ਡੈਂਚਰ

ਦੀਪਾਂ ਦੇ ਵਿਆਹ ਨੂੰ ਅਜੇ ਦੋ ਮਹੀਨੇ ਵੀ ਨਹੀਂ ਹੋਏ ਹੋਣੇ ਕਿ ਉਸ ਦਾ ਹਾਥੀ ਦੰਦ ਦਾ ਚੂੜਾ ਟੁੱਟਣਾ ਸ਼ੁਰੂ ਹੋ ਗਿਆ। ਅੱਧ ਤੋਂ ਵੱਧ ਚੂੜੀਆਂ ਟੁੱਟ ਗਈਆਂ ਸਨ। ਬਾਕੀ ਰਹਿੰਦੀਆਂ ਦਾ ਕੋਈ ਭਰੋਸਾ ਨਹੀਂ ਸੀ। ਉਸਨੇ ਆਪਣੇ ਪਤੀ ਨੂੰ ਕਿਹਾ, “ਮੇਰਾ ਮਨ ਇਸ ਚੂੜੇ ਨੂੰ ਰੱਜ ਕੇ ਹੰਢਾਉਣ ਦਾ ਸੀ ਪਰ ਮੇਰੀ ਇਹ ਖਾਹਿਸ਼ ਪੂਰੀ ਨਹੀਂ ਹੁੰਦੀ ਲਗਦੀ।”

ਉਸਦੇ ਘਰ ਵਾਲਾ ਬੋਲਿਆ, “ਇਹ ਸਾਰਾ ਕੁਝ ਤੂੰ ਮੈਨੂੰ ਕਿਉਂ ਦੱਸ ਰਹੀ ਹੈਂ? ਚੂੜਾ ਤੈਨੂੰ ਮੇਰੇ ਘਰ ਵਾਲਿਆਂ ਨੇ ਤਾਂ ਨਹੀਂ ਚੜ੍ਹਾਇਆ ਸੀ। ਸਗੋਂ ਇਹ ਤਾਂ ਤੇਰੇ ਮਾਮੇ ਪ੍ਰੀਤਮ ਸਿੰਘ ਨੇ ਚੜ੍ਹਾਇਆ ਸੀ ਜਿਸ ਦਾ ਨਾਂ ਲੈਂਦੀ ਤੂੰ ਥਕਦੀ ਨਹੀਂ। … ਅਗਲੇ ਹਫਤੇ ਇਕੱਠੀਆਂ ਤਿੰਨ ਛੁੱਟੀਆਂ ਹਨ। ਅੰਮ੍ਰਿਤਸਰ ਤੀਰਥ ਯਾਤਰਾ ਵੀ ਹੋ ਜਾਵੇਗੀ ਤੇ ਤੂੰ ਆਪਣੇ ਮਾਮੇ ਨੂੰ ਰੱਜ ਕੇ ਗਿਲਾ ਵੀ ਕਰ ਲਵੀਂ।””

ਦੀਪਾਂ ਨੇ ਆਪਣੇ ਮਾਮੇ ਦੇ ਘਰ ਪਹੁੰਚ ਕੇ ਸਾਹ ਪਿੱਛੋਂ ਲਿਆ ਤੇ ਹਾਥੀ ਦੰਦ ਦੇ ਚੂੜੇ ਦਾ ਕਿੱਸਾ ਪਹਿਲਾਂ ਛੇੜ ਦਿੱਤਾ। ਉਸ ਆਖਿਆ, “ਮਾਮਾ ਤੇਰੀਆਂ ਕਿੰਨੀਆਂ ਭਾਣਜੀਆਂ ਹਨ ਚੂੜਾ ਲੈਣ ਵਾਲੀਆਂ? ਇੱਕੋ ਇੱਕ ਮੈਂ ਹੀ ਤਾਂ ਤੇਰੀ ਭਾਣਜੀ ਹਾਂ ਜੀਹਨੇ ਚੂੜਾ ਲੈਣਾ ਸੀ, ਤੂੰ ਉਸ ਨੂੰ ਵੀ ਅਸਲੀ ਹਾਥੀ ਦੰਦ ਦਾ ਚੂੜਾ ਨਾ ਲੈ ਕੇ ਦੇ ਸਕਿਉਂ। ਆਹ ਲੈ ਟੁੱਟੀਆਂ ਚੂੜੀਆਂ ਤੇ ਬਾਕੀ ਰਹਿੰਦੀਆਂ ਵੀ ਟੁੱਟਣ ਨੂੰ ਫਿਰਦੀਆਂ ਹਨ। ਸਸਤਾ ਜਿਹਾ ਪਲਾਸਟਿਕ ਦਾ ਚੂੜਾ ਤੂੰ ਮੇਰੇ ਮੱਥੇ ਮੜ੍ਹ ਦਿੱਤਾ, ਆਹ ਪਿਆ ਹੈ ਤੇਰੇ ਸਾਹਮਣੇ।””

ਉਸ ਦਾ ਮਾਮਾ ਪ੍ਰੀਤਮ ਸਿੰਘ ਕਹਿਣ ਲੱਗਾ, “ਦੁਕਾਨਦਾਰ ਮੇਰਾ ਪੁਰਾਣਾ ਜਾਣਕਾਰ ਹੈ, ਅਸੀਂ ਪੂਰੇ ਤਿੰਨ ਸਾਲ ਇਕੱਠੇ ਇੱਕੋ ਕਲਾਸ ਤੇ ਸਕੂਲ ਵਿੱਚ ਪੜ੍ਹੇ ਹਾਂ। ਮੇਰੇ ਨਾਲ ਉਸ ਧੋਖਾ ਕਿਉਂ ਕੀਤਾ, ਮੈਂ ਜਦ ਮੂੰਹ ਮੰਗੇ ਪੈਸੇ ਉਸ ਨੂੰ ਦਿੱਤੇ ਸਨ? ਤੇ ਤਾਕੀਦ ਵੀ ਕੀਤੀ ਸੀ ਕਿ ਚੂੜਾ ਅਸਲੀ ਹਾਥੀ ਦੰਦ ਦਾ ਹੋਣਾ ਚਾਹੀਦਾ ਹੈ।””

 

ਰਾਤ, ਗੁੱਸੇ ਕਰਕੇ ਪ੍ਰੀਤਮ ਸਿੰਘ ਨੂੰ ਚੰਗੀ ਤਰ੍ਹਾਂ ਨੀਂਦ ਵੀ ਨਾ ਆਈ। ਸਵੇਰੇ ਉਹ ਹਾਥੀ ਦੰਦ ਦੇ ਚੂੜਿਆਂ ਦੇ ਬਾਜ਼ਾਰ ਗਿਆ ਤੇ ਉਸ ਹਰਨਾਮ ਸਿੰਘ ਨੂੰ ਕਿਹਾ, “ਨਾਮਿਆ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ। ਪੈਸੇ ਤੂੰ ਅਸਲੀ ਹਾਥੀ ਦੰਦ ਦੇ ਲੈ ਲਏ ਪਰ ਚੂੜਾ ਨਕਲੀ ਦਿੱਤਾ, ਨਿਰਾ ਪਲਾਸਟਿਕ ਹੈ। ਆਹ ਲੈ ਚੁੱਕ ਆਪਣਾ ਚੂੜਾ, ਮੇਰੀ ਭਾਣਜੀ ਨੇ ਜੋ ਮੇਰੇ ਨਾਲ ਕੀਤੀ ਰੱਬ ਹੀ ਜਾਣਦਾ ਹੈ। ਇਹ ਸਭ ਤੇਰੇ ਕਰਕੇ ਮੈਨੂੰ ਸੁਣਨਾ ਪਿਆ ਹੈ।”

ਹਰਨਾਮ ਸਿੰਘ ਅੱਗੋਂ ਕਹਿਣ ਲੱਗਾ, “ਯਾਰ ਪ੍ਰੀਤਮ ਸਿੰਘ, ਤੈਨੂੰ ਕੀ ਦੱਸਾਂ, ਦੁਕਾਨਦਾਰੀ ਦਾ ਕੰਮ ਬੜਾ ਮਾੜਾ ਹੈ। ਤੇਰੇ ਤੋਂ ਪਹਿਲਾਂ ਵੀ ਇਕ ਦੋ ਉਲਾਂਭੇ ਆ ਚੁੱਕੇ ਹਨ। ਐਤਕੀਂ ਸਾਡੇ ਨਾਲ ਵੀ ਧੋਖਾ ਹੋਇਆ ਹੈ। ਅਸੀਂ ਚਾਰ ਪੰਜ ਵਿਉਪਾਰੀ ਰਲ ਕੇ ਜੰਗਲ ਵਿਚ ਗਏ ਸੀ ਤੇ ਆਪਣੇ ਸਾਹਮਣੇ ਕਟਵਾ ਕੇ ਹਾਥੀ ਦੇ ਦੰਦ ਲਿਆਏ ਸੀ ਪਰ ਬਾਅਦ ਵਿਚ ਗੱਲ ਖੁੱਲ੍ਹੀ ਕੇ ਹਾਥੀ ਨੇ ਡੈਂਚਰ (ਨਕਲੀ ਦੰਦ) ਲਗਵਾਇਆ ਹੋਇਆ ਸੀ।”

“ਨਾਮਿਆਂ, ਤੂੰ ਫੇਰ ਠੱਗੀ ਮਾਰ ਰਿਹਾ ਹੈਂ। ਇਹ ਤੇਰਾ ਨਵਾਂ ਫਰੇਬ ਲਗਦਾ ਹੈ। ਇਹ ਤਾਂ ਮੈਂ ਸੁਣਿਆ ਸੀ ਕੇ ਹਾਥੀ ਕੇ ਦਾਂਤ ਖਾਨੇ ਕੇ ਔਰ, ਦਿਖਾਨੇ ਕੇ ਔਰ, ਪਰ ਡੈਂਚਰ ਵਾਲੀ ਗੱਲ ਵਿਚ ਕੋਈ ਤੁਕ ਨਹੀਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਤੇ ਭੁੱਲਿਆ ਤੈਨੂੰ ਵੀ ਨਹੀਂ ਹੋਣਾ, ਇਕ ਵਾਰੀ ਤੂੰ ਕਈ ਦਿਨ ਸਕੂਲ ਨਾ ਆਇਆ ਨਾਨਕੇ ਗਿਆ, ਫੇਰ ਪੰਦਰਾਂ ਦਿਨਾਂ ਪਿੱਛੋਂ ਸਕੂਲ ਆਇਆ ਤੇ ਬਾਂਹ ਤੇ ਪੱਟੀ ਬੱਧੀ ਹੋਈ ਸੀ। ਤੂੰ ਦੱਸਿਆ ਕੇ ਤੇਰੀ ਬਾਂਹ ਟੁੱਟ ਗਈ ਹੈ। ਤੇਰੇ ਤੇ ਇਤਬਾਰ ਕਰਕੇ ਸਕੂਲ ਦੇ ਹੈਡਮਾਸਟਰ ਨੇ ਬਿਨਾਂ ਕਿਸੇ ਜੁਰਮਾਨੇ ਦੇ ਤੈਨੂੰ ਦੁਬਾਰਾ ਦਾਖਲਾ ਦੇ ਦਿੱਤਾ। ਕਲਾਸ ਇੰਚਾਰਜ ਰੁਲੀਆ ਰਾਮ ਨੇ ਤੇਰੇ ਤੇ ਭਰੋਸਾ ਕਰਕੇ ਤੈਨੂੰ ਸਭ ਤੋਂ ਅਗਲੀ ਲਾਈਨ ਤੇ ਪੂਰਾ ਬੈਂਚ ਬੈਠਣ ਲਈ ਦਿੱਤਾ ਕਿ ਕਿਤੇ ਤੇਰੀ ਬਾਂਹ ਨੂੰ ਕਿਸੇ ਹੋਰ ਲੜਕੇ ਦੀ ਠੋਕਰ ਨਾ ਲੱਗ ਜਾਵੇ। …”

“ਪ੍ਰੀਤਮਿਆਂ, ਹੁਣ ਤੂੰ ਪੁਰਾਣੇ ਕਿੱਸੇ ਛੇੜ ਬੈਠਾ ਹੈਂ। ਇਨ੍ਹਾਂ ਵਿਚ ਕੀ ਪਿਆ ਹੈ।””

ਅੱਗੋਂ ਪ੍ਰੀਤਮ ਸਿੰਘ ਨੇ ਕਿਹਾ, “ਮੈਨੂੰ ਗੱਲ ਤਾਂ ਪੂਰੀ ਕਰ ਲੈਣ ਦੇ ਕਾਹਲਾ ਕਿਉਂ ਪੈਂਦਾ ਹੈਂ? … ਤੇਰੀ ਚਲਾਕੀ ਆਖਰ ਪਕੜੀ ਗਈ। ਸਾਡੀ ਹੀ ਕਲਾਸ ਦੇ ਲਾਭੇ ਨੇ ਤੈਨੂੰ ਸਕੂਲ ਦੇ ਲਾਗੇ ਪੈਂਦੇ ਪਾਰਕ ਵਿਚ ਪੱਟੀਆਂ ਬੰਨ੍ਹਦੇ ਨੂੰ ਦੇਖ ਲਿਆ, ਘਰੋਂ ਤੂੰ ਠੀਕ ਠਾਕ ਆ ਰਿਹਾ ਸੀ। ਲਾਭੇ ਨੇ ਕਲਾਸ ਵਿਚ ਰੌਲਾ ਪਾ ਦਿੱਤਾ, ਤੇਰੀ ਬੇਈਮਾਨੀ ਦਾ। ਮਾਸਟਰ ਰੁਲੀਆ ਰਾਮ ਨੂੰ ਬਹੁਤ ਕ੍ਰੋਧ ਆਇਆ। ਉਸ ਤੈਨੂੰ ਕਲਾਸ ਸਾਹਮਣੇ ਪੱਟੀ ਖੋਲ੍ਹਣ ਦਾ ਹੁਕਮ ਦਿੱਤਾ। ਤੂੰ ਪੱਟੀਆਂ ਖੋਲ੍ਹੀ ਜਾਵੇਂ ਤੇ ਨਾਲੇ ਉੱਚੀ ਉੱਚੀ ਰੋਈ ਜਾਵੇਂ। ਤੂੰ ਮਾਸਟਰ ਨੂੰ ਬੇਨਤੀ ਕੀਤੀ ਕਿ ਇਹ ਗੱਲ ਤੇਰੇ ਘਰ ਤਕ ਨਾ ਪੁਚਾਈ ਜਾਵੇ ਨਹੀਂ ਤਾਂ ਮੇਰੇ ਪਿਉ ਨੇ ਜੁੱਤੀ ਲਾਹ ਲੈਣੀ ਹੈ।””

“ਪ੍ਰੀਤਮਿਆਂ, ਹੁਣ ਤੂੰ ਬੱਸ ਵੀ ਕਰ। ਬਚਪਨ ਬਚਪਨ ਹੀ ਹੁੰਦਾ ਹੈ। ਤੇਰਾ ਵੀ ਮੈਥੋਂ ਲੁਕਿਆ ਨਹੀਂ ਪਰ ਤੂੰ ਜੇ ਕਹੇਂ ਤਾਂ ਮੈਂ ਤੇਰੇ ਤੋਂ ਹੁਣ ਵੀ ਮੁਆਫੀ ਮੰਗ ਲੈਂਦਾ ਹਾਂ, ਇੱਥੇ ਹੁਣ ਬੈਂਚ ਹੈ ਨਹੀਂ, ਨਹੀਂ ਤਾਂ ਮੈਂ ਬੈਂਚ ਤੇ ਵੀ ਖੜ੍ਹਾ ਹੋਣ ਨੂੰ ਤਿਆਰ ਹਾਂ। ਪ੍ਰੀਤਮਿਆ, ਤੂੰ ਪੜ੍ਹਿਆ, ਲਿਖਿਆ ਤੇ ਸਿਆਣਾ ਹੈਂ। ਦੇਸ਼ ਦੀ ਆਬਾਦੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਹਾਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਦਰਖਤ ਤਾਂ ਵੱਢੀ ਜਾ ਰਹੇ ਹਨ, ਜੰਗਲ ਹੁਣ ਕਿੱਥੇ ਰਹਿ ਗਏ ਹਨ ਵਿਚਾਰੇ ਹਾਥੀਆਂ ਦੇ ਘੁੰਮਣ ਫਿਰਨ ਤੇ ਲੁਕਣ ਲਈ। ਅਸਲੀ ਹਾਥੀ ਦੰਦ ਹੁਣ ਕਿੱਥੋਂ ਮਿਲਣਾ ਹੈ। ਸਾਰੀ ਮਾਰਕੀਟ ਵਿਚ ਪਲਾਸਿਟਕ ਹੀ ਪਲਾਸਟਿਕ ਹੈ। ਆਹ ਲੈ ਫੜ ਨਵਾਂ ਚੂੜਾ, ਚੰਗੀ ਕੁਆਲਟੀ ਦਾ ਹੈ। ’ਲਾਂਭਾ ਆਉਣ ਦੀ ਗੁੰਜਾਇਸ਼ ਨਹੀਂ। ਨਾਲੇ ਬੱਸ ਯਾਰ ਹੁਣ ਤੂੰ ਜਾਣ ਦੀ ਕਰ, ਮੇਰੀ ਘਰ ਵਾਲੀ ਦੇ ਆਉਣ ਦਾ ਵਕਤ ਹੋ ਚਲਿਆ ਹੈ। ਉਸ ਮੇਰੀ ਰੋਟੀ ਲੈ ਕੇ ਆਉਣਾ ਹੈ। ਯਾਰ ਤੇਰਾ ਕੀ ਪਤਾ ਤੇਰੇ ਮੂੰਹੋਂ ਕੋਈ ਅਵਾ ਤਵਾ ਨਿੱਕਲ ਗਿਆ ਤਾਂ ਉਸਨੇ ਮੈਨੂੰ ਬੈਂਚ ਤੇ ਖੜ੍ਹਾ ਕਰ ਦੇਣਾ ਹੈ। ਸਾਰਾ ਬਾਜ਼ਾਰ ਤਮਾਸ਼ਾ ਦੇਖੂ।””

“ਤੂੰ ਘਰ ਵਾਲੀ ਤੋਂ ਇੰਨਾ ਡਰਦਾ ਕਿਉਂ ਹੈ? ਯਾਰ ਨਾਮਿਆਂ ਇਕ ਗੱਲ ਤਾਂ ਦੱਸ, ਭਲਾ ਤੀਵੀਂਆਂ ਆਪਣੇ ਘਰ ਵਾਲਿਆਂ ਨੂੰ ਬੈਂਚ ਤੇ ਕਿਉਂ ਖੜ੍ਹਾ ਕਰ ਦੇਂਦੀਆਂ ਨੇ?”

ਅੱਗੋਂ ਹਰਨਾਮ ਸਿੰਘ ਨੇ ਕਿਹਾ, “ਯਾਰ ਬਹੁਤਾ ਤਾਂ ਮੈਨੂੰ ਪਤਾ ਨਹੀਂ. ਨਾਲੇ ਤੈਥੋਂ ਕਿਹੜਾ ਭੁੱਲਿਆ ਹੈ। ਮੈਂ ਪੜ੍ਹਨ ਵਿਚ ਕਿੱਡਾ ਕੁ ਲਾਇਕ ਸੀ ਪਰ ਦੁਕਾਨਦਾਰੀ ਕਰਕੇ ਤੀਵੀਂਆਂ ਨਾਲ ਵਾਹ ਪੈਂਦਾ ਰਹਿੰਦਾ ਹੈ ਖਾਸ ਕਰਕੇ ਚੂੜੇ ਵੇਚਣ ਦਾ ਧੰਦਾ ਹੀ ਅਜਿਹਾ ਹੈ। ਕਈ ਤੀਵੀਆਂ ਗੱਲਾਂ ਗੱਲਾਂ ਵਿਚ ਪਰਦੇ ਦੀਆਂ ਗੱਲਾਂ ਵੀ ਸਾਂਝੀਆਂ ਕਰ ਲੈਂਦੀਆਂ ਹਨ। ਮੇਰਾ ਤਜਰਬਾ ਕਹਿੰਦਾ ਹੈ ਇਹ ਬੈਂਚ ਮਾਤੜ ਸਾਥੀਆਂ ਦੇ ਹਿੱਸੇ ਹੀ ਆਉਂਦਾ ਹੈ।””

“ਬਹੁਤਾ ਕਰਕੇ ਤੀਵੀਂਆਂ ਦੀ ਸੱਧਰ ਹੁੰਦੀ ਹੈ ਉਹਨਾਂ ਦਾ ਘਰਵਾਲਾ ਸਾਊ ਤੇ ਬੀਬਾ ਰਾਣਾ ਜਿਹਾ ਹੋਵੇ। ਉਹਨਾਂ ਦੀ ਹਾਂ ਵਿੱਚ ਹਾਂ ਮਿਲਾਵੇ। ਖਾਧੇ ਪੀਤੇ ਬਗੈਰ ਘਰ ਪਰਤੇ। ਯਾਰ ਤੈਨੂੰ ਯਾਦ ਹੋਣਾ ਹੈ ਆਪਾਂ ਅੱਠਵੀਂ ਜਮਾਤ ਵਿੱਚ ਕਿਤੇ ਪੜ੍ਹਿਆ ਸੀ ਐਜ਼ ਜੈਂਟਲ ਐਜ਼ ਲੈਂਬ, ਕਹਿਣ ਦਾ ਭਾਵ ਲੇਲੇ ਵਰਗਾ ਸਾਊ ਹੋਵੇ, ਮੈਂ ਮੈਂ ਕਰਦਾ ਫਿਰੇ, ਹਾਂ ਵਿੱਚ ਹਾਂ ਮਿਲਾਵੇ।””

“ਪ੍ਰੀਤਮਿਆਂ, ਜੇ ਇਦਾਂ ਦਾ ਉਹਨਾਂ ਨੂੰ ਨਾ ਵੀ ਮਿਲੇ ਤਾਂ ਤੀਵੀਂਆਂ ਕਈਆਂ ਨੂੰ ਆਪ ਵੀ ਸਾਊ ਬਣਾ ਲੈਂਦੀਆਂ ਹਨ। ਤੈਨੂੰ ਪਤਾ ਹੀ ਹੋਣਾ ਹੈ ਤੀਵੀਂਆਂ ਕੋਲ ਬਹੁਤ ਸਾਰੀਆਂ ਜੁਗਤਾਂ ਹੁੰਦੀਆਂ ਹਨ। ਜੇ ਗੱਲ ਬਣਦੀ ਨਾ ਦਿਸੇ ਤਾਂ ਉਹ ਆਪਣੇ ਪਤੀਆਂ ਨੂੰ ਪੀਰਾਂ, ਫਕੀਰਾਂ, ਸੰਤਾਂ ਸਾਧੂਆਂ ਦੇ ਡੇਰਿਆਂ ਤੇ ਲੈ ਜਾਂਦੀਆਂ। ਉੱਥੇ ਉਹਨਾਂ ਨੂੰ ਸੰਤਾਂ ਸਾਧੂਆਂ ਦੇ ਚਰਨੀ ਲੁਆ ਦਿੰਦੀਆਂ। ਫੇਰ ਅਜਿਹਾ ਅਸਰ ਵੇਖਣ ਵਿੱਚ ਆਇਆ ਹੈ ਕਿ ਉਹ ਆਪ ਤਾਂ ਸੂਤ ਹੁੰਦੇ ਹੀ ਹਨ ਹੋਰਨਾਂ ਨੂੰ ਵੀ ਪ੍ਰੇਰਦੇ ਦੇਖੇ ਗਏ ਹਨ। … ਪ੍ਰੀਤਮਿਆਂ, ਯਾਰ ਇਕ ਹੋਰ ਗੱਲ ਦੇਖਣ ਵਿਚ ਆਈ ਹੈ। ਉਹ ਵੀ ਬਚ ਜਾਂਦੇ ਹਨ ਬੈਂਚ ਤੇ ਖੜ੍ਹੇ ਹੋਣ ਤੋਂ ਜਿਹੜੇ ਰਿਸ਼ਵਤ ਦੀ ਕਮਾਈ ਨਾਲ ਜੇਬਾਂ ਭਰੀਆਂ ਹੋਈਆਂ ਨਾਲ ਘਰ ਪਰਤਣ। ਉਹ ਭਾਵੇਂ ਰਾਤ ਗਏ ਤੇ ਨਸ਼ੇ ਨਾਲ ਧੁੱਤ ਘਰ ਪਰਤਣ, ਉਹਨਾਂ ਲਈ ਦਰਵਾਜ਼ੇ ਖੁੱਲ੍ਹੇ ਹੁੰਦੇ ਹਨ। ਸਗੋਂ ਉਹਨਾਂ ਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੁੰਦੀ ਹੈ। ਜੇ ਜੇਬ ਭਰੀ ਹੋਈ ਹੋਵੇ ਤਾਂ ਸਭ ਕੁਝ ਮੁਆਫ। ਉਹਨਾਂ ਤੀਵੀਂਆਂ ਨੂੰ ਫੇਰ ਅਗਲੀ ਸ਼ਾਮ ਦੀ ਉਡੀਕ ਹੋ ਜਾਂਦੀ ਹੈ ਜੇਬ ਫਰੋਲਣ ਦੀ।””

ਫਿਰ ਹਰਨਾਮ ਸਿੰਘ ਨੇ ਲੰਮਾ ਸਾਹ ਲੈ ਹਉਕਾ ਲੈਂਦੇ ਕਿਹਾ, “ਪ੍ਰੀਤਮਿਆਂ, ਯਾਰ, ਮੇਰੇ ਤੇਰੇ ਵਰਗੇ ਜੋ ਕਿਸੇ ਪਾਸੇ ਨਹੀਂ ਆਉਂਦੇ ਇਹ ਬੈਂਚ ਸੱਚ ਜਾਣੇ ਤੇ ਉਹਨਾਂ ਲਈ ਹੈ।””

“ਨਾਮਿਆਂ, ਯਾਰ ਤੂੰ ਤਾਂ ਬੜੇ ਪਤੇ ਦੀ ਗੱਲ ਦੱਸੀ, ਪਰ ਯਾਰ ਹੁਣ ਇਸ ਉਮਰੇ ਸੁਭਾਉ ਬਦਲਣਾ ਔਖਾ ਹੈ ਤੇ ਬੈਂਚ ਤੇ ਖੜ੍ਹੇ ਰਹਿਣਾ ਵੀ ਔਖਾ ਹੈ। ਆਏ ਦਿਨ ਝਗੜਾ ਗੱਲ ਗੱਲ ਤੇ ਨੋਕ ਝੋਕ ਡਾਢੀ ਦੁਬਿਧਾ ਵਿਚ ਫਸੇ ਹੋਏ ਹਾਂ ਯਾਰ।””

“ਪ੍ਰੀਤਮਿਆਂ, ਤੂੰ ਹੁਣ ਬੱਸ ਇੱਥੋਂ ਜਾਣ ਦੀ ਕਰ ਨਹੀਂ ਤਾਂ ਕਿਤੇ ਤੇਰੀ ਘਰ ਵਾਲੀ ਤੈਨੂੰ ਜਾਂਦੇ ਨੂੰ ਹੀ ਬੈਂਚ ਤੇ ਖੜ੍ਹਾ ਨਾ ਕਰ ਦੇਵੇ ਕਿ ਤੂੰ ਚੂੜਾ ਮੋੜਨ ਗਿਆ ਸੈਂ ਜਾਂ ਸਾਰਾ ਬਾਜ਼ਾਰ ਖਰੀਦਣ, ਸਾਰਾ ਦਿਨ ਉੱਥੇ ਹੀ ਗੁਜ਼ਾਰ ਆਇਉਂ।””

-ਭੁਪਿੰਦਰ ਸਿੰਘ ਨੰਦਾ