ਟੁੱਟੇ ਪੁਲਾਂ ਦੀ ਦਾਸਤਾਂ

ਭਾਗਭਰੀ ਦੇ ਭਾਗ ਉਸ ਸਮੇਂ ਫੁੱਟ ਗਏ ਜਦ ਉਸਦੇ ਕੰਨਾਂ ਵਿਚ ਉਸਦੀ ਨੌਕਰਾਣੀ ਦੀ ਅਵਾਜ ਪਈ, “ਬੀਬੀ ਜੀ, ਦੀਪਕ ਔਰ ਉਸਕੇ ਸਾਥੀ ਮਨੋਹਰ ਕੋ ਫਾਂਸੀ ਕੀ ਸਜਾ ਹੋ ਗਈ।”

ਭਾਗਭਰੀ ਦੀਆਂ ਖੁੱਲ੍ਹੀਆਂ ਹੋਈਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ ਜਿਵੇਂ ਉਹ ਕੰਨਾਂ ਨਾਲ ਨਹੀਂ ਅੱਖਾਂ ਨਾਲ ਸੁਣ ਰਹੀ ਹੋਵੇ। ਉਸਦੇ ਬੁੱਲ ਫੜਫੜਾਏ ਪਰ ਮੁੰਹ ਵਿੱਚੋਂ ਕੋਈ ਅਵਾਜ ਨਾ ਨਿਕਲੀ। ਉਹ ਸਿਲ ਪੱਥਰ ਹੋ ਗਈ ਸੀ। ਜਿਵੇਂ ਉਹ ਇਸ ਦੁਨੀਆਂ ਤੋਂ ਬਹੁਤ ਦੂਰ ਹੋਵੇ ਅਤੇ ਇਸ ਦੁਨੀਆਂ ਦੇ ਨਾਲ ਉਸਦਾ ਕੋਈ ਸਬੰਧ ਹੀ ਨਾ ਹੋਵੇ। ਉਹ ਬਾਹਰੋਂ ਸ਼ਾਂਤ ਸੀ ਪਰ ਉਸਦੇ ਅੰਦਰ ਇਕ ਤੁਫਾਨ ਉੱਠ ਰਿਹਾ ਸੀ। ਇਸ ਤੁਫਾਨ ਨੂੰ ਉਹ ਰੋਕ ਨਹੀਂ ਸੀ ਸਕਦੀ। ਉਹ ਨਹੀਂ ਸੀ ਜਾਣਦੀ ਕਿ ਦੀਪਕ ਦੀ ਫਾਂਸੀ ਦੀ ਖਬਰ ਨਾਲ ਉਹ ਖੁਸ਼ ਹੋਵੇ ਜਾਂ ਰੋਵੇ। ਕਹਿੰਦੇ ਹਨ ਕਿ ਘੜਾ ਪੱਥਰ ਤੇ ਵੱਜੇ ਜਾਂ ਪੱਥਰ ਘੜੇ ਤੇ ਵੱਜੇ, ਟੁੱਟਣਾ ਤਾਂ ਘੜੇ ਨੇ ਹੀ ਹੈ। ਇਹ ਹੀ ਹਾਲ ਭਾਗਭਰੀ ਦਾ ਸੀ। ਭਾਗਭਰੀ ਦੀਆਂ ਅੱਖਾਂ ਵਿੱਚੋਂ ਅੱਥਰੂਆਂ ਦੀਆਂ ਧਰਾਂਲਾਂ ਵਗਣ ਲੱਗੀਆਂ। ਪਿਛਲੀ ਜ਼ਿੰਦਗੀ ਉਸਦੀਆਂ ਅੱਖਾਂ ਅੱਗੋਂ ਫਿਲਮ ਵਾਂਗ ਲੰਘਣ ਲੱਗੀ।

ਅੱਜ ਤੋਂ 50 ਸਾਲ ਪਹਿਲਾਂ ਉਸਦੀ ਸ਼ਾਦੀ ਬਿਕਰਮ ਸਿੰਘ ਨਾਲ ਹੋਈ ਸੀ। ਬਿਕਰਮ ਸਿੰਘ ਉੱਚਾ ਲੰਮਾ, ਸੋਹਣਾ ਸੁਨੱਖਾ ਨੌਜਵਾਨ ਉਸ ਸਮੇਂ ਦੇਹਰਾਦੂਨ ਇੰਡੀਅਨ ਮਿਲਟਰੀ ਅਕੈਡਮੀ ਵਿਚ ਸੈਕੰਡ ਲੈਫਟੀਨੈਂਟ ਦੀ ਟ੍ਰੇਨਿੰਗ ਲੈ ਰਿਹਾ ਸੀ। ਉਸ ’ਤੇ ਜਵਾਨੀ ਵੀ ਲੋਹੜੇ ਦੀ ਚੜ੍ਹੀ ਸੀ। ਉਸਦੀ ਝਾਲ ਨਹੀਂ ਸੀ ਝੱਲੀ ਜਾਂਦੀ। ਉਹ ਸੋਹਣੀ ਗੋਲ ਪੱਗ ਬੰਨ੍ਹਦਾ ਅਤੇ ਦਾਹੜੀ ਤੇ ਧਾਗਾ ਪਾ ਕੇ ਉੱਤੇ ਜਾਲੀ ਪਾ ਕੇ ਰੱਖਦਾ। ਉਸਦੀਆਂ ਮੁੱਛਾਂ ਥੋੜ੍ਹਾ ਜਿਹਾ ਵੱਟ ਦੇ ਕੇ ਉੱਪਰ ਨੂੰ ਖੜ੍ਹੀਆਂ ਰਹਿੰਦੀਆਂ। ਜਦ ਉਹ ਵਰਦੀ ਪਾ ਕੇ ਨਿੱਕਲਦਾ ਤਾਂ ਲੋਕ ਅਦਬ ਨਾਲ ਉਸ ਦੇ ਕੋਲੋਂ ਸਿਰ ਝੁਕਾ ਕੇ ਲੰਘਦੇ। ਬਜ਼ੁਰਗ ਉਸ ਤੇ ਮਾਣ ਕਰਦੇ ਅਤੇ ਬੁੜ੍ਹੀਆਂ ਉਸਨੂੰ ਅਸੀਸਾਂ ਦਿੰਦੀਆਂ ਨਾ ਥੱਕਦੀਆਂ। ਮੁੰਡਿਆਂ ਲਈ ਤਾਂ ਉਹ ਇਕ ਆਦਰਸ਼ ਸੀ। ਜਵਾਨ ਕੁੜੀਆਂ ਉਸਦੀ ਇਕ ਝਲਕ ਪਾਉਣ ਲਈ ਤਰਸਦੀਆਂ।

ਭਾਗਭਰੀ ਵੀ ਇਸ ਸਮੇਂ ਹੁਸਨ ਅਤੇ ਜਵਾਨੀ ਵਿਚ ਕਿਸੇ ਤੋਂ ਘੱਟ ਨਹੀਂ ਸੀ। ਉਸਦਾ ਅਸਲੀ ਨਾਮ ਭਾਗ ਕੌਰ ਸੀ ਪਰ ਬਿਕਰਮ ਉਸਨੂੰ ਭਾਗਭਰੀ ਕਹਿ ਕੇ ਬੁਲਾਉਂਦਾ ਸੀ। ਇਸ ਲਈ ਲੋਕਾਂ ਵਿਚ ਉਸਦਾ ਨਾਮ ਭਾਗਭਰੀ ਪੱਕ ਗਿਆ। ਉਹ ਬਿਕਰਮ ਜਿਹਾ ਵਰ ਪਾ ਕੇ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ। ਉਸਦੇ ਪੈਰ ਜਮੀਨ ਤੇ ਨਹੀਂ ਸੀ ਲੱਗਦੇ। ਸਹੁਰੇ ਘਰ ਵੀ ਉਹ ਉੱਡੀ ਫਿਰਦੀ ਸੀ। ਉਹ ਹਰ ਕੰਮ ਬੜੀ ਫੁਰਤੀ ਅਤੇ ਸਲੀਕੇ ਨਾਲ ਮਿੰਟਾਂ ਸਕਿੰਟਾਂ ਵਿਚ ਪੂਰਾ ਕਰ ਲੈਂਦੀ ਸੀ। ਇਸ ਲਈ ਉਹ ਸਭ ਦੀਆਂ ਅੱਖਾਂ ਦਾ ਤਾਰਾ ਸੀ।

ਵਿਆਹ ਤੋਂ ਇਕ ਮਹੀਨਾ ਬਾਅਦ ਬਿਕਰਮ ਦੀ ਛੁੱਟੀ ਖਤਮ ਹੋ ਗਈ। ਇਸ ਸਮੇਂ ਉਸ ਦੀ ਪੋਸਟਿੰਗ ਪੱਛਮੀ ਬੰਗਾਲ ਵਿਚ ਸੀ। ਉਹ ਵਾਪਸੀ ਦੀ ਤਿਆਰੀ ਕਰਨ ਲੱਗਾ। ਉਸਨੇ ਨਾਲ ਹੀ ਭਾਗਭਰੀ ਦੀ ਵੀ ਤਿਆਰੀ ਕਰ ਲਈ। ਘਰ ਦੇ ਨਹੀਂ ਸਨ ਮੰਨਦੇ ਪਰ ਬਿਕਰਮ ਦੀ ਜ਼ਿਦ ਸਾਹਮਣੇ ਕਿਸੇ ਦੀ ਨਾ ਚੱਲੀ ਅਤੇ ਭਾਗਭਰੀ ਆਪਣੇ ਪਤੀ ਬਿਕਰਮ ਸਿੰਘ ਨਾਲ ਪੱਛਮੀ ਬੰਗਾਲ ਦੇ ਸ਼ਹਿਰ ਚਿਟਾਗਾਉਂ ਪਹੁੰਚ ਗਈ।

ਚਿਟਗਾਉਂ ਸ਼ਹਿਰ ਬੇਸ਼ੱਕ ਭਾਗਭਰੀ ਲਈ ਓਪਰਾ ਸੀ ਅਤੇ ਅਤੇ ਉੱਥੋਂ ਦੇ ਲੋਕ ਵੀ ਅਜਨਬੀ ਸਨ ਪਰ ਭਾਗਭਰੀ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪਿਆ, ਕਿਉਂਕਿ ਉਸਦਾ ਪਤੀ ਬਿਕਰਮ ਉਸ ਨਾਲ ਸੀ। ਬਿਕਰਮ ਸਿੰਘ ਉਸਦੀ ਹਰ ਗੱਲ ਸਮਝਦਾ ਸੀ। ਕੋਈ ਗੱਲ ਭੁੰਜੇ ਨਹੀਂ ਸੀ ਡਿੱਗਣ ਦਿੰਦਾ। ਇਸ ਤਰ੍ਹਾਂ ਭਾਗਭਰੀ ਅਤੇ ਬਿਕਰਮ ਸਿੰਘ ਦੀ ਗ੍ਰਹਿਸਥੀ ਦੀ ਬੇੜੀ ਪਿਆਰ ਦੀਆਂ ਲਹਿਰਾਂ ਤੇ ਅੱਗੇ ਵਧਣ ਲੱਗੀ।

ਭਾਗਭਰੀ ਅਤੇ ਲੈਫਟੀਨੈਂਟ ਬਿਕਰਮ ਸਿੰਘ ਦੀ ਜ਼ਿੰਦਗੀ ਬੜੀ ਸੋਹਣੀ ਚਲ ਰਹੀ ਸੀ। ਸ਼ਾਦੀ ਤੋਂ ਸਾਲ ਬਾਅਦ ਹੀ ਭਾਗਭਰੀ ਨੇ ਬਿਕਰਮ ਸਿੰਘ ਨੂੰ ਇਹ ਖਬਰ ਦੱਸੀ ਕਿ ਉਸਦੇ ਪੈਰ ਭਾਰੀ ਸਨ। ਉਹ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਉਂਦਾ।

“ਹੈਂ! ਮੈਂ ਬਾਪ ਬਣਨ ਵਾਲਾ ਹਾਂ? ਦੇਖੀਂ ਮੁੰਡਾ ਹੀ ਹੋਵੇਗਾ। ਮੇਰੇ ਜਿਹਾ ਗੋਰਾ ਚਿੱਟਾ ਉੱਚਾ ਲੰਮਾ ਜੁਆਨ।”

“ਹੈਂ … ਹੈਂ … ਹਾਲੀ ਜੰਮਿਆ ਨਹੀਂ ਅਤੇ ਉੱਚਾ ਲੰਮਾ ਜੁਆਨ ਕਿਵੇਂ ਹੋ ਗਿਆ?” ਉਹ ਤਾਂ ਹੋਵੇਗਾ … ਛੋਟਾ ਜਿਹਾ ਗੋਲ ਮਟੋਲ … ਬਾਵਾ ਜਿਹਾ …।”

“ਚਲੋ ਛੋਟਾ ਜਿਹਾ ਹੀ ਸਹੀ। … ਪਰ ਅਸੀਂ ਉਸਦਾ ਨਾਮ ਕੀ ਰੱਖਾਂਗੇ?”

“ਉਹ ਹੋ … ਹੁਣੇ ਨਾਮ ਰੱਖਣ ਦੀ ਪੈ ਗਈ ਹੈ … ਕੀ ਪਤਾ ਹੈ ਛੋਟਾ ਜਿਹਾ ਹੋਵੇਗਾ? … ਜੇ ਛੋਟੀ ਜਹੀ ਹੋਈ ਤਾਂ …?”

“ਤਾਂ … ਤਾਂ … ਤਾਂ ਕੀ ਨਾਮ ਤਾਂ ਛੋਟੀ ਜਹੀ ਦਾ ਵੀ ਰੱਖਣਾ ਹੀ ਹੈ ਨਾ। ਵੈਸੇ ਤਾਂ ਕਹਿੰਦੇ ਹਨ ਕਿ ਪਹਿਲੀ ਲੜਕੀ ਤਾਂ ਮੁੰਡਿਆਂ ਦੇ ਬਰਾਬਰ ਹੀ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਪਾਸ ਹੋ ਗਏ ਹਾਂ।” ਬਿਕਰਮ ਨੇ ਭਾਗਭਰੀ ਦਾ ਮੂੰਹ ਚੁੰਮਦੇ ਹੋਏ ਕਿਹਾ।”

“ਛੱਡੋ ਜੀ, ਤੁਹਾਨੂੰ ਤਾਂ ਹਰ ਗੱਲ ਵਿਚ ਸ਼ਰਾਰਤਾਂ ਹੀ ਸੁੱਝਦੀਆਂ ਹਨ।” ਭਾਗਭਰੀ ਨੇ ਸ਼ਰਮਾਉਂਦੇ ਹੋਏ ਆਪਣੀ ਗਿੱਲੀ ਗੱਲ੍ਹ ਪੂੰਝੀ।

**

“ਮੈਂ ਕਿਹਾ ਜੀ, ਕੀ ਗੱਲ ਹੈ? ਅੱਜ ਇੰਨੇ ਘਬਰਾਏ ਹੋਏ ਕਿਉਂ ਹੋ?” ਭਾਗਭਰੀ ਨੇ ਪੁੱਛਿਆ।

“ਕੁਝ ਨਾ ਪੁੱਛ! ਖਬਰ ਚੰਗੀ ਨਹੀਂ ਹੈ।”

“ਫਿਰ ਵੀ, ਕੀ ਗੱਲ ਹੈ?”

“ਸਾਡੀ ਚੀਨ ਨਾਲ ਜੰਗ ਛਿੜਨ ਵਾਲੀ ਹੈ।”

“ਉਹ ਕਿਉਂ?”

“ਬਸ ਤੈਨੂੰ ਕਹਿ ਦਿੱਤਾ, ਗੱਲ ਦੱਸਣ ਵਾਲੀ ਨਹੀਂ।”

“ਫਿਰ ਵੀ ਪਤਾ ਤਾਂ ਲੱਗੇ। ਸਾਡੀ ਚੀਨ ਨਾਲ ਕੋਈ ਦੁਸ਼ਮਣੀ ਤਾਂ ਨਹੀਂ।”

“ਦੁਸ਼ਮਣੀ ਤਾਂ ਨਹੀਂ ਫਿਰ ਵੀ ਉਸਨੇ ਦੁਸ਼ਮਣਾਂ ਵਾਲਾ ਕੰਮ ਕੀਤਾ ਹੈ। ਉਸਨੇ ਸਰਹੱਦ ਟੱਪ ਕੇ ਸਾਡੀ ਕਾਫੀ ਸਾਰੀ ਜਮੀਨ ਤੇ ਕਬਜਾ ਕਰ ਲਿਆ ਹੈ। ਹੁਣ ਜੰਗ ਤੋਂ ਬਿਨਾਂ ਕੋਈ ਚਾਰਾ ਨਹੀਂ।”

“ਚਲੋ ਕੋਈ ਗੱਲ ਨਹੀਂ। ਪਰ ਤੁਸੀਂ ਘਬਰਾਉਂਦੇ ਕਿਉਂ ਹੋ। ਇਕ ਸਿਪਾਹੀ ਨੂੰ ਜੰਗ ਦਾ ਕਾਹਦਾ ਡਰ?”

“ਮੈਨੂੰ ਆਪਣਾ ਕੋਈ ਡਰ ਨਹੀਂ। ਮੈਨੂੰ ਤਾਂ ਤੇਰਾ ਫਿਕਰ ਹੈ।”

“ਮੇਰਾ ਕਾਹਦਾ ਫਿਕਰ?”

“ਮੇਰੀ ਬਟਾਲੀਅਨ ਨੂੰ ਬਾਰਡਰ ਤੇ ਜਾਣ ਲਈ ਪਰਸੋਂ ਦਾ ਹੀ ਹੁਕਮ ਹੋਇਆ ਹੈ।”

“ਕੋਈ ਗੱਲ ਨਹੀਂ, ਤੁਸੀਂ ਜਾਵੋ ਜੰਗ ਤੇ, ਮੈਂ ਇੱਥੇ ਤੁਹਾਡਾ ਇੰਤਜਾਰ ਕਰਾਂਗੀ। ਹੁਣ ਮੈਂਨੂੰ ਇੱਥੇ ਸਾਰੇ ਜਾਣਦੇ ਹਨ ਮੈਨੂੰ ਕੋਈ ਡਰ ਨਹੀਂ।’

“ਇਹ ਹੀ ਤਾਂ ਗੱਲ ਹੈ ਜਿਹੜੇ ਤੈਨੂੰ ਜਾਣਦੇ ਹਨ ਉਹ ਸਾਰੇ ਹੀ ਮੇਰੇ ਨਾਲ ਜੰਗ ਤੇ ਜਾ ਰਹੇ ਹਨ ਅਤੇ ਉੇਹ ਆਪਣੇ ਆਪਣੇ ਟੱਬਰ ਵੀ ਆਪਣੇ ਆਪਣੇ ਪਿੰਡ ਭੇਜ ਰਹੇ ਹਨ।”

ਇਹ ਸੁਣ ਕੇ ਭਾਗਭਰੀ ਦਾ ਰੰਗ ਉੱਡ ਗਿਆ। ਉਹ ਬੋਲੀ, “ਕੋਈ ਗੱਲ ਨਹੀਂ ਜੀ, ਤੁਸੀਂ ਮੈਨੂੰ ਵੀ ਗੁਰਦਾਸਪੁਰ ਬਾਉ ਜੀ ਅਤੇ ਬੇਬੇ ਜੀ ਕੋਲ ਛੱਡ ਆਉ। ਫੇਰ ਤਾਂ ਤੁਹਾਨੂੰ ਕੋਈ ਫਿਕਰ ਨਹੀਂ ਹੋਵੇਗਾ।”

“ਉਹ ਤਾਂ ਠੀਕ ਹੈ ਪਰ ਇਸ ਸਮੇਂ ਮੇਰੇ ਪਾਸ ਇੰਨਾ ਸਮਾਂ ਨਹੀਂ ਕਿ ਤੈਨੂੰ ਮੈਂ ਗੁਰਦਾਸਪੁਰ ਛੱਡ ਕੇ ਆ ਸਕਾਂ।”

“ਫਿਰ?”

“ਫਿਰ ਤੈਨੂੰ ਇਕੱਲੇ ਹੀ ਜਾਣਾ ਪਵੇਗਾ। ਉਹ ਵੀ ਕੱਲ੍ਹ ਹੀ। ਮੈਂ ਤੈਨੂੰ ਇਸ ਹਾਲਤ ਵਿਚ ਇੰਨੇ ਲੰਬੇ ਸਫਰ ਤੇ ਇਕੱਲੇ ਨਹੀਂ ਸੀ ਭੇਜਣਾ ਚਾਹੁੰਦਾ ਪਰ ਮੇਰੀ ਮਜਬੂਰੀ ਹੈ। ਹਾਂ ਸਾਡੇ ਦਫਤਰ ਦਾ ਕੁਲੀਗ ਹੈ ਨਾ ਭਜਨ ਸਿੰਘ, ਉਸਦਾ ਭਰਾ ਆਇਆ ਹੋਇਆ ਹੈ ਲੁਧਿਆਣੇ ਤੋਂ, ਉਹ ਤੈਨੂੰ ਲੁਧਿਆਣੇ ਤੱਕ ਲੈ ਜਾਵੇਗਾ। ਉਸਨੇ ਕੱਲ੍ਹ ਹੀ ਜਾਣਾ ਹੈ।”

“ਜੀ ਮੈਂ ਅਗਾਂਹ ਕਿਵੇਂ ਜਾਵਾਂਗੀ?”

“ਇਹ ਹੀ ਤਾਂ ਗੱਲ ਹੈ, ਅਗਲਾ ਸਫਰ ਤਾਂ ਤੈਨੂੰ ਇਕੱਲੀ ਨੂੰ ਹੀ ਕਰਨਾ ਪਵੇਗਾ। ਮੈਂ ਬਾਊ ਜੀ ਨੂੰ ਤਾਰ ਦੇ ਦਿਆਂਗਾ ਉਹ ਤੈਨੂੰ ਸਟੇਸ਼ਨ ’ਤੇ ਪਹੁੰਚ ਜਾਣਗੇ।”

“ਜੀ, ਜਿਵੇਂ ਤੁਹਾਡੀ ਮਰਜੀ।”

“ਤੂੰ ਬਿਲਕੁਲ ਘਬਰਾਈਂ ਨਾ। ਤੂੰ ਇਕ ਫੌਜੀ ਦੀ ਬੀਵੀ ਹੈਂ। ਫੌਜੀਆਂ ਦੀਆਂ ਬੀਵੀਆਂ ਨੂੰ ਤਾਂ ਐਸੇ ਹਾਲਾਤ ਦਾ ਕਈ ਵਾਰ ਸਾਹਮਣਾ ਕਰਨਾ ਪੈਂਦਾ ਹੈ।”

“ਤੁਸੀਂ ਫਿਕਰ ਨਾ ਕਰੋ ਜੀ, ਮੈਂ ਨਹੀਂ ਘਬਰਾਉਂਦੀ। ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੱਚੀ ਹਾਂ। ਤੁਸੀਂ ਬਸ ਜੰਗ ਜਿੱਤ ਕੇ ਠੀਕ ਠਾਕ ਘਰ ਆਉਣਾ ਜੀ, ਮੈਂ ਤੁਹਾਡੀ ਰਾਹ ਦੇਖਾਂਗੀ।”

“ਮੈਂ ਤਾਂ ਜੰਗ ਜਿੱਤ ਕੇ ਠੀਕ ਠਾਕ ਘਰ ਆਵਾਂਗਾ ਬਸ ਤੂੰ ਮੇਰੇ ਆਉਂਦਿਆਂ ਤੱਕ ਮੇਰਾ ਬੇਟਾ ਤਿਆਰ ਰੱਖੀਂ। ਮੈਂ ਸਭ ਤੋਂ ਪਹਿਲਾਂ ਆਪਣੇ ਬੇਟੇ ਨੂੰ ਹੀ ਮਿਲਣਾ ਚਾਹਵਾਂਗਾ।”

ਇਸ ਤਰ੍ਹਾਂ ਜਿੰਦਗੀ ਦੇ ਦੁਰਾਹੇ ਤੋਂ ਬਿਕਰਮ ਸਿੰਘ ਅਤੇ ਭਾਗਭਰੀ ਅਲੱਗ ਅਲੱਗ ਰਸਤੇ ਤੋਂ ਹੁੰਦੇ ਹੋਏ ਅਲੱਗ ਅਲੱਗ ਮੰਜ਼ਿਲ ’ਤੇ ਪਹੁੰਚ ਗਏ। ਬਿਕਰਮ ਸਿੰਘ ਆਪਣੀ ਬਟਾਲੀਅਨ ਨਾਲ ਦੁਸ਼ਮਣ ਨਾਲ ਲੋਹਾ ਲੈਣ ਲਈ ਬਾਰਡਰ ਤੇ ਪਹੁੰਚ ਗਿਆ ਅਤੇ ਭਾਗਭਰੀ ਇਕਲਾਪੇ ਦਾ ਸੰਤਾਪ ਝੱਲਣ ਲਈ ਗੁਰਦਾਸਪੁਰ ਆਪਣੇ ਸਹੁਰੇ ਘਰ ਪਹੁੰਚ ਗਈ।

ਚੀਨ ਨਾਲ ਲੜਾਈ ਕੁਝ ਦਿਨ ਹੀ ਚੱਲੀ। ਹਿੰਦੁਸਤਾਨੀ ਫੌਜਾਂ ਬੜੀ ਬਹਾਦਰੀ ਨਾਲ ਲੜੀਆਂ। ਬਿਕਰਮ ਸਿੰਘ ਦੀ ਜਿੰਦਗੀ ਦੀ ਇਹ ਪਹਿਲੀ ਲੜਾਈ ਸੀ। ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸਨੇ ਕਈ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਉਸਦੀ ਬਹਾਦਰੀ ਦੇ ਸਭ ਪਾਸੇ ਚਰਚੇ ਸਨ। ਉਸਦੀ ਪਰਮੋਸ਼ਨ ਕਰਕੇ ਉਸਨੂੰ ਕੈਪਟਨ ਬਣਾ ਦਿੱਤਾ ਗਿਆ। ਜੰਗ ਤਾਂ ਖਤਮ ਹੋ ਗਈ ਪਰ ਜੰਗ ਦਾ ਕੋਈ ਖਾਸ ਸਿੱਟਾ ਨਾ ਨਿਕਲਿਆ। ਦੋਹਾਂ ਦੇਸ਼ਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।

ਬੇਸ਼ੱਕ ਫੌਜਾਂ ਨੂੰ ਵਾਪਸ ਆਪਣੀਆਂ ਬੈਰਕਾਂ ਵਿਚ ਭੇਜ ਦਿੱਤਾ ਗਿਆ ਪਰ ਫੌਜਾਂ ਨੂੰ ਹਰ ਸਮੇਂ ਚੌਕਸ ਰਹਿਣ ਲਈ ਕਿਹਾ ਗਿਆ। ਇਸ ਲਈ ਫੌਜੀਆਂ ਦੀਆਂ ਛੁੱਟੀਆਂ ਹਾਲੀ ਹੋਰ ਛੇ ਮਹੀਨੇ ਲਈ ਰੁਕੀਆਂ ਰਹੀਆਂ।

ਭਾਗਭਰੀ ਬੜੀ ਬੇਚੈਨੀ ਨਾਲ ਜੰਗ ਖਤਮ ਹੋਣ ਦਾ ਇੰਤਜਾਰ ਕਰ ਰਹੀ ਸੀ। ਉਹ ਰੋਜ ਅਖਬਾਰ ਅਤੇ ਰੇਡੀਉ ਤੋਂ ਜੰਗ ਦੀਆਂ ਖਬਰਾਂ ਦੀ ਜਾਣਕਾਰੀ ਹਾਸਲ ਕਰਦੀ। ਆਖਰ ਜੰਗ ਖਤਮ ਹੋ ਗਈ। ਭਾਗਭਰੀ ਦੇ ਸਾਹ ਵਿਚ ਸਾਹ ਅਇਆ।  ਉੱਧਰੋਂ ਉਸਦੇ ਦਿਨ ਨੇੜੇ ਆ ਰਹੇ ਸਨ।

ਭਾਗਭਰੀ ਨੇ ਇਕ ਸੋਹਣੇ ਜਹੇ ਬੱਚੇ ਨੂੰ ਜਨਮ ਦਿੱਤਾ। ਬੱਚਾ ਬਿਲਕੁਲ ਆਪਣੇ ਬਾਪ ਦੀ ਤਰ੍ਹਾਂ ਹੀ ਸੀ। ਜਦ ਉਹ ਹੱਸਦਾ ਤਾਂ ਭਾਗਭਰੀ ਉਸਤੋਂ ਵਾਰੀ ਵਾਰੀ ਜਾਂਦੀ। ਉਸਦੇ ਸੱਸ ਸਹੁਰਾ ਵੀ ਬੜੇ ਖੁਸ਼ ਸਨ।

ਜਦ ਬਿਕਰਮ ਨੂੰ ਬੇਟਾ ਹੋਣ ਦੀ ਖਬਰ ਮਿਲੀ ਤਾਂ ਉਹ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾ ਰਿਹਾ ਉਹ ਉਸੇ ਸਮੇਂ ਦੋ ਮਹੀਨੇ ਦੀ ਛੁੱਟੀ ਲੈ ਕੇ ਗੁਰਦਾਸਪੁਰ ਪੁੱਜਾ। ਆਪਣੇ ਬੇਟੇ ਨੂੰ ਦੇਖਕੇ ਅਤੇ ਆਪਣੇ ਟੱਬਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ।

ਖੁਸ਼ੀ ਵਿਚ ਦੋ ਮਹੀਨੇ ਕਿਵੇਂ ਬੀਤ ਗਏ ਪਤਾ ਹੀ ਨਹੀਂ ਲੱਗਿਆ। ਫਿਰ ਬਿਕਰਮ ਸਿੰਘ ਭਾਗਭਰੀ ਅਤੇ ਆਪਣੇ ਬੇਟੇ ਜਗਜੀਤ ਸਿੰਘ ਨੂੰ ਲੈ ਕੇ ਅਸਾਮ ਆ ਗਿਆ ਜਿੱਥੇ ਅੱਜ ਕੱਲ੍ਹ ਉਸਦੀ ਪੋਸਟਿੰਗ ਸੀ। ਉਨ੍ਹਾਂ ਤਿੰਨਾਂ ਦੀ ਛੋਟੀ ਜਹੀ ਗ੍ਰਹਿਸਥੀ ਬੜੀ ਸੋਹਣੀ ਤਰ੍ਹਾਂ ਚੱਲਣ ਲੱਗੀ। ਜਗਜੀਤ ਦੀ ਪਾਲਣਾ ਬੜੇ ਲਾਡ ਪਿਆਰ ਨਾਲ ਹੋਣ ਲੱਗੀ। ਜਗਜੀਤ ਬਹੁਤ ਹੁਸ਼ਿਆਰ ਨਿੱਕਲਿਆ।

**

ਹੁਣ ਜਗਜੀਤ ਸਿੰਘ ਜੁਆਨੀ ਵਿਚ ਪੈਰ ਰੱਖਣ ਲੱਗਾ। ਇਸ ਸਮੇਂ ਭਾਰਤ ਦੀਆਂ ਪਾਕਿਸਤਾਨ ਨਾਲ 1965 ਅਤੇ 1971 ਵਿਚ ਦੋ ਲੜਾਈਆਂ ਹੋਈਆਂ। ਇਨ੍ਹਾਂ ਲੜਾਈਆਂ ਵਿਚ ਬਿਕਰਮਜੀਤ ਨੇ ਬੜੀ ਬਹਾਦਰੀ ਦਿਖਾਈ। ਉਹ ਤਰੱਕੀ ਕਰਦਾ ਕਰਦਾ ਬ੍ਰਿਗੇਡੀਅਰ ਦੇ ਰੈਂਕ ਤੱਕ ਪਹੁੰਚ ਗਿਆ। ਹੁਣ ਬ੍ਰਿਗੇਡੀਅਰ ਬਿਕਰਮ ਸਿੰਘ ਦੀ ਪੂਰੀ ਧਾਂਕ ਸੀ। ਦੁਸ਼ਮਣ ਉਸਦੇ ਨਾਮ ਤੋਂ ਹੀ ਥਰ ਥਰ ਕੰਬਦੇ ਸਨ। ਉਸਨੇ ਆਪਣੇ ਬੇਟੇ ਨੂੰ ਵੀ ਫੌਜ ਵਿਚ ਭਰਤੀ ਕਰਾ ਦਿੱਤਾ ਤਾਂ ਕਿ ਉਹ ਉਸਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕੇ ਅਤੇ ਦੇਸ਼ ਦੀ ਸੇਵਾ ਕਰਕੇ ਆਪਣੇ ਮਾਂ ਪਿਉ ਦਾ ਨਾਮ ਰੋਸ਼ਨ ਕਰ ਸਕੇ।

ਜਗਜੀਤ ਸਿੰਘ ਵੀ ਆਪਣੇ ਪਿਤਾ ਦੀ ਤਰ੍ਹਾਂ ਸੋਹਣਾ ਗਭਰੂ ਜਵਾਨ ਨਿੱਕਲਿਆ। ਉਸਦਾ ਭਵਿੱਖ ਵੀ ਬਹੁਤ ਉਜਵਲ ਸੀ। ਇਸ ਲਈ ਉਸਦੀ ਸ਼ਾਦੀ ਬਿਕਰਮ ਸਿੰਘ ਦੇ ਦੋਸਤ ਸ਼ਮਸ਼ੇਰ ਸਿੰਘ ਦੀ ਲੜਕੀ ਮਨਜੀਤ ਕੌਰ ਨਾਲ ਬੜੀ ਧੂਮ ਧਾਮ ਨਾਲ ਕਰ ਦਿੱਤੀ ਗਈ। ਮਨਜੀਤ ਵੀ ਬੜੀ ਸੋਹਣੀ ਸੁਨੱਖੀ ਅਤੇ ਸਿਆਣੀ ਲੜਕੀ ਸੀ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ ਪ੍ਰੋਫੈਸਰ ਲੱਗੀ ਹੋਈ ਸੀ। ਚੰਡੀਗੜ੍ਹ ਸ਼ਹਿਰ ਬ੍ਰਿ. ਬਿਕਰਮ ਸਿੰਘ ਨੂੰ ਵੀ ਬਹੁਤ ਪਸੰਦ ਸੀ। ਇਸ ਲਈ ਉਸਨੇ ਪਿੰਡ ਦੀ ਕੁਝ ਜਮੀਨ ਵੇਚਕੇ ਚੰਡੀਗੜ੍ਹ ਹੀ ਕੋਠੀ ਪਾ ਲਈ।

ਖੁਸ਼ੀ ਦੀਆਂ ਘੜੀਆਂ ਬਹੁਤ ਛੋਟੀਆਂ ਹੁੰਦੀਆਂ ਹਨ। ਸਮਾਂ ਬੀਤਦਿਆਂ ਪਤਾ ਹੀ ਨਹੀਂ ਲਗਦਾ। ਮਨਜੀਤ ਇਸ ਸਮੇਂ ਜਗਜੀਤ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਕਿ ਜਗਜੀਤ ਦੀ ਪੋਸਟਿੰਗ ਸ੍ਰੀਨਗਰ ਦੀ ਹੋ ਗਈ। ਉੱਥੇ ਪਾਕਿਸਤਾਨੀਆਂ ਦੀ ਸ਼ਹਿ ਤੇ ਅੱਤਵਾਦੀਆਂ ਨੇ ਬਹੁਤ ਤਬਾਹੀ ਮਚਾਈ ਹੋਈ ਸੀ। ਕਸ਼ਮੀਰ ਦੇ ਮੋਰਚੇ ਤੇ ਜਾਣ ਸਮੇਂ ਜਗਜੀਤ ਆਪਣੀ ਪਤਨੀ ਨੂੰ ਕਹਿ ਰਿਹਾ ਸੀ, “ਦੇਖੀਂ ਲੜਕਾ ਹੀ ਹੋਵੇਗਾ। ਤੂੰ ਮੇਰਾ ਇੰਤਜਾਰ ਕਰੀਂ। ਜਦ ਮੈਂ ਕਸ਼ਮੀਰ ਵਿੱਚੋਂ ਅੱਤਵਾਦੀਆਂ ਦਾ ਸਫਾਇਆ ਕਰਕੇ ਆਵਾਂਗਾ ਤਾਂ ਸਭ ਤੋਂ ਪਹਿਲਾਂ ਆਪਣੇ ਬੇਟੇ ਦਾ ਹੀ ਮੂੰਹ ਦੇਖਣਾ ਪਸੰਦ ਕਰਾਂਗਾ।”

ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ। ਕੁਝ ਦਿਨਾਂ ਬਾਅਦ ਹੀ ਖਬਰ ਆ ਗਈ ਕਿ ਆਤਮਘਾਤੀ ਅੱਤਵਾਦੀਆਂ ਨੇ ਬਰੂਦ ਨਾਲ ਭਰੀ ਹੋਈ ਕਾਰ ਫੌਜ ਦੀ ਬੈਰਕ ਵਿਚ ਜਾ ਮਾਰੀ ਸੀ ਜਿਸ ਨਾਲ 80 ਫੌਜੀ ਮਾਰੇ ਗਏ ਅਤੇ ਸੈਂਕੜੇ ਜਖਮੀ ਹੋ ਗਏ। ਕੈਪਟਨ ਜਗਜੀਤ ਸਿੰਘ ਵੀ ਇਸ ਧਮਾਕੇ ਵਿਚ ਸ਼ਹੀਦ ਹੋ ਗਿਆ। ਕੈਪਟਨ ਜਗਜੀਤ ਸਿੰਘ ਨੂੰ ਰਾਸ਼ਟਰਪਤੀ ਵਲੋਂ ਮਰਨ ਉਪਰੰਤ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਪਰ ਉਸਦੀ ਮੌਤ ਨਾਲ ਸਾਰੇ ਘਰ ਵਿਚ ਮਾਤਮ ਛਾ ਗਿਆ। ਭਾਗਭਰੀ ਨੇ ਬੇਟੇ ਦੇ ਗਮ ਵਿਚ ਮੰਜੀ ਫੜ ਲਈ। ਇਕ ਦਿਨ ਉਸਨੂੰ ਅਧਰੰਗ ਦਾ ਐਸਾ ਅਟੈਕ ਹੋਇਆ ਕਿ ਉਸਦਾ ਸੱਜਾ ਪਾਸਾ ਮਾਰਿਆ ਗਿਆ। ਹੁਣ ਉਹ ਨਾ ਤਾਂ ਕੁਝ ਬੋਲ ਸਕਦੀ ਸੀ ਨਾ ਹੀ ਕਿਸੇ ਦੀ ਮਦਦ ਤੋਂ ਬਿਨਾਂ ਆਪਣਾ ਸਰੀਰ ਹਿਲਾ ਸਕਦੀ ਸੀ। ਉਹ ਘਰ ਵਿਚ ਮੁਥਾਜ ਬਣ ਕੇ ਰਹਿ ਗਈ।

ਇਸ ਸਭ ਦੇ ਬਾਵਜੂਦ ਰਿਟਾਇਰਡ ਬ੍ਰਿਗੇਡੀਅਰ ਬਿਕਰਮ ਸਿੰਘ ਨੇ ਹੌਸਲਾ ਨਾ ਛੱਡਿਆ। ਜਵਾਨ ਪੁੱਤਰ ਦੀ ਕਹਿਰ ਦੀ ਮੌਤ ਤੇ ਵੀ ਉਸਨੇ ਅੱਖਾਂ ਵਿੱਚੋਂ ਇਕ ਅੱਥਰ ਨਾ ਕੇਰਿਆ। ਉਹ ਕਹਿੰਦਾ, “ਮੇਰਾ ਪੁੱਤਰ ਮਰਿਆ ਨਹੀਂ, ਸਗੋਂ ਦੇਸ਼ ਲਈ ਸ਼ਹੀਦ ਹੋਇਆ ਹੈ। ਸ਼ਹੀਦ ਦੀ ਮੌਤ ਤੇ ਰੌਣਾ ਉਸਦੀ ਕੁਰਬਾਨੀ ਨੂੰ ਛੋਟਾ ਕਰਨ ਵਾਲੀ ਗਲ ਹੈ। ਜੇ ਸੌ ਪੁੱਤਰ ਵੀ ਹੁੰਦੇ ਤਾਂ ਮੈਂ ਉਹ ਵੀ ਦੇਸ਼ ਤੇ ਕੌਮ ਤੋਂ ਵਾਰ ਦਿੰਦਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਕੌਮ ਤੋਂ ਆਪਣੇ ਚਾਰ ਲਾਲ ਵਾਰੇ ਹੀ ਸਨ। ਫਿਰ ਮੈਂ ਆਪਣਾ ਦਿਲ ਛੋਟਾ ਕਿਉਂ ਕਰਾਂ।”

ਇਕ ਪਾਸੇ ਬਿਕਰਮ ਸਿੰਘ ਆਪਣੀ ਪਤਨੀ ਦੀ ਪੂਰੀ ਸੇਵਾ ਕਰਦਾ ਦੂਜੇ ਪਾਸੇ ਆਪਣੀ ਨੂੰਹ ਮਨਜੀਤ ਨੂੰ ਹੌਸਲਾ ਦਿੰਦਾ। ਉਹ ਕਹਿੰਦਾ, “ਤੂੰ ਮੇਰੀ ਨੂੰਹ ਨਹੀਂ … ਮੇਰੀ ਧੀ ਹੈਂ।”

ਕੁਝ ਸਮੇਂ ਬਾਅਦ ਮਨਜੀਤ ਨੇ ਇਕ ਸੋਹਣੇ ਜਹੇ ਬੱਚੇ ਨੂੰ ਜਨਮ ਦਿੱਤਾ। ਘਰ ਵਿਚ ਇਕ ਨਵੀਂ ਰੋਸ਼ਨੀ ਚਮਕਣ ਲੱਗੀ। ਇਸ ਲਈ ਬੱਚੇ ਦਾ ਨਾਮ ਜਗਦੀਪਕ ਸਿੰਘ ਰੱਖਿਆ ਗਿਆ। ਬਿਕਰਮ ਸਿੰਘ ਕਹਿੰਦਾ, ” ਇਹ ਮੇਰੇ ਘਰ ਦਾ ਚਿਰਾਗ ਹੈ। ਹੁਣ ਘਰ ਵਿਚ ਹਨੇਰਾ ਨਹੀਂ ਰਹੇਗਾ। ਘਰ ਵਿਚ ਹੀ ਨਹੀਂ ਸਗੋਂ ਜਗਦੀਪਕ ਤਾਂ ਸਾਰੇ ਜੱਗ ਵਿਚ ਹੀ ਰੋਸ਼ਨੀ ਕਰੇਗਾ।”

ਸਮੇਂ ਦੇ ਨਾਲ ਜਗਦੀਪਕ ਵੱਡਾ ਹੋਣ ਲੱਗਾ। ਬ੍ਰਿ. ਬਿਕਰਮ ਸਿੰਘ ਹਰ ਸਮੇਂ ਆਪਣੇ ਪੋਤੇ ਨੂੰ ਖਿਡਾਉਂਦਾ ਰਹਿੰਦਾ। ਉਸਦੀ ਇਕ ਇਕ ਮੁਸਕਰਾਹਟ ਤੋਂ ਵਾਰਿਆ ਜਾਂਦਾ। ਕਹਿੰਦੇ ਹਨ ਗੁੰਗੇ ਦੀਆਂ ਰਮਜ਼ਾਂ ਗੁੰਗੇ ਦੀ ਮਾਂ ਹੀ ਸਮਝ ਸਕਦੀ ਹੈ ਪਰ ਜਗਦੀਪਕ ਦੀਆਂ ਜਰੂਰਤਾਂ ਨੂੰ ਉਸਦਾ ਦਾਦਾ ਉਸਦੀ ਮਾਂ ਨਾਲੋਂ ਵੀ ਚੰਗੀ ਤਰ੍ਹਾਂ ਸਮਝਦਾ ਸੀ। ਉਸਦੀ ਮਾਂ ਮਨਜੀਤ ਤਾਂ ਸਾਰਾ ਦਿਨ ਕਾਲਜ ਡਿਉਟੀ ਤੇ ਚਲੇ ਜਾਂਦੀ ਸੀ। ਪਿੱਛੋਂ ਬਿਕਰਮ ਸਿੰਘ ਜਗਦੀਪਕ ਦਾ ਪੂਰਾ ਖਿਆਲ ਰੱਖਦਾ। ਕਈ ਵਾਰੀ ਤਾਂ ਜਗਦੀਪਕ ਵਿਚੇ ਪੌਟੀ ਕਰ ਦਿੰਦਾ ਤਾਂ ਦਾਦਾ ਉਹ ਵੀ ਆਪ ਧੋ ਦਿੰਦਾ।

**

ਜਗਦੀਪਕ ਹੁਣ ਦਸਵੀਂ ਵਿਚ ਪੜ੍ਹਦਾ ਸੀ ਪਰ ਉਹ ਪਿਉ ਦਾਦੇ ਦੀ ਤਰ੍ਹਾਂ ਪੜ੍ਹਾਈ ਵਿਚ ਜਿਆਦਾ ਹੁਸ਼ਿਆਰ ਨਹੀਂ ਸੀ। ਜਿਆਦਾ ਲਾਡ ਪਿਆਰ ਨੇ ਉਸਨੂੰ ਵਿਗਾੜ ਦਿੱਤਾ। ਉਸਦੀ ਸੁਹਬਤ ਵੀ ਚੰਗੇ ਮੁੰਡਿਆਂ ਨਾਲ ਨਹੀਂ ਸੀ। ਇਕ ਦਿਨ ਉਸਨੇ ਦੋਸਤਾਂ ਦੀ ਚੁੱਕ ਵਿਚ ਆ ਕੇ ਕੇਸ ਕਟਾ ਦਿੱਤੇ। ਉਸਦੇ ਕੁਝ ਦੋਸਤਾਂ ਨੇ ਉਸਨੂੰ ਰੋਕਿਆ ਵੀ ਪਰ ਉਸਨੇ ਉਨ੍ਹਾਂ  ਨੂੰ ਜੁਆਬ ਦਿੱਤਾ, “ਘਰ ਦੇ ਮੇਰਾ ਕੀ ਕਰ ਲੈਣਗੇ? ਦੋ ਚਾਰ ਦਿਨ ਬੋਲ ਕੇ ਆਪੇ ਚੁੱਪ ਹੋ ਜਾਣਗੇ। ਮੈਂ ਉਨ੍ਹਾਂ ਦਾ ਇਕੋ ਇਕ ਪੁੱਤਰ ਹਾਂ। ਮੈਨੂੰ ਘਰੋਂ ਤਾਂ ਕੱਢਣੋ ਰਹੇ।”

ਉਹ ਹੀ ਗੱਲ ਹੋਈ। ਜਗਦੀਪਕ ਨੂੰ ਕੇਸਾਂ ਤੋਂ ਬਿਨਾਂ ਦੇਖ ਕੇ ਘਰ ਵਿਚ ਕਲੇਸ਼ ਪੈ ਗਿਆ। ਬਿਕਰਮ ਸਿੰਘ ਨੇ ਕਿਹਾ, “ਮੈਂ ਸੋਚਦਾ ਸੀ ਤੂੰ ਮੇਰੇ ਨਾਮ ਨੂੰ ਰੌਸ਼ਨ ਕਰੇਂਗਾ ਪਰ ਤੂੰ ਅੱਜ ਮੇਰੀ ਪੱਗ ਨੂੰ ਮਿੱਟੀ ਵਿਚ ਰੋਲ ਆਇਆ ਹੈਂ। ਸਿੱਖਾਂ ਨੇ ਕੇਸਾਂ ਖਾਤਰ ਆਪਣੇ ਸਿਰ ਕਟਾ ਦਿੱਤੇ ਪਰ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ। ਤੂੰ ਆਪਣੇ ਹੱਥੀਂ ਆਪਣੀ ਪੱਤ ਲੁਟਾ ਆਇਆ ਹੈਂ। ਜਾ ਨਿੱਕਲ ਜਾ ਇਸ ਘਰ ਵਿੱਚੋਂ।”

ਜਗਦੀਪਕ ਦੀ ਮਾਂ ਮਨਜੀਤ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਪਰ ਉਹ ਆਪਣੇ ਇਕੋ ਇਕ ਪੁੱਤਰ ਨੂੰ ਆਪਣੇ ਤੋਂ ਜੁਦਾ ਨਹੀਂ ਸੀ ਕਰਨਾ ਚਾਹੰਦੀ ਕਿਉਂਕਿ ਜਗਦੀਪਕ ਬਿਕਰਮ ਸਿੰਘ ਅਤੇ ਮਨਜੀਤ ਵਿਚ ਪੁਲ ਦਾ ਕੰਮ ਕਰਦਾ ਸੀ। ਸੋ ਉਸਨੇ ਬਿਕਰਮ ਸਿੰਘ ਨੂੰ ਮਿਨਤ ਤਰਲਾ ਕਰਕੇ ਕੁਝ ਦਿਨ ਲਈ ਠੰਢਾ ਕੀਤਾ।

ਇਸ ਤਰ੍ਹਾਂ ਜਗਦੀਪਕ ਦੀ ਘਰ ਵਿਚ ਚੜ੍ਹ ਮਚ ਗਈ। ਉਹ ਜੋ ਜੀਅ ਆਉਂਦਾ ਕਰਦਾ। ਉਸਨੂੰ ਕਿਸੇ ਦਾ ਡਰ ਨਾ ਰਿਹਾ। ਉਸਨੇ ਆਪਣਾ ਨਾਮ ਵੀ ਛੋਟਾ ਕਰਕੇ ਦੀਪਕ ਰੱਖ ਲਿਆ। ਉਸਦੀ ਪਿਉ ਦਾਦੇ ਦੀ ਤਰ੍ਹਾਂ ਫੌਜ ਦੀ ਨੌਕਰੀ ਵਿਚ ਵੀ ਕੋਈ ਦਿਲਚਸਪੀ ਨਹੀਂ ਸੀ। ਉਹ ਕਹਿੰਦਾ, “ਫੌਜ ਦੀ ਨੌਕਰੀ ਵੀ ਕੋਈ ਨੌਕਰੀ ਹੈ। ਐਵੇਂ ਭੰਗ ਦੇ ਭਾੜੇ ਆਪਣੀ ਜਾਣ ਗਵਾਉ। ਕੀ ਮਿਲਿਆ ਪਾਪਾ ਨੂੰ ਫੌਜ ਦੀ ਨੌਕਰੀ ਵਿੱਚੋਂ? … ਮੌਤ? ਉਨ੍ਹਾਂ ਦੇ ਜਾਣ ਤੋਂ ਬਾਅਦ ਤਾਂ ਅਸੀਂ ਸਾਰੇ ਜਿੰਦਾ ਜੀਅ ਹੀ ਮਰ ਗਏ। ਸਰਕਾਰ ਨੇ ਪਾਪਾ ਦੀ ਮੌਤ ਦਾ ਕੀ ਮੁੱਲ ਪਾਇਆ? ਬੱਸ ਇਕ ਮੈਡਲ। ਸਾਡੀ ਕਦੀ ਕਿਸੇ ਨੇ ਬਾਤ ਨਾ ਪੁੱਛੀ। ਸਰਕਾਰ ਨੇ ਕਦੀ ਦੇਖਿਆ ਕਿ ਸ਼ਹੀਦਾਂ ਦੇ ਪਰਿਵਾਰ ਪਿੱਛੋਂ ਕਿਸ ਹਾਲਤ ਵਿਚ ਜਿਉਂਦੇ ਹਨ? ਮੈਨੂੰ ਤਾਂ ਪਾਪਾ ਦਾ ਮੂੰਹ ਵੀ ਦੇਖਣਾ ਨਸੀਬ ਨਾ ਹੋਇਆ। … ਮੈਂ ਤਾਂ ਆਪਣਾ ਕੈਰੀਅਰ ਫਿਲਮ ਲਾਈਨ ਤੋਂ ਸ਼ੁਰੂ ਕਰਾਂਗਾ, ਜਿੱਥੇ ਪੈਸਾ ਹੈ, ਸ਼ੌਹਰਤ ਹੈ। ਸਭ ਕੁਝ ਹੈ।”

ਦੀਪਕ ਦੀਆਂ ਇਨ੍ਹਾਂ ਹਰਕਤਾਂ ਨਾਲ ਘਰ ਵਿਚ ਤਨਾਅ ਵਧਦਾ ਗਿਆ। ਉਸਦੇ ਪੁੱਠੇ ਚਾਲੇ ਦੇਖਕੇ ਬਿਕਰਮ ਸਿੰਘ ਅਤੇ ਮਨਜੀਤ ਅੰਦਰੋਂ ਅੰਦਰ ਬੁੱਕ ਬੁੱਕ ਰੋਂਦੇ ਪਰ ਉਹ ਕੁਝ ਕਰ ਨਹੀਂ ਸਨ ਸਕਦੇ। ਇਸਦਾ ਨਤੀਜਾ ਇਹ ਹੋਇਆ ਕਿ ਇਕ ਦਿਨ ਦੀਪਕ ਮਾਂ ਦੇ ਗਹਿਣੇ ਚੋਰੀ ਕਰਕੇ ਬੰਬਈ ਐਕਟਰ ਬਣਨ ਚਲਾ ਗਿਆ। ਘਰ ਦੇ ਸਾਰੇ ਰੋ ਧੋ ਕੇ ਸ਼ਾਂਤ ਹੋ ਗਏ ਪਰ ਇਹ ਸ਼ਾਂਤੀ ਕਿਸੇ ਆਉਣ ਵਾਲੇ ਤੁਫਾਨ ਦੇ ਖਤਰੇ ਦੀ ਸੂਚਕ ਸੀ। ਹੁਣ ਬਿਕਰਮ ਸਿੰਘ ਆਪਣਾ ਸਾਰਾ ਧਿਆਨ ਮਨਜੀਤ ਅਤੇ ਭਾਗਭਰੀ ਦੀ ਸੇਵਾ ਵਿਚ ਲਾਉਂਦਾ। ਮਨਜੀਤ ਨੂੰ ਉਹ ਆਪਣੀ ਬੇਟੀ ਦੀ ਤਰ੍ਹਾਂ ਹੌਸਲਾ ਦਿੰਦਾ ਪਰ ਅੰਦਰੋਂ ਉਹ ਆਪ ਟੁੱਟ ਚੁੱਕਾ ਸੀ।

ਉੱਧਰ ਬੰਬਈ ਵਿਚ ਦੀਪਕ ਦੇ ਪੈਰ ਨਾ ਲੱਗੇ। ਗਹਿਣੇ ਵੇਚ ਕੇ ਜੋ ਪੈਸੇ ਮਿਲੇ ਉਹ ਵੀ ਕੁਝ ਦਿਨਾਂ ਵਿਚ ਹੀ ਖਾਧੇ ਪੀਤੇ ਗਏ। ਹੁਣ ਦੀਪਕ ਨੂੰ ਨਸ਼ਿਆਂ ਦੀ ਵੀ ਆਦਤ ਪੈ ਗਈ। ਪੈਸੇ ਲਈ ਉਸਨੂੰ ਫਿਰ ਮਾਂ ਦੀ ਯਾਦ ਆਈ। ਕੁਝ ਦਿਨਾਂ ਵਿਚ ਹੀ ਉਹ ਫਿਰ ਚੰਡੀਗੜ੍ਹ ਆ ਧਮਕਿਆ। ਉਸਤੇ ਹਾਲੀ ਵੀ ਫਿਲਮ ਲਾਈਨ ਦਾ ਭੂਤ ਸਵਾਰ ਸੀ। ਮਾਂ ਨੂੰ ਵੀ ਸਬਜ ਬਾਗ ਦਿਖਾਉਣ ਲੱਗਾ। ਆਖਰ ਮਜਬੂਰ ਹੋ ਕਿ ਮਾਂ ਨੇ ਉਸਨੂੰ ਪੰਜਾਹ ਹਜ਼ਾਰ ਰੁਪਏ ਫੜਾ ਦਿੱਤੇ, ਜਿਨ੍ਹਾਂ ਨੂੰ ਲੈ ਕੇ ਉਹ ਫਿਰ ਬੰਬਈ ਰਵਾਨਾ ਹੋ ਗਿਆ।

ਬੰਬਈ ਜਾ ਕੇ ਉਸਨੂੰ ਹੀਰੋ ਦਾ ਰੋਲ ਤਾਂ ਕੀ ਮਿਲਨਾ ਸੀ, ਐਕਸਟਰਾ ਦੇ ਰੋਲ ਨੂੰ ਵੀ ਕਿਸੇ ਨੇ ਉਸਨੂੰ ਚਾਂਸ ਨਾ ਦਿੱਤਾ। ਹੁਣ ਉੇਹ ਦੋਸਤਾਂ ਨਾਲ ਮਿਲਕੇ ਆਪਣੀ ਫਿਲਮ ਬਣਾਉਣ ਦੀ ਸੋਚਣ ਲੱਗਾ ਪਰ ਇਸ ਲਈ ਉਸਨੂੰ ਫਿਰ ਘਰ ਦਾ ਰਸਤਾ ਹੀ ਨਜ਼ਰ ਆਇਆ।

ਚੰਡੀਗੜ੍ਹ ਆ ਕੇ ਉਹ ਦਾਦੇ ਨਾਲ ਲੜਨ ਲੱਗਾ। ਅਖੇ ਮੈਨੂੰ ਮੇਰਾ ਹਿੱਸਾ ਦੇ ਕੇ ਅਲੱਗ ਕਰ ਦਿਉ। ਬਿਕਰਮ ਸਿੰਘ ਨੇ ਦੀਪਕ ਨੂੰ ਸਾਫ ਕਹਿ ਦਿੱਤਾ, “ਜਿੰਨੀ ਦੇਰ ਤੂੰ ਆਪਣੀਆਂ ਆਦਤਾਂ ਨਹੀਂ ਸੁਧਾਰਦਾ, ਤੈਨੂੰ ਜਾਇਦਾਦ ਵਿੱਚੋਂ ਇਕ ਪੈਸਾ ਵੀ ਨਹੀਂ ਮਿਲੇਗਾ। ਇਹ ਸਾਰੀ ਜਾਇਦਾਦ ਮੇਰੇ ਅਤੇ ਤੇਰੀ ਦਾਦੀ ਦੇ ਪਿੱਛੋਂ ਪਹਿਲਾਂ ਤੇਰੀ ਮੰਮੀ ਦੀ ਹੈ। ਉਸ ਤੋਂ ਬਾਅਦ ਤੇਰਾ ਹੱਕ ਬਣਦਾ ਹੈ। ਮੈਂ ਕੱਲ੍ਹ ਹੀ ਪਿੰਡ ਵਾਲੀ ਬਾਕੀ ਜਮੀਨ ਵੇਚਕੇ ਸਾਰਾ ਪੈਸਾ ਤੇਰੀ ਮੰਮੀ ਦੇ ਨਾਮ ਕਰਾ ਦਿਆਂਗਾ।”

ਦੀਪਕ ਨੇ ਪੈਸੇ ਲੈ ਕੇ ਜਾਣ ਲਈ ਆਪਣੇ ਘਰ ਹੀ ਧਰਨਾ ਲਾ ਦਿੱਤਾ। ਉੱਧਰ ਬਿਕਰਮ ਨੇ 20 ਲੱਖ ਰੁਪਏ ਵਿਚ ਜਮੀਨ ਦਾ ਕਿਸੇ ਕੋਲੋਂ ਬਿਆਨਾ ਫੜ ਲਿਆ। ਪੇਮੈਂਟ ਅਗਲੇ ਮਹੀਨੇ ਦਸੰਬਰ ਦੀ 15 ਤਰੀਕ ਨੂੰ ਹੋਣੀ ਸੀ। ਦੀਪਕ ਬੁੜ ਬੁੜ ਕਰਦਾ ਵਾਪਸ ਬੰਬਈ ਲਈ ਰਵਾਨਾ ਹੋ ਗਿਆ ਅਤੇ ਜਾਣ ਲੱਗਾ ਧਮਕੀ ਵੀ ਦੇ ਗਿਆ, “ਮੈਨੂੰ ਆਪਣਾ ਹੱਕ ਲੈਣਾ ਆਉਂਦਾ ਹੈ। ਜੇ ਘਿਉ ਸਿੱਧੀ ਉਂਗਲੀ ਨਾਲ ਨਹੀਂ ਨਿੱਕਲਦਾ ਤਾਂ ਮੈਨੂੰ ਉਂਗਲੀ ਟੇਢੀ ਵੀ ਕਰਨੀ ਆਉਂਦੀ ਹੈ। ਤੁਸੀਂ ਮੈਨੂੰ ਐਵੇਂ ਨਾ ਸਮਝਣਾ।”

ਉੱਥੇ ਜਾ ਕੇ ਦੀਪਕ ਨੇ ਆਪਣੇ ਦੋਸਤ ਮਨੋਹਰ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਦੋਵੇਂ ਟੈਕਸੀ ਕਰਕੇ 14 ਦਸੰਬਰ ਨੂੰ ਚੰਡੀਗੜ੍ਹ ਆ ਗਏ। 14 ਤਰੀਕ ਸਾਰਾ ਦਿਨ ਉਹ ਘਰ ਦੀ ਨਿਗਰਾਨੀ ਕਰਦੇ ਰਹੇ। ਜਦ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਬਿਕਰਮ ਸਿੰਘ ਜਮੀਨ ਦੇ 20 ਲੱਖ ਰੁਪਏ ਲੈ ਕੇ ਘਰ ਆ ਗਿਆ ਹੈ ਤਾਂ ਉਨਾਂ ਨੇ 15 ਤਰੀਕ ਦੀ ਰਾਤ 12-30 ਵਜੇ ਕੋਠੀ ਦੀ ਚਾਰ ਦੀਵਾਰੀ ਟੱਪ ਕੇ ਮਨਜੀਤ ਦੇ ਕਮਰੇ ਦੀ ਖਿੜਕੀ ਦੀ ਗਰਿੱਲ ਕੱਟ ਦਿੱਤੀ। ਪਹਿਲਾਂ ਮਨੋਹਰ ਖਿੜਕੀ ਵਿੱਚੋਂ ਅੰਦਰ ਦਾਖਿਲ ਹੋਇਆ। ਉਸਦੀ ਆਹਟ ਨਾਲ ਮਨਜੀਤ ਦੀ ਅੱਖ ਖੁੱਲ੍ਹ ਗਈ। ਉਹ ਜੋਰ ਦੀ ਚੀਕਣ ਲੱਗੀ ਪਰ ਮਨੋਹਰ ਨੇ ਫੁਰਤੀ ਨਾਲ ਉਸਦੇ ਮੂੰਹ ਉੱਤੇ ਹੱਥ ਰੱਖ ਦਿੱਤਾ, ਨਾਲ ਹੀ ਛੁਰਾ ਉਸਦੇ ਪੇਟ ਵਿਚ ਖੋਭ ਦਿੱਤਾ। ਇਸਦੇ ਬਾਵਜੂਦ ਮਨਜੀਤ ਨੇ ਮਨੋਹਰ ਦੀ ਛੁਰੇ ਵਾਲੀ ਬਾਂਹ ਨੂੰ ਫੜ ਲਿਆ। ਇੰਨੇ ਵਿਚ ਦੀਪਕ ਵੀ ਖਿੜਕੀ ਰਾਹੀਂ ਅੰਦਰ ਦਾਖਲ ਹੋ ਗਿਆ। ਉਸਨੇ ਮਨਜੀਤ ਦੀਆਂ ਦੋਵਾਂ ਬਾਹਾਂ ਨੂੰ ਕੱਸ ਕੇ ਫੜ ਲਿਆ ਅਤੇ ਮਨੋਹਰ ਨੂੰ ਕਿਹਾ, “ਇਸ ਨੇ ਇਸ ਤਰ੍ਹਾਂ ਨਹੀਂ ਮਰਨਾ … ਇਸਦੀ ਸ਼ਾਹ ਰਗ ਹੀ ਵੱਢ ਦੇ … ਫੇਰ ਇਹ ਮਰੇਗੀ। ਮਨੋਹਰ ਨੇ ਛੁਰਾ ਪੇਟ ਵਿੱਚੋਂ ਖਿੱਚ ਕੇ ਮਨਜੀਤ ਦੀ ਗਿੱਚੀ ਵਿਚ ਘੁਸੇੜ ਦਿੱਤਾ।

ਕਹਿੰਦੇ ਹਨ ਬੰਦਾ ਦੁਸ਼ਮਣ ਨਾਲ ਲੜ ਸਕਦਾ ਹੈ ਪਰ ਆਪਣਿਆਂ ਨਾਲ ਲੜਨਾ ਬਹੁਤ ਮੁਸ਼ਕਲ ਹੁੰਦਾ ਹੈ। ਬਿਕਰਮ ਸਿੰਘ ਨੇ ਜਦ ਮਨਜੀਤ ਦੇ ਕਮਰੇ ਵਿਚ ਰੌਲੇ ਦੀ ਅਵਾਜ ਸੁਣੀ ਤਾਂ ਉਹ ਆਪਣੀ ਦੋਨਾਲੀ ਬੰਦੂਕ ਲੈ ਕੇ ਮਨਜੀਤ ਦੇ ਕਮਰੇ ਵਿਚ ਭੱਜਾ ਆਇਆ। ਸਾਹਮਣੇ ਦਾ ਦ੍ਰਿਸ਼ ਦੇਖਕੇ ਉਸਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਸਦੇ ਮੁੰਹੋਂ ਇੰਨਾ ਹੀ ਨਿਕਲਿਆ, “ਦੀਪਕ ਤੂੰ?” ਉਸਦੀ ਬੰਦੂਕ ਆਪਣੇ ਆਪ ਨੀਵੀਂ ਹੋ ਗਈ। ਉਹ ਕੱਟੇ ਹੋਏ ਬਿਰਛ ਦੀ ਤਰ੍ਹਾਂ ਜਮੀਨ ਤੇ ਡਿੱਗ ਪਿਆ। ਡਿੱਗਦਿਆਂ ਸਾਰ ਉਸਦੇ ਪ੍ਰਾਣ ਪੰਖੇਰੂ ਉੱਡ ਗਏ। ਉੱਧਰ ਮਨਜੀਤ ਵੀ ਦਮ ਤੋੜ ਚੱਕੀ ਸੀ।

ਮਨੋਹਰ ਤੇ ਦੀਪਕ ਨੇ ਅਰਾਮ ਨਾਲ ਚਾਬੀ ਲਾ ਕੇ ਸਟੀਲ ਦੀ ਅਲਮਾਰੀ ਖੋਲ੍ਹੀ। ਵੀਹ ਲੱਖ ਰੁਪਇਆ ਬੈਗ ਵਿਚ ਪਾਇਆ ਅਤੇ ਜਿਸ ਰਸਤਿਉਂ ਆਏ ਸਨ ਉਸੇ ਰਸਤੇ ਵਾਪਸ ਹੋ ਗਏ। ਆਸ ਪਾਸ ਦੀਆਂ ਕੋਠੀਆਂ ਦੇ ਸਭ ਲੋਕ ਬੇਖਬਰ ਆਪਣੇ ਆਪਣੇ ਬਿਸਤਰਿਆਂ ਵਿਚ ਘੂਕ ਸੁੱਤੇ ਪਏ ਸਨ। ਹਾਂ, ਆਪਣੇ ਕਮਰੇ ਵਿਚ ਭਾਗਭਰੀ ਨੂੰ ਰੌਲ਼ਾ ਜਿਹਾ ਸੁਣ ਰਿਹਾ ਸੀ ਪਰ ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ। ਨਾ ਉਹ ਕੁਝ ਬੋਲ ਸਕਦੀ ਸੀ ਨਾ ਹੀ ਉੱਠ ਕੇ ਆਪਣੇ ਆਪ ਨਾਲ ਦੇ ਕਮਰੇ ਵਿਚ ਜਾ ਸਕਦੀ ਸੀ। ਉਹ ਆਪਣੇ ਬਿਸਤਰੇ ਤੇ ਪਈ ਅੰਦਰ ਹੀ ਅੰਦਰ ਤੜਫਦੀ ਰਹੀ।

ਸਵੇਰੇ ਜਦ ਘਰ ਦੀ ਨੌਕਰਾਣੀ ਬਸੰਤੀ ਆਈ ਤਾਂ ਉਸਨੇ ਦੇਖਿਆ ਅਖਬਾਰ ਅਤੇ ਦੁੱਧ ਦੇ ਪੈਕਟ ਦਰਵਾਜੇ ਦੇ ਬਾਹਰ ਹੀ ਪਏ ਸਨ। ਬੈੱਲ ਦੇਣ ਤੇ ਦਰਵਾਜਾ ਕੋਈ ਨਹੀਂ ਸੀ ਖੋਲ੍ਹ ਰਿਹਾ। ਉਸਨੇ ਸਾਰੀ ਗੱਲ ਜਾ ਕੇ ਨਾਲ ਦੀ ਕੋਠੀ ਵਾਲਿਆਂ ਨੂੰ ਦੱਸੀ ਜਿਨ੍ਹਾਂ ਹੋਰ ਲੋਕਾਂ ਨੂੰ ਇਕੱਠਾ ਕਰਕੇ ਪੁਲਿਸ ਨੂੰ ਬੁਲਾ ਲਿਆ। ਪੁਲਿਸ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਈ। ਅੰਦਰ ਦਾ ਦ੍ਰਿਸ਼ ਰੌਂਗਟੇ ਖੜ੍ਹੇ ਕਰਨ ਵਾਲਾ ਸੀ। ਬ੍ਰਿ. ਬਿਕਰਮ ਸਿੰਘ ਦੀ ਲਾਸ਼ ਇਕ ਪਾਸੇ ਪਈ ਸੀ। ਉਸਦੇ ਹੱਥਾਂ ਵਿਚ ਬੰਦੂਕ ਸੀ। ਅੱਖਾਂ ਹੈਰਾਨੀ ਨਾਲ ਖੁੱਲ੍ਹੀਆਂ ਪਈਆਂ ਸਨ। ਦੂਜੇ ਪਾਸੇ ਮਨਜੀਤ ਦੀ ਲਾਸ਼ ਖੂਨ ਵਿਚ ਡੁੱਬੀ ਪਈ ਸੀ। ਉਸਦੀ ਗਰਦਨ ਵਿਚ ਹਾਲੀ ਵੀ ਛੁਰਾ ਖੁੱਭਿਆ ਪਿਆ ਸੀ। ਸੇਫ ਖੁੱਲ੍ਹੀ ਅਤੇ ਖਿੜਕੀ ਦੀ ਗ੍ਰਿਲ ਟੁੱਟੀ ਪਈ ਸੀ। ਪੁਲਿਸ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਲੁੱਟ ਖਸੁੱਟ ਅਤੇ ਖੂਨ ਦਾ ਮਾਮਲਾ ਸੀ।

ਅਖਬਾਰਾਂ ਵਿਚ ਇਸ ਅੰਨ੍ਹੇ ਕਤਲ ਦੇ ਖੂਬ ਚਰਚੇ ਹੋਏ। ਬ੍ਰਿ. ਬਿਕਰਮ ਸਿੰਘ ਦੇ ਪੋਤੇ ਦੀਪਕ ਨੂੰ ਵੀ ਖਬਰ ਦਿੱਤੀ ਗਈ ਪਰ ਉਹ ਤਿੰਨ ਦਿਨ ਤਕ ਵੀ ਚੰਡੀਗੜ੍ਹ ਨਾ ਪਹੁੰਚਿਆ। ਅੰਤ ਪੁਲਿਸ ਪੈੜ ਨੱਪਦੀ ਹੋਈ ਦੀਪਕ ਦੇ ਪਤੇ ’ਤੇ ਬੰਬਈ ਪਹੁੰਚ ਗਈ। ਦੀਪਕ ਅਤੇ ਮਨੋਹਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥੋੜ੍ਹੀ ਸਖਤੀ ਕਰਨ ਤੇ ਉਨ੍ਹਾਂ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਸਾਰੀ ਕਹਾਣੀ ਦੱਸ ਦਿੱਤੀ। ਇਕ ਥਾਣੇਦਾਰ ਭਾਗਭਰੀ ਦੇ ਬਿਆਨ ਲੈਣ ਘਰ ਵੀ ਆਇਆ ਪਰ ਉਸਦੀ ਹਾਂ ਹੂੰ ਤੋਂ ਥਾਣੇਦਾਰ ਦੇ ਪੱਲੇ ਕੁਝ ਵੀ ਨਾ ਪਿਆ। ਹਾਂ, ਹੁਣ ਭਾਗਭਰੀ ਇਸ ਸਭ ਤੋਂ ਸਾਰੀ ਕਹਾਣੀ ਸਮਝ ਗਈ ਸੀ। ਉਸਨੂੰ ਪਤਾ ਲੱਗ ਗਿਆ ਸੀ ਕਿ ਉਸਦਾ ਸਾਰਾ ਖਾਨਦਾਨ ਬਰਬਾਦ ਹੋ ਚੁੱਕਾ ਸੀ। ਉਹ ਇਕੱਲੀ ਹੀ ਦੁੱਖ ਭੋਗਣ ਲਈ ਇਸ ਦੁਨੀਆਂ ਤੇ ਬਚੀ ਸੀ।

ਦੀਪਕ ਅਤੇ ਮਨੋਹਰ ਤੇ ਕਤਲ ਦਾ ਮੁਕਦਮਾ ਚਲਿਆ। ਉੱਧਰ ਭਾਗਭਰੀ ਦੀ ਨੌਕਰਾਣੀ ਉਸਦੀ ਸੇਵਾ ਕਰਦੀ ਸੀ। ਭਾਗਭਰੀ ਨੂੰ ਕਦੀ ਕਦੀ ਮੁਕਦਮੇ ਦੀ ਖਬਰ ਵੀ ਦੱਸਦੀ ਰਹਿੰਦੀ ਸੀ।

ਅੱਜ ਫੈਸਲੇ ਦੀ ਤਰੀਕ ਸੀ। ਦੀਪਕ ਅਤੇ ਮਨੋਹਰ ਮੁਜਰਮਾਂ ਦੇ ਕਟਹਿਰੇ ਵਿਚ ਖੜ੍ਹੇ ਸਨ। ਉਨ੍ਹਾਂ ਦੀਆਂ ਅੱਖਾਂ ਕਿਸੇ ਆਪਣੇ ਦੀ ਹਮਦਰਦੀ ਲਈ ਤਰਸ ਰਹੀਆਂ ਸਨ। ਅੰਤ ਜੱਜ ਨੇ ਦੀਪਕ ਅਤੇ ਮਨੋਹਰ ਨੂੰ ਵਹਿਸ਼ੀਆਨਾ ਕਤਲ ਲਈ ਫਾਂਸੀ ਦੀ ਸਜਾ ਸੁਣਾਈ।

ਭਾਗਭਰੀ ਦੇ ਭਾਗ ਉਸ ਸਮੇਂ ਫੁੱਟ ਗਏ ਜਦ ਉਸਦੇ ਕੰਨਾਂ ਵਿਚ ਉਸਦੀ ਨੌਕਰਾਣੀ ਦੀ ਅਵਾਜ ਪਈ, “ਬੀਬੀ ਜੀ, ਦੀਪਕ ਔਰ ਉਸਕੇ ਸਾਥੀ ਮਨੋਹਰ ਕੋ ਫਾਂਸੀ ਕੀ ਸਜਾ ਹੋ ਗਈ।”

ਭਾਗਭਰੀ ਦੀਆਂ ਖੁੱਲ੍ਹੀਆਂ ਹੋਈਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ, ਜਿਵੇਂ ਉਹ ਕੰਨਾਂ ਨਾਲ ਨਹੀਂ, ਅੱਖਾਂ ਨਾਲ ਸੁਣ ਰਹੀ ਹੋਵੇ। ਉਸਦੇ ਬੁੱਲ੍ਹ ਫੜਫੜਾਏ ਪਰ ਮੁੰਹ ਵਿੱਚੋਂ ਕੋਈ ਅਵਾਜ ਨਾ ਨਿਕਲੀ। ਉਹ ਸਿਲ ਪੱਥਰ ਹੋ ਗਈ ਸੀ। ਜਿਵੇਂ ਉਹ ਇਸ ਦੁਨੀਆਂ ਤੋਂ ਬਹੁਤ ਦੂਰ ਹੋਵੇ ਅਤੇ ਇਸ ਦੁਨੀਆਂ ਦੇ ਨਾਲ ਉਸਦਾ ਕੋਈ ਸਬੰਧ ਹੀ ਨਾ ਹੋਵੇ। ਉਹ ਬਾਹਰੋਂ ਸ਼ਾਂਤ ਸੀ ਪਰ ਉਸਦੇ ਅੰਦਰ ਇਕ ਤੁਫਾਨ ਉੱਠ ਰਿਹਾ ਸੀ। ਇਸ ਤੁਫਾਨ ਨੂੰ ਉਹ ਰੋਕ ਨਹੀਂ ਸੀ ਸਕਦੀ। ਉਹ ਨਹੀਂ ਸੀ ਜਾਣਦੀ ਕਿ ਦੀਪਕ ਦੀ ਫਾਂਸੀ ਦੀ ਖਬਰ ਨਾਲ ਉਹ ਖੁਸ਼ ਹੋਵੇ ਜਾਂ ਰੋਵੇ। ਕਹਿੰਦੇ ਹਨ ਕਿ ਘੜਾ ਪੱਥਰ ਤੇ ਵੱਜੇ ਜਾਂ ਪੱਥਰ ਘੜੇ ਤੇ ਵੱਜੇ। ਟੁਟੱਣਾ ਤਾਂ ਘੜੇ ਨੇ ਹੀ ਹੈ। ਇਹ ਹੀ ਹਾਲ ਭਾਗਭਰੀ ਦਾ ਸੀ। ਉਸਦੀ ਜਿੰਦਗੀ ਦਾ ਘੜਾ ਟੁੱਟ ਚੁੱਕਾ ਸੀ। ਹੁਣ ਉਹ ਬਿਲਕੁਲ ਹੀ ਸ਼ਾਂਤ ਹੋ ਚੁੱਕੀ ਸੀ। ਉਸਦੀ ਮੌਤ ਤੇ ਦੋ ਹੰਝੂ ਕੇਰਨ ਵਾਲਾ ਵੀ ਕੋਈ ਨਹੀਂ ਸੀ।

-ਗੁਰਸ਼ਰਨ ਸਿੰਘ ਕੁਮਾਰ