ਦਿਨ ਵਿਸਾਖੀ ਦਾ

ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥

ਇਹ ਜਾਮਾ ਇਨਸਾਨੀ ਜੋ ਮਿਲਣਾ ਵਾਰ-ਵਾਰ ਨਾ ਮੁੜਕੇ
ਫਿਰ ਝਗੜੇ ਕਾਹਦੇ ਲਈ ਬੈਠੋ ਨਾਲ ਪਿਆਰ ਦੇ ਜੁੜਕੇ
ਦਿਲੋਂ ਭੁੱਲਕੇ ਨਫ਼ਰਤ ਨੂੰ ਆਪੇ ਵਿਚ ਪਿਆਰ ਵਧਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ=॥

ਇਹ ਦਿਨ ਵੱਡਾ ਭਾਗਾਂ ਦਾ ਏ੍ਹਦਾ ਆਪਣਾ ਅਜ਼ਬ ਨਜ਼ਾਰਾ
ਮੇਲੇ ਲੱਗਦੇ ਖ਼ੁਸ਼ੀਆਂ ਦੇ ਨੱਚਦਾ ਗਾਉਂਦਾ ਏ ਜੱਗ ਸਾਰਾ
ਭੰਗੜੇ ਪਾਵੋ ਰਲ੍ਹ ਮਿਲ ਕੇ ਦੋਹੇ, ਗੀਤ, ਰੱਵੀਈਏ ਗਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ=॥

ਅਮਰਤ ਬਰਸੇ ਬਾਣੀ ਦਾ ਕਿਧਰੇ ਸਤਸੰਗ ਪਏ ਹੁੰਦੇ
ਆਓ ਆਪਾਂ ਵੀ ਸੁਣੀਏਂ ਕਿਤੇ ਰਹਿ ਨਾ ਜਾਈਏ ਖੁੰਝੇ
ਭਾਣਾ ਮੰਨ ਕੇ ਸਤਿਗੁਰ ਦਾ ਨਾਮ ਅਮ੍ਰਤ ਦੇ ਵਿਚ ਨਾਹੀਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ=॥

ਨਾ ਵੈਰੀ ਕੋ ਨਹੀਂ ਬੇਗਾਨਾ ਉਸ ਦਾ ਨੂਰ ਪਸਾਰਾ ਜੱਗ ਦਾ
ਸਭ ਜੀਵਾਂ ਵਿਚ ਦੇਖੇ “ਜੋਗੀ”ਹਰ ਪਾਸੇ ਹੀ ਦੀਦ ਰੱਬ ਦਾ
ਮੌਕਾ ਰੱਬ ਨੂੰ ਮਿਲਣੇ ਦਾ ਨਾ ਇਹ ਬਦੀਆਂ ਵਿਚ ਗਵਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥

-ਜੋਗਿੰਦਰ ਸੰਘੇੜਾ