ਤੇਰੀ ਮੈਂ ਹੋ ਨਾ ਸਕੀ : ਹਰਜਿੰਦਰ ਬੱਲਨਾ ਸੁਣੀਆਂ ਤੇ ਨਾ ਕਹੀਆਂ ਵੇ ! 
ਸਭ ਦਿਲ ਦੀਆਂ ਦਿਲ ਵਿਚ ਰਹੀਆਂ ਵੇ!
ਮੈਨੂੰ ਕਿਸਮਤ ਦੇ ਗਈ ਹਾਰ, ਤੇਰੀ ਮੈਂ ਹੋ ਨਾ ਸਕੀ
ਭੁੱਲ ਜਾਵੀਂ ਮੇਰਾ ਪਿਆਰ, ਤੇਰੀ ਮੈਂ ਹੋ ਨਾ ਸਕੀ

ਆਪਾਂ ਦੋਵਾਂ ਰਲ਼-ਮਿਲ ਹੋ ਆਸਾਂ ਦੇ ਮਹਿਲ ਉਸਾਰੇ
ਵਿੰਹਦੇ-ਵਿੰਹਦੇ ਮਿੱਟੀ ਮਿਲ ਗਏ ਉਹ ਸਾਰੇ ਦੇ ਸਾਰੇ
ਵੱਸਣ ਤੋਂ ਪਹਿਲਾਂ ਹੀ ਆਪਣਾ ਉੱਜੜ ਗਿਆ ਸੰਸਾਰ
ਤੇਰੀ ਮੈਂ ਹੋ ਨਾ ਸਕੀ, ਭੁੱਲ ਜਾਵੀਂ ਮੇਰਾ ਪਿਆਰ…….

ਸਮਝੇ ਨਾ ਦਿਲ ਝੱਲਾ ਵੇ ਮੈਂ ਦੱਸ ਕਿਵੇਂ ਸਮਝਾਵਾਂ
ਲੱਖ ਭੁਲਾਇਆ ਵੀ ਨਹੀਂ ਮੈਨੂੰ ਭੁੱਲਦੀਆਂ ਉਹ ਥਾਂਵਾਂ
ਜਿੱਥੇ ਬਹਿ ਕੇ ਆਪਾਂ ਸੀ ਕੀਤੇ ਕਈ ਕੌਲ-ਕਰਾਰ
ਤੇਰੀ ਮੈਂ ਹੋ ਨਾ ਸਕੀ, ਭੁੱਲ ਜਾਵੀਂ ਮੇਰਾ ਪਿਆਰ…….

ਵੇਖੀਂ ਕਿਤੇ ਵਿਛੋੜੇ ਵਿਚ ਨਾ ਰੋ ਰੋ ਜਾਨ ਗਵਾ ਲਈਂ
ਮੈਨੂੰ ਦਿਲੋਂ ਭੁਲਾ ਕੇ ਤੂੰ ਵੀ ਦੁਨੀਆਂ ਨਵੀਂ ਵਸਾ ਲਈਂ
ਝੱਲਾ ਹੋ ਕੇ ਐਵੇਂ ਨਾ ‘ਬੱਲ’ ਛੱਡ ਬਹੀਂ ਘਰ ਬਾਹਰ
ਤੇਰੀ ਮੈਂ ਹੋ ਨਾ ਸਕੀ, ਭੁੱਲ ਜਾਵੀਂ ਮੇਰਾ ਪਿਆਰ..