ਟਿੱਡੀ ਦਲ – Shiv Kumar Batalvi

ਨੀਮ ਸਾਂਵਲੀ
ਗਰੜ ਵੱਤ ਨੀਲੀ
ਸਾਵਣ-ਰੰਗੀ ਸੜਕ ਵਿਚ ਪੱਕੀ
ਸੂਤਕ-ਭਿੱਟੀ ਨਾਰ ਦੇ ਵਾਕਣ
ਮੇਰੇ ਪਿੰਡ ਦਿਆਂ ਪੱਟਾਂ ਉੱਤੇ
ਸੁੱਤੀ ਘੂਕ ਹੈ ਸਿਰ ਨੂੰ ਰੱਖੀ
ਪੀੜਾਂ ਭੰਨੀ ਥੱਕੀ ਥੱਕੀ
ਸਾਵਣ-ਰੰਗੀ
ਸੜਕ ਇਹ ਪੱਕੀ

ਏਸ ਸੜਕ ਦੀ ਹਿੱਕ ਮਸਲਦਾ
ਬੂਟਾਂ ਥੀਂ ਇਹਦਾ ਅੰਗ ਅੰਗ ਦਲਦਾ
ਮੋਢੇ ਰੱਖ, ਬੰਦੂਕਾਂ ਚਲਦਾ
ਮੈਲੇ ਸਾਵੇ ਰੰਗਾਂ ਵਾਲਾ
ਟਿੱਡੀ ਦਲ ਇਕ ਲੰਘ ਰਿਹਾ ਹੈ
ਮਿੱਠੀ ਚੁੱਪ ਮੇਰੇ ਖੇਤਾਂ ਦੀ
ਰੌਲਾ ਪਾ ਪਾ ਡੰਗ ਰਿਹਾ ਹੈ
ਟਿੱਡੀਆਂ ਵਾਂਗ ਰੀਂਗਦੇ ਟੈਂਕਾਂ ਦੀ
ਉੱਚੀ ਇਕ ਧਮਕ ਦੇ ਕਾਰਨ
ਮੇਰਾ ਪਿੰਡ ਮੁਰੱਬਿਆਂ ਵਾਲਾ
ਹੌਲੀ-ਹੌਲੀ ਕੰਬ ਰਿਹਾ ਹੈ
ਟਿੱਡੀ ਦਲ ਇਕ ਲੰਘ ਰਿਹਾ ਏ ।

ਹੁਣੇ ਹੁਣੇ ਇਸ ਕਿਨਾਰੇ
ਮੇਰੇ ਪਿੰਡ ਦੀਆਂ ਛਿੰਦੀਆਂ ਪੌਣਾਂ
ਖੱਟੀਆਂ ਦੇ ਫੁੱਲਾਂ ਗਲ ਲੱਗ ਕੇ
ਰਾਂਝੇ ਦੇ ਕੰਨਾਂ ਦੀਆਂ ਮੁੰਦਰਾਂ
ਵਰਗੇ ਫੁੱਲ ਸ਼ਰੀਂਹ ਦੇ ਚੁੰਮ ਕੇ
ਲੁਕਣ ਮੀਚੀ ਖੇਡ ਰਹੀਆਂ ਸਨ ।

ਪਰ ਹੁਣ
ਇਨ੍ਹਾਂ ਦੇ ਸਾਹ ਅੰਦਰ
ਫੈਲ ਗਿਆ ਬਦਬੂ ਦਾ ਸਾਗਰ
ਡੂੰਘੇ ਮੇਰੇ ਦੋਮਾਹਲੇ ਖੂਹੀਂ
ਡਿੱਗ ਪਈ ਸੋਨੇ ਦੀ ਗਾਗਰ

ਇਹ ਕੀ ਹੋਇਆ ?
ਇਹ ਕੀ ਹੋਇਆ ?
ਸਾਰਾ ਪਿੰਡ ਮੇਰੇ ਖ਼ਾਬਾਂ ਵਿਚ
ਸੜ ਬਲ ਕੇ ਹੈ ਕੋਲੇ ਹੋਇਆ ।
ਲਾਹ ਗਈਆਂ ਰੁੱਖਾਂ ਦੀ ਛਿੱਲਾਂ
ਉੱਡਣ ਅੰਬਰੀਂ ਗਿੱਧ ਤੇ ਇੱਲਾਂ
ਲੜਨ ਬਿੱਲੀਆਂ ਰੋਵਣ ਕੁੱਤੇ
ਉੱਲੂ ਪਏ ਮਚਾਵਣ ਖਿੱਲਾਂ
ਘੁੰਮਣ ਥਾਂ-ਥਾਂ ਲੱਖ ਚੁੜੇਲਾਂ
ਪਿੱਠਾਂ ਉੱਤੇ ਥਣ ਲਮਕਾਈ
ਪੁੱਠੇ ਲੰਮੇ ਪੈਰਾਂ ਦੇ ਵਿਚ
ਥੋਹਰਾਂ ਦੇ ਪੱਤਿਆਂ ਦੀਆਂ ਸਿਉਂ ਕੇ
ਠਿੱਬ-ਖੜਿੱਬੀਆਂ ਜੁੱਤੀਆਂ ਪਾਈ
ਖੋਪੜੀਆਂ ਦੇ ਬੋਹਲਾਂ ਵਿਚੋਂ
ਲੰਘੇ ਪੌਣ ਫਰਾਟੇ ਭਰਦੀ
ਸ਼ਾਂ ਸ਼ਾਂ ਕਰਦੀ
ਹੌਕੇ ਭਰਦੀ ।

ਥਾਂ ਪੁਰ ਥਾਂ
ਟਿੱਡੀਆਂ ਦੀਆਂ ਹੇੜਾਂ
ਕਰਨ ਇਕੱਠੀਆਂ ਹੱਡਾਂ ਦੀਆਂ ਢੇਰਾਂ
ਹੱਡੀਆਂ ਦੇ ਢੇਰਾਂ ਵਿਚ ਸੂਵਣ
ਲੱਖ ਲੱਖ ਬੱਚਾ ਦੇਣ ਅਕੇਰਾਂ
ਇਹ ਟਿੱਡੀਆਂ ਧਰਮਾਂ ਘਰ ਜਾਈਆਂ
ਇਹ ਟਿੱਡੀਆਂ ਕੌਮਾਂ ਘਰ ਜਾਈਆਂ
ਇਹ ਟਿੱਡੀਆਂ ਕਾਮ ਤਿਹਾਈਆਂ
ਇਹ ਟਿੱਡੀਆਂ ਜੰਗਾਂ ਨੂੰ ਸਾਈਆਂ
ਇਹ ਟਿੱਡੀਆਂ ਹੱਦਾਂ ਪਰਨਾਈਆਂ
ਮਾਨੁਖਤਾ ਦੀਆਂ ਲਵੀਆਂ ਫ਼ਸਲਾਂ
ਇਨ੍ਹਾਂ ਰਲ ਮਿਲ ਮਾਰ ਮੁਕਾਈਆਂ
ਅੱਜ ਖੜ੍ਹਾ ਇਸ ਸਾਵਣ-ਰੰਗੀ
ਸੜਕ ਕਿਨਾਰੇ ਸੋਚ ਰਿਹਾ ਹਾਂ ।

ਨੀਮ ਸਾਂਵਲੀ
ਗਰੜ ਵੱਤ ਨੀਲੀ
ਸਾਵਣ-ਰੰਗੀ ਸੜਕ ਵਿਚ ਪੱਕੀ
ਜੰਗ ਵਿਚ ਹੋਈ ਵਿਧਵਾ ਵਾਕਣ
ਫਿਰਦੀ ਪਈ ਹੈ ਲੱਥ-ਭਲੱਥੀ
ਆਪਣੇ ਭੁੱਖੇ ਬੱਚੇ ਵਾਕਣ
ਮੇਰੇ ਪਿੰਡ ਨੂੰ ਢਾਕੇ ਚੱਕੀ
ਸਾਵਣ-ਰੰਗੀ ਸੜਕ ਇਹ ਪੱਕੀ
ਸਾਵਣ-ਰੰਗੀ
ਸੜਕ ਇਹ ਪੱਕੀ ।