ਡੂੰਘੀਆਂ ਅੜਾਉਣੀਆਂ

ਡੂੰਘੀਆਂ ਅੜਾਉਣੀਆਂ,
ਸਮਝ ਨਾ ਆਉਣੀਆਂ,
ਕਿਸੇ ਨਾ ਸਮਝਾਉਣੀਆਂ,
ਜਦ ਤੈਨੂੰ ਪਾਉਣੀਆਂ,
ਵੇ ਕੁਦਰਤ ਬੁਝਾਰਤਾਂ|
ਸਦਾ ਨਾ ਬਹਾਰ ਰਹਿਣੀ,
ਖੁਦ ਦੀ ਨਾ ਸਾਰ ਰਹਿਣੀ,
ਆਰ ਨਾਹੀ ਪਾਰ ਰਹਿਣੀ,
ਗੱਲ ਅੱਧ ਵਿਚਕਾਰ ਰਹਿਣੀ
ਤੂੰ ਭੁੱਲ ਜਾਵੇਂਗਾ ਸ਼ਰਾਰਤਾਂ|
ਚੁਸਤੀ ਚਲਾਕਾਂ ਵਾਲੀ,
ਸਾਦਗੀ ਜਵਾਕਾਂ ਵਾਲੀ,
ਮਸਤੀ ਮਜ਼ਾਕਾਂ ਵਾਲੀ,
ਗੁੱਝੀਆਂ ਸ਼ੈਤਾਨੀਆਂ|
ਰੂਹਾਂ ਵਾਲੇ ਜ਼ੋਰ,
ਜੂਹਾਂ ਵਾਲੇ ਸ਼ੋਰ,
ਘਟਾ ਘਨਘੋਰ,
ਪੈਲਾਂ ਪਾਉਂਦੇ ਮੋਰ,
ਗੱਲ ਵਿਚੋਂ ਹੋਰ,
ਕਾਹਦੀਆਂ ਹੈਰਾਨੀਆਂ|
ਸੱਚੀ ਯਾਰੀ ਕਾਇਨਾਤ ਦੀ,
ਸ਼ਾਂਤੀ ਸੁੱਤੀ ਰਾਤ ਦੀ,
ਸੋਹਣੀ ਰੁੱਤ ਬਰਸਾਤ ਦੀ,
ਸਾਂਝ ਕਲਮ ਦਵਾਤ ਦੀ,
ਫੋਕੀ ਗੱਲ ਜਾਤ ਦੀ,
ਵੇ ਛੱਡ ਮਨਮਾਨੀਆਂ|
ਪੜ੍ਹ ਲਈਆਂ ਪੋਥੀਆਂ,
ਤੇ ਖੋਜਾਂ ਸਭ ਘੋਖੀਆਂ,
ਸੋਚਾਂ ਕਾਹਤੋਂ ਥੋਥੀਆਂ,
ਗੱਲਾਂ ਕਰੇ ਹੋਛੀਆਂ,
ਕੇਹੀਆਂ ਇਹ ਨਾਦਾਨੀਆਂ|