ਤਿੱਥ-ਪੱਤਰ – Shiv Kumar Batalvi

ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ-ਪੱਤਰ
ਸਮੇਂ ਦੇ ਰੁੱਖ ਦਾ
ਪੀਲਾ ਹੋਇਆ ਇਹ ਪੱਤਰ
ਸੂਲੀ ਲੱਗੇ
ਈਸਾ ਵਾਂਗ ਹੈ ਲਟਕ ਰਿਹਾ
ਜ਼ਿਹਨ ਮੇਰੇ ਦੀ
ਵਾਦੀ ਵਿਚ ਹੈ ਭਟਕ ਰਿਹਾ ।

ਉਹ ਦਿਨ ਬਹੁੰ ਵਡਭਾਗਾ
ਜਦ ਕਿਸੇ ਸਾਗਰ ਵਿਚ
ਆਦਮ ਦੇ ਕਿਸੇ ਪਿਤਰ
ਅਮੂਬੇ(ਅਮੀਬੇ) ਜਨਮ ਲਿਆ
ਪਰ ਇਹ ਦਿਹੁੰ ਨਿਕਰਮਾ
ਜਦ ਇਸ ਆਦਮ ਦੀ
ਝੋਲੀ ਫੁੱਲ ਸਮੇਂ ਦਾ
ਹੋਸੀ ਖ਼ੈਰ ਪਿਆ
ਵੇਖ-ਵੇਖ ਤਿੱਥ-ਪੱਤਰ
ਮੈਂ ਸੋਚ ਰਿਹਾ :
ਸਮਾਂ ਅਵਾਰਾ ਕੁੱਤਾ
ਦਰ ਦਰ ਭਟਕ ਰਿਹਾ
ਜੂਠੇ ਹੱਡ ਖਾਣ ਲਈ
ਲੋਭੀ ਤਰਸ ਰਿਹਾ ।

ਸਮਾਂ ਪਰਾਈ ਨਾਰ
ਤੇ ਜਾਂ ਫਿਰ ਰੰਡੀ ਹੈ
ਪਹਿਲੀ ਰਾਤ ਹੰਢਾਇਆਂ
ਲੱਗਦੀ ਚੰਗੀ ਹੈ
ਦੂਜੀ ਰਾਤ ਬਿਤਾਇਆਂ
ਹੁੰਦੀ ਭੰਡੀ ਹੈ
ਪਰ ਇਹਦੇ ਸੰਗ
ਦੁਨੀਆਂ ਦੇ ਹਰ ਜ਼ੱਰੇ ਨੂੰ
ਇਕ ਅੱਧ ਘੜੀ
ਜ਼ਰੂਰ ਬਿਤਾਣੀ ਪੈਂਦੀ ਹੈ
ਕਦੇ ਹਰਾਮਣ ਟਿਕ ਕੇ
ਨਾ ਇਹ ਬਹਿੰਦੀ ਹੈ
ਉਮਰ ਦੀ ਬਾਰੀ
ਖੋਲ੍ਹ ਕੇ ਏਸ ਜਹਾਂ ਵੱਲੇ
ਕਾਮਨੀ ਮੈਲੀ ਨਜ਼ਰੇ
ਤੱਕਦੀ ਰਹਿੰਦੀ ਹੈ ।

ਸਮਾਂ ਕਾਲ ਦਾ ਚਿੰਨ੍ਹ
ਇਹ ਨਿੱਤ ਬਦਲਦਾ ਹੈ
ਝੂਠੇ, ਸੋਹਣੇ ਕਾਮ ‘ਚ ਮੱਤੇ
ਆਸ਼ਿਕ ਵਾਂਗ
ਮਿੱਠੀਆਂ ਕਰ ਕਰ ਗੱਲਾਂ
ਸਾਨੂੰ ਛਲਦਾ ਹੈ
ਮਾਣ ਕੇ ਚੁੰਮਣ
ਇਕ ਦੋ ਏਸ ਹਯਾਤੀ ਦੇ
ਭੁੱਲ ਜਾਂਦਾ ਹੈ-
ਫੇਰ ਨਾ ਵਿਹੜੇ ਵੜਦਾ ਹੈ
ਸਮਾਂ ਕਾਲ ਦਾ ਚਿੰਨ੍ਹ
ਇਹ ਨਿੱਤ ਬਦਲਦਾ ਹੈ ।

ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ-ਪੱਤਰ
ਸਮੇਂ ਦੇ ਰੁੱਖ ਦਾ
ਪੀਲਾ ਹੋਇਆ ਇਕ ਪੱਤਰ
ਸੂਲੀ ਲੱਗੇ
ਈਸਾ ਵਾਕਣ ਲਟਕ ਰਿਹੈ
ਜ਼ਿਹਨ ਮੇਰੇ ਦੀ
ਸੁੰਞੀ ਉੱਜੜੀ ਵਾਦੀ ਵਿਚ
ਸਮੇਂ ਦੀ ਇਕ-
ਠੁਕਰਾਈ ਹੋਈ ਸੱਜਣੀ ਵਾਂਗ
ਪੀੜਾਂ-ਕੁੱਠੀ
ਬਿਰਹਣ ਵਾਕਣ ਭਟਕ ਰਿਹੈ
ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ-ਪੱਤਰ
ਇਹ ਇਕ ਬੜਾ ਪੁਰਾਣਾ
ਮੈਲਾ ਤਿੱਥ-ਪੱਤਰ ।