨ-ਸ਼ੈਲੀ ‘ਕਵੀਸ਼ਰੀ’ ਨੂੰ ਅਨਪੜ੍ਹਾਂ ਦੇ ਅਖਾੜਿਆਂ ਅਤੇ ਹਨੇਰੀਆਂ ਖੁੰਧਰਾਂ ’ਚੋਂ ਕੱਢ ਕੇ ਅਰਸ਼ਾਂ ਵਿਚ ਉਡਾਉਣ ਵਾਲਾ ਜੇ ਕੋਈ ਨਾਂਅ ਹੈ ਤਾਂ ਉਹ ਕੇਵਲ ਤੇ ਕੇਵਲ ਤੁਗਲਵਾਲੀਆ ਜੋਗਾ ਸਿੰਘ ਜੋਗੀ ਹੀ ਹੈ। ਇਸ ਦੇ ਰਸਭਿੰਨੇ ਤੇ ਮਿੱਠੇ ਬੋਲ ਗੁਰੂ-ਘਰਾਂ, ਪਿੰਡਾਂ, ਸ਼ਹਿਰਾਂ ਤੋਂ ਲੈ ਕੇ ਬੱਸਾਂ, ਟਰੱਕਾਂ, ਸੰਗੀਤਕ ਕੇਂਦਰਾਂ, ਸਾਰੇ ਪੰਜਾਬ, ਹਿੰਦੁਸਤਾਨ ਵਿਚ ਹੀ ਨਹੀਂ ਗੂੰਜ ਰਹੇ, ਸਗੋਂ ਦੁਨੀਆ ਦੇ 130 ਦੇਸ਼ਾਂ ਵਿਚ ਪੰਜਾਬੀਆਂ ਦੇ ਕੰਨਾਂ ਵਿਚ ਮਿਠਾਸ ਘੋਲ ਰਹੇ ਹਨ। ਕਵੀਸ਼ਰੀ ਦਾ ਮੁਹਾਂਦਰਾ ਅੱਜ ਏਨਾ ਸੁਹਾਵਣਾ ਨਾ ਹੁੰਦਾ, ਜੇ ਗੁਰਦਾਸਪੁਰ ਜ਼ਿਲ੍ਹਾ ਇਹ ਕੋਹਿਨੂਰ ਹੀਰਾ ਪੰਜਾਬੀਆਂ ਦੀ ਝੋਲੀ ਵਿਚ ਨਾ ਪਾਉਂਦਾ।
ਜੋਗੀ ਜੀ ਦਾ ਜਨਮ ਸ: ਜਵੰਦ ਸਿੰਘ ਤੇ ਮਾਤਾ ਦਲੀਪ ਕੌਰ ਦੇ ਗ੍ਰਹਿ ਵਿਖੇ ਨਵੰਬਰ 1932 ਨੂੰ ਤੁਗਲਵਾਲ ਪਿੰਡ ਵਿਚ ਇਕ ਕੱਚੇ ਜਿਹੇ ਕੋਠੇ ਵਿਚ ਹੋਇਆ।
ਛੋਟੀ ਉਮਰੇ ਪਿਤਾ ਦੀ ਮੌਤ ਦੀ ਸੱਟ, ਮਾਤਾ ਦੀ ਬਿਮਾਰੀ, ਛੋਟੇ ਭਾਈ ਦੀ ਪਾਲਣਾ ਦੀ ਜ਼ਿੰਮੇਵਾਰੀ ਤੇ ਅੱਤ ਦੀ ਗਰੀਬੀ ਨੇ ਕੋਮਲ ਹੱਥਾਂ ਵਿਚ ਕਾਪੀ ਪੈਨਸਿਲ ਦੀ ਥਾਂ ਰੰਬਾ ਤੇ ਦਾਤਰੀ ਫੜਾ ਦਿੱਤੇ। ਗੁਰਬਤ ਨਾਲ ਘੁਲਦਿਆਂ ਘਾਹ ਖੋਤ ਕੇ ਵੀ ਗੁਜ਼ਾਰਾ ਕੀਤਾ। ਗੁਰਦੁਆਰੇ ਦੀ ਗ੍ਰੰਥੀ ਇਕ ਧਰਮਣ ਮਾਈ ਕੋਲੋਂ ਪੰਜਾਬੀ ਦਾ ਕਾਇਦਾ ਪੜ੍ਹ ਕੇ ਥੋੜ੍ਹਾ ਜਿਹਾ ਪੜ੍ਹਨਯੋਗ ਹੋ ਗਏ। ਕਵੀਸ਼ਰੀ ਲਈ 40-40 ਕਿਲੋਮੀਟਰ ਪੈਦਲ ਸਫਰ ਕੀਤਾ, ਕਈ ਧੱਕੇ-ਧੋੜੇ ਖਾਧੇ। ਕਿਸੇ ਨੇ ਕਿਹਾ ਤੂੰ ਕਵੀਸ਼ਰ ਨਹੀਂ ਬਣ ਸਕਦਾ, ਕਿਸੇ ਨੇ ਕਿਹਾ ਕਿ ਇਕੋ-ਇਕ ਪੂੰਜੀ ਸਾਈਕਲ ਵੇਚ ਕੇ ਖਾ ਲਿਆ ਪਰ ਧੁਨ ਦੇ ਪੱਕੇ ਇਸ ਲੋਹੇ ਦੇ ਮਨੁੱਖ ਨੇ ਹਿੰਮਤ ਨਹੀਂ ਹਾਰੀ। ਕ੍ਰਿਪਾ ਕੀਤੀ ਇਸ ਦਰਵੇਸ਼ ਕਵੀਸ਼ਰ ਬਾਪੂ ਨਿਹੰਗ ਸਿੰਘ ਬਲੀ ਸਿੰਘ ਗੰਡੀਵਿੰਡ ਵਾਲਿਆਂ ਨੇ, ਜਿਨ੍ਹਾਂ ਨੇ ਇਸ ਹੋਣਹਾਰ ਨੂੰ ਤਰਾਸ਼ ਕੇ ਇਕ ਹੀਰੇ ਵਾਂਗ ਚਮਕਾ ਦਿੱਤਾ। ਇਤਿਹਾਸਕ ਤੌਰ ’ਤੇ ਆਜ਼ਾਦੀ ਦੇ ਦਿਹਾੜੇ 15 ਅਗਸਤ 1947 ਨੂੰ ਬਾਬਾ ਬਕਾਲਾ ਦੇ ਇਤਿਹਾਸਕ ਅਸਥਾਨ ’ਤੇ ਬਾਬਾ ਬਿਸ਼ਨ ਸਿੰਘ ਹੱਥੋਂ ਅੰਮ੍ਰਿਤ ਛਕ ਕੇ ਜੋਗਾ ਸਿੰਘ ਨਾਂਅ ਰਖਵਾ ਕੇ ਇਥੇ ਹੀ ਪਹਿਲਾ ਲੈਕਚਰ ਦਿੱਤਾ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ’ਤੇ ਗਿ: ਮਾਨ ਸਿੰਘ ਝੌਰ ਦੇ ਨਗਰ ਪ੍ਰਸਿੱਧ ਕਵੀਸ਼ਰ ਗੁਰਦਿਆਲ ਸਿੰਘ ਰਾਣੀ ਵਲਾਹ ਨੇ ਜੋਗਾ ਸਿੰਘ ‘ਜੋਗੀ’ ਤਖੱਲਸ ਜੋੜ ਦਿੱਤਾ। ਵਡਾਲੇ ਪਿੰਡ ਦੇ ਸਾਥੀ ਬੂੜ ਸਿੰਘ ਫਿਰਤੂ ਨੂੰ ਲੈ ਕੇ ਛੇ-ਸੱਤ ਸਾਲ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਕੇ ਨਿਸ਼ਕਾਮ ਸੇਵਾ ਕੀਤੀ।
1959 ਈ: ’ਚ ਸਰੂਪ ਸਿੰਘ ਸੂਰਵਿੰਡ ਤੇ ਦਰਸ਼ਨ ਸਿੰਘ ਚੋਹਲਾ ਆਪ ਦੇ ਨਾਲ ਰਲ ਗਏ ਤੇ ਥੋੜ੍ਹੇ ਸਮੇਂ ਪਿੱਛੋਂ ਪੰਜਾਬੀ ਸੂਬੇ ਦੇ ਮੋਰਚੇ ਵਿਚ ਤਿੰਨ ਮਹੀਨੇ ਰੋਹਤਕ ਜ਼ੇਲ੍ਹ ’ਚ ਰਹਿ ਕੇ ਉਚ-ਕੋਟੀ ਦੀ ਕਵਿਤਾ, ਕੀਮਤੀ ਛੰਦ ਦੇ ਪ੍ਰਸੰਗ ਬਾਬਾ ਦੀਪ ਸਿੰਘ, ਸ਼ਹੀਦੀ ਸ: ਹਰੀ ਸਿੰਘ ਨਲੂਆ ਤੇ ਸ਼ਹੀਦ ਭਗਤ ਸਿੰਘ ਆਦਿ ਦੀ ਰਚਨਾ ਕੀਤੀ। ਹੁਣ ਜਦੋਂ ਜਗੀਰ ਸਿੰਘ ‘ਮਸਤ’ ਨਾਲ ਆ ਗਿਆ ਤਾਂ ਜਥਾ ਬੁ¦ਦੀਆਂ ਨੂੰ ਛੂਹ ਗਿਆ, ਘਰ-ਘਰ ’ਚ ਗੱਲਾਂ ਹੋਣ ਲੱਗੀਆਂ, ਮਾਲਵੇ ’ਚ ਕਰੈਵਲ ਪਾਰਸ ਉਤੇ ਵੀ ਇਹ ਪਾਣੀ ਫੇਰ ਆਏ। ਫਿਰ ਚੰਨ ਮੋਹਣ ਦੀ ਜੋੜੀ ਨੇ ਹੋਰ ਕਮਾਲਾਂ ਕਰ ਦਿੱਤੀਆਂ। ਜੌਹਲਾਂ ਦੇ ਗੁਰਮੁਖ ਸਿੰਘ ਨਾਲ ਆਉਣ ’ਤੇ ਜਥਾ ਹੋਰ ਸਿਖਰਾਂ ’ਤੇ ਪਹੁੰਚ ਗਿਆ। ਜਦੋਂ ਗੁਰਮੁਖ ਸਿੰਘ ਐਮ. ਏ. ਦੇ ਪਿੱਛੇ ਸਰਦਾਰਾ ਸ਼ੌਂਕੀ ਅਤੇ ਦਲਬੀਰ ਸਿੰਘ ਦੀ ਜੋੜੀ ਨਾਲ ਕੈਸੇਟਾਂ ਰਿਕਾਰਡ
ਕਰਵਾਈਆਂ ਤਾਂ ਦੁਨੀਆ ਵਿਚ ਤਹਿਲਕਾ ਮਚ ਗਿਆ, ਘਰ-ਘਰ ਹੀ ਨਹੀਂ, ਹਰ ਥਾਂ ’ਤੇ ਜੋਗੀ ਹੀ ਗੂੰਜਣ ਲੱਗ ਪਿਆ
ਆਪ ਦੀ ਲੇਖਣੀ ਆਮ ਜਨ-ਸਾਧਾਰਨ ਦੀ ਬੋਲੀ ਵਿਚ ਕਿਸਾਨ, ਮਜ਼ਦੂਰ, ਦਲਿਤ, ਸਰਮਾਏਦਾਰੀ, ਨਿਜ਼ਾਮ ਦੇ ਸਤਾਏ ਅਤੇ ਲੋਟੂ ਹਕੂਮਤਾਂ ਦੇ ਜ਼ੁਲਮਾਂ ਨਾਲ ਪਿਸਦੇ ਕਿਰਤੀ ਲੋਕਾਂ ਦੀ ਦਾਸਤਾਨ ਹੈ। 20 ਪੁਸਤਕਾਂ, ਦਰਜਨਾਂ ਕਿੱਸੇ, ਸੈਂਕੜੇ ਸ਼ਗਿਰਦ, 110 ਕੈਸੇਟਾਂ ਤੇ ਵੀਡੀਓ ਕੈਸੇਟਾਂ ਇਨ੍ਹਾਂ ਦੇ ਹਿੱਸੇ ਆਈਆਂ ਹਨ। ਜੋਗੀ ਦੁਨੀਆ ਦਾ ਇਕੋ-ਇਕ ਕਵੀਸ਼ਰ ਹੈ, ਜੀਹਦੇ ਜਿਊਂਦਿਆਂ ਹੀ ਇਸ ਦੇ ਨਾਂਅ ’ਤੇ ਟਰੱਸਟ ਬਣਾ ਕੇ, ਸ਼ਗਿਰਦਾਂ ਨੇ ਬਾਬਾ ਅਮਰੀਕ ਸਿੰਘ ਘੁੰਮਣਾਂ ਵਾਲਿਆਂ ਦੇ ਸਹਿਯੋਗ ਨਾਲ ਜਥੇਦਾਰ ਅਕਾਲ ਤਖ਼ਤ ਦੇ ਹੱਥੋਂ ਇਨ੍ਹਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਆ ਹੀ ਨਹੀਂ, ਸਗੋਂ ਜੋਗੀ ਕਵੀਸ਼ਰ ਟਰੱਸਟ (ਰਜਿ:) ਵੱਲੋਂ ਇਨ੍ਹਾਂ ਦੇ ਨਾਂਅ ’ਤੇ ਕਵੀਸ਼ਰੀ ਐਵਾਰਡ ਵੀ ਸ਼ੁਰੂ ਕੀਤਾ ਗਿਆ ਹੈ।