ਧੁੱਪ-ਛਾਂ – ਲਾਲ ਸਿੰਘ ਦਸੂਹਾ

ਪਿੰਡ ਨੂੰ ਅਲਵਿਦਾ ਆਖ ਮੈਂ ਜਦੋਂ ਦਾ ਸ਼ਹਿਰ ਆਇਆ ਹਾਂ , ਹੁਣ ਤੱਕ ਤੀਜਾ ਮਕਾਨ ਬਦਲ ਚੁੱਕਾ ਹਾਂ।ਪਹਿਲਾਂ ਮਕਾਨ ਚੁੰਗੀਓ ਬਾਹਰ ਬਣੀ ਬਸਤੀ ਵਿਚ ਇਕੋ ਇਕ ਕਮਰਾ ਸੀ। ਅੱਗੋ ਵਿਹੜਾ ਨਾ ਬਰਾਂਡਾ।ਉਂਝ ਵਿਹੜਾ ਸੀ ਵੀ ਨਿੱਕਾ ਜਿਹਾ ‘ਹਾਤੇ ’ ਵਰਗਾ। ਦਸਾਂ ਕਰਾਏਦਾਰਾਂ ਲਈ ਸਾਂਝਾ। ਸਾਰੇ ਟੱਬਰ ਆਪੋ ਵਿਚ ਦੀ ਰੋਲ-ਗਦੋਲਾ। ਕਿਸੇ ਦੀ ਜੁੱਤੀ ਕਿਸੇ ਤਾ ਬੂਹੇ ਅੱਗੇ। ਕਿਸੇ ਦਾ ਕਪੜਾ ਕਿਸੇ ਦੇ। ਕਿਸੇ ਦਾ ਨਿਆਣਾ ਕਿਧਰੇ ਹੱਗ ਛੱਡਦਾ। ਕਿਸੇ ਦਾ ਖੰਗਾਰ ਕਿਧਰੇ ਪਿਆ ਹੁੰਦਾ। ਇਕ ਦਾ ਗਾਲੀ-ਗਲੋਚ ਦਸਾਂ ਕੁਆਟਰਾਂ ਤੱਕ ਪਹੁੰਚਦਾ। ਵਿਚਕਾਰ ਇਕ ਨਲਕਾ। ਉਹ ਵੀ ਨਿਰਾ ਢੀਚਕ-ਢੀਚਕ। ਦਾਤਨ-ਕੁਰਲਾ ,ਨੱਕ-ਸੀਂਢ ਸੱਭ ਦਾ ਉੱਥੇ। ਪਾਣੀ ਦੀ  ਵਾਰੀ ਲਈ ਚੀਂ-ਚੀਂ , ਪੈਂਅ-ਪੈਂਅ ਹੁੰਦੀ ਈ ਰਹਿੰਦੀ। ਲੜਨ-ਭਿੜਨ ਤੋਂ ਸਿਵਾ ਨਾ ਕਿਸੇ ਨੂੰ ਅੰਦਰ ਦੀ ਸੁਰਤ ਨਾ ਕਿਸੇ ਨੂੰ ਬਾਹਰ ਦੀ। ਪਿੰਡ ਡਿਪੂ ਦੀ ਪਿਛਵਾੜੀ ਬੜੀ ਰੀਝ ਨਾਲ ਬਣਵਾਇਆ ਕਈ ਕਮਰਿਆਂ ਵਾਲਾ ਖੁਲ੍ਹਾ-ਮੋਕਲਾ ਮਕਾਨ ਛੱਡ ਕੇ ਇਕੋ ਘੁਰਨੇ ਦੀ ਕੈਦ, ਮੈਨੂੰ ਮੌਤ ਸਹੇੜਨ ਵਾਂਗ ਜਾਪੀ। ਪੂਰੇ ਮਹੀਨੇ ਦਾ ਕਰਾਇਆ ਪੇਸ਼ਗੀ ਦਿੱਤਾ ਛੱਡ ਕੇ , ਮੈਂ ਦਸਾਂ ਕੁ ਦਿਨਾਂ  ਪਿਛੋਂ ਹੀ ਇਕ ਹੋਰ ਥਾਂ ਜਾ ਟਿਕਿਆ।

ਇਹ ਮਕਾਨ ਮਾਡਲ-ਗਰਾਮ ਅੰਦਰ ਸੀ। ਖੁਲ੍ਹੀਆਂ-ਡੁਲੀਆਂ ਸੜਕਾਂ। ਨਾਲ ਨਾਲ ਜੁੜਵੇਂ ਕੋਠੀਆਂ ਵਰਗੇ ਵੱਡੇ-ਵੱਡੇ ਮਕਾਨ। ਇਕ ਇਕ ਪਲਾਟ ਅੰਦਰ ਦੋ-ਦੋ ਤਿੰਨ-ਤਿੰਨ ਵੱਖਰੇ ਵੱਖਰੇ ਰਿਹਾਇਸ਼ੀ ਸੈਟ। ਚੁਰੰਜਾ ਨੰਬਰ ਕੋਠੀ ਦਾ ‘ਸੀ ’ ਪੋਰਸ਼ਨ ਖਾਲੀ ਮਿਲ ਗਿਆ। ਜਾਂ ਇਉਂ ਆਖੋ ਖਾਲੀ ਹੋ ਗਿਆ। ਇਥੇ ਇਕ ਮਾਸਟਰ ਜੀ ਰਹਿੰਦੇ ਸਨ, ਸਿਆਣੇ-ਬਿਆਣੇ , ਬਾਲ-ਬੱਚੇਦਾਰ। ਸ਼ਾਮ ਸਿੰਘ ਉਹਨਾਂ ਦਾ ਨਾਂ ਸੀ। ਉਪਨਾਮ ‘ਸੈਣੀ ’ ਕਰਕੇ ਲਿਖਦੇ। ਮਾਲਕ ਮਕਾਨ ਵੀ ਇਸੇ ਜਾਤੀ ਦੇ , ਪਰ ਉਪ-ਜਾਤੀ ਵੱਖਰੀ।ਬਨਵੈਤ। ਵੱਡੇ ਬਨਵੈਤ ਜੀ ਦੁਕਾਨ ਕਰਦੇ ਸਨ ,ਢਾਂਗੂ ਰੋਡ ਤੇ। ਮੋਟਰ ਸਪੇਅਰ-ਪਾਰਟਸ ਦੀ। ਦੋ ਮੁੰਡੇ , ਉਹਨਾਂ ਦੇ। ਦੋਨੋਂ ਟਰਾਂਸਪੋਰਟਰ। ਕੱਲੇ-ਕੱਲੇ ਪਾਸ ਕਈ ਕਈ ਮੋਟਰ ਗੱਡੀਆਂ। ਕੁਝ ਛੋਟੀਆਂ ਕਈ ਵੱਡੀਆਂ। ‘ਏ ’ ਪੋਰਸ਼ਨ ਇਕ ਕੋਲ , ‘ਬੀ ’ ਪੋਰਸ਼ਨ ਦੂਜੇ ਪਾਸ। ਸੁਣਿਆ ਪੜ੍ਹਾਈ –ਲਿਖਾਈ ‘ਚ ਦੋਨੋਂ ਨਫਿੱਟ ਸਨ। ਸਿਆਣੇ ਪਿਓ ਨੇ ਟਰੱਕ –ਕਲੀਨਰ ਲਾ ਦਿੱਤੇ ਕਿੱਧਰੇ। ਅੱਗੋਂ ਡਰੈਵਰ ਦੀ ਅੜਵੈਂਗ ਟੱਕਰੇ। ਉਹਨਾਂ ਸਭ ਸਿਖਾ ‘ਤਾ। ਉਹਨਾਂ ਵਾਂਗ ਚੰਗਾ –ਮਾੜਾ ਬੋਲਦੇ। ਮਿੱਠਾ –ਕੌੜਾ ਛਕਦੇ। ਹਰ ਵੇਲੇ ਜ਼ਰਦਾ ਮੂੰਹ ‘ਚ ਰਹਿੰਦਾ। ਸਿਰਗਟਾਂ-ਬੀੜੀਆਂ ਦੀ ਤਾਂ ਪੁੱਛੋਈ ਨਾ। ਦੋ ਸੂਟੇ ਮਾਰ ਕੇ ਬਿੱਲੇ ਲਾ ਛੱਡਦੇ। ਦਾਰੂ-ਸਿੱਕਾ , ਫੀਮ-ਚਰਸ ਜੋ ਹੱਥ ਆਉਂਦਾ ਸੱਭ ਚਟੱਮ। ਪਰ , ਸੈਣੀ ਪੁੱਤਰ ਸਨ , ਪੱਲਾ ਨਾ ਗੁਆਇਆ।ਉਲਟਾ ਹੰਢੇ ਵਰਤੇ ਡਰੈਵਰਾਂ ਨੂੰ ਠਿੱਬੀ ਮਾਰ ਗਏ। ਮੁਸ-ਫੁਟਦਿਆਂ ‘ਡਰੈਵਰ ’ ਬਣ ਬੈਠੇ। ਕੰਘੀ-ਪਟੇ ਵਾਹੁੰਦਿਆ ਇਕ-ਇਕ ਗੱਡੀ ਪਾ ਲਈ। ਬੱਸ ਫਿਰ , ਚੱਲ ਸੌ ਚੱਲ। ਹੁਣ ਅੱਠ –ਅੱਠ ਦਸ-ਦਸ ਆ ,ਕੱਲੇ –ਕੱਲੇ ਕੋਲ। ਆਪਣੇ ਲਈ ਕਾਰਾਂ ਵੱਖਰੀਆਂ। ਜੀਪਾਂ ਵੱਖਰੀਆਂ। ਸਕੂਟਰ ਵੱਖਰੇ।ਦਫ਼ਤਰ ਵੱਖਰੇ। ਪੂਰੀ ਸੱਜ-ਧੱਜ। ਪਰ , ‘ਖਾਣੀ-ਪੀਣੀ’ਸਭ ਬੰਦ। ਕੈਂਚੀਆਂ ਮੋਚਨੇ ਸਭ ਢੇਰਾਂ ‘ ਤੇ। ਹੁਣ ਹੁਣ ਖੁਲ੍ਹੇ ਪ੍ਰਕਾਸ਼ੀ ਦਾਅੜੇ। ਖੱਟੀਆਂ-ਨੀਲੀਆਂ ਦਸਤਾਰਾਂ। ਦਰਸ਼ਨੀ ਗਾਤਰੇ , ਕਿਸੇ ਦੀ ਮਾੜੀ ਨਈਂ , ਕਿਸੇ ਦੀ ਚੰਗੀ ਨਈਂ। ਹਰ ਵੇਲੇ ਵਾਖਰੂ-ਵਾਖਰੂ। ਅੱਗੋਂ ਟੱਬਰ-ਟ੍ਹੀਰ , ਬਾਲ –ਬੱਚਾ ਸਭ ਅੰਮ੍ਰਿਤਧਾਰੀ। ਲਿਖਣ –ਪੜ੍ਹਨ ਨਾਲੋਂ ਬਹੁਤਾ ਧਿਆਨ ਸੰਤਾਂ ਦੀਆਂ ਟੋਪਾਂ ‘ਚ। ਫੜ੍ਹ ਲਓ , ਮਾਰ ਦਿਓ , ਕੱਢ ਦਿਓ , ਟੁੱਕ ਦਿਓ , ਸੱਭ ਨੂੰ ਇਕੋ ਸਿਖਸ਼ਾ। ਨਿਆਣੇ ਬਚਾਰੇ ਬੇ-ਸਮਝ। ਗਲੀ-ਗੁਆਂਡ ਉਹਨਾਂ ਵਰਗੇ ਕਈ ਹੋਰ। ਉਹਨਾਂ ਨਾਲ ਦੇ ਵੀ , ਅੱਗੋਂ ਡਾਂਗ-ਸੋਟੇ ਵਾਲੇ ਵੀ।ਨਿੱਤ-ਨਵੇਂ ਲੜਾਈ ਹੁੰਦੀ। ਝਗੜਾ ਵਧਦਾ। ਸੱਟਾਂ ਲੱਗਦੀਆਂ। ਉਲ੍ਹਾਮੇ ਤੇ ਉਲ੍ਹਾਮਾਂ ਸਿਆਣੇ ਬੰਦਿਆਂ ਨੂੰ। ਨਜਿੱਠ ਲੈਂਦੇ ਉਹ !ਵੱਡੇ ਬੰਦੇ ਸਨ।ਮਾਸਟਰ ਸ਼ਾਮ ਸਿੰਘ ਇਹਨਾਂ ਦਾ ਗੁਆਂਡੀ ਸੀ।ਗੁਆਂਡੀ ਕੀ ‘ਘਰ ਦਾ ਬੰਦਾ ’ ਸੀ। ਇਕੋ ਕੋਠੀ ,ਇਕੋ ਜਾਤੀ। ਆਪਣੇ ਸਮਝ ਕੇ ਵਰਜਦਾ ,ਬਾਲਾਂ ਨੂੰ।ਬਾਲ ਅੱਗੋਂ ਇਕ ਦੀਆਂ ਚਾਰ ਸੁਣਾਉਂਦੇ ‘ਸਿਰ –ਘਸਿਆ ਮਾਸਟਰ ਸਿਰ-ਘਸਿਆ ਦੀ ,ਮਦਾਦ ਕਰਦਾ ਆ …।’ ਸ਼ਾਮ ਸਿੰਘ ਦੁਖੀ ਹੁੰਦਾ। ਮਾਮਾਲਾ ਵੱਡੇ ਬਨਵੈਤ ਜੀ ਕੋਲ ਪਹੁੰਚਦਾ। ਉਹ ਕਲਪ ਉਠਦੇ। ਵਿਚਕਾਰਲੇ ਬਨਵੈਤ ਆਈ-ਗਈ ਕਰ ਛੱਡਦੇ। ਛੋਟੇ ਬਨਵੈਤ ਹੋਰ ਵਧਦੇ ਗਏ। ਇਕ-ਦੋ ਵਾਰ ‘ਵੱਡੇ-ਘਰ’ ਘੁੰਮ-ਫਿਰ ਆਏ। ਪਰ ਵਿਚਲਿਆ ਕੁਝ ਨਾ ਉਹਨਾਂ ਦਾ। ਬੱਗਾ ਜੋੜ ਕੇ ਤੁਰੇ ਸੀ , ਸਗੋਂ ਵੇਅਰ ਗਏ। ਹਮਾਂ-ਤੁਮਾਂ ਸਭ ਡਰ ਕੇ ਲੰਘਦੇ। ਸ਼ਾਮ ਸਿੰਘ ਮਾਸਟਰ ਵੀ।

ਇਕ ਦਿਨ ਸ਼ਾਮ ਸਿੰਘ ਮਾਸਟਰ ਨੂੰ ‘ਹੁਕਮ’  ਲੱਗਾ – ਦਾੜੀ-ਕੇਸ ਰੱਖ , ਨਈਂ ਜਮਨਾਂ ਪਾਰ ਦੀ ਤਿਆਰੀ ਕਰ। ‘ ਸ਼ਾਮ ਸਿੰਘ ਨੇ ਵਿਚਕਾਰਲੇ ਬਨਵੈਤਾਂ ਨੂੰ ਦੱਸਿਆ। ਉਹਨਾਂ ਅੱਗੋਂ ਹੱਸ ਛੱਡਿਆ –‘ ਹਰਜ਼ ਵੀ ਕੀ ਆ ਮਾਹਟਰ ਸਮੇਂ ਅਨੁਸਾਰ ਬਦਲਨਾ ਚਾਹੀਦਆ  ਬੰਦੇ ਨੂੰ ….।‘ ਸ਼ਾਮ ਸਿੰਘ ਡਟਿਆ ਰਿਹਾ। ‘ਫਾਰਮ ’ ਨਾਲੋਂ ‘ਚਲਨ’ ਨੂੰ ਵਧੇਰੇ ਤਰਜ਼ੀਹ ਦੇਂਦਾ ਰਿਹਾ। ਸ਼ਰਮ-ਧਰਮ ਦੇ ਸੇਹੀ ਅਰਥਾਂ ਦੀ ਵਿਆਖਿਆ ਕਰਦਾ ਰਿਹਾ। ਮਨੁੱਖ-ਮਾਤਰ ਦੇ ਇਤਿਹਾਸ ‘ਚੋਂ ਉਦਾਰਣਾਂ ਦੱਸਦਾ ਰਿਹਾ। ਪਰ ,ਮੂਰਖਾਂ ਦੀ ਰਾਜਧਾਨੀ  ‘  ਚ ਸਭ ਦਲੀਲਾਂ ਰੱਦ। ਉਸ ਦੀ ਕਿਸੇ ਇਕ ਨਾ ਸੁਣੀ। ਹੁਕਮ, ਹੁਕਮ ਸੀ – ‘ ਰੋਮਾਂ ਦੀ ਬੇ-ਅਦਬੀ ਕਰਨਾ ਬੰਦ….ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ …।‘

ਕੰਬਦੇ ਹੱਥਾਂ ਨਾਲ ਸ਼ਾਮ ਸਿੰਘ ਨੇ ਧਮਕੀ ਪੱਤਰ ਘਰ ਵਾਲੀ ਨੂੰ ਦੱਸਿਆ। ਮਾਸਟਰਨੀ ਸ਼ਾਮ ਸਿੰਘ ਦੀ ਅੜੀ ਤੋਂ ਜਾਣੂ ਸੀ। ਅੱਗੋਂ ਹੁਕਮ ਵੀ ਘੱਟ ਸਖ਼ਤ ਨਈਂ ਸੀ। ਅਗਲੇ ਦਿਨ ਬੋਰੀਆਂ –ਬਿਸਤਰਾ ਚੁੱਕਿਆ , ਆਪਣੇ ਪਿੰਡ ਚਲੀ ਗਈ। ਬਾਲ-ਬੱਚਾ ਸਾਂਭ ਕੇ। ਸ਼ਾਮ ਸਿੰਘ ਵੀ ਮਗਰੇ ਚਲਾ ਗਿਆ। ਕੀ ਕਰਦਾ ਪਿੱਛੇ , ਕੱਲਾ !

ਸ਼ਾਮ ਸਿੰਘ ਤੇ ਮੇਰਾ ਸਕੂਲ ਇਕੋ ਸੀ। ਪਿੰਡ ਵੀ ਲਾਗੇ ਲਾਗੇ , ਗੁਰਦਾਸਪੁਰ ਵੰਨੀ। ਉਸ ਨੇ  ਮੇਰੇ ਨਾਲ ਗੱਲ ਕੀਤੀ। ਮੈਂ ਉਸੇਲੇ ਝੁੱਕੀ ਮਾਰੀ, ਬਨਵੈਤਾ ਕੋਲ ਪਹੁੰਚ ਗਿਆ। ਮੇਰੀ ਸ਼ਕਲ ਵੇਖ ਕੇ , ਉਹ ਝੱਟ ਮੰਨ ਗਏ। ਪਰ ,ਦੋ ਸ਼ਰਤਾਂ ‘ਤੇ। ਪਹਿਲੀ ਸ਼ਰਤ- “ ਮੀਟ, ਸ਼ਰਾਬ , ਮੱਛੀ , ਆਂਡਾ , ਘਰ ਦੀ ਹਦੂਦ ਅੰਦਰ ਖਾਣਾ ਮਨ੍ਹਾਂ …।“ ਮੈਂ ਸਿਰ ਝੁਕਾ ਕੇ ਆਖਿਆ – “ ਮੈ ਅਮ੍ਰਿਤਧਾਰੀ ਆਂ ਮ੍ਹਾਰਾਜ਼ ….ਪਹਿਲੋਂ ਈ ਏਨ੍ਹਾਂ ਕੁਰ੍ਹੈਤਾਂ ਤੋਂ ਰਹਿਤੀਆ ਆਂ …। “ ਦੂਜੀ ਸ਼ਰਤ – “ ਸਾਡੇ ਮੁੰਡੇ ਆ ਪੰਜ , ਦੋਨਾਂ ਭਰਾਮਾਂ ਦੇਏ …ਮਾਡਲ ਸਕੂਲੀਂ ਪੜਦੇ ਆ ….ਆਂਦਾ-ਜਾਂਦਾ ਕੱਖ ਨੀਂ …ਉਨ੍ਹਾ ਨੂੰ ਪੜ੍ਹਾਉਣਾ , ਚੰਗੀ ਤਰ੍ਹਾਂ ਦਿਲ ਲਾਆ ਕੇ। ਫੀਸ ..ਜਿੰਨੀ ਆਖੇਂ ਮਿਲੂ…।“ ਅੰਨ੍ਹਾਂ ਕੀ ਭਾਲੇ ! ਦੋ ਅੱਖਾਂ। ਪਿੰਡ ਹੱਟੀ ‘ਛੱਡ’ ਕੇ ਆਇਆ ਸੀ,ਦੋਹਰੀ ਕਮਾਈ ਸੀ ਹੁਣ ਕੱਲੀ ਤਨਖਾਹ। ਤੇ ਇਸ ਤੋਂ ਵੱਡਾ ਲਾਲਚ ਤਿਆਰ-ਬਰ-ਤਿਆਰ ਸਿੰਘਾਂ ਨਾਲ ਸਿੱਧਾ ਮੇਲ-ਮਿਲਾਪ ਮਤਲਬ –ਮਤਲਬ ਸਾਫ ਸੀ।ਮੈਂ ਫ਼ਟਾ-ਫੱਟ ਮੰਨ ਗਿਆ। ਓਸੇ ਸ਼ਾਮ ਹਨੇਰੇ ਪਏ ਗੰਢ –ਬਿਸਤਰਾ ਚੁੱਕ ‘ਬਨਵੈਤ -ਵਿਲਾ’ ਪਹੁੰਚ ਗਿਆ। ‘ਸੀ ’ ਪੋਰਸ਼ਨ ਵਿਚ।

ਦੋ-ਚਾਰ ਦਿਨ ਟਿਕ-ਟਿਕਾ ਨੂੰ ਲੱਗ ਗਏ। ਫਿਰ ਦੂਜੀ ਸ਼ਰਤ ‘ਤੇ ਅਮਲ ਸ਼ੁਰੂ ਹੋ ਗਿਆ। ਅੱਗੋਂ ਬਾਲਕ ਟੱਕਰੇ , ਨਿਰੀਆਂ ਸੂਲਾਂ , ਨਿਰੇ ਕੰਡੇ –ਨੌਂ ਸਾਲ ਤੋਂ ਸੋਲਾਂ ਸਾਲ ਦੇ। ਜਿਹੜੀ ਟਾਹਣ ਨੂੰ ਹੱਥ ਲਾਉਂਦਾ , ਹੱਥ ਵਿੰਨ੍ਹਿਆ ਜਾਦਾ। ਪੰਜੇ ਦੇ ਪੰਜੇ ‘ਬਾਲਕ’ ਮੋਟੇ ਮੂਰਖ। ਇਕ ਨੰਬਰ ਦੇ ਨਾਲਾਇਕ। ਕਿਸੇ ਨੂੰ ਇੱਲ ਦਾ ਨਾ ਕੋਕੋ ਨਾ ਆਏ। ਮੈਂ ਪੁੱਛਿਆ – ਪੜ੍ਹਦੇ ਕਿਉਂ ਨਈਂ ਤੁਹੀਂ …..।“ ਅੱਗੋਂ ਇਕ ਬੋਲਿਆ – “ਆਉਂਦਾ ਨਈਂ ਪੜ੍ਹਨਾ …।“ ਮੈਂ ਫਿਰ ਕਿਹਾ – “ ਕੇੜ੍ਹਾ ਕੰਮ ਆ ਜੇੜ੍ਹਾ ਹੋ ਨਈਂ ਸਕਦਾ , ਬੱਸ ਥੋੜੀ ਜਿੰਨੀ ਮੇਨ੍ਹਤ ਕਰਨੀ ਪੈਂਦੀ ਆ …।“ ਅੱਗੋਂ ਦੂਜਾ ਬੋਲਿਆ – “ਜੇੜ੍ਹੇ ਮੇਨ੍ਹਤ ਕੀਤੀ ਬੈਠੇ ਆ ਉਨ੍ਹਾਂ ਨੂੰ ਕੀ ਲੱਭਾ ਏਥੇਂ ? ਧੱਕੇ-ਧੋੜੇ , ਬੇਰੁਜ਼ਗਾਰੀ ਜਾਂ ਕੈਦਾਂ-ਜੇਲ੍ਹਾਂ …।“ ਇਹ ਗੱਲ ਉਸ ਨੂੰ ਆਪੂ ਨੂੰ ਆਉਂਦੀ ਸੀ ਜਾਂ ਕਿਸੇ ਦੇ ਸਿੱਖੇ –ਸਿਖਾਏ ਬੋਲੀ ਸੀ, ਸੀ ਪੂਰੀ ਠੀਕ। ਮੈਂ ਨਿਰਉੱਤਰ ਹੋ ਗਿਆ। …ਕੌਣ ਮੌਤ ਦੇ ਮੂੰਹ ‘ਚ ਪੈਂਦਾ , ਜੇ ਕਿਸੇ ਨੁੰ ਰੋਜ਼ੀ –ਰੋਟੀ ਮਿਲਦੀ ਹੋਵੇ …..।‘ ਪਰ ਬਨਵੈਤ ਬਾਲਕਾਂ ਨੂੰ ਰੋਜ਼ੀ ਰੋਟੀ ਦੀ ਕੀ ਘਾਟ ਸੀ – ‘ਬਣਿਆ –ਬਣਾਇਆ ਘਰ-ਬਾਹਰ ..ਕੀਤਾ –ਕਰਾਇਆ ਕਾਰੋਬਾਰ ..ਫੇਰ ਉਹ ਕਿਉਂ ਨਹੀਂ ਸਨ ਪੜ੍ਹਦੇ , ਪੜ੍ਹ ਲਿਖ ਕੇ ਚੰਗੇ ਬਾਲਕ ਬਣਦੇ। ‘

ਮੈਂ ਫੇਰ-ਵਗਲ ਕੇ ਇਕ ਹੰਭਲਾ ਮਾਰਿਆ- “ ਤਾਨੂੰ ਰੋਜ਼ੀ –ਰੋਟੀ ਦੀ ਕਾਦ੍ਹੀ ਚਿੰਤਾ ! ਤ੍ਹਾਡੇ ਟਰੱਕ ,ਮੋਟਰਾਂ , ਗੱਡੀਆਂ , ਤੇ ਹੋਰ ਨਿੱਕੇ –ਵੱਡੇ ਕਿੰਨੇ ਸਾਰੇ ਧੰਦੇ , ਤਾਨੂੰ ਤਾਂ ਸਗੋਂ ਦੱਬ ਕੇ ਪੜਨਾ ਚਾਹੀਦਾ…ਦੱਬ ਕੇ ਵਾਹ ਤੇ ਰੱਜ ਕੇ ਖਾਹ ‘ ਦੀ ਅਖੌਂਤ ਸੁਣੀ ਨਈਂ ਤੁਸਾਂ ! “ ” ਖਾਧਾ ਵੀ ਮਾਣ-ਇਜ਼ਤਨਾ ਈ ਜਾਂਦਾ , ਹਰ ਥਾਂ ਜਲੀਲ ਹੋ ਕੇ ਨਈਂ। .. ਕਦੀ ਦਿੱਲੀ-ਰਿਆਣਾ, ਕਦੀ ਯੂ ਪੀ. – ਸੀ ਪੀ , ਕਦੀ ਜੰਮੂ-ਬਿਦਰ ਕੇੜਾ ਰੋਜ਼ ਰੋਜ਼ ਜੁੱਤੀਆਂ ਖਾਏ ਏਨ੍ਹਾਂ ਤੋਂ ਹੁਣ ਤਾਂ ਗੱਲ ਕਿਸੇ ਪਾਸੇ ਲੱਗ ਕੇ ਈ ਸਾਹ ਲਉ ..।“ ਉਸ ਨੇ ਜ਼ੋਰ ਦੀ ਜੈਕਾਰਾ ਛੱਡਿਆ। ਮੈਂ ਉਸ ਦੇ ਮੂੰਹ ਵੱਲ ਤੱਕਦਾ ਰਹਿ ਗਿਆ। ਮੈਨੂੰ ਲੱਗਾ ਉਹ ਨਿਰ-ਪੁਰਾ ‘ਬਾਲਕ’ ਹੀ ਨਈਂ ਪੂਰਾ ‘ਮੁੰਡਾ’ ਬਣ ਚੁੱਕਾ ਹੈ , ਮੁੰਡਾ। ਸਾਰਾ ਕੁਝ ਜਾਣਦਾ ਬੁਝਦਾ – ਆਪਣੇ ਲਾਭ , ਆਪਣੇ ਹਾਣ। ਭਾਵੇਂ ਉਸ ਨੂੰ ਸਭ ਪਾਸੇ ਲਾਭ ਦਿਸਦਾ ਸੀ , ਹਾਣ ਬਾਰੇ ਜਾਣਕਾਰੀ ਬਿਲਕੁਲ ਨਹੀਂ ਸੀ।

ਮੈਨੂੰ ਲੱਗਾ ਇਹ ਸਾਰੀ ਪਾਣ ਕਿਸੇ ‘ਮਾਡਲ –ਸਕੂਲ ‘ ਨੇ ਦਿੱਤੀ ਹੈ ਉਹਨੂੰ। ਨਈਂ ਬਾਲਕ ਤਾਂ ਸਿਰਫ ਤਾਂ  ਬਾਲਕ ਹੁੰਦਾ ਐ। ਹਿੰਦੂ-ਸਿੱਖ-ਮੁਸਲਮਾਨ ਤੇ ਉਸ ਨੁੰ ਮਸੀਤਾਂ-ਮੰਦਰ-ਗੁਰਦੁਆਰੇ ਬਣਾਉਂਦੇ ਆ। ਰਹਿੰਦੀ ਕਸਰ ਆਹ ਮਾਡਲ ਕਿਸਮ ਦੀਆਂ ਦੁਕਾਨਾਂ ਪੂਰੀ ਕਰ ਛੱਡਦੀਆਂ। ਬੰਦੇ ਨੂੰ ਬੰਦਾ  ਰਹਿਣ ਈ ਨਈਂ ਦਿੰਦੀਆਂ। ਪੂਰਾ ‘ ਉੱਲੂ ਬਣਾ ਕੇ ਭੇਜਦੀਆਂ ਬਾਹਰ। ਬਾਹਰ ਆ ਕੇ ਨਾ ਕਿਸੇ ਨੂੰ ਸੱਤ-ਕੁਸੱਤ , ਨਾ ਸਾਬ੍ਹ-ਸਲਾਮ।ਇਹਨਾਂ ਨਾਲੋਂ ਤਾਂ ਪਿੰਡਾਂ ਥਾਵਾਂ ਦੇ ਨਿਆਣੇ ਸੌ ਦਰਜੇ ਖਰੇ ਆ। ਚਾਹ ਮੰਗੀਏ ਚਾਹ ਪਲਾਉਂਦੇ ਆ। ਜਿੱਥੇ ਕਹੀਏ ਓਥੇ ਟਿਕੇ ਰਿਹੰਦੇ ਆ। ਕਹੀਏ –ਉੱਠੋ ਪੜ੍ਹੋ ; ਪੜ੍ਹਨ ਲਗਦੇ ਆ। ਕਹੀਏ – ਬੈਠ ਜਾਓ , ਬੈਠ ਜਾਂਦੇ ਆ। ਨਿਰੀਆਂ ਗਾਵਾਂ। ਆਗਿਆਕਾਰ ਰਈਅਤ ਪੰਜਾਬੀ ਲੋਕਾਂ ਵਾਂਗ , ਬਹਾਦਰ ਫੌਜੀਆਂ ਵਾਂਗ। ਜਿਹਨਾਂ ਨੂੰ ਜਿਹੜਾ ‘ਸਰ ’ਚਾਹੇ ‘ਆਪਣੇ’ ਆਖ ਸਕਦਾ। ਰਾਤ ਪੁਰ ਦਿਨੇ ਜੋੜ ਸਕਦਾ ਐ , ਹਾਲੀ ਪਸੂਆਂ ਵਾਂਗ। ਅੱਗੋਂ  ਸੀਅਈ ਨਈਂ ਕਰਦੇ ਆਪਣੇ ਮਾਲਕਾਂ ਮੂਹਰੇ। ਆਪਣੀਆਂ ‘ਸਰਕਾਰਾਂ’ ਅੱਗੇ। ਜੇ ਸਰਕਾਰ ਆਖੇ – ਸੌ ਜਾਓ , ਸੌ ਜਾਂਦੇ ਆ। ਜੇ ਅਫ਼ਸਰ ਆਖਣ –ਜਾਗ ਪਓ , ਜਾਗ ਉਠਦੇ ਆ।ਕੰਮ ਕਰੋ –ਕੰਮ ਕਰਨ ਲੱਗ ਪੈਂਦੇ ਆ। ਕੰਮ ਬੰਦ ਕਰੋ – ਖੜੇ ਹੋ ਜਾਂਦੇ ਆ। ਅੰਦਰ ਲੁਕ ਜਾਓ  , ਬਾਹਰ ਕਰਫਿਊ ਆ –ਪੰਜਾਬੀ ਬਾਹਰ ਨਈਂ ਆਉਂਦੇ। ਹੁਣ ਬਾਹਰ ਨਿਕਲ ਆਓ – ਪੰਜਾਬੀ ਫਿਰ ਅੰਦਰ ਨਹੀਂ ਟਿਕ ਸਕਦੇ। ਕੇ ਹੁਕਮ ਹੋਵੇ –ਹੁਣ ਅਨਾਜ ਚਾਹੀਦਾ ਐ। ਅੰਨ-ਦੇਵਤਾ ਬਣ ਬੈਠਦੇਂ ਆ , ਪੰਜਾਬੀ। ਹੁਣ ਦੁੱਧ ਚਾਹੀਦਾ – ਤਾਂ ਗਊ-ਦੇਵਤਾ ਬਣ ਬੈਠਦੇ ਆ। …ਹੁਣ ਗੁੜ – ਚੀਨੀ ਚਾਹੀਦੀ ਐ ਸਾਨੂੰ ਤਾਂ ਮਿੱਠਾ ਇਨਕਲਾਬ ਸਿਰ  ‘ ਤੇ ਚੁੱਕ ਲੈਂਦੇ ਆ ਪੰਜਾਬੀ। ਕਿਸੇ ਬੰਗਾਲੀ ਨੂੰ ਆਖ ਕੇ ਦੇਖੋ ਤਾਂ ਇਮੇਂ-ਕਿਮੇਂ ! ਕਿਸੇ ਕੈਰੇਲੀਅਨ ਨੂੰ ਰੋਕ ਕੇ ਦੱਸੋ ਤਾਂ ਇਸ ਢੰਗ ਨਾਲ। ਤੁਸੀਂ ਆਖੋ – ਐਧਰ ਜਾਣਾ। ਉਹ ਓਧਰ ਨੂੰ ਜਾਊ।ਤੁਸੀਂ ਮੋੜੋ ਐਧਰ ਨਈਂ ਜਾਣਾ , ਜ਼ਰੂਰ ਜਾਣਗੇ ਉਹ। ਬਿਲਕੁਲ ਬਨਵੈਤ ਮੁੰਡਿਆਂ ਵਾਂਗ। ਪਤਾ ਨਈਂ ਇਨ੍ਹਾਂ ਨੂੰ ਕਿਵੇਂ ਲਾਗ ਲੱਗ ਗਈ ਉਹਨਾਂ ਦੀ। ਪਰ, ਨਈਂ ; ਉਹਨਾਂ ਦੀ ਲਾਗ ਲੱਗੀ ਹੁੰਦੀ ਤਾਂ ਸੌਹਰੀ ਦੇ  ਪੜ੍ਹ ਲਿਖ ਜਾਂਦੇ। ਕੋਈ ਚੱਜ ਦਾ ਕੰਮ ਕਰਦੇ ਬੰਗਾਲੀਆਂ ਵਾਂਗ। ਕੋਈ ਸਿਹਤ-ਮੰਦ ਵਿਰੋਧ ਕਰਦੇ ਮਦਰਾਸੀਆਂ ਵਾਂਗ। ਇਹ ਛੋਕਰੇ ਤਾਂ ਕਿਸੇ ਤੀਜੀ ਧਿਰ ਦੀ ਪਿੱਠ ਪੂਰਦੇ ਲੱਗੇ , ਮੈਨੂੰ। ਨਾ ਵੱਡਿਆ ਦੀ ਇੱਜ਼ਤ,

ਨਾ ਆਪਣਿਆਂ ਦਾ ਡਰ। ਨਾ ਘਰ ਦਾ ਕੋਈ ਫਿਕਰ , ਨਾ  ਬਾਹਰ ਦੀ ਕੋਈ ਚਿੱਤਾ। ਬੱਸ , ਇਕੋ-ਇਕ ਧੁਨ ਸਵਾਰ ਦਿਸੀ ਇਹਨਾਂ ‘ਤੇ – ‘ ਜੈਸੇ ਹਮ ਕੈਹਤੇ ਹੈਂ ਵੈਸੇ ਕਰੋ , ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ। “

ਛੋਟੇ ਤੋਂ ਲੈ ਕੇ ਵੱਡੇ ਤਕ ਮੈਂ ਪੂਰੀ ਸਿਰ – ਖਪਾਈ ਕੀਤੀ। ਕਿਸੇ ਨੂੰ ‘ਟੀਚਰ’ ਪੜ੍ਹਾਇਆ , ਕਿਸੇ ਨੂੰ ਹਿਸਾਬ-ਅਲਜਬਰਾ। ਕਿਸੇ ਨੂੰ ਸਮਾਜਕ ਪੜ੍ਹਾਈ , ਕਿਸੇ ਨੂੰ ਵਿਗਿਆਨ। ਕੱਲੇ-ਕੱਲੇ ਨੂੰ ਮੁਲਕ ਦਾ ਇਤਿਹਾਸ –ਭੂਗੋਲ ਸਮਝਾਇਆ। ਫਿਰ ਹਿੰਦੀ ਦਾ ਬਾਲ-ਬੋਧ ਉਠਦਾ ਕੀਤਾ ਫਿਰ ਪੰਜਾਬੀ ਪ੍ਰਵੇਸ਼ਕਾ। ਪੂਰੀ ਜਾਨ-ਮਾਰੀ ਕੀਤੀ ਮੈਂ। ਪਰ ,ਉਹ ! ਜੈਸੇ ਥੇ , ਵੈਸੇ ਰਹੇ। ਉਹਨਾਂ ਦੀਆਂ ਮੰਮੀਆਂ ਬਥੇਰਾ ਕਲਪਦੀਆਂ। ਘੇਰ ਘੇਰ ਕੇ ਲਿਆਓਂਦੀਆਂ – “ ਵੇ ਕਾਕਾ ਜੀ , ਵੇ ਯੋਨੀ –ਨੀਟੂ-ਬਿੱਕੀ-ਰਿੱਕੀ –ਡੋਲੀ ਜੀ , ਤੁਆਡਾ ਮਾਹਟਰ ਆਇਆ ਬੈਠਾ ਅੰਦਰ। ਚਲੋ ਪੜ੍ਹ ਲਵੋ ਕੁੱਝ।ਸਿਖ ਲਓ ਕੁੱਝ ਉਸ ਤੋਂ , ਅੰਗਲੱਛ ਦਾਆ …।“ ਪਰ ਜੀ ਕਿੱਥੇ ..! ਉਹ ਦਿਨੋ-ਦਿਨ ਵਿਚਲਦੇ ਗਏ ਹਾਰ ਥੱਕ ਕੇ , ਮੈਂ ਸਾਰੀ ਗੱਲ ਵਿਚਕਾਰਲੇ ਬਨਵੈਤਾਂ ਅੱਗੇ ਖੋਲ ਦਿੱਤੀ। ਖੋਲ੍ਹ ਕਾਹਦੀ ਦਿੱਤੀ- ਉਲਟਾ ਪੰਗਾ ਪੈ ਗਿਆ। ਅੱਗੋਂ ਤਾੜਨਾ ਹੋਈ – “ ਤੈਨੂੰ ਕਿੰਨ ਆਖਿਆ ਸੀ , ਪੰਜਾਬੀ ਹਿੰਦੀ ਪੜ੍ਹਾ ਸਾਡੇ ਬਾਲਾਂ ਨੂੰ ….ਤੇਰੇ ਅਗਰੇ ਸੈਂਕੜੇ ਤੁਰੇ ਫਿਰਦੇ ਆ ਹਰਲ-ਹਰਲ ਕਰਦੇ …।“ ਮੈਂ ਬਥੇਰਾ ਆਖਿਆ – “ ਸਰਦਾਰ ਬਆਦਰ ਅਸੀਂ ਪੰਜਾਬੀ ਹਾਂ , ਸਾਰੇ। ਪੰਜਾਬੀ ਸਾਡੀ ਮਾਂ ਬੋਲੀ ਆ। ਸਾਡਾ ਸਭਿਆਚਾਰ , ਸਾਡਾ ਧਰਮ ,ਸਾਡਾ ਵਿਰਸਾ , ਸਭ ਪੰਜਾਬੀ ਭਾਸ਼ਾ ਨਾਲ ਜੁੜਿਆ ਪਿਆ।ਇਸ ਨੂੰ ਛੱੜ ਕੇ ਅਸੀਂ ਓਪਰੇ ਮੁਲਕ ਦੇ ਬਸ਼ਿੰਦੇ ਜਾਪਾਂਗੇ ਹੰਸਾਂ ਦੀ ਨਕਲ ਕਰਦੇ ਅਸੀਂ ਆਪਣੀ ਚਾਲ ਈ ਗੁਆ ਬੈਠਾਂਗੇ …।“ ਮੇਰੀ ਦਲੀਲ ਦਾ ਉਹਨਾਂ ‘ਤੇ ਕੱਖ ਅਸਰ ਨਾ ਹੋਇਆ। ਉਹਨਾਂ ਅੱਗੋਂ ਹੋਰ ਈ ਟੇਪ ਚਾੜ੍ਹ ਦਿੱਤੀ – “ ਤੁਹਾਂ ਮਾਹਟਰਾਂ ਮੁਲਖ ਦਾ ਭੱਠਾ ਬਠਾ ਛਡਿਆ ਈ ‘ਕੱਠੇ ਹੋ ਕੇ। ..ਨਿੱਤ ਨਮੇਂ ਹੜਤਾਲਾਂ। ਨਿੱਤ ਨਮੇਂ ਧਰਨੇ-ਮੁਜਾਹਰੇ। ਨਿਆਣਿਆਂ ਦੇ ਪੱਲੇ ਧੇਲਾ ਨਈਂ ਪਾਉਂਦੇ ਤੁਹੀਂ। ਦੂਣੀ-ਤੀਣੀ ਦਾ ਪਾੜ੍ਹਾ ਨਈਂ ਆਉਂਦਾ ਕਿਹੇ ਨੂੰ ਐਬੀਸੀ ਉਠਾਲੀ ਨਈਂ ਜਾਂਦੀ ਕਿਹੋ ਤੋਂ …ਕੀ ਝੱਖ ਮਾਰਦੇ ਓ ਸਕੂਲੀਂ …। ਢਾਈ –ਢਾਈ , ਤਿੰਨ-ਤਿੰਨ ‘ ਜ਼ਾਰ ਤਨਖਾਹ ਝਾੜਦੇ ਓ ਪਹਿਲੀ ਦੀ ਪਹਿਲੀ…ਟੀਸ਼ਨਾਂ ਵਾਧੂ , ਛਿੱਲ ਸਾਡੀ ਲਹਿੰਦੀ ਆ ਹਰ ਪਾਸੇ।..ਕਿਤੇ ਰੋਡ-ਟੈਕਸ , ਕਿਸੇ ਸੇਲ-ਟੈਕਸ , ਕਿਤੇ ਅਨਕੰਮ ਟੈਕਸ। ਤਿੰਨ ਲੱਖ ਦੀ ਗੱਡੀ ‘ਚੋਂ ਡੂੜ੍ਹ ਲੱਖ ਟੈਕਸ ਭਰਨਾ ਪੈਂਦਾ ਸਾਨੂੰ ਤਾਡੀ ਖਾਤਰ। “

ਮੇਰਾ ਜੀਅ ਕੀਤਾ , ਵਿਚਕਾਰਲੇ ਬਨਵੈਤਾਂ ਨੂੰ ਟੋਕ ਕੇ ਖ਼ਰੀਆਂ-ਖ਼ਰੀਆਂ ਸੁਣਾਵਾਂ। ਸਾਰੇ ਨਿਘਾਰ ਦੀ ਜੁੰਮੇਵਾਰੀ ਅਧਿਆਪਕ ਸਿਰ ਸੁੱਟਣ ਦਾ ਵਿਰੋਧ ਕਰਾਂ। ਪੜ੍ਹਾਈ –ਲਿਖਾਈ ਦੇ ਅੰਕੜੇ ਪੇਸ਼ ਕਰਾਂ। ਵਿਗਿਆਨੀਆਂ ,ਡਾਕਟਰਾਂ , ਇੰਜੀਨੀਅਰਾਂ ਤੇ ਹੋਰਨਾਂ ਅਧਿਕਾਰੀਆਂ-ਕਾਮਿਆਂ ਨੂੰ ਮਿਲੀਆਂ ਡਿੱਗਰੀਆਂ ਦੀ ਜਾਣਕਾਰੀ ਦਿਆਂ , ਕਿ ਇਹ ਪ੍ਰਾਪਤੀਆਂ ਬਨਵੈਤਾਂ ਦੀ ਛੱਤੀ-ਚੌਹਠ ਦੇ ਪ੍ਰਦਾਨ ਨਈਂ ਕੀਤੀਆਂ। ਸਕੂਲਾਂ-ਕਾਲਿਜਾਂ ਤੋਂ ਹੀ ਪ੍ਰਾਪਤ ਹੋਈਆਂ ਆਂ ਤੇ ਸਕੂਲਾਂ-ਕਾਲਿਜਾਂ ਵਿਚ ਅਧਿਆਪਕ ਕੰਮ ਕਰਦੇ ਆ, ਟਰਾਂਸਪੋਰਟਰ ਨਈਂ ! …ਜੇ ਤੁਆਡੇ ਫਰਜੰਦ ਕਿਸੇ ਜੋਗੇ ਨਹੀਂ ਤਾਂ ਇਸ ਵਿਚ ਕਸੂਰ ਕੱਲੇ ਅਧਿਆਪਕਾਂ ਦਾ ਹੀ ਨਹੀਂ , ਤੁਆਡਾ ਵੀ ਐ , ਇਕੋ ਜਿੰਨਾ ਬਰਾਬਰ ਦਾ। ਪਰ , ਮੈਂ ਉਸਦੀ ਬੋਲ – ਬਾਣੀ ‘ਚ ਵਿਘਨ ਨਾ ਪਾਇਆ। ਸਗੋਂ , ਕਿੱਤੇ ਸਿਰ ਆਏ ਇਲਜ਼ਾਮ ਨੂੰ ਧੋਣ ਦਾ ਇਰਾਦਾ ਹੋਰ ਪੱਕਾ ਕਰ ਲਿਆ। ….ਮੈਂ ਫਿਰ ਜ਼ੋਰ ਮਾਰਿਆ। ਹੋਰ ਮਿਹਨਤ ਕੀਤੀ। ਪਰ ਸਭ ਵਿਅਰਥ। ਪਰਨਾਲਾ ਜਿੱਥੇ ਸੀ ਓਥੇ ਦਾ ਓਥੇ ਰਿਹਾ। ਕੋਹੜ-ਕਿਰਲੀ ਮੈਂ ਖਾਹ-ਮੁਖਾਹ ਆਪਣੀ ਸੰਘੀ ਅੰਦਰ ਫਸਾਈ ਸੀ। ….ਖਾਹ-ਮੁਖਾਹ ਦੀ ਕਿਉਂ ਆਖਾਂ, ਮਜਬੂਰੀ ਸੀ। ਮਕਾਨ ਹੋਰਥੇ ਮਿਲਣਾ ਔਖਾ ਸੀ ਏਨਾ ਸਸਤਾ।

ਮੈਂ ਕਈ ਦਿਨ ਪ੍ਰੇਸ਼ਾਨ ਰਿਹਾ। ਡੋਰ-ਭੋਰ ਤੁਰਿਆ ਫਿਰਦਾ ਰਿਹਾ। ਅੰਦਰੋ-ਅੰਦਰ ਮਕਾਨ ਦੀ ਤਲਾਸ਼ ਕਰਦਾ ਰਿਹਾ। ਇਕ ਦਿਨ ਸਕੂਲੇ ਹਿੰਦੀ ਟੀਚਰ ਵਰਮੇ ਨਾਲ ਗੱਲ ਕੀਤੀ। ਵਰਮਾ ਅੱਗੋਂ  ਇਕ-ਦਮ , ਬੋਲ ਉੱਠਿਆ – “ ਏਹ ਕਿੱਡੀ ਕੁ ਸਮੱਸਿਆ ਚੱਲ ਮੇਰੇ ਨਾਲ ਅੱਜ ਈ …ਮੈਂ ਲੈ ਦੇ ਦਿੰਨਾਂ ਤੈਨੂੰ ਮਕਾਨ ਆਪਣੇ ਲਾਗੇ , ਆਪਣੀ ਗਲੀ ‘ਚ …।“ ਉਸ ਦੀ ਪੇਸ਼ਕਸ਼ ਸੁਣ ਕੇ ਮੇਰੇ ਸਿਰੋਂ ਅੱਧਾ ਭਾਰ ਲਹਿ ਗਿਆ। ਪਰ , ਅਗਲੇ ਹੀ ਛਿਨ ਦੁਗਣਾ ਹੋਰ ਚੜ੍ਹ ਗਿਆ – ‘ ਵਰਮਾ ਹਿੰਦੂ ਆ ….ਇਦ੍ਹਾ ਮਹੱਲਾ ਸਾਰਾ ਹਿੰਦੂਆਂ ਦਾ ! ਮੇਂ ਸਿੱਖ ..ਕੱਲਾ ਕਹਿਰਾ …। ਏਨ੍ਹਾ ਤਾਂ ਲਾਮ- ਲਸ਼ਕਰ ਵਾਲੇ ਸਾਡੇ ਗੁਰੂ ਨੂੰ ਮੁਆਫ਼ ਨਹੀਂ ਸੀ ਕੀਤਾ। ਆਟੇ ਦੀਆਂ  ਗਊਆਂ ਦਿਖਾ ਕੇ ਕਸਮਾਂ ਤੋੜੀਆਂ ਫਿਰ , ਮੈਂ …ਮੈਂ ਕੇਦ੍ਹਾ ਪਾਣੀ ਹਾਰ ਆਂ …! ਮੈਂ ਐਨ ਵਿਚਕਾਰ ਫਸ ਗਿਆ – ਇਕ ਪਾਸੇ ਬਨਵੈਤ, ਦੂਜੇ ਪਾਸੇ ਵਰਮੇਂ …। ਇਕ ਪਾਸੇ ਏ.ਕੇ. ਸੰਤਾਲੀ ,ਦੂਜੇ ਪਾਸੇ ਛੁਰੇ-ਤਰਸ਼ੂਲ…!”

ਮੈਨੂੰ ਡੌਰ-ਭੌਰ ਹੋਇਆ ਜਾਚ ਕੇ , ਵਰਮੇ ਨੇ ਅੱਧੀ –ਛੁੱਟੀ ਵੇਲੇ ਮੇਰਾ ਮੋਢਾ ਆ ਨੱਪਿਆ – “ ਕੀ ਸੋਚੀ ਜਾਨਾਂ ਲੈਣਾ ਨਈਂ ਮਕਾਨ ਲਾਗੇ ਮੇਰੇ…!” ”…ਕਿਉਂ ਨਈਂ ਲੈਣਾ , ਜ਼ਰੂਰ ਲੈਣਾ ..”  , ਹੋਰ ਮੈਂ ਕਹਿ ਵੀ ਸਕਦਾ ਸੀ ਉਸਨੂੰ।

ਛੇਵੀਂ ਘੰਟੀ ਸਕੂਲ ਹੈੱਡ ਨੂੰ ਪਤਾ ਲੱਗਾ ਕਿ ਵਰਮਾ ਮੈਨੂੰ ਆਪਣੇ ਲਾਗੇ ਦੁਆਉਣ ਲੱਗਾ ,ਮਕਾਨ। ਫਿਰ ਹਿਸਾਬ ਵਾਲੇ ਗੁਪਤੇ ਨੂੰ। ਫਿਰ ਸਮਾਜਕ ਵਾਲੇ ਰਿਸ਼ੀ ਨੂੰ। ਫਿਰ ਤ੍ਰਿਪਤਾ ਨੂੰ। ਫਿਰ ਰਾਣੀ ਬਾਲਾ ਨੂੰ। ਹਰੀ ਦੱਤ ਨੂੰ। ਫਿਰ…ਫਿਰ। ਛੁੱਟੀ ਹੋਣ ਤੋਂ ਪਹਿਲਾਂ ਪਹਿਲਾਂ ਹੈੱਡ ਦੇ ਕਮਰੇ ‘ ਚ  ਸ਼ਾਖਾ ਜੁੜ ਗਈ। ਮੈਂ , ਡੀ.ਪੀ. ਈ . ਤੇ ਸ਼ਾਮ ਸਿੰਘ ਕਨਸੋਆ ਲੈਂਦੇ ਰਹੇ।

ਉਹਨਾਂ ਵਰਮੇ ਨੂੰ ਅੰਦਰ ਫਾਇਲ ਕਰ ਲਿਆ “ ਤੈਨੂੰ ਪਤਾਆ  ਨਈਂ ਕੰਜਰਦਿਆ , ਉਹ ਸਿੱਖ ਆ। ਅਤਿਵਾਦੀ ਮੁੰਡਿਆ ਨਾਲ ਤਾਲ ਮੇਲ ਆ …”ਸਮਾਜਕ ਵਾਲੇ ਰਿਸ਼ੀ ਨੇ ਤਾੜਨਾ ਕੀਤੀ। …” ਤੈਨੂੰ ਕਿੱਦਾਂ ਪਤਾ ..ਕੀ ਸਬੂਤ ਆ ਤੇਰੇ ਕੋਅਲ ..?” ” ਸਬੂਤ ! ਤੈਨੁੰ ਪਤਾ ਨਈਂ ,ਉਹ ਬਨਵੈਤਾਂ ਕੋਅਲ ਰਹਿੰਦਾ ,ਮੁਫਤ।ਉਹਨਾਂ ਦੇ ਨਿਆਣੇ ਪੜ੍ਹਾਉਂਦਾ। ਹੋਰ ….ਹੋਰ ਇਸ ਤੋਂ ਵੱਡਾ ਸਬੂਤ ਕੀ ਹੁੰਦਆ …ਸ਼ਸ਼ਤਰ-ਬਸਤਰ ਨਈਂ ਦੀਹਦੇ ਉਹਦੇ ਸਾਨੂੰ। “ …ਅੱਗੋ ਨਈਂ ਦਿਸੇ ਉਦ੍ਹੇ ਸ਼ਸ਼ਤਰ-ਬਸਤਰ ਤ੍ਹਾਨੂੰ ਹੁਣ ਨਵੇਂ ਦਿਸੇ ਆ …। ਸ਼ਹਿਰ ਪਤਾ ਨਈਂ ਅਗਲਾ ਕੇੜ੍ਹੀ ਮਜਬੂਰੀ ਨੂੰ ਰਹਿੰਦਾ।ਚੰਗਾ ਭਲਾ ਘਰ-ਘਾਟ ਆ ਉਦ੍ਹਾ ਪਿੰਡ। ਪੁੱਛਿਆ ਈ ਕਦੀ ਉਹਨੂੰ ! ਕਦੀ ਕੋਈ ਹਰਕਤ ਕੀਤੀ ਐ ਉਹਨੇ , ਵਿੰਗੀ ਟੇਡੀ…।“

‘ਉਹ..ਉਹ ਨਈਂ ਤਾਂ ਹੋਰ ਕੌਣ ਕਰਦਾ ਹਰਕਤਾਂ। ਦਿਨ ਕੋਈ ਖਾਲੀ ਗਿਆ ਕਦੀ …। ਕਦੀ ਪੰਜ, ਕਦੀ ਦਸ , ਕਦੀ ਪੰਦਰਾਂ ,ਕਦੀ ਠਾਰਾਂ …ਆਹ ਹੁਣ ਨਵਾਂ ਈ ਢੰਗ ਫਡ ਲਿਆ , ਮੁਗਲਾਂ-ਅਰਗਾ ,ਹਲਾਲ ਕਰਨ ਦਾਆ ਚੰਗੇ ਭਲੇ ਬੰਦੇ ਨੂੰ ਘਰੋਂ ਚੁੱਕੋ , ਬਾਹਰ ਕਿਸੇ ਪਿੱਪਲ –ਬੋਹੜ ਨਾਲ ਫਾਹਾ ਦੇ ਕੇ ਮਾਰ ਦਿਉ….ਏਹ ਕੇਈ ਬੰਦਿਆ ਆਲੇ ਕੰਮ ਆਂ …।“

“ ਮੈਂ ਕਦ ਕਿਹਾ ਬੰਦਿਆਂ ਆਲੇ ਕੰਮ ਆਂ ! ਬੰਦਿਆਂ ਆਲੇ ਕੰਮ ਕੀਤੇ  ਆਂ ਹੁਣ ਤਾਈਂ। ਨੀਲਾ-ਤਾਰਾ, ਸਿੱਖ-ਕਤਲੇਆਮ, ਕਾਲੀ-ਗਰਜ, ਚਿੱਟੀ ਗਰਜ ,ਦੰਗੇ-ਫ਼ਸਾਦ ,ਇਹ ਬੰਦਿਆਂ ਆਲੇ ਕੰਮ ਕੀਤੇ ਆ ਤੁਸੀ …!”

“ ਅਸੀਂ ਕੀਤੇ ਆ ਏਹ ! …ਕੋਈ ਹੋਸ਼ ਦੀ ਗੱਲ ਕਰ। ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ …। ਜੇੜ੍ਹਾ ਕਰਦਾ , ਉਤ੍ਹੋਂ ਪੁੱਛ ਜਾ ਕੇ …!”

“ ਉਤ੍ਹੋਂ ਕਿਉਂ ਪੁੱਛਾਂ…! ਤੁਆਤੋਂ ਕਿਉਂ ਨਾ ਪੁੱਛਾਂ ..!! ਰਾਤ-ਦਿਨ ਘੋੜੀਆਂ ਗਾਉਂਦੇ ਓ ਜੇੜ੍ਹੇ , ਉੱਪਰਲੇ ਸੰਘਾਸਣ ਦੀਆਂ। ਕਦੀ ਸੋਚਿਆ ਈ ਹੁਣ ਕਿਉਂ ਹੋਣ ਲੱਗੀ ਆ ਏਦਾਂ , ਪਹਿਲੋਂ ਕਿਉਂ ਨਾ ਹੋਈ ਪੈਂਤੀ-ਚਾਲੀ ਸਾਲ੍ਹ ….! ..ਪੀਲੀਆ ਹੋਇਆ ਪਿਆ ਤਾਕਤ ਦਾ ਤਾਡ੍ਹੇ ਪ੍ਰਭੂਆ ਨੂੰ। ਸੱਚੀ ਗੱਲ ਸਹਾਰੀ ਨਈਂ ਜਾਂਦੀ ਤਾਤੋਂ …। ਮਾਰ ਦਿਓ , ਨੱਪ ਦਿਓ , ਫੇਂਹ ਦਿਓ , ਫਾਹੇ ਲਾ ਦਿਓ , ਜੇੜ੍ਹਾ ਵੀ ਬੋਲਦਾ-ਕੁਸਕਦਾ ਅੱਗੇ। ਸਤਵੰਤ-ਬੇਅੰਤ ਤੇ ਚਲੋ ਮੰਨਿਆ , ਔਹ ਹਾਸ਼ਮੀ ਨੇ ਕੀ ਵਿਗਾੜਿਆ ਸੀ, ਤਾਡ੍ਹਾ …ਰਵੀ ਨੇ ਕਿਦੀ ਖੋਤੀ ਨੂੰ ਹੱਥ ਲਾਇਆ ਸੀ, ਤਾਡ੍ਹੇ …!”

“ ਦੇਖੋ ਓਏ , ਕਿਮੇ ਚਾਪਰਿਆ ਫਿਰਦਆ…। ਸਰਕਾਰੀ ਮੁਲਾਜ਼ਮ ਹੋ ਕੇ ਹਾਕਮਾਂ ਵਿਰੁੱਧ ਬੋਲਦਆ। …ਆਪ ਤਾਂ ਮਰਨਾ ਈ ਏਨੇ , ਨਾਲ ਸਾਨੂੰ ਬੀ ਮਰਵਾਊ। ਓਏ ਓਏ ਤੈਨੂੰ ਪਤਾ ਸਰਕਾਰੀ ਹੁਕਮਾਂ ਦਾਆ ..ਦਫ਼ਤਰਾਂ –ਸਕੂਲਾਂ ਦੀ ਹੱਦ-ਹਦੂਦ ਆੰਦਰ ਸਿਆਸੀ ਬਹਿਸਾਂ ਬੰਦ ਕੀਤੀਆਂ ਬੀਆਂ …ਬੰਦ। “

“ ਮੇਰੇ ਲਈ ਬੰਦ ਕੀਤੀਆਂ ਬੀਆਂ ਤੇ ਤਾਡ੍ਹੇ ਲਈ ਖੋਲ੍ਹੀਆਂ ਬੀਆਂ …ਆਹ ਸਭਾ ਕਿਨ ਕੱਠੀ ਕੀਤੀ ਆ ਮੈਂ ਕਿ ਤੁਹੀਂ …?” ਵਰਮਾ ਆਪਣੀ ਥਾਂ ਅੜਿਆ ਰਿਹਾ ,ਹੈਡਮਾਸਟਰ ਉਹਨਾਂ ਦਾ ਬੰਦਾ ਸੀ , ਪਰ ਸੀ ਮੌਕਾ-ਸ਼ਨਾਸ। ਵਿਚ-ਵਿਚਾਲੇ ਦੀ ਗੱਲ ਕਰ ਗਿਆ। “ ਓ…ਓ ਭੋਲਿਓ , ਤੁਹੀਂ ਆਪੋ ਵਿਚ ਦੀ ਕਿਉਂ ਝਗੜਦੇ ਓ..ਕਉਂ ਖਹਿਬੜਦੇ ਓ …? ‘ਜਿੰਨਾ ਜਿੰਨਾ ਕੋਈ ਜੁਰਮ ਕਰਦਾ , ਓਨੀ ਓਨੀ ਸਜ਼ਾ , ਉਨੂੰ …ਆਪਣੇ ਆਪ ਮਿਲੀ ਟੁਰੀ ਜਾਂਦੀ ਆ ,ਪ੍ਰਭੂ ਪਰਮੇਸ਼ਰ ਵੱਲੋਂ …।“

ਛੁੱਟੀ ਹੋਣ ‘ਤੇ ਵਰਮੇਂ ਨੇ ਸਾਰੀ ਗੱਲ ਮੇਰੇ ਕੰਨੀਂ ਕੱਢੀ। ਮੈਂ ਵਿਲਕ ਉੱਤਰਿਆ ਉਹਨਾਂ ਦੇ ਵਤੀਰੇ ‘ਤੇ ਸਹਿਕਰਮੀਆਂ ਦੇ ਕਰਮ ‘ਤੇ। ਜਿਹਨਾਂ ਨਾਲ ਕਈ ਵਰ੍ਹਿਆਂ ਤੋਂ ਇਕ ਸਾਂ। ਅੱਵਲ ਕਈ ਸਦੀਆਂ ਤੋਂ। ਦੁੱਖ-ਸੁੱਖ ਸਾਂਝਾ ਸੀ ਸਭ ਦਾ। ਖਾਣ-ਪੀਣ ਇਕ ਥਾਂ। ਪਰ ਪਰ ਹੁਣ ਕੀ ਵਾਪਰ ਗਿਆ ਇਹ ! ਕੀ ਧੂੜ ਦਿੱਤਾ ਸੀ ਕਿਸੇ ਨੇ ਸਾਡੇ ਸਿਰਾਂ ਅੰਦਰ ..!! ਕਿਉਂ ਸੁਰਤ ਮਾਰੀ ਗਈ ਸੀ ਸਾਡੀ ਸਾਰਿਆਂ ਦੀ ….!! ਇਕੇ ਘਰ ਦੇ ਜੀਅ ਇਕ ਦੂਜੇ ਤੇ ਵੈਰੀ ਬਣੇ ਪਏ ਸਨ। ਮੈਨੂੰ ਸ਼ਰਮ ਵੀ ਆਈ ਤੇ ਗੁੱਸਾ ਵੀ। ਪਰ , ਦੂਜਿਆਂ ਨਾਲੋਂ ਬਹੁਤਾ ਗਿਲਾ ਮੈਨੂੰ ਆਪਣਿਆਂ ‘ਤੇ ਸੀ । …ਸੋ ਪੰਜਾਹ ਦੀ ਕੀਤੀ ਸਾਰਿਆਂ ਨੂੰ ਭੁਗਤਣੀ ਪਈ। ਇਹ ਕੋਈ ਢੰਗ-ਤਰੀਕਾ , ਕੰਮ ਕਰਨ ਦਾ …। ਹਰ ਵੇਲੇ ਖੂਨ , ਹਰ ਵੇਲੇ ਗੋਲੀ , ਹਰ ਥਾਂ ਕਤਲ ! ਜਿਨ੍ਹੇ ਮਾੜੀ-ਮੋਟੀ ਤਿੰਨ-ਪੰਜ ਕੀਤੀ ,ਉਹ ਈ ਅਗਲੇ ਦਿਨ ਖ਼ਤਮ। ਨਾ ਹਿੰਦੂ ਦਾ ਬਚਾ , ਨਾ ਸਿੱਖ ਦਾ ਲਿਹਾਜ਼। ਨਾ ਬੱਚਿਆਂ ਨੂੰ ਛੋਟ ,ਨਾ ਇਸਤਰੀਆਂ ‘ਤੇ ਰਹਿਮ ! ..ਕਿੱਥੋਂ ਤੁਰਿਆ ਸੀ ਮਸਲਾ , ਕਿਧਰੇ ਦਾ ਕਿਧਰੇ ਪਹੁੰਚ ਗਿਆ। ਹੁਣ ਕਿਸੇ ਨੂੰ ਚੜਾ-ਚੰਡੀਗੜ੍ਹ ਯਾਦ ਨਹੀਂ ਸੀ ਰਿਹਾ। ਪੜੇ-ਪਾਣੀਆਂ ਦੀ ਗੱਲ ਵੀ ਸਭ ਕਿਸੇ ਨੂੰ ਭੁੱਲ –ਵਿਸਰ ਗਈ ਸੀ। ਹਿੰਦੀ –ਪੰਜਾਬੀ ਬੋਲਦੇ ਇਲਾਕੇ ਵੀ ਆਪਣੀ ਥਾਹੋਂ ਕਿਧਰੇ ਨਹੀਂ ਸੀ ਹਿੱਲੇ। ਵੱਖਰੇ  ਰਾਜ ਦੀ ਮੰਗ ਵੀ ਕਿਸੇ ਦੇ ਚਿੱਤ-ਚੇਤੇ ਨਹੀਂ ਸੀ ਰਹੀ। ਕੁਰਸੀ-ਯੁੱਧ ਮੋਰਚਾ ਜਿਵ਼ ਲੁੱਟ-ਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ। ਜਬਰੀ-ਉਗਰਾਹੀ ,ਬੈਂਕ –ਡਕੈਤੀਆਂ , ਧਮਕੀ-ਪੱਤਰ ਹਰ ਕਿਸੇ ਦੀ ਜਾਨ ਦਾ ਖੋਅ ਬਣ ਪਏ ਸਨ।

….ਧਮਕੀ ਪੱਤਰ ਦੀ ਯਾਦ ਆਉਂਦਿਆਂ ਮੈਂ ਇਕ ਵਾਰ ਫਿਰ ਦਹਿਲ ਗਿਆ। ਬਕਾਇਆ ਰਹਿੰਦੀ ਕਿਸ਼ਤ ਆਦਮ-ਬੋਅ, ਆਦਮ-ਬੋਅ ਕਰਦੀ ਮਰੀ ਧੋਣ ‘ਤੇ ਆ ਚੜ੍ਹੀ। ….ਬਿਰਧ ਬਾਪ ਨੇ ਬਥੇਰਾ ਵਰਜਿਆ , ਬਥੇਰਾ ਸਮਝਾਇਆ …’ਜਿੰਨਾ ਇਨ੍ਹਾਂ ਅੱਗੇ ਝੁਕੇਂਗਾ , ਅਗਲੇ ਓਨੀ ਈ ਹੋਰ ਕਾਠੀ ਪਾਉਂਦੇ ਜਾਣਗੇ …। ਉਹਦੀ ਗੱਲ ਸੌ ਵਿਸਵੇ ਠੀਕ ਸੀ , ਅੱਵਲ ਡੂੜ ਸੌ ਵਿਸਵੇ। ਕੁਝ ਚਿਰ ਪਹਿਲਾਂ ‘ਉਹ’ ਪਿੰਡ ‘ਚ ਇਸ਼ਤਿਹਾਰ ਲਾ ਗਏ – “ਤੁੰਨੀ-ਮੁੰਨੀ ਇਕ ਬਰਾਬਰ …ਰੋਮਾਂ ਦੀ ਬੇ-ਅਦਬੀ ਕਰਨਾ ਬੰਦ ,ਵਰਨਾ …।‘ ਸਾਰੇ ਘਾਬਰ ਗਏ। ਦਾੜ੍ਹੀ –ਕੱਟ ,ਜਰਦਾ –ਫੱਕ ਸਭ ਤੋਂ ਮੂਹਰੇ ਹੋ ਨਿਕਲੇ , ਦਾਅੜੀਆਂ ਪ੍ਰਕਾਸ਼ਨ ਵਿਚ। ਮੈਂ ਡੋਰ ਬੰਨ੍ਹਦਾ ਸਾਂ। ਅਗਲੇ ਦਿਨ ਹੀ ਖੋਲ੍ਹ ਛੱਡੀ। …’ ਉਹਨਾਂ ‘ ਦਾ ਅਗਲਾ ਹੁਕਮ ਆਇਆ –“ਅੰਮ੍ਰਿਤਧਾਰੀ ਬਣੋ , ਪੰਜ ਕਰਾਰ ਪੂਰੇ ਕਰੋ , ਵਰਨਾ। “ ਅਸੀਂ ਸਭ ਨੇ ਸ਼ਸ਼ਤਰ ਪਹਿਨ ਲਏ।‘ਉਹਨਾਂ’ ਦੀ ਅਗਲੀ ਕਾਰਵਾਈ ਸੀ “ਦਸਬੰਧ ”।ਕਿਸੇ ਤੋਂ ਦਸ ,ਕਿਸੇ ਤੋਂ ਵੀਹ , ਕਿਸੇ ਤੋਂ ਪੰਜ ਹਜ਼ਾਰ ਇਕੱਠਾ …। ਮੈਨੂੰ ਵੀਹ ਹਜ਼ਾਰ ਦਾ ਪੱਤਰ ਆਇਆ। ਮੈਂ ਵਿਚਕਾਰ ਫ਼ਸ ਗਿਆ – ਇਕ ਪਾਸੇ ਬਾਪੂ ਦੀ ਖ਼ਰੀ ਸੱਚੀ ਦੂਜੇ ਪਾਸੇ ਬੰਨੇ ਜਾਨ-ਪ੍ਰਾਣ ..! ਬਾਪੂ ਆਪਣੀ ਥਾਂ ਪੱਕਾ ਰਿਹਾ , ਮੈਂ ਆਪਣੀ ਥਾਂ ਡਰਿਆ ਰਿਹਾ – “ ਜਾਨ ਬਚੀ ਰਹੁ ..ਪੈਸਾ ਫੇਰ ਵੀ ਆ ਸਕਦਆ , ਪਰ …ਜੇ ਅਗਲੇ ਕਾਰਾ ਕਰਾ ਗਏ …ਕੌਣ ਸਾਂਭੂ ਐਨਾ ਕੁਸ !  ਬਾਪੂ ਅੱਗੋਂ ਖਿਝ ਕੇ ਪਿਆ – “ ਸਾਡੇ ਮਰਨ ਤੇ ਰਾਤ-ਦਿਨ ਬਨਣੋਂ ਬੰਦ ਨਈਂ ਹੋਣ ਲੱਗੇ। ਧਰਤੀ ਘੁੰਮਣੋਂ ਨਈਂ ਹਟਣ ਲੱਗੀ ਤੇਰੇ –ਮੇਰੇ ਬਿਨਾਂ। ਬੜਾ ਭੁਲੇਖਾ ਸੀ ਤੇਰੇ ਅਰਗਿਆਂ ਨੂੰ – ਕੀ ਬਣੂ ਵਰਸ਼ ਦਾਆ , ਜੁਆਰ ਲਾਲ ਪਿੱਛੋਂ …! ਲਾਲ ਬਹਾਦਰ ਉਤੋਂ ਵੀ ਖ਼ਰਾ ਸੀ ਦੋ-ਰੱਤੀਆਂ। …ਊਂ ਖਰੇ ਬੰਦੇ ਦੀ ਪੁੱਛ-ਪੜਤਾਲ ਕੋਈ ਨਈਂ ਏਥੇ ….ਤੂੰ ਬੀ ਦੇਖ ਲਾਅ ਚੰਗਾ ਬਣ ਕੇ ਇਕ-ਆਰ ,ਅਗਲੇ ਦੂਜੀ ਵਾਰ ਫਿਰ ਤੇਰੀ ਸੰਘੀ ‘ਤੇ ਰਫ਼ਲ ਆ ਰੱਖਣਗੇ …।“

ਬਾਪੂ ਖ਼ਰੀ –ਸੱਚੀ ਕਹਿਣ ਦਾ ਆਦੀ ਸੀ  , ਬਿਨਾਂ ਝਿਜਕ ਆਖ ਗਿਆ। ਮੈਂ ਹਾਂ-ਨਾਂਹ ਕਰਦਾ ਵਿਚ-ਵਿਚਾਲੇ ਲਟਕਿਆ ਰਿਹਾ ਨਾ ਉਹਦੇ ਸਚ ਤੋਂ ਮੁਨਕਰ ਹੋ ਸਕਿਆ , ਨਾ ਆਪਣੇ ‘ਸੱਚ ’ ਤੋਂ …। ਮੈਂ ਫਿਰ ਕਿਹਾ- “ ਬਾਪੂ ਜੀ ਇਹ ਰਾਕਟ-ਕੰਮਪੀਊਟਰ ਯੁੱਗ ਐ , ਬੈਲ-ਗੱਡੀ ਯੁੱਗ ਨਈਂ , ਹੁਣ ਦੀ ਪੜ੍ਹਾਈ –ਲਿਖਾਈ ਤੇਰੇ ਵੇਲਿਆਂ ਨਾਲੋਂ ਖਾਸੀ ਵੱਖਰੀ ਐ। …ਦੇਸ਼ ,ਕੌਮ ,ਪ੍ਰਾਂਤ ,ਭਾਸ਼ਾ , ਸਭਿਆਚਾਰ , ਮੇਲੇ –ਮੁਸਾਵੇ ਕੇਵਲ ਠੁੰਮਣੇ ਹਨ, ਠੁੰਮਣੇ ਇਸ ਪੀੜ੍ਹੀ ਦੇ ,ਉੱਚੇ ਥਾਂ ਖੜੋਣ ਲਈ …ਤੇ ਅੜੇ-ਆਦਰਸ਼ਾਂ ਦਾ ਪ੍ਰਚਾਰ ਸਿਰਫ਼ ਮੂੰਹ ਜ਼ਬਾਨੀ ਜਮ੍ਹਾਂ-ਖਰਚ। ਜੇ ….ਜੇ  ਮੈਂ ਸੋਨ-ਸੁਨਹਿਰੀ ਸੰਸਕ੍ਰਿਤੀ ਦੇ ਘਸੇ –ਪਿਟੇ ਸੰਕਲਪਾਂ ‘ਚ ਤੇਰੀ ਤਰ੍ਹਾਂ ਜਕੜਿਆ ਰਹਿੰਦਾ , ਤਾਂ ਹੁਣ ਨੂੰ ਕਿਸੇ ਰਾਜਸ਼ਾਹੀ ਸੁਧਾਰ-ਘਰ ਦੀਆਂ ਸੀਖਾਂ ਪਿੱਛੇ ਬੰਦ ਹੁੰਦਾ ਜਾਂ ਕਿਸੇ ਨਹਿਰ ਕੰਢੇ ਹੋਏ ਪੁਲਸ-ਮੁਕਾਬਲੇ ਦੀ ਖ਼ਬਰ ਬਣਦਾ …।“

ਬਾਪੂ ਨੂੰ ਲੱਗਾ ਮੈਂ ਉਹ ਨੂੰ ਮਿਹਣਾ ਮਾਰਿਆ ਐ। ਉਸ ਦੀ ਉਮਰ ਭਰ ਦੀ ਕਮਾਈ ਦਾ ਕੌਡੀ ਮੁੱਲ ਨਹੀਂ ਪਾਇਆ। ਉਹਨੇ ਮੇਰੀ ਵੱਲ ਬੜੇ ਹਿਰਖ ਨਾਲ ਦੇਖਿਆ। ਉਂਝ ਉਹਦਾ ਹਿਰਖ ਸੀ ਵੀ ਸੱਚਾ – ‘ਮਰਦਾ-ਲੜਦਾ ਕੋਈ ਰਿਹਾ , ਸਾਂਭ ਕੋਈ ਬੈਠਾ। ਫਾਂਸੀਆਂ , ਕਾਲ-ਕੋਠੜੀਆਂ , ਕਿਸੇ ਹਿੱਸੇ ਆਈਆਂ , ਰਾਜ –ਤਿਲਕ ਕਿਸ੍ਹੇ ਹਿੱਸੇ …। ‘ ਮੇਰਾ ਜੀਆ ਕੀਤਾ ਮੈਂ ਉਸ ਨੂੰ ਸਾਫ਼ ਕਹਿ ਦਿਆਂ – “ ਹਿਰਖ ਕਿਦ੍ਹੇ ‘ਤੇ ਕਰਦਾਂ ਆਂ ਬਾਪੂ …ਹਵਾ ਦਾ ਰੁੱਖ ਦੇਖ ਕੇ ਬਦਲਨਾ ਮੇਰੀ ਸਿਖਿਆ –ਸਮਝ ਦੀ ਯੁੱਧ –ਨੀਤੀ ਵੀ ਐ ਤੇ ਦਾਅ-ਪੇਖ ਵੀ …।“

…ਤੇ ਇਹਨਾਂ ਦਾਅ-ਪੇਚਾਂ ਦੀ ਕੜੀ ‘ਚ ਮੈਂ ਉਸ ਤੋਂ ਇਕ ਗੱਲ ਲੁਕੋ ਰੱਖੀ। ‘ਜਬਰੀ-ਉਗਰਾਹੀ ‘ ਦੀ ਮੰਗੀ ਰਕਮ ਵਿਚੋਂ ਅੱਧੀ ਕਿਸ਼ਤ , ਮੈਂ ਚੋਰੀ –ਛਿਪੇ ਦੱਸੇ ਟਿਕਾਣੇ ‘ਤੇ ਰੱਖ ਆਇਆ। ਉਸ ਨੂੰ ਪਤਾ ਲੱਗਾ , ਉਹਨੇ ਕੱਢ ਡਾਂਗ ਲਈ ਮੇਰੇ ਦੁਆਲੇ ਆਖੇ – “ ਦਫਾ ਹੋ ਜਾ ਮੇਰੀਆਂ ਅੱਖਾਂ ਸਾਹਮਣਿਓਂ..ਗੀਦੀ ਕਿਸੇ ਥਾਂ –ਦਾਆ। ਐਨ੍ਹੀਂ ਕਰਤੂਤੀਂ ਗੁਲਾਮ ਰਿਹਾ ਮੁਲਕ ਕਦੇ ਤੁਰਕਾਂ ਦਾ ਕਦੇ ਗੋਰਿਆਂ ਦਾ। ..ਮੈਨੂੰ ਜੇ ਪਤਾ ਹੁੰਦਆ , ਤੂੰ ਏਨਾ ਕਾਇਰ ਨਿਕਲਣਾ , ਜਾਨੋਂ ਮਾਰ ਦੇਣਾ ਸੀਈ ਮੈਂ ਤੈਨੂੰ ਜੰਮਦੇ ਨੂੰ …। “ ਮੈਂ ਅੱਗੋਂ ਕੀ ਕਹਿੰਦਾ। ਚੁੱਪ ਰਿਹਾ। ਹਾਂ ਨਾ ਨਾਂਹ। ਬਾਪੂ ਥੋੜਾ ਠੰਡਾ ਹੋਇਆ , ਮੈਂ ਫਿਰ ਉਹਦੇ ਲਾਗੇ ਹੋ ਬੈਠਾ – “ਦੇਖ ਬਾਪੂ , ਡਾਂਗ ਸੌਟੇ ਦਾ ਸਮਾਂ ਨਈਂ ਹੁਣ , ਨੀਤੀਵਾਨ ਹੋ ਕੇ ਸਰਦਾ ਅੱਜ ਕੱਲ।…ਕੀ ਫ਼ਰਕ ਪਿਆ ਆਪਾਂ ਨੂੰ ? ਕੇੜ੍ਹਾ ਕੋਲੋਂ ਗਏ ਆ ! ..ਕੱਲ ਤੋਂ ਚੀਜ਼ਾਂ –ਵਸਤਾਂ ਹੋਰ ਮਹਿੰਗੀਆਂ ਕਰ ਦਿਆਂਗੇ , ਕੇੜ੍ਹ ਕੋਈ ਪੁੱਛ-ਪੜਤਾਲ ਹੁੰਦੀ ਐ ..ਜੇ ਕਿਸੇ ਕੀਤੀ ਵੀ ਤਾਂ ਉਹਦਾ ਮੱਥਾ ਵੀ ਨਾਲ ਹੀ ਡੁੱਮਿਆਂ ਜਾਊ …। ਸਾਲ ਖੰਡ ‘ਚ ਪੂਰੀ ਹੋਈ ਲੈ ਦਸ ਜ਼ਾਰ ਵੀ ਕੋਈ ਰੋਕੜ ਹੁੰਦੀ ਆ …। ਬਾਪੂ ਫਿਰ ਤਪ ਗਿਆ – “ ਇਉਂ ਗਰੀਬ-ਗੁਰਬੇ ਲੁੱਟ ਕੇ ਢਿੱਡ ਭਰੀ ਜਾਮਾਂ , ਉਨਾਂ ਦਾ …ਵਿਹਲੜ ਗੀਦੀਆਂ ਦਾ। …ਇਹੋ ਤਾਂ ਝਗੜਾ ਰਿਹਾ , ‘ਕਾਂਗਰਸ ’ ਨਾ ਸ਼ੁਰੂ ਤੋਂ …। ਮੈਂ ਤਾਂ ਨਈਂ ਦਾਗੀ ਹੋਣਾ। ਮਰਨਾ ਮਨਜ਼ੂਰ ਆ …ਏਨ੍ਹਾਂ ਹੱਥੋਂ ਮਰਾਂਗਾ , ਚੰਗੀ ਹੋਏਅ-ਹੋਏਅ ਹੋਊ ਸਾਰੇ ਜਹਾਨ ‘ਤੇ ! ਕੀ ਆਖੂ ਦੁਨੀਆਂ !..ਜਿਨ੍ਹਾਂ ਖਤਾਰ ਕੈਦਾਂ ਕੱਟੀਆਂ , ਜਲਾਵਤਨੀਆਂ ਝੱਲੀ , ਉਨ੍ਹਾਂ ਈ ਮਾਰ ਛੱਡੇ ਆਪਣੇ ਦੇਸ਼-ਭਗਤ …ਬੱਲੇ ਓਏ ਬਅਦਰੋ …।“ ਬਾਪੂ  ਦਾ ਭਰਿਆ ਗੱਚ ਇਕੋ ਵਾਰਗੀ ਉੱਛਲ ਪਿਆ। ਅੱਖਾਂ ‘ਚੋਂ ਕਿਰਦੇ ਅੱਥਰੂ , ਖੁਲੀ-ਚਿੱਟੀ ਦਾਅੜ੍ਹੀ ਤੋਂ ਦੀ ਤਿਲਕਦੇ , ਪੱਕੇ ਫ਼ਰਸ਼ ਤੇ ਕਿਰਦੇ ਗਏ।

ਬਾਪੂ ਨੇ ਮੇਰੇ ਨਾਲ ਬੋਲਣਾ ਬੰਦ ਕਰ ਦਿੱਤਾ। ਮੈਂ ਅੰਦਰੋਂ-ਅੰਦਰ ਘੁੱਟਿਆ ਗਿਆ। ਹਾਰ ਕੇ ਸ਼ਹਿਰ ਤੁਰ ਆਇਆ , ਬਿਨ੍ਹਾਂ ਉਸ ਨੂੰ ਦੱਸੇ …।

ਸ਼ਹਿਰ ਪਹੁੰਚ ਕੇ ਹੋਰ ਈ ਮੁਸੀਬਤ ਆ ਡਿੱਗੀ। ਪਹਿਲਾਂ ਚੱਜ ਦਾ ਮਕਾਨ ਨਾ ਮਿਲਿਆ। ਜੇ ਮਿਲਿਆ ਈ ਤਾਂ ਭੂਤ-ਬੰਗਲਾ। ਬਨਵੈਤਾਂ ਨਾਲ ਭਰਿਆ। ਜੇ ਛੱਡਦਾ ਸੀ ਤਾਂ ਕਲੰਕੀ ਜੇ ਰੱਖਦਾ ਸੀ ਤਾਂ ਕੋਹੜੀ। ਇਕ ਪਾਸੇ ਵਿਚਕਾਰਲੇ ਬਨਵੈਤਾਂ ਦੀ ਧਮਕੀ , ਦੂਜੇ ਪਾਸੇ ਧਮਕੀ-ਪੱਤਰ ਦਾ ਰਿਮਾਂਡ। ਪੁਲਸੀ ਰੀਮਾਂਡਾਂ ਤੋਂ ਵੀ ਔਖਾ। ਜਿਸ ਨੂੰ ਕੋਈ ਵੀ ਨਹੀਂ ਸੀ ਸਹਿ ਸਕਿਆ। ਨਾ ਤਕੜਾ ਨਾ ਮਾੜਾ। ਨਾ ਛੋਟਾ ਨਾ ਵੱਡਾ। ਨਾ ਅਮੀਰ ਨਾ ਗਰੀਬ। ਹਾਰ-ਟੁੱਟ ਕੇ ਮਲਬੇ ਹੇਠ ਦੱਬਿਆ  ਜਾਂਦਾ। ਜੀਉਂਦਾ ਜਾਂ ਮੋਇਆ-ਇਹ  ਤਾਂ ਉਹੀ ਜਾਣੇ , ਜਿਸ ਦਾ ਸੜਿਆ –ਗਲਿਆ ਪਿੰਜਰ , ‘ਕਾਰ-ਸੇਵਾ-ਢੇਰ’ ਹੇਠੋਂ ਲੱਭਦਾ ਏ , ਹੁਣ …।

ਮੈਨੂੰ ਲੱਗਾ , ਮੈਂ ਵੀ ਇਕ ਪਿੰਜਰ ਹਾਂ , ਬੇ-ਪਛਾਣ ਪਿੰਜਰ। ਡਰ-ਫਿਕਰ ਦੇ ਮਲਬੇ ਹੇਠ ਦੱਬਿਆ। ਉਲ੍ਹਾਮੇਂ-ਮਿਹਣਿਆਂ ਦੀ ਨਸ਼ਤਰ ਦਾ ਵਿੰਨਿਆ।..ਮੈਨੂੰ ਕਿਸੇ ਨੇ ਵੀ ਮੁਆਫ਼ ਨਹੀਂ ਸੀ ਕੀਤਾ – ਨਾ ਬਾਪੂ ਨੇ ,ਨਾ ਮੁੰਡਿਆ ਨੇ ,ਨਾ ਬਨਵੈਤਾਂ ਨੇ ,ਨਾ ਮੇਰੇ ਸਕੂਲ ਟੀਚਰਾਂ ਨੇ।

ਸਕੂਲੋਂ ਬੱਸ ਰਾਹੀਂ ਪਠਾਨਕੋਟ ਪਹੁੰਚ ਕੇ ਮੈਂ ਵਰਮੇਂ ਨਾਲ ਕਮਰਾ ਦੇਖਣ ਚਲਾ ਗਿਆ।

ਤੀਸਰਾ ਕਮਰਾ , ਅੱਧਾ ਬਾਜ਼ਾਰ ਲੰਘ ਕੇ ਕਿਲ੍ਹੇ ਵੱਲ ਨੂੰ ਮੁੜਦੀ ਗਲੀ ਅੰਦਰ ਸੀ। ਦੋ-ਮੰਜ਼ਲਾ ਮਕਾਨ ਸੀ। ਖੁਲ੍ਹਾ ਤਾਂ ਭਾਵੇਂ ਨਹੀਂ ਸੀ , ਪਰ ਸੀ ਨਿਵੇਕਲਾ। ਨਾ ਕਿਸੇ ਦੀ ਹੈਅ-ਹੈਅ ਨਾ ਕਿਸੇ ਦੀ ਖੈਅ-ਖੈਅ। ਦੋ ਕਮਰੇ , ਇਕ ਰਸੋਈ। ਪਰ ਗੁਸਲਖਾਨਾ – ਟਾਇਲਟ ਸਾਂਝਾ – ਉੱਪਰਲੀ ਮੰਜ਼ਲ ਨਾਲ। ਮਾਲਕ ਮਕਾਨ ਉਪਰ ਰਹਿੰਦੀ ਸੀ – ਇਕੱਲੀ ਇਸਤਰੀ। ਦੋ ਨਿੱਕੇ ਨਿੱਕੇ ਬਾਲ। ਦੁਕਾਨ ਕਰਦੀ ਸੀ , ਕੁਆੜ ਬਾਜ਼ਾਰ ਅੰਦਰ। ਪਲਾਸ ਟਿਕ ਚੱਪਲਾਂ –ਜੁੱਤੀਆਂ ਦੀ। ਪੂਰੀ ਚੰਟ ਇਸਤਰੀ ਚਾਲ ਢਾਲ ਪੂਰੀ ਚੁਸਤ। ਪੌੜੀਆਂ ਉੱਤਰਦੀ ਹਨੇਰੀ ਵਾਗ। ਪੌੜੀਆਂ ਚੜ੍ਹਦੀ ਛੜੱਪੇ ਤੇ ਛੜਪਾ। ਦੇਖਣ-ਚਾਖਣ ਨੂੰ ਬਾਹਵਾ। ਮੂੰਹ-ਮੱਥਾ ਸੋਹਣਾ –ਸਨੁੱਖਾ।ਪਰ , ਬੋਲ-ਬਾਣੀ ਵਾਖਰੂ-ਵਾਖਰੂ ਰੱਬ ਝੂਠ ਨਾ ਬੁਲਾਏ ,ਜਿਵੇਂ

ਕਾਂ ਖਾਦ੍ਹੇ ਹੋਣ। ਇਕੋ ਝਿੜਕ ਨਾਲ ਦੋਨਾਂ ਬੱਚਿਆਂ ਦਾ ਸਾਹ ਸੂਤਿਆ ਜਾਂਦਾ। ਜਦੋਂ ਕੜਕਦੀ ,ਛੱਤਾਂ ਕੰਬ , ਜਾਂਦੀਆਂ। ਹੇਠਲੀ ਮੰਜ਼ਲ ਡਰ ਜਾਂਦੀ।ਚਲੋ ਸਾਨੂੰ ਕੀ ! ਮੈਂ ਸੋਚਿਆ – ਅਪਣੇ ਬਾਲਾਂ ਨੂੰ ਘੂਰਦੀ ਐ , ਸਾਡਾ ਕੀ ਵਿਗਾੜਦੀ ਐ। ਸਾਡਾ ਬੱਚਾ ਅਜੇ ਛੋਟਾ ਸੀ। ਉਹਦੇ ਬੋਲ-ਕਬੋਲ ਸੁਣ ਕੇ ਸਹਿਮ ਜਾਂਦਾ ਆਪਣੀ ਮੰਮੀ ਦੀ ਗੋਦੀ ਆ ਲੁਕਦਾ। ਪਰ ਜਦੋਂ ਸਾਡੇ ਦੋਨਾਂ ਨਾਲ ਗੱਲਾਂ ਕਰਦੀ , ਉਹ ਮਿਠਾਸ ਦਾ ਮੁਜੱਸਮਾ ਬਣੀ ਹੁੰਦੀ।

ਨਲਕਾ ਹੇਠਾਂ ਸੀ , ਇਕ ਕੋਨੇ ਅੰਦਰ। ਬਾਹਰਲੇ ਦਰਵਾਜ਼ੇ ਦੀ ਵਗਲ ਵਿਚ। ਨਾਲ ਗੁਸਲਖਾਨਾ। ਨਾਲ ਫ਼ਲੱਸ਼।  ਦੂਜੇ ਬੰਨੇ ਪੌੜੀਆਂ ਪੱਕੀਆਂ , ਰੇਲਿੰਗ ਵਾਲੀਆਂ। ਉੱਪਰ –ਹੇਠਾਂ , ਚੜ੍ਹਦੀ – ਉੱਤਰਦੀ , ਉਹ ਸਾਡੇ ਅੰਦਰ ਜ਼ਰੂਰ ਝਾਕਦੀ। ਮੇਰੇ ਵੱਲ ਇਉਂ ਵੇਖਦੀ , ਜਿਵੇਂ ਮਾਲਕ-ਮਕਾਨ ਨੂੰ ਨਹੀਂ ਦੇਖਣਾ ਚਾਹਿਦਾ। ਘੱਟੋ-ਘੱਟ ਮੇਰੀ ਪਤਨੀ ਸਾਹਮਣੇ …।

ਥੋੜੇ ਕੁ ਦਿਨ ਮੇਰੀ ਪਤਨੀ ਸਭ ਕੁਝ ਸਹਿੰਦੀ ਰਹੀ। ਬੇਚਾਰੀ ਇਕੱਲੀ ਇਸਤਰੀ ਨਾਲ ਮੋਹ ਕਰਦੀ ਰਹੀ ਪਰ ਛੇਤੀ ਹੀ ਇਕ ਹੋਰ ‘ਬੰਬ ’  ਫਟ ਗਿਆ –ਮੈਂ ਸਕੂਲੋਂ ਮੁੜਦਾ ਸਬਜ਼ੀ ਚੁੱਕੀ ਘਰ ਤੁਰਿਆ ਆਉਂਦਾ ਸਾਂ। ਉਹਨੇ ਦੁਕਾਨ ‘ ਚ ਬੈਠੀ ਨੇ ‘ਵਾਜ਼ ਮਾਰ ਲਈ। ਏਨੇ ਪਿਆਰੇ ਬੋਲ ! ਏਦਾਂ ਦਿਲਕਸ਼ ਸਲੀਕਾ ! ਮੈਂ ਬਿਨਾਂ ਝਿਜਕ ਅੰਦਰ ਲੰਘ ਗਿਆ। ਗਾਹਕ ਕੋਈ ਨਹੀਂ ਸੀ। ਉਹਨੇ ਸਾਰੀ ਸੰਗ-ਸ਼ਰਮ ਅੱਖਾਂ ‘ਚ ਭਰਕੇ ਆਖਿਆ – “ ਮਾਫੀ ਦੇਣਾ ਭਾਆ ਜੀਈ …।“ ਮੈਂ ਥਾਏਂ ਗੱਡਿਆ ਗਿਆ। ਗੁੰਮ-ਸੁੰਮ। ਨਾ ਹੂੰ- ਨਾ ਹਾਂ। ਮੇਰਾ ਅੰਦਰਲਾ ਜਿਵੇਂ ਜਾਅਮ ਹੋ ਗਿਆ – ‘ ਕਾਦ੍ਹੀ ਮਾਫੀ ਮੰਗਦੀ ਐ , ਮੈਥੇਂ ! ਮੈਨੂੰ ਰਤੀ ਭਰ ਸਮਝ ਨਾ ਆਈ। ਉਂਝ ਅੰਦਰੋ-ਅੰਦਰ ਕੰਬ ਜਿਹਾ ਗਿਆ। ਜਿਵੇਂ ਕੋਈ ਚੋਰ ਫੜਿਆ ਗਿਆ ਹੋਵੇ …। ਉਹਨੀਂ ਪੈਰੀਂ ਦੁਕਾਨ ਤੋਂ ਹੇਠਾਂ ਉੱਤਰ ਆਇਆ। ਸਾਹਮਣੇ ਹਲਵਾਈ ਦੀ ਹੱਟੀ ਸੀ। ਕਈ , ਚਾਹ –ਪਕੌੜੇ ਖਾਂਦੀਆਂ ਅੱਖਾਂ ਮੇਰੇ ‘ਤੇ ਟਿਕੀਆਂ ਪਈਆਂ ਸਨ।ਇਕ ਨੇ ਮਸਖ਼ਰਾ ਜਿਹਾ ਮੁਸਕਰਾ ਕੇ ਦੂਜੇ ਨੂੰ ਹੁੱਝ ਮਾਰੀ। ਮੈਨੁੰ ਕੁਝ ਪਤਾ ਨਾ ਲੱਗਾ ,ਕੀ ਮਾਜਰਾ ! ਉਂਝ ਪਤਾ ਲੱਗਣੋਂ ਰਹਿੰਦਾ ਵੀ ਕਿਥੇ ਆ ! ਮੈਂ ਸਹਿਮ ਗਿਆ। …’ ਜ਼ਰੂਰ ਕੋਈ ਦਾਲ ‘ ਚ ਕਾਲਾ ਆ ….ਐਂਮੇ  ਨਈਂ ਟੋਹਦਾ ਕੋਈ ਆਏ-ਗਏ ਨੂੰ ਏਦਾਂ …। ‘ ਮੈਂ ਹਿੰਮਤ ਕਰਕੇ ਚਾਹ ਦੀ ਦੁਕਾਨ ਅੰਦਰ ਨਿਗਾਹ ਮਾਰੀ। ਦੋ ਮੁਸ-ਫੁੱਟ ਨੌਜਵਾਨ। ਵਾਹ-ਵਾਹ ਹੁੰਦੜ-ਹੇੜ। ਪੋਚਵੀਆਂ ਪੱਗਾਂ। ਅਪ-ਟੂ-ਡੇਟੂ।ਬਿਲਕੁਲ ਬਨਵੈਤ ਛੋਕਰੇ ! ਮੈਂ ਹੋਰ ਸਹਿਮ ਗਿਆ।….ਧਮਕੀ –ਪੱਤਰ ! ਕਿਰਦਾ ਕਿਰਦਾ ਬੋਲ , ਮੇਰੇ ਤਾਲੂ ਨਾਲ ਜਾ ਲੱਗਾ। ਮੇਰਾ ਸਾਰਾ ਰੁਮਾਂਸ ਥਾਏ ਸੂਤਿਆ ਗਿਆ।

‘ਘਰ ’ ਪਹੁੰਚ ਕੇ ਮੈਂ ਚਾਹ ਮੰਗੀ। ਅੱਗੋਂ ਹੋਰ ਈ ਰਾਮ ਕਹਾਣੀ ਸੁਣਨੀ ਪਈ – ‘ਕੋਈ ਹੋਰ ਕਮਰਾ ਲੱਭੋ ਜੀਈ , ਏਥੇ ਨਈਂ ਰਹਿਣਾ ਆਪਾਂ ਸਾਡਾ ਨਿੱਕਾ ਜਿਹਾ ਬਾਲ ਆ …। ਮੈਂ ਨਾ ਆਖਾਂ ਸੁੱਤਾ ਪਿਆ ਕਿਉਂ ਘੜੀ-ਮੁੜੀ ਤ੍ਰਭਕਦਾ ! ਸਹਿਮ ਕੇ ਮੇਰੇ ਨਾਲ ਚੁੰਮੜ ਜਾਂਦਾ। …ਏਸ ਨਖਸਮੀ ਨੇ ਅਪਣਾ ਬੰਦਾ ਮਾਰਿਆ ਈ ਏਸ ਕਮਰੇ ‘ਚ । ਚੂਹੇ ਮਾਰਨ ਆਲੀਆਂ ਗੋਲੀਆਂ ਖੁਆ ਦਿੱਤੀਆਂ ਕਾਹੇ ‘ਚ ਘੋਲ ਕੇ। …ਮੈਨੂੰ ਤਾਂ ਅੱਜ ਦੱਸਿਆ ਭੰਗਣ ਨੇ। ਕਹਿੰਦੀ – ਬੀਬੀ ਜੀਈ , ਤੂੰ ਓਪਰੀ ਕਰਕੇ ਆ ਫਸੀ ‘ਨਈਂ ਆਹ ਮਕਾਨ ਨਾ ਲਵੇ ਕੋਈ ਕਰਾਏ ਤੇ। …ਛੇਤੀ ਕਰੋ ਸਰਦਾਰ ਜੀਈ। ਚੁੱਕੋ ਮਾਲ-ਸਬਾਬ ਏਥੋਂ , ਚਲੋ ਕਿਤੇ ਹੋਰ। ਨਈਂ ਓਨੇ ਦਿਨ ਪਿੰਡ ਚਲੇ ਚਲਦੇ ਆਂ…। ਕਿਤੇ ਨਈਂ ਮਾਰ ਦੇਣ ਲੱਗੇ ਸਾਨੂੰ। ਭਾਈਜੀ ਹੋਣਾਂ ਦੇ ਰਹਿ ਲਾਂਗੇ ਥੋੜੇ ਦਿਨ …। ਭਾਈ ਜੀ , ਅਸੀਂ ਆਪਣੇ ਤਾਏ ਦੇ ਪੁੱਤ ਨੂੰ ਆਖਦੇ ਸਾਂ। ਉਂਝ ਵੀ ਗ੍ਰੰਥੀ ਸੀ ਉਹ ਪਿੰਡ ਦੇ ਬਾਹਰਲੇ ਗੁਰਦੁਆਰੇ। ਸਾਰੇ ‘ਹੁਕਮ’ ਉਹਨਾਂ ਰਾਹੀਂ ਈ ਨਾਜ਼ਲ ਹੁੰਦੇ ਸਨ, ਸਾਡੇ ‘ਤੇ।

…ਉਹ ਰਾਤ ਅਸੀਂ ਜਾਗਦਿਆਂ ਕੱਢੀ। ਨਾ ਰੋਟੀ ਨਾ ਚਾਹ। ਸਾਰੀ ਰਾਤ ਬੱਤੀ ਜਗਦੀ ਰੱਖੀ। ਸਾਰੀ ਰਾਤ ਹਰਜੀਤ ਗੁਟਕਾ ਪੜ੍ਹਦੀ ਰਹੀ। ਆਨੇ–ਬਹਾਨੇ ਮਾਲਕ-ਮਕਾਨ ਕਈ ਵਾਰ ਹੇਠਾਂ ਉੱਤਰੀ , ਦੋ-ਇੱਕ ਵਾਰ ਸਾਡਾ ਬੰਦ ਬੂਹਾ ਛੇੜਿਆ। ਪਰ , ਅਸੀਂ ਕਿਸੇ ਜਿੰਨ ਭੂਤ ਦੀ ਆਮਦ ਤੋਂ ਡਰਦੇ ਰਤਾ ਮਾਸਾ ਅਵੇਸਲ ਨਾ ਹੋਏ।

ਅਗਲੇ ਦਿਨ ਸਕੂਲੇ ਛੁੱਟੀ ਭੇਜ , ਮੈਂ ਕਿਧਰੇ ਹੋਰ ਥਾਂ ਮਕਾਨ ਲੱਭਣ ਜਾ ਲੱਗਾ। ਸ਼ਹਿਰ ਅੰਦਰ ਮੇਰੀ ਬਹੁਤੀ ਵਾਕਫੀ ਨਹੀਂ ਸੀ। ਜਿਹੜੇ ਜਿਹੜੇ ਵਾਕਫ਼ ਸਨ , ਉਹ ਸਕੂਲੀਂ ਦਫ਼ਦਰੀਂ ਚਲੇ ਗਏ। ਵਰਮਾ ਉਸ ਦਿਨ ਛੁੱਟੀ ਤੇ ਸੀ। ਯੂਨੀਅਨ ਦਾ ਕੰਮ ਸੀ ਕੋਈ। ਪਰ , ਉਸ ਨੂੰ ਕਿੱਦਾਂ ਦੱਸਦਾ , ਪਈ ਮੈਂ ਓਥੇ ਨਈਂ ਰਹਿਣਾ। …ਓਥੇ ਸ਼ਾਹ ਅਣਆਈ ਮੌਤੇ ਮਰਿਆ। ਗੋਲੀਆਂ ਖਾ ਕੇ ਚੂਹੇ ਮਾਰਨ ਵਾਲੀਆਂ। ਉਹਨੇ ਅੱਗੋਂ ਹੱਸਣਾ ਮੇਰੇ ‘ਤੇ। ਟਾਂਚਾਂ ਕਰਨੀਆਂ ਮੈਨੂੰ – ‘ਬੱਲੇ ਓਏ ਸੈਂਸਦਾਨਾਂ ! ਨਈਂ ਰੀਸਾਂ ਸਿੰਘ ਸੂਰਮੇ ਦੀਆਂ। ਤੇਰੇ ਪਿਤਾ ਪੁਰਖੇ ਤਾਂ ਰਾਜਿਆਂ –ਮ੍ਹਾਂ-ਰਾਜਿਆਂ ਦੀਆਂ ਨਾਸਾਂ ਬੰਦ ਕਰੀ ਰੱਖਦੇ ਸੀ …ਚਾਰ-ਚੱਕ ਧੁੰਮਾਂ ਪਈਆਂ ਸੀਈ , ਆਹਲੂਆਲੀਏ ਸਰਦਾਰਾਂ ਦੀਆਂ ਰਣਜੀਤ ਸੂੰਹ , ਸਿੰਘ-ਸਾਬ੍ਹ ਸਿੰਘ ਸਾਬ੍ਹ ਕਰਦਾ ਮਗਰ-ਮਗਰ ਤੁਰਿਆ ਫਿਰਦਾ ਸੀ। ’ਤੇ , ਤੂੰ…ਤੂੰ ਤਾਂ ਗਿੱਲ ਈ ਗਾਲ ਛੱਡੀ ਆ ! ਤੂੰ , ਮਰੇ ਬੰਦੇ ਤੋਂ ਈ ਡਰੀ ਜਾਨਾਂ …ਬੱਲੇ ਓਏ ਤੇਰੇ …। ਤੂੰ ….ਤੂੰ ਦੱਸ , ਭਲਾ ਕੇਹੜੇ ਘਰ ਨਈਂ ਮਰਦੇ ਬੰਦੇ , ਕੋਈ ਜੰਮਦਾ ਈ ਮਰ ਜਾਂਦਾ , ਕੋਈ ਬੁੱਢਾ ਹੋ ਕੇ। ਕੋਈ ਹੱਸਦਾ-ਖੇਲ੍ਹਦਾ ਤੁਰ ਜਾਂਦਾ , ਕੋਈ ਹੱਡ-ਗੋਡੇ ਰਗੜਾ ਕੇ। ਕੋਈ ਚੜ੍ਹਦੀ ਉਮਰੇ ਲੁੜ੍ਹਕ ਜਾਂਦਾ , ਕੋਈ ਲਹਿੰਦੀ ਉਮਰੇ। ਤੇ…ਤੇ ਆਹ ਜਿਹੜੇ ਹਰ ਰੋਜ਼ , ਦਸ-ਬਾਰਾਂ ਸਹੀ ਸਲਾਮਤ ਤੁਰਦੇ-ਫਿਰਦੇ ਈ ਅੱਲਾ ਨੂੰ ਪਿਆਰੇ ਹੋਈ ਜਾਂਦੇ ਆ , ਏਹ ਕਿਸੇ ਘਰ ਦੇ ਜੀਆ …ਕਿਸੇ ਮਾਂ ਦੀਆਂ ਆਂਦਰਾਂ ..ਕਿਸੇ ਪਿਓ ਦੀਆਂ ਅੱਖਾਂ ..ਕਿਸੇ ਭੈਣ ਦਾ ਸੁਹਾਗ !

ਵਰਮੇਂ ਤੋਂ ਅੱਖ ਬਚਾ ਕੇ ਮੈਂ ਸਿੱਧਾ ਮਾਡਲ-ਗਰਾਮ ਤੁਰ ਗਿਆ। ਸੰਘਾ ਸਾਬ੍ਹ ਦੀ ਕੋਠੀ ਐ , ਏਥੇ। ਕੋਠੀ ਕਾਹਦੀ , ਨਿਰਾ ਮਹਿਲ ਆ ਮਹਿਲ। ਪਿੰਡ ਵਾਲੇ ਮਹੱਲ ਨਾਲੋਂ ਵੀ ਵੱਡਾ। ਸੰਘੇ , ਸਾਡੇ ਪਿੰਡ ਦੇ ਜ਼ੈਲਦਾਰ , ਸਰਦਾਰ , ਲੰਬੜਦਾਰ , ਸਰਪੰਚ ਗੱਲ ਕੀ ਸਭ ਕੁਝ ਹਨ। ਦੋ ਭਰਾ ਹਨ , ਸੰਘੇ –ਵੱਡਾ ਜੈ ਸਿੰਘ , ਛੋਟਾ ਭਰਾ ਗੁਰਮੁਖ ਸਿੰਘ। ਜੈ ਸਿੰਘ ਦਾ ਇਕੋ ਇਕ ਪੁੱਤਰ ਐ ,ਜਸਵਿੰਦਰ। ਛੋਟੇ ਦੇ ਚਾਰ ਮੁੰਡੇ ਹਨ – ਇਕੋ ਜਿਹੇ ਬੁਰਛਿਆਂ ਅਰਗੇ। ਜੈ ਸਿੰਘ ਤੇ ਜਸਵਿੰਦਰ ਸਿੰਘ ਆਪਣੇ ਨਾਮਾਂ ਪਿੱਛੇ ‘ਸੰਘਾ’ ਜੋੜਦੇ ਹਨ। ਗੁਰਮੁੱਖ ਸਿੰਘ ਹੋਰੀਂ , ‘ਸਿੰਘਪੁਰੀ’। ਸ਼ਾਇਦ ਵੱਖਰੇ ਦਿਸਣ ਲਈ।ਉਂਝ ਦੋਨਾਂ ਦੀ ਖੇਤੀਬਾੜੀ , ਕਾਰੋਬਾਰ ਸਭ ਵੱਖ-ਵੱਖ। ਦੌੜ ਲੱਗੀ ਪਈ ਐ ਦੋਨਾਂ ‘ਚ ਇਕ ਦੂਜੇ ਤੋਂ ਅੱਗੇ ਲੰਘਣ ਦੀ। ਸਾਡਾ , ਸਾਰਾ ਪਿੰਡ ਇਹਨਾਂ ਦੋਨਾਂ ਦੀ ਜਾਗੀਰ ਐ , ਅੱਧਾ-ਅੱਧਾ। ਢਾਈ –ਢਾਈ ਸੌ ਏਕੜ ਪੈਲੀ। ਗੁਰਮੁੱਖ ਸਿੰਘ ਦੇ ਚੌਂਹ ਮੁੰਡਿਆਂ ਕੋਲ ਚਾਰ ਟਰੈਕਟਰ ਚਾਰ ਜੀਪਾਂ-ਕਾਰਾਂ , ਚਾਰ ਸਕੂਟਰ , ਕਾਰ ਕੋਠੀਆਂ। ਪੂਰਾ ਠਾਠ –ਬਾਠ ਪਰ , ਜੈ ਸਿੰਘ ਉਹਨਾਂ ਤੋਂ ਬਹੁਤ ਉੱਪਰ। ਇਕਲੌਤੇ ਜਸਵਿੰਦਰ ਪਾਸ ਪੂਰੇ ਡੂੜ ਕਿੱਲੇ ‘ਚ ਉਸਰਿਆਂ ਦੋ –ਮੰਜ਼ਲਾ ਮਹੱਲ। ਚਾਰ ਟਰੈਕਟਰ , ਊਈਂ ਸ਼ਰੀਕਾਂ ਦੀ ਬਰਾਬਰੀ ਕਰਨ ਨੂੰ , ਇਕ ਫੋਰਡ ,ਇਕ ਮੈਸੀ , ਇਕ ਇੰਟਰਨੈਸ਼ਨਲ , ਇਕ ਯੀਟਰ। ਤਿੰਨ ਕਾਰਾਂ – ਇਕ ਮਰਸਰੀ , ਇਕ ਫੀਅਟ , ਇਕ ਮਾਰੂਤੀ। ਤੇ ਜੀਪ-ਸਕੂਟਰ , ਜੀਪ-ਸਕੂਟਰ ਦੀ ਸਵਾਰੀ ਸੰਘਾ ਸਾਬ੍ਹ ਤੋਂ ਊਈਂ ਬਹੁਤ ਨੀਵੀਂ ਐ। ਜਸਵਿੰਦਰ ਆਪਣੇ ਚਾਚੇ ਦੇ ਮੁੰਡਿਆ ਤੋਂ ਬਹੁਤਾ ਪੜ੍ਹ ਗਿਆ। ਅੱਗੋਂ ਬਹੁਤੇ ਵੱਡੇ ਘਰ ਵਿਆਹਿਆ ਗਿਆ। ਸਹੁਰਾ , ਰੇਅਨ-ਬੋਨ ਕਨਸਟਰਕਸ਼ਨ ਕੰਪਨੀ ਦਾ ਚੈਅਰਮੈਨ। ਕਈ ਥਾਈਂ ਠੇਕੇ-ਰੇਲਾਂ ,ਸੜਕਾਂ ,ਨਹਿਰਾਂ ,ਡੈਮਾਂ ਦੀ ਉਸਾਰੀ ਤਕ ਖਿਲਰਿਆ ਕਾਰੋਬਾਰ। ਜਸਵਿੰਦਰ ਕਾਲਜੋਂ ਨਿਕਲਦਾ ਹੀ ਇਕ ਪ੍ਰਾਜੈਕਟ ਦੀ ਜੀ.ਐਮ. ਬਣ ਗਿਆ। ਇਕ ਕੋਠੀ  ਡਲਹੌਜ਼ੀ ਬਣੀ ਬਣਾਈ ਮਿਲ ਗਈ ਦਾਜ ‘ਚ। ਗਰਮੀਆਂ ਕੱਟਣ ਨੂੰ। ਇਕ ਬੰਬਈ ਬਣਾ ਲਈ ਸਰਦੀਆਂ ਕੱਟਣ ਨੂੰ। ਤੇ ਇਕ ਏਥੇ ਪਠਾਨਕੋਟ , ਪਿੰਡ ਦੇ ਨੇੜੇ। ਬੱਸ ਐਮੇਂ ਫੇਰਾ ਤੋਰਾ ਰੱਖਣ ਲਈ।

ਪਿੰਡ ਦਾ ਕਾਰੋਬਾਰ ਸਾਰਾ ਜੈ ਸਿੰਘ ਦੇ ਹਵਾਲੇ। ਪਠਾਨਕੋਟ ਵਾਲੀ ਕੋਠੀ ਵੀ ਉਸ ਦੀ ਦੇਖ-ਰੇਖ ਹੇਠਾਂ। ਦੂਜੇ ਚੌਥੇ ਫੇਰਾ ਮਾਰ ਛੱਡਣਾ। ਨੌਕਰਾਂ –ਮਾਲੀਆਂ ਦੀ ਝਾੜ-ਝੰਭ ਕਰ ਛੱਡਣੀਂ।ਬਾਕੀ ਸਭ ਠੀਕ। ਪਰ, ਸਭ –ਠੀਕ ਅੱਜ ਕਲ੍ਹ ਸਭ-ਅੱਛਾ ਨਹੀਂ।ਧਮਕੀ –ਪੱਤਰ ਉਸ ਨੂੰ ਵੀ ਏਥੇ ਚੁੱਕ ਲਿਆਇਆ , ਪਿੰਡੋਂ। ਪੂਰਾ ਬਚ-ਬਚਾ ਕੇ ਰਹਿੰਦਾ। ਕੋਠੀ ਦੀ ਬਾਊਂਡਰੀ ਵਾਲ ਹੋਰ ਉੱਚੀ ਕਰਵਾ ਲਈ , ਉੱਪਰ ਕੰਡਿਆਲੀ ਤਾਰ ਲਗਵਾ ਲਈ , ਸੰਘਣੀ ਕਰਕੇ। ਗੇਟ ‘ਤੇ ਚੈਕ-ਪੋਸਟ , ਆਪਣੀ ਨਿੱਜੀ। ਪੂਰਾ ਹਥਿਆਰ-ਬੰਦ ਦਸਤਾ , ਪਹਿਰੇ ‘ਤੇ। ਆਏ –ਗਏ ਲਈ ਅੰਦਰ ਜਾਣਾ ! ਨਿਰੀ ਜ਼ਲਾਲਤ – ‘ ਕੌਣ ਓ ਤੁਸੀ ? ਕਿਥੋਂ ਆਏ ਓ ? ਕਿਉਂ ਆਏ ਹੋ ? ਕਿਸ ਨੁੰ ਜਾਣਦੇ ਹੋ ? ਤੁਹਾਨੂੰ ਕੌਣ ਕੌਣ ਜਾਣਦਾ ਐ ? ਫਿਰ ਅੰਦਰ ਟੈਲੀਫੂਨ ਹੁੰਦਾ ਐ। ਅੰਦਰੋਂ ਯੈਸ ਹੋਈ ਤੇ ਬਾਹਰ ਵਾਲਾ ਅੰਦਰ ਜਾਂਦਾ ਐ , ਉਹ ਵੀ ਪੂਰੇ ਪਹਿਰੇ ਥੱਲੇ , ਰਫ਼ਲ ਦੀ ਛਾਂ ਹੇਠ।

ਸਾਰੀ ਫਾਰਮੈਲੇਟੀ ਪੂਰੀ ਕਰਕੇ ਮੈਂ ਸੰਘਾ ਕੋਲ ਅੱਪੜ ਗਿਆ। ਆਪਣੀ ਮੁਸ਼ਕਲ ਦੱਸੀ। ਅੱਗੋਂ ਹੋਰ ਈ ਰੋਣ-ਧੋਣ ਚਾਲੂ –“ ਪੱਤਰ ਤੇ ਪੱਤਰ ਆਏ ਹਨ ਸੰਘਾ –ਸਾਬ੍ਹ ਨੂੰ ਵੀ …। ਪਹਿਲੇ ਦਾ ਭੁਗਤਾਨ ਉਹਨਾਂ ਐਨ ਸਮੇਂ ਸਿਰ ਕੀਤਾ। ਫਿਰ ਹੋਰ ਆ ਪਹੁੰਚਿਆ। ਉਸ ਦਾ ਨਿਪਟਾਰਾ ਹੋਇਆ , ਫਿਰ ਹੋਰ। ਉਹ ਨਿਬੇੜਿਆ ਫਿਰ ਹੋਰ …। ਤੰਗ-ਪ੍ਰੇਸ਼ਾਨ ਹੋਏ ਜੈ ਸਿੰਘ ਨੇ ਜਸਵਿੰਦਰ ਦੇ ਸੋਹਰੇ ਨਾਲ ਗੱਲ ਕੀਤੀ। ਉਹਨੇ ਅੱਗੋਂ ਪੁਲੀਸ ਉੱਚ-ਮੁਖੀ ਨਾਲ। ਉਸ ਨੇ ਅੱਗੇ ਆਪਦੀ ਬੇ-ਬਸੀ ਆਖ ਦੱਸੀ। ਫਿਰ ਸੰਘੇ ਹੋਰੀਂ ਦੂਜਾ ਦਾਅ ਵਿਰਤਿਆ ਕੰਪਨੀ ਦੇ ਡਾਇਰੈਕਟਰਾਂ ਵਿੱਚੋਂ ਇੱਕ ਦਾ ਭਤੀਜਾ ਗੁਰੀਲਾ ਫੋਰਸ ਦਾ ਅਹੁਦੇਦਾਰ ਸੀ। ਉਹਨੇ ਅੱਗੋਂ ਉਪਰਲੀ ਕਮਾਂਡ ਨਾਲ ਗੱਲ ਤੋਰੀ। ਹਾਈ-ਪਾਵਰ ਕਮੇਟੀ ਨੇ ਅੱਧੀ ਛੋਟ ਦੇ ਕੇ ਅੱਗੋਂ ਤੋਂ ਪੱਕਾ ਬਖਸ਼ ਦਿੱਤਾ।

ਪਹਿਲੇ ਵਹਿਮ ਤੋਂ ਡਰਿਆ ਜੈ ਸਿੰਘ , ਪਿੰਡ ਛੱਡ ਆਇਆ , ਮੇਰੇ ਵਾਂਗ। ਪਰ ਨਈਂ।ਉਹਦੀ ਗੱਲ ਹੋਰ ਸੀ। ਉਹਦਾ ਸਰਦਾ ਸੀ , ਕਈ ਪਾਸਿਉਂ। ਮੈਂ , ਨਿਰਾ-ਪੁਰਾ ਤਨਖਾਹ ‘ਤੇ ਨਿਰਭਰ। ਪਿੰਡ ਹੱਟੀ ਸੀ। ਚਾਰ ਪੈਸੇ ਰਲਦੇ ਸਨ। ਹੁਣ ਉਹ ਵੀ ਜਾਂਦੇ ਲੱਗੇ। ‘ਤੇ ਤਨਖਾਹ …..ਨਿਰੀ ਤਨਖਾਹ ਆਸਰੇ ਕਿੱਡਾ ਕੁ ਮਕਾਨ ਲਿਆ ਜਾ ਸਕਦਾ ਸੀ , ਕਰਾਏ ‘ਤੇ …!

ਮੈਂ ਪਿਛਲੀ ਸਾਂਝ ਦਾ ਵਾਸਤਾ ਪਾਇਆ। ਬੇਨਤੀ ਕੀਤੀ ਜਾਂ ਤਰਲਾ , ਪਰ ਗੱਲ ਕੋਈ ਬਣੀ ਨਾ। ਕੋਠੀ ਦੇ ਨੌਕਰ-ਕਮਰਿਆਂ ‘ਚ ਤਾਂ ਕੀ , ਕਿੱਧਰੇ ਲਾਗੇ –ਛਾਗੇ ਵੀ ਢੋਈ ਨਾ ਮਿਲੀ। ਉਲਟਾ ਸੰਘਾ ਹੋਰਾਂ ਦੇ ਤੇਵਰ ਹੋਰ ਉਤਾਂਹ ਚੜ੍ਹ ਗਏ। ਆਖਣ ਲੱਗੇ – “ਐਂ ਤਾਂ ਲੂਲੀ –ਭਟਿਆਰੀ ਸਾਰੀ ਐਥੇ ਆ ਬੜੂ …ਇਹ ਕੋਈ ਸਰਾਂ ਆਂ ! ਧਮਕੀ –ਪੱਤਰ ਤਾਂ ਹਰ ਜਣੇ –ਖਣੇ ਨੂੰ ਆਇਆ  ਫਿਰਦਆ …।“ ਮੈਂ ਉੱਤਰ ਦਿੱਤਾ- “ ਮੈਂ ਜਣਾਂ-ਖਣਾਂ ਨਈਂ ਮ੍ਹਾਂ-ਰਾਜ੍ਹ …ਮੈਂ ਪਰਮਜੀਤ ਆਂ ਪਰਮਜੀਤ , ਜਸਵਿੰਦਰ ਦਾ ਹਮ-ਜਮਾਤੀ “ “ ਹਮ-ਜਮਾਤੀ ਤਾਂ ਸੈਂਕੜੇ ਤੁਰੇ ਫਿਰਦੇ ਆ ਉਦ੍ਹੇ ! ਕੇਦ੍ਹਾ ਕੇਦ੍ਹਾ ਧਿਆਨ ਰੱਖਾਂ …! ਸੰਘਾ ਸਾਬ੍ਹ ਦੀ ਬੋਲ-ਚਾਲ ਹੋਰ ਰੱਖੀ ਹੁੰਦੀ ਗਈ।

ਮੈਨੂੰ ਲੱਗਾ ਇਹ ਜੈ ਸਿੰਘ ਪਿੰਡ ਵਾਲਾ ਜੈ ਸਿੰਘ ਨਹੀਂ ਹੈ। ਇਹਦਾ ਮੁੰਡਾ ਨਹੀਂ ਹੋ ਸਕਦਾ ਜੱਸੀ ! ਜਿਹੜਾ ਪੱਗ-ਵੱਟ ਭਰਾ ਸੀ ਮੇਰਾ। ਦੋਨੋਂ ਇਕੋ ਸਕੂਲ ‘ਚ ਪੜ੍ਹੇ ਸਾਂ , ਡੇਹਰਾਦੂਨ। ਇਕੋ ਕਮਰੇ ‘ਚ ਰਹੇ , ਕਈ ਸਾਲ। ਓਥੋਂ ਉਹ ਹੋਰ ਅੱਗੇ ਨਿਕਲ ਗਿਆ – ਬੰਗਲੌਰ। ਕੋਈ ਡਿਗਰੀ –ਛਿਗਰੀ ਖ਼ਰੀਦ ਲਿਆਇਆ , ਇੰਗਨੀਅਰਇੰਗ ਦੀ ਓਥੋਂ। ਤੇ ਮੈਂ …ਮੈਨੂੰ ਮਾਸਟਰੀ ਕਰਨੀ ਪਈ। ਘਰ ਦੀ ਦੁਫਾੜ ਕਾਰਨ। …ਵੱਡੇ ਭਰਾ ਸ਼ਹਿਰੀਂ ਖਿਸਕ ਗਏ। ਬਿਰਧ ਬਾਪੂ ਕੱਪੜਾ-ਕਿਰਿਆਨਾ ਕੱਲਾ ਕਿਮੇਂ ਸਾਂਭਦਾ ! ਕਾਰੋਬਾਰ ਇਕੋ ਹੱਲੇ ਹੇਠਾਂ ਡਿੱਗ ਪਿਆ। ਤੇ ਮੈਂ ਡਾਕਟਰ ਬਣਦਾ ਬਣਦਾ ਸਕੂਲ ਮਾਸਟਰ ਬਣ ਗਿਆ। ਬੀ .ਐਸ . ਸੀ ( ਮੈਡੀਕਲ ) ਬੀ . ਐਡ। ਅੱਧਾ ਦਿਨ ਸਕੂਲ ਅੱਧਾ ਦਿਨ ਦੁਕਾਨ ‘ਤੇ। ਪਰ , ਸੰਘਿਆ ਨਾਲ ਪੂਰੀ ਭਾਈਬੰਦੀ। ਪੂਰਾ ਮਿੱਤਰ-ਚਾਚਾ। ਉਹ ਇਕ ‘ ਵਾਜ ਮਾਰਦੇ , ਮੈਂ ਦਸ ਵਾਰ ਜਾਂਦਾ। ਉਹ ਇਕ ਕੰਮ ਦਸਦੇ ਮੈਂ ਚਾਰ ਕੰਮ ਸਆਰਦਾ। ਜਾਣੋ ਜੱਸੀ ਦੀ ਖਾਲੀ ਥਾਂ ਪੂਰ ਛੱਡਦਾ। ਘੱਟ , ਉਹਨਾਂ ਵੀ ਕਦੇ ਨਹੀਂ ਸੀ ਕੀਤੀ। ਗਮੀ-ਖੁਸ਼ੀ ‘ਚ ਵਧ-ਚੜ੍ਹ ਕੇ ਪਹੁੰਚਦੇ। ਬਾਪੂ ਜੀ ਦੇ ਸਾਹ ‘ਚ ਸਾਹ ਪਾਉਂਦੇ।ਪਰ ਹੁਣ ਸਾਰਾ ਕੁਝ ਭੁੱਲ-ਭੁਲਾ ਕੇ ਸੰਘੇ ਹੋਰੀਂ ਓਪਰੇ ਬਣੇ ਬੈਠੇ ਸਨ। ਓਪਰੇ ਈ ਨਈਂ ਪੂਰੀ ਤਰ੍ਹਾਂ ਬੇ-ਪਛਾਣ। ਸਭ ਰਿਸ਼ਤੇ ਖ਼ਤਮ। ਫੋਕੇ ਪਾਣੀ ਦਕ ਦੀ ਸੁਲਾਹ ਨਾ ਮਾਰੀ।

ਸਿਰ ਸੁੱਟੀ ਮੈਂ ਕੋਠੀਉਂ ਉੱਠ ਤੁਰਿਆ। ਪੂਰੇ ਪਹਿਰੇ ਹੇਠ। ਜਿਵੇਂ ਅੰਦਰ ਗਿਆ ,ਉਵੇਂ ਬਾਹਰ ਆ ਪਹੁੰਚਿਆ। ਸਾਰਾ ਦਿਨ ਟੱਕਰਾਂ ਮਾਰੀਆਂ। ਕਿਧਰੇ ਕੋਈ ਚਾਰਾਜੋਈ ਨਾ ਚਲੀ। ਹਾਰ ਥੱਕ ਇਕ ਚੁਰਾਹੇ ਲਾਗੇ ਆ ਰੁਕਿਆ। ਆਉਂਦੇ –ਜਾਂਦੇ ਚਿਹਰੇ ਨਿਹਾਰਦਾ ਰਿਹਾ। ਆਕਾਰਨ। ਅਕਾਰਨ ਨਈਂ , ਬੇ-ਪਛਾਣ ਮੁੰਡਿਆਂ ਨੂੰ ਪਛਾਣਦਾ। ਧਮਕੀ-ਪੱਤਰ ਲੇਖਕਾਂ ਨੂੰ ਲੱਭਦਾ। …ਓਥੇਂ ਲੰਘਦੀ ਹਰ ਖੁਲ੍ਹੀ ਦਾਅੜ੍ਹੀ ਮੈਨੂੰ ਬਨਵੈਤ ਛੋਕਰੇ ਲੱਗਦੀ , ਤੇ ਹਫਿਆ –ਖਫਿਆ  ਹਰ ਚਿਹਰਾ ,ਅਤਿਵਾਦੀ। ਪਰ …ਪਰ ਦਾਅੜ੍ਹੀ ਤਾਂ ਮੇਰੀ ਵੀ ਉਹਨਾਂ ਵਰਗੀ ਹੀ ਸੀ। ਮੈਂ ਵੀ ਉਹਨਾਂ ਵਾਂਗ ਹਫਿਆ – ਖਫਿਆ ਸਾਂ। ਫਿਰ ….ਫਿਰ ਕਿਸੇ ਨੂੰ ਕੀ ਸਮਝਿਆ ਜਾਏ ! ਚੰਗੇ ਮਾੜੇ ਦੀ ਪਛਾਣ ਕਿਮੇਂ ਕੀਤੀ ਜਾਏ ? ਮੈਂ ਕੋਈ ਫੈਸਲਾ ਨਾ ਕਰ ਸਕਿਆ।

ਚੰਗੇ ਮਾੜੇ ਦੀ ਪਛਾਣ ਅੰਦਰ ਡੁੱਬਿਆ , ਮੈਂ ਦਸ ਵੀਹ ਲਾਂਘਾਂ ਹੋਰ ਅਗਾਂਹ ਨਿਕਲ ਗਿਆ। ਸੜਕ ਦੇ ਇਕ ਪਾਸੇ ਹੁਸਨ ਲਾਲ ਚਾਚੇ ਦਾ ਅਖ਼ਬਾਰਾਂ ਵਾਲਾ ਖੋਖਾ ਸੀ। ਇਲਾਕੇ ਦੇ ਅਖਬਾਰ ਪਾਠਕਾਂ ਦਾ ਪਹਿਲਾ ਪੰਨਾ , ਚਾਚਾ –ਹੁਸਨਾ। ਸਭ ਦੇ ਪੋਤੜਿਆ ਤੋਂ ਜਾਣੂ। ਹਰ ਦੁਖ-ਸੁਖ ਦਾ ਭਾਈਵਾਲ।ਸਾਰੇ , ਉਸ ਨੂੰ ਮਿਲ ਕੇ ਲੰਘਦੇ। ਉਹ ਵੀ ਸਭ ਨੂੰ ਖਿੜੇ ਮੱਥੇ ਬੁਲਾਉਂਦਾ – “ ਕਿਸੇ ਨੂੰ ਭਾਈ ਕਹਿ ਕੇ , ਕਿਸੇ ਨੂੰ ਪੁੱਤ-ਬੱਚਾ ਕਹਿ ਕੇ। ‘

–          “ ਕਿਓਂ ਬੱਚੂ ਬੜਾ ਓਦਰਿਆਂ ਫਿਰਦੈਂ …ਸੁੱਖ ਤਾਂ ਹੈਅ …! ਮੇਰਾ ਭਾਈ ਤਾਂ ਰਾਜੀ ਐ , ਈਸ਼ਰ ਸੂੰਹ। ਮਾਰੀ ਜਾਂਦਾ ਗਜ਼ ਤੇ ਗਜ਼ ..ਤੋਲੀ ਜਾਂਦਾ ਲੂਣ ਤੇਲ …! ਐਂਤਕੀ ਅੰਬਰਸਰ ਨਈਂ ਗਿਆ ਉਹ ਦਬਾਲੀ ਤੇ….! ਉਹਨੂੰ ਆਖੀਂ ਕੁੰਭ ‘ਤੇ ਜਾਣਾ ਇਸ ਵਾਰ …ਪੂਰਾ ਮੀਨ੍ਹਾ ਲਾ ਕੇ ਮੁੜਨਾ …ਆਪੇ ਈ ਸਾਂਭਿਓਂ ਪਿੱਛਾ ….। “ ਇਕੋ-ਸਾਹੇ ਚਾਚਾ ਕਈ ਕੁਝ ਆਖ ਗਿਆ। ਮੈਂ ਡੋਰ-ਭੋਰ ਖੜ੍ਹਾ ਸੁਣਦਾ ਰਿਹਾ , ਉਸ ਨੂੰ। …ਕੀ ਆਖਦਾ ਅੱਗੋਂ ,ਕਿ ਦੌੜ ਆਇਆ ਆਂ ਮੈਂ ਪਿੰਡੋਂ , ਉਸ ਨੂੰ ਕੱਲਾ ਛੱਡ ਕੇ। ਜਿਹੜਾ ਸਾਡਾ ਬਾਪ ਵੀ ਸੀ ਤੇ ਮਾਂ ਵੀ। ਮਾਂ…ਮਾਂ।ਤਾਂ ਕਿਧਰੇ ਨਿੱਕੇ ਨਿੱਕੇ ਹੁੰਦੇ ਦੀ ਈ ਮਰ ਗਈ।ਮੈਨੂੰ ਤਾਂ ਉਸ ਦਾ ਸ਼ਕਲ ਤਕ ਯਾਦ ਨਹੀਂ। ਸੁਣਿਆ – ਉਹ ਬੜੀ ਸਿਰੜੀ ਸੀ ਬਾਪੂ ਵਾਂਗ। ਬਾਪੂ ਭਰਤੀ ਵੀ ਰਿਹਾ ਤੇ ਕੈਦ ਵੀ। ਪਰ , ਉਹ ਕੱਲੀ ਡਟੀ ਰਹੀ। ਲੂਣ ਤੇਲ ਦੀ ਹੱਟੀ ਕਰਦੀ , ਘਰੇ ਈ। ਪਿੰਡ ਦੇ ਲੁੱਚੇ –ਲਫੰਗੇ ਕਈ ਵਾਰ ਆਢ੍ਹਾ ਲਾਉਂਦੇ ਉਹਦੇ ਨਾਲ। ਪਰ , ਉਹ ਡੋਲੀ ਨਾ। …ਫੇਰ ਪਤਾ ਨਈਂ ਕੀ ਹੋਇਆ ਉਹਨੂੰ। ਸੁਣਿਆ –ਘੋਨੇ ਸਾਧ ਦਾ ਜਾਦੂ –ਟੂਣਾ ਚਲ ਗਿਆ। ਬੱਸ ਦਿਨਾਂ ਅੰਦਰ ਹੀ ਖਤਮ ਹੋ ਗਈ। ਅਸੀਂ ਮਾਂ –ਪਿਓ ਬਾਹਰੇ ਤਿੰਨੋਂ ,ਤਾਇਆ ਜੀ ਕੋਲ ਰਹੇ , ਕਈ ਚਿਰ। ਜਦੋਂ ਬਾਪੂ ਰਿਹਾਅ ਹੋ ਕੇ ਮੁੜਿਆ , ਫਿਰ ਸਾਨੂੰ ਹੋਸ਼ ਆਈ ਕਿਧਰੇ। ਮੈਂ ਹੁਸਨ ਲਾਲ ਚਾਚੇ ਨੂੰ ਕਿੱਦਾਂ ਦੱਸਦਾ ਕਿ ਧਮਕੀ –ਪੱਤਰ ਤੋਂ ਡਰਦਾ ਮੈਂ ਓਸੇ ਬਾਪ ਨੂੰ ਮੌਤ ਦੇ ਮੂੰਹ ‘ਚ , ਕੱਲਾ ਛੱਡ ਕੇ ਆਇਆ ਹਾਂ …। ਉਹ ਜਿਹੜਾ ਮੇਰਾ ਬਾਪੂ ਸੀ ਤੇ ਮਾਂ ਵੀ …।

ਸਟੀਲ ਦੇ ਸਲਾਸ ‘ਚ ਪਾਈ ਦਾਰੂ ਚਾਚੇ ਨੇ ਦੋ ਘੁੱਟ ਪੀ ਕੇ ਮੁੜ ਰੈਕ ਉਹਲੇ ਢੱਕ ਦਿੱਤੀ। ਮੁੱਛਾਂ ਸਾਫ ਕਰਦਾ ਉਹ ਫਿਰ ਮੇਰੇ ਵੱਲ ਨੂੰ ਉੱਲਰਿਆ –“ ਓਏ ਤੂੰ ਬੋਲਦਾ ਕੁਸ਼-ਕਦਾ ਨਈਂ ! ਕੀ ਮਨੂਰ ਜਿਹਾ ਬਣਿਆਂ ਖੜਾਂ …?”

ਬਿਨਾਂ ਬੋਲੇ –ਚਾਲੇ ਮੈਂ ਕਮੀਜ਼ ਦੀ ਜੇਬ ‘ਚੋਂ ਧਮਕੀ –ਪੱਤਰ ਕੱਢ ਕੇ ਉਸ ਵਲ ਵਧਾਇਆ। ” ਕੀ ਆ ਏਹ …”, ਕਹਿੰਦੇ ਚਾਚੇ ਨੇ ਉਸ ਦੀਆਂ ਤਹਾਂ ਖੋਲ੍ਹੀਆਂ। ‘ ਵੀਹ ਹਜ਼ਾਰ ਦੀ ਮੰਗ …”, ਉਹ ਇਕ ਦਮ ਉਦਾਸ ਹੋ ਗਿਆ। ਪਰ ,ਅਗਲੇ ਹੀ ਛਿਨ ਮੁੜ ਸੰਭਲ ਗਿਆ। ਗਲਾਸ ‘ ਚ ਬਚਦੀ , ਉਹਦੇ ਇਕੋ ਡੀਕੇ ਪੀ ਲਈ। “ ਪੁਲੀਸ ਨੂੰ ਇਨਫਾਰਮ ਕੀਤਆ ?” “ ਨਈ….“ ਮੈਂ ਨਾਂਹ ਵਿਚ ਸਿਰ ਮਾਰਿਆ। ‘ਕਰ ਛੱਡਣਾ ਸੀ ਈ ! “ “ ਕੀ ਫੈਦਾ ! ਉਨ੍ਹਾਂ ਆਪਣਾ ਹਿੱਸਾ ਮੰਗਣਾ …”, ਮੈਂ ਬਿਨਾਂ ਝਿਜਕ ਉੱਤਰ ਦਿੱਤਾ।

“ ਗੱਲ ਤਾਂ ਤੇਰੀ ਠੀਅਕ ਆ, ਪਰ …ਫਿਰ ਵੀ ਕਰਨਾ ਤਾ ਬਣਦਾ ਈ ਆ , ਇਹ ਕੰਮ। ਚਲ ਮੈਂ ਚਲਦਆਂ ਤੇਰੇ ਨਾਲ ….।”

ਅਸੀਂ ਦੋਵੇਂ ਠਾਣੇ ਪਹੁੰਚ ਗਏ। ਉਹੀ ਗੱਲ ਹੋਈ ਜਿਸ ਦਾ ਡਰ ਸੀ। ਪਹਿਲਾਂ ਤਾਂ ਸਾਡੀ ਕਿਸੇ ਸੁਣੀ ਈ ਨਾ। ਸੁਣੀ ਈ ਸੁਣੀ ਤਾਂ ਅੱਗੋਂ ਆਡਰ ਮਿਲਿਆ– “ ਚਲੋ ਚਲਦੇ ਆਂ , ਤੁਆਡੇ ਪਿੰਡ …ਬੈਠੋ ਗੱਡੀ ‘ਚ ਪੁਆਓ ਤੇਲ ਤੀਹ-ਚਾਲੀ ਲੀਟਰ …ਬੰਦਿਆਂ ਹਾਡਿਆਂ ਦਾ ਧਿਆਨ ਰੱਖਿਓ , ਸਾਰਾ ਦਿਨ ਦੇ ਥੱਕਿਓ ਆ ….। “ ਮੈਂ ਤਾ ਚੁੱਪ ਰਿਹਾ , ਪਰ ਚਾਚੇ ਨੂੰ ਚੜ੍ਹ ਗੁੱਸਾ ਗਿਆ , ਪਤਾ ਨਈਂ ਉਸ ਨੇ ਕਿੱਦਾਂ ਸੰਭਾਲਿਆ , ਆਪਣਾ ਆਪ। “ …ਅੱਛਾ ਕਰੋ ਤਿਆਰੀ , ਅਸੀਂ ਆਏ , ਹੁਣੇ ਈ …., ‘ ਆਖ ਕੇ ਚਾਚਾ ਮੈਨੂੰ ਬਾਹਰ ਲੈ ਆਇਆ , ਦੁਕਾਨ ‘ਤੇ। ਅੱਗੋ ਬਲਦੇਵ ਖੜਾ ਸੀ ਯੂਨੀਅਨ ਵਾਲਾ।‘…..ਆਹ ਸਾਂਭੋ ਆਪਦਾ ਆਦਮੀ ਪੁੱਤ ,ਬੜਾ ਤਭਕਿਆ ਫਿਰਦਆ ਏਹ। “ ਚਾਚੇ ਨੇ ਸਾਰੀ ਗੱਲ ਬਲਦੇਵ ਨੂੰ ਦੱਸੀ। ਮੈਂ ਚੁੱਪ-ਚਾਪ ਖੜਾ ਸੁਣਦਾ ਰਿਹਾ। ਕਦੀ ਚਾਚੇ ਵੱਲ ਕਦੀ ਉਸ ਵਲ ਦੇਖਦਾ ਰਿਹਾ।

…..” ਕਿਓ ਕਾਮਰੇਡ ਬਓਤ ਡਰ ਲਗਦਆ , ਮਰਨ ਤੋਂ ..।” ਖੁਲ-ਦਿਲੈ ਬਲਦੇਵ ਨੇ ਜਾਣੋ ਮੇਰੀ ਦੁਖਦੀ ਰਗ ਹੋਰ ਛੇੜ ਦਿੱਤੀ , ਇਕ ਮੌਤ ਦਾ ਚੇਤਾ ਕਰਾ ਕੇ , ਦੂਜਾ ਮੈਨੂੰ ਕਾਮਰੇਡ ਆਖ ਕੇ। ਇਹ ਗੱਲ ਨਈਂ ਕਿ ਮੈਨੂੰ ਕਾਮਰੇਡ ਸ਼ਬਦ ਦੇ ਅਰਥ ਨਹੀਂ ਸਨ ਆਉਂਦੇ , ਜਾਂ ਇਸ ਪਿੱਛੇ ਜੁੜੀ ਫਿਲਾਸਫੀ ਤੋਂ ਜਾਣੂ ਨਹੀਂ ਸੀ। ਸਗੋਂ ਬੜਾ ਮੋਹ ਸੀ ਕਿਸੇ ਵੇਲੇ ਇਸ ਨਾਂ ਨਾਲ। ਪੂਰਾ ਸ਼ਰਧਾਲੂ ਸੀ ਮੈਂ , ਮਾਰਕਸ , ਲੈਨਿਨ , ਸਤਾਲਿਨ ਤੇ ਮਾਓ ਵਰਗੇ ਉੱਘੇ ਲੀਡਰਾਂ ਦਾ।ਇਹਨਾਂ ਦੀਆਂ ਤਸਵੀਰਾਂ ਮੈਂ ਹਰ ਵੇਲੇ ਆਪਣੇ ਕੋਟ ਦੇ ਕਲਾਰ ‘ਤੇ ਟੁੰਗੀ ਰੱਖਦਾ ਸਾਂ। ਕਈ ਸਾਰੇ ਰਸਾਲੇ –ਕਿਤਾਬਚੇ ਵੀ ਦੇਖੇ ਜਾਚੇ ਸਨ ਮੈਂ ਇਹਨਾਂ ਦੇ। ਪਰ , ਧਰਮ-ਕਰਮ ਦੇ ਮਸਲੇ ‘ਤੇ ਖਾਸਾ ਮੱਤਭੇਦ ਸੀ , ਮੇਰਾ। ਹੋਰਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ ‘ਚ ਖਾਹ-ਮਖਾਹ ਦੀ ਦਖ਼ਲ-ਅੰਦਾਜ਼ੀ ਵੀ ਮੈਨੂੰ ਹਰਗਿਜ਼ ਪਸੰਦ ਨਹੀਂ , ਇਹਨਾਂ ਦੀ। ….ਭਲਾ ਰੂਸ ਦੇ ਕੀ ਢਿੱਡ ਪੀੜ ਹੋਈ , ਉਹਨੇ ਸਾਡਾ ‘ਕਾਲ-ਤਖ਼ਤ ਸਾਬ੍ਹ ਢੁਹਾਇਆ। ਖਾਲਸੇ ਦੀ ਹਤਕ ਕਰਵਾਈ। ਬੱਸ , ਜਦ ਦਾ ਇਹ ਕਾਰਾ ਹੋਇਆ , ਕਾਮਰੇਡ ਸ਼ਬਦ ਜ਼ਹਿਰ ਲੱਗਾ ਸੀ ਮੈਨੂੰ। ਮੈਨੂੰ ਈ ਨਈਂ , ਉਹਨਾਂ ਸਭਨਾਂ ਨੂੰ ਜਿੰਨਾਂ ਮੈਨੂੰ ਇਹ ਗੱਲ ਦੱਸੀ ਸੀ। ਆਹੀ – ਅੰਦਰਖਾਤੇ ਹਮਲਾ ਕਰਵਾਉਨ ਆਲੀ …!”

ਬਲਦੇਵ ਨੂੰ ਮੈਂ ,ਕੁਝ ਕਹਿੰਦਾ ਕਹਿੰਦਾ ਰੁਕ ਗਿਆ। “….ਹਾਂ , ਹਾਂ ਬੋਲ ਕੀ ਬੋਲਣ ਲੱਗਾ ਸੀਈ ਝੱਕਦਾ ਕਿਉਂ ਆਂ….” ਉਸ ਨੇ ਮੇਰੇ ‘ਤੇ ਇੱਕ ਹੱਲ ਹੋਰਾ ਬੋਲ ਦਿੱਤਾ। “ ….ਬੋਲਣਾ ਕੀ ਆ ਭਰਾਵਾ …ਮੈਂ , ਮੈਂ ਤਾਂ ਬੱਸ ਓਦਾਂ ਈ …।“ ਮੈਂ ਫਿਰ ਝੌਂਪ ਗਿਆ।

“ …ਓਦਾਂ ਈ ਕੀ ਹੋਈ , ਖੁਲ੍ਹ ਕੇ ਗੱਲ ਕਰ ਤਾਂ। ਅਸੀਂ …ਅਸੀਂ ਸਭ ਇਕੋ ਬੀਮਾਰੀ ਦੇ ਮਰੀਜ਼ ਆਂ ….ਚਾਚਾ ਬਾਈ ਤੂੰ ਆਬਦਾ ਧਮਕੀ –ਪੱਤਰ ਨਈਂ ਦਿਖਾਇਆ ਏਨ੍ਹੂੰ  ? “ ਚਾਚਾ ਅੱਗੋਂ ਜ਼ੋਰ ਦੀ ਹੱਸ ਪਿਆ – “ ਤੂੰ ਦਖਾ ਦੇ ਤਾਂਆਂ ਆਪਣਾ  , ਇਹ ਕੋਈ ਤਾਮਰ –ਪੱਤਰ ਆ ਜੇੜ੍ਹਾ ਮੈਂ ਕੱਲਾਈ ਠੱਗਿਆ ਫਿਰਦਆਂ। ਇਹ ਤਾਂ ਹਰ ਕੋਈ ਵਸੂਲ ਸਕਦਾ ,ਹੱਥੋਂ – ਹੱਥ। ਬੱਸ , ਰਤਾ ਮਾਸਾ , ਰੜਕ ਚਾਹੀਦੀ ਐ , ਕਿਸੇ ਨਾ ਕਿਸੇ ਤਰ੍ਹਾਂ ਦੀਈ …।“ ਚਾਚਾ ਇਕ ਦਮ ਗੰਭੀਰ ਹੋ ਗਿਆ। ਮੈਨੂੰ ਕਹਿੰਦਾ – “ ਪੁੱਤਰ ਪਰਮਜੀਤ , ਵਹਿਸ਼ਤ ਤੋਂ ਡਰਨਾ ਕੋਈ ਮਾੜੀ ਗੱਲ ਨਈਂ …ਜ਼ਰੂਰ ਡਰਨਾ ਚਾਹੀਦਾ। ਪਰ , ਨਿਡਰ ਹੋ ਕੇ। ਇਹ ਦੇਹ ਅਮੁੱਲੀ ਵਸਤੂ ਐ ,….ਬਚਾਊਣੀ ਚਾਹੀਦੀ ਐ , ਖੇਹ –ਕੌਡੀਆਂ ਹੋਣੋ, ਪਰ ਅੰਦਰੀਂ ਦੜ ਕੇ ਨਈਂ।ਲੋਕਾਂ ਦੇ ਜੰਗਲ ‘ਚ ਲੁਕ-ਛਿਪ ਕੇ। ਜਿੱਥੇ ਇਕ ਅੱਖ ਜੇ ਤੁਹਾਡੇ ‘ਤੇ ਗਹਿਰੀ ਨਿਗਾਹ ਸੁੱਟੇ , ਤਾਂ ਸੌ-ਪੰਜਾਹ ਅੱਖਾਂ ਉਸ ਨੂੰ ਮੋੜਵੀਂ ਭਾਜੀ ਪਾਉਣ …।“

ਚਾਚੇ ਦੀ ਨਸੀਅਤ ਮੈਨੂੰ ਮੰਤਰ-ਮੁਗਧ ਕਰ ਗਈ। ਮਣਾਂ-ਮੂੰਹੀ ਭਾਰ ਜਿਵੇਂ ਮਨ ਤੋਂ ਉਤਰ ਕੇ ਪੱਕੀ ਸੜਕ ‘ ਤੇ ਖਿਲਰ ਗਿਆ। ਦਿਨ-ਭਰ ਦੀ ਖੱਜਲ –ਖੁਆਰੀ ਇਕ ਦਮ-ਭੁੱਲ ਵਿਸਰ ਗਈ। ਲਾਗੇ ਖੜਾ ਬਲਦੇਵ ਮੈਨੂੰ ਮਿੱਠਾ-ਪਿਆਰਾ ਲੱਗਣ ਲੱਗਾ। ਚਾਚੇ ਦੇ ਤਾਂ ਜਿਵੇਂ ਪੈਰਾਂ ‘ਤੇ ਹੀ ਡਿੱਗ ਪਿਆ।

“  ਓ …..ਓ ਕੀ ਕਰਦਾ ਆ ਪੁੱਤਰ , ਹੋਸ਼ ਕਰ ਕੁੱਸ਼ ਆਪਣਾ ਆਪ ਸੰਭਾਲ …ਕੀ ਹੋ ਗਿਆ ਤੈਨੂੰ …ਹੱਦ ਹੋ ਗਈ ਤੇਰੇ ਆਲੀ …ਜੁਆਨ ਜਹਾਨ ਹੋ ਕੇ ਬੁੱਢੇ-ਠੇਰਿਆਂ ਦਾ ਆਸਰਾ ਭਾਲਦਆਂ ….ਆਪਣਾ ਪੈਰੀਂ ਆਪ ਖੜੋਣ ਸਿੱਖ ਬੱਚੂ …ਆਹ ਬਲਦੇਵ ਤੇਰੇ ਨਾਲ ਆ ,ਵਰਮਾ ਤੇਰੇ ਕੋਲ੍ਹ ਆ ….ਤੂੰ , ਕਿਉਂ ਓਦਰਿਆਂ ਫਿਰਦਆਂ …।“ ਲਾ – ਜਵਾਬ ਹੋਇਆ ਮੈਂ ਸ਼ਰਮਿੰਦਾ ਹੋ ਗਿਆ। ਧਰਤੀ ਅੰਦਰ ਗੱਡ ਹੋਈ ਨਿਗਾਹ , ਜਾਣੋਂ ਉਪਰ ਉਠਣ਼ ਜਾਂਦੀ ਲੱਗੀ। ‘ ਚਾਚੇ ਨੂੰ ਕਿਮੇਂ ਪਤਾ ਮੈਂ ਵਰਮੇਂ ਲਾਗੇ ਰਹਿਨਾਂ , ‘ ਮੇਰੇ –ਅੰਦਰੇ-ਅੰਦਰ ਕੁੜ੍ਹਦਾ ਪ੍ਰਸ਼ਨ ਅਜੇ ਮੇਰੇ ਬੁਲ੍ਹਾਂ ਤੱਕ ਨਹੀ ਸੀ ਪਹੁੰਚਿਆ ਕਿ ਉਸ ਦਾ ਚੌੜਾ –ਨਿੱਗਰ ਹੱਥ ਮੇਰੇ ਮੋਢੇ ‘ਤੇ ਆ ਟਿਕਿਆ। ਮੈਨੂੰ ਹਲਾ-ਸ਼ੇਰੀ ਦਿੰਦੇ , ਉਸ ਦੇ ਮੂੰਹੋ ਨਿਕਲੇ ਬੋਲ ਤਾਂ ਸ਼ਾਇਦ ਇਹ ਆਖ ਰਹੇ ਸਨ –“ਦਮ ਰੱਖ ਪੁੱਤਰਾ , ਦੇਸ਼ ਭਗਤ ਜਰਨੈਲ ਦਾ ਸਾਬ੍ਹਜ਼ਾਦਾ ਏਂ ਤੂੰ ….।“ ਪਰ , ਕੰਨਾਂ ਤਕ ਪੁੱਜਦੀ ਵਾਜ਼ ਕੁਝ ਹੋਰ ਹੀ ਕਹਿੰਦੀ ਲੱਗੀ – “ ਤੂੰ ..ਤੂੰ ਤਾਂ ਕੰਜਰ ਦਿਆ ਲਿੱਦ ਈ ਕਰ ਛੱਡੀ ਐ , …ਵਾਲੀਏ ਸਰਦਾਰ ਦੀ ਕੀਤੀ ਕਰਾਈ ਖੂਹ ‘ਚ ਪਾ ਛੱਡੀ ਆ , ਤੂੰ। “

ਬਲਦੇਵ ਨਾਲ ਗੱਲੀਂ ਪਿਆ , ਉਹ ਦੁਕਾਨ ਸਮੇਟਣ ਲੱਗ ਪਿਆ। ਉਸ ਪਾਸੇ ਹੋਰ ਖੜਾ ਰਹਿਣ ਲਈ ਜਿਵੇਂ ਮੇਰੇ ਅੰਗ ਪੈਰ ਅਸਲੋਂ ਜਵਾਬ ਦਿੰਦੇ ਲੱਗੇ। ਦੋਨਾਂ ਤੋਂ ਅੱਖ ਬਚਾ ਕੇ ਮੈਂ ਲੰਮੀਆਂ ਲਾਂਘਾਂ ਮਾਰਦਾ ਘਰ ਵਲ ਨੂੰ ਖਿਸਕ ਗਿਆ।

ਘਰ ਪਹੁੰਚਿਆ ਤਾਂ…ਤਾਂ ਫਿਰ ਉਵੇਂ ਦਾ ਉਵੇਂ ਸੀ।- ਡਰਿਆ ਜਿਹਾ , ਡੋਲਿਆ ਜਿਹਾ। ਹਰਜੀਤ ਡੋਰ-ਭੌਰ ਬੈਠੀ ਮੈਨੂੰ ਉਡੀਕ ਰਹੀ ਸੀ। ਨਾ ਚਾਹ , ਨਾ ਰੋਟੀ। ਪਿੰਕੀ ਕਿਧਰੇ ਬਾਹਰ ਸੀ ਗਲੀ ‘  ਚ। ਬੱਚਿਆਂ ਨਾਲ।

‘ ਕਿੱਥੇ ਗਿਆ ਕਾਕਾ …?” ਮੈਂ ਸਹਿ ਸੁਭਾ ਪੁੱਛਿਆ। ਉਹ ਅੱਗੋਂ ਇਕੋ ਵਾਰਗੀ ਫਿੱਸ ਗਈ। ਤੁਸੀਂ ਸਾਰੇ ਟੱਬਰ ਨੇ ਸਾਹ ਸੂਤ ਛੱਡੇ ਆ ਮੇਰੇ ਉਹ ਨਿਖ਼ਸਮਾ ਦੁਪ੍ਹੈਰਾਂ ਦਾ ਗਿਆ –ਉੱਜੜਿਆ ਚੋਪੜਿਆ ਦੇ ਖੇਲਦਾ …ਆਉਣ ਦਾ ਨਾਂ ਈ ਨਈਂ। ਫੜ ਕੇ ਲਿਆਉਨੀਆਂ ਤਾਂ ਚੀਕਾਂ ਮਾਰਦਾ ਔਤਰਾਂ।ਤੂੰ ਸਵੇਰ ਦਾ ਗਿਆ ਹੁਣ ਆ ਵੜਿਆਂ ਮੈਂ ਕੱਲੀ ਏਸ ਖੂਹ ‘ਚ ਡੁੱਬੀ ਰਈ ਆਂ ਸਾਰਾ ਦਿਨ “, ਡੁਸਕਣੋਂ ਅੱਗੇ ਨਿਕਲ ਕੇ ਉਹ ਭੁੱਬੀਂ ਰੋ ਉਤਰੀ।

ਉਸ ਨੂੰ ਵਰਚਾਉਣ ਲਈ ਮੈਂ ਅਜੇ ਇਕ ਪੈਰ ਹੀ ਅੱਗੇ ਪੁੱਟਿਆ ਸੀ ਕਿ ਪਿੱਛੋਂ ਸ਼ਾਹਣੀ ਦਹਿਲੀਜ਼ਾਂ ਆ ਚੜ੍ਹੀ – “ਕੀ ਗੱਲ ਹੋਈ ਭਾਅ ਜੀਈ , ਸੁੱਖ ਤਾਂ ਹੈਅ ਨਾ …”, ਉਹਨੇ ਬੇ-ਬਾਕ ਹੋ ਕੇ ਪੁੱਛ ਲਿਆ।

“ਸੁੱਖ ਨੂੰ ਤਾਂ ਸੁੱਖ ਈ ਆ , ਏਹ ਈ ਜ਼ਰਾ ਓਦਰ ਗਈ ਆ , ਕਹਿੰਦੀ ਆ ਪਿੰਡ ਨੂੰ ਮੁੜ ਚੱਲੀਏ ਛੇਤੀ , ਪਿਤਾ ਜੀ ਕੱਲੇ ਆ ਘਰ …” , ਖੜੇ ਪੈਰ ਮੈਨੂੰ ਇਹੋ ਗੱਲ ਸੁਝੀ।

“ ਤੁਸੀਂ ਤਾਂ ਕਹਿੰਦੇ ਸੀ , ਬਦਲੀ ਹੋ ਗਈ ਆ , ਐਥੇ ਲਾਗੇ ਦੀ ….ਪਿੰਡੋਂ ਆਇਆ ਨਈਂ ਜਾਂਦਾ ਟੈਮ ਨਾਂ  , ਹੁਣ ਕਿੱਦਾਂ ਆਓਗੇ …! “

“ਅਸਲ ‘ਚ ਗੱਲ ਇਹ ਐ ਭੈਣਾਂ ਕਿ ਕਿ …” ਅਸਲ –ਨਕਲ ਕਰਦਿਆਂ ਮੈਨੂੰ ਸਾਰੀ ਗੱਲ ਸਾਫ਼-ਸਾਫ਼ ਦੱਸਣੀ ਪਈ। ਹੋਰ ਕੋਈ ਚਾਰਾ ਨਹੀਂ ਸੀ।…’ਸਰਾਫ਼-ਕੁਟੀਰ’ ਹਰਜੀਤ ਨੂੰ ਵੱਢ-ਵੱਢ ਖਾਂਦੀ ਸੀ। ਹੋਰਥੇ ਮਕਾਨ ਲੱਭਾ ਕੋਈ ਨਾ। ਪਿੰਡ ਜਾਂਦਾ ਸੀ ਤਾਂ ਮੌਤ ਖੜੀ ਦਿੱਸਦੀ ਸੀ ਸਿਰ ‘ਤੇ। ਮੈਂ ਬਿਨਾਂ ਝਿਜਕ ਧਮਕੀ –ਪੱਤਰ ਸ਼ਾਹਣੀ ਅੱਗੇ ਖੋਲ੍ਹ ਦਿੱਤਾ। ਉਸ ਦਾ ਫਿਕਰ-ਮੰਦ ਚਿਹਰਾ ਇਕ ਦਮ ਬੁਝ ਗਿਆ। ਮੈਂ ਹੋਰ ਦਹਿਲ ਗਿਆ। ਪਰ ,ਛੇਤੀ ਹੀ ਉਹ ਮੁੜ ਸੰਭਲ ਗਈ। ਚੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ। ਬਿਨਾਂ ਕੁਝ ਬੋਲੇ ਉਪਰ ਚਲੀ ਗਈ। ਮੁੜਦੇ ਪੈਰੀਂ ਫਿਰ ਹੇਠਾਂ ਆ ਪਹੁੰਚੀ।ਉਸ ਦੇ ਹੱਥ ਵਿਚ ਤਹਿ ਕੀਤਾ ਕਾਗਜ਼ ਸੀ ਇਕ।

“ ਆਹ ਵੀ ਦੇਖ ਲਓ …” ਉਹਦਾ ਗੱਚ ਹੋਇਆ ਗਲਾ  ਹਟਕੋਰੇ ਮਾਰਨ ਲੱਗਾ। ਮੈਂ ਕੰਬਦੇ ਹੱਥਾਂ ਨਾਲ ਕਾਗਜ਼ ਖੋਲ੍ਹਿਆਂ। ਧਮਕੀ ਪੱਤਰ – ਓਏ ਸੱਤ –ਪਾਲਾ ਠੱਗਾ , ਜੇ ਭਲੀ ਚਾਓਨਾਂ ਆਂ ਤਾਂ , ਕਾਲੇ ਆਲੇ ਮੋੜ ਲਾਗਲੀ ਵੱਡੀ ਟਾਹਲੀ ਹੇਠ ਐਸੇ ਮਹੀਨੇ ਦੀ ਤਰੀਖ ਨੂੰ ਪੂਰਾ ਚਾਲੀ ਹਜ਼ਾਰ ਰੁੱਪਇਆ ਗਿਣ ਕੇ ਰੱਖ ਆ ….ਨਈਂ ਤਾਂ ਘਾਣ-ਬੱਚਾ ਪੀੜ ਦਿੱਤਾ ਜਾਏਂਗਾ ….। ਹੇਠਾਂ ਘੀਚੂ-ਮੀਚੂ ਜਿਹੇ ਦਸਖ਼ਤ। ਨਾ ਦਿਨ ਨਾ ਤਾਰੀਖ , ਨਾ ਸਾਲ ਨਾ ਮਹੀਨਾ।

ਪੱਤਰ ਪੜ੍ਹ ਕੇ ਸ਼ਾਹਣੀ ਵਲ ਦੇਖਿਆ। ਸਾਰਾ ਮੂੰਹ ਹੰਝੂਆਂ ਨਾਲ ਧੋਤਾ ਗਿਆ ਸੀ। ਉਸ ਦਾ ਭਰਿਆ ਗਲਾ ਸਾਫ਼ ਸਾਫ਼ ਗੱਲਾਂ ਕਰਨ ਲੱਗਾ – “ਸਰਾਫ਼ ਹੋਣੀ ਬੜੇ ਡਰਪੋਕ ਸੀ ਭਰਾ। ਜਦ ਵੀ ਔਖਾ ਭਾਰਾ ਟੈਮ ਆਉਂਦਾ ਝੱਟ ਢੇਰੀ ਢਾਅ ਬੈਂਹਦੇ।ਆਖਣ  ਲੱਗੇ – ‘ ਕਿਧਰੋਂ ਫੜ੍ਹ-ਧੜ ਕੇ ਰੱਖ ਆਉਨੇ ਆਂ। ‘ ਮੈਂ ਕਿਹਾ – ਕਿਉਂ ਰੱਖੀਏ ਫੜ-ਧੜ ਕੇ ….ਕਿਉਂ ਚਾੜੀਏ ਭਾਰ ਸਿਰ ‘ਤੇ। ਸਾਡੀ ਕੋਈ ਦੋ ਨੰਬਰ ਦੀ ਕਮਾਈ ਐ …। ‘ ਪਰ ਉਨ੍ਹਾਂ ਪੈਰ ਭੁੰਜੇ ਨਾ ਲਾਇਆ। ਮੈਂ ਬਥੇਰਾ ਢਾਰਸ ਦਿੱਤੀ – ‘ਹਿੰਮਤ ਕਰੋ ਸ਼ਾਹ ਜੀ , ਹੌਂਸਲਾ ਰੱਖੋ ਇਹ ਪੱਤਰ ਮੈਨੂੰ ਐਮੇਂ ਕਿਮੇਂ ਦਾ ਲੱਗਦਾ , ਜਾਅਲ੍ਹੀ ਜਿਹਾ ਕਿਸੇ ਗੁਆਂਡ ਮੱਥੇ ਦੀ ਸ਼ਰਾਰਤ …! ਜੇ ਅਸਲ ਹੁੰਦਾ ਤਾਂ ਹੁਣ ਨੂੰ ….! ਪਰ ਜੀ ਕਿੱਥੇ ! ਉਹ ਆਏ ਦਿਨ ਢਹਿ-ਢੇਰੀ ਹੁੰਦੇ ਗਏ। ਕਈ ਕਈ ਦਿਨ ਦੁਕਾਨ ‘ਤੇ ਨਾ ਜਾਂਦੇ। ਜਾਂਦੇ ਹੀ ਜਾਂਦੇ ਤਾਂ ਕੰਮ ‘ਚ ਚਿੱਤ ਨਾ ਜੰਮਦਾ। ਕਿਸੇ ਦੇ ਗਹਿਣੇ ਕਿਸੇ ਨੂੰ ਫੜਾ ਆਉਂਦੇ , ਕਿਸੇ ਦੇ ਕਿਸੇ ਨੂੰ , ਕਈ ਉਲਾਮੇ ਆਏ। ਸਾਰੀ ਕਮਾਈ ਖੋਟੀ ਹੋ ਗਈ। ਕਾਰੀਗਰ ਦੋੜ ਗਏ। ਰੱਖਿਆ-ਰਖਾਇਆ ਸਭ ਬਿਲੇ ਲੱਗ ਗਿਆ। “ ਚੰਗੀ ਭਲਾ ਗੱਲਾਂ ਕਰਦੀ ਸ਼ਾਹਣੀ ਫੇਰ ਡੁਸਕਣ ਲੱਗ ਪਈ – “ ਆਪ ਤਾਂ ਕੰਜਰ ਗੋਲੀਆਂ ਖਾ ਕੇ ਤੁਰਦਾ ਹੋਇਆ ,ਮੈਂ…ਮੈਂ ਕਿੱਥੇ ਜਾਂਦੀ , ਦੋ ਬਾਲਾਂ ਨੂੰ ਧੱਕਾ ਦੇ ਕੇ !ਨਾ ਮੋਏ ਨਾ ਮਰਿਆ ਗਿਆ , ਨਾ ਜੀਂਦਿਆਂ  ਨਾ ਜੀਣ ਜੋਗੀ ਰਈ …।“ ਲੱਛਮੀ ਰਾਣੀ ਨੇ ਫਿਰ ਅੱਖਾਂ ਪੂੰਝੀਆਂ। ਉਹ ਕਾਫੀ ਸੰਭਲ ਚੁੱਕੀ ਸੀ – “….ਆਖਿਰ , ਕੁਝ ਤਾਂ ਕਰਨ ਈ ਪੈਣਾ ਸੀ , ਆਪਣੇ ਲਈ , ਬਾਲ-ਬੱਚੇ ਖਾਤਰ। ..ਚੁੱਪਲਾਂ-ਜੁੱਤੀਆਂ ਲੈ ਕੇ ਬੈਠ ਗਈ ….ਪੰਜ ਦਸ ਬਚ ਜਾਂਦੇ ਆ ….ਸੋਚਿਆ , ਕੋਈ ਭਲਾ ਲੋਕ ਆ ਰਹੂ ਅੱਧੇ ਮਕਾਨ ‘ਚ …ਗੱਲੀ –ਬਾਤੀ-ਟੈਮ ਲੰਘਦਾ ਜਾਊ …ਪਰ ਜੀਈ , ਮੇਰਾ ਕਾਦਾ ਜ਼ੋਰ ਆ , ਅਭਾਗਣ ਦਾ ਕਿਸੇ ਤੇਏ ….!”

ਮੇਰੇ ਹੱਥਾਂ ‘ਚ ਕੰਬਦਾ ਕਾਗਜ਼ ਉਸ ਨੇ ਮੁੜ ਸਾਂਭ ਲਿਆ। ਅੰਦਰਲੇ ਬਾਰ ਉਹਲੇ ਖੜੀ ਹਰਜੀਤ ਸਾਰਾ ਕੁਝ ਸੁਣੀ ਦੇਖਦੀ ਰਹੀ। ਛੜੱਪਾ ਮਾਰ ਕੇ ਝੱਟ ਬਾਹਰ ਆ ਗਈ। ਬਿਨਾਂ ਕੁਝ ਬੋਲੇ ਉਹ ਲੱਛਮੀ ਦੇ ਸੀਨੇ ਨਾਲ ਆ ਚਿਪਕੀ। ਕਿੰਨਾ ਹੀ ਚਿਰ ਦੋਵੇਂ ਜੁੜੀਆਂ ਖੜੀਆਂ ਰਹੀਆਂ। ਅੱਖੋਂ ਰੌਂਦੀਆਂ ਰਹੀਆਂ ,ਮੂੰਹੀਂ ਹੱਸਦੀਆਂ ਰਹੀਆਂ। ਦੋਨਾਂ ਦੀਆਂ ਧੁੱਖਦੀਆਂ ਛਾਤੀਆਂ ਇਕ ਦੂਜੀ ਨਾਲ ਘੁੱਟ ਹੋ ਕੇ ਜਾਣੋਂ ਠੰਡੀਆਂ ਠਾਰ ਹੁੰਦੀਆਂ ਗਈਆਂ।ਬਾਹਰੋਂ ਗਲੀ ‘ਚੋਂ ਖੋਲ੍ਹਦਾ ਆਇਆ  ਪਿੰਕੀ, ਹਰਜੀਤ ਦੇ ਭੁਲਾਵੇਂ ਲੱਛਵੀਂ ਦੀਆਂ ਲੱਤਾਂ ਨਾਲ ਆ ਚਿਮੜਿਆ। ਹੇਠਾਂ ਲਪਕ ਕੇ , ਉਸ ਨੇ ਝੱਟ ਪਿੰਕੀ ਨੂੰ ਗੋਦੀ ਚੁੱਕ ਲਿਆ। ਪਿੰਕੀ ਕਦੇ ਹਰਜੀਤ ਦੇ ਮੂੰਹ ਵੱਲ ਝਾਕ ਲੈਂਦਾ ਕਦੇ ਲੱਛਮੀ ਦੇ ਚਿਹਰੇ ਵੱਲ। ਜਿਵੇਂ ਉਹ ਪਛਾਣ ਕਰਨੀ ਭੁੱਲ ਗਿਆ ਹੋਵੇ ਕਿ ਦੋਨਾਂ ਵਿਚੋਂ ਉਸ ਦੀ ਮੰਮੀ ਕਿਹੜੀ ਐ ਤੇ ਉਸ ਦੀ ਆਂਟੀ ਕਿਹੜੀ ?

ਉਹਨਾਂ ਦੋਨਾਂ ਦੀਆਂ ਅੱਖਾਂ ‘ਚੋਂ ਵਹਿੰਦੀ ਆਬਸ਼ਾਰ ਮੇਰੀ ਡੰਗ ਹੋਈ ਦੇਹ ‘ਤੇ ਅਮ੍ਰਿਤ ਦੇ ਛਿੱਟੇ ਮਾਰ ਗਈ। ਰਗਾਂ-ਨਾੜਾਂ ‘ ਚ ਜਾਅਮ ਹੋਇਆ ਲਹੂ ਇਕ ਦਮ ਪਿਘਲ ਤੁਰਿਆ। ਮਹੀਨਿਆਂ ਭਰ ਦੀ ਉਦਾਸੀ ਪਲ-ਛਿਨ ਅੰਦਰ ਹੀ ਕਿਧਰੇ ਉਡ-ਪੁੱਡ ਗਈ। ਚਿੰਤਾ-ਮੁਕਤ ਹੋਇਆ ਮੈਂ ਉਹਨਾਂ ਦੇ ਹੋਰ ਲਾਗੇ ਹੋ ਕੇ ਖੜੋ ਗਿਆ। …ਮੈਨੂੰ ਲੱਗਾ , ਜਿਵੇਂ ਹਰਜੀਤ ਤੇ ਮੋਢੇ ‘ਤੇ ਟਿਕਿਆ ਲੱਛਮੀ ਦਾ ਇਕ ਹੱਥ ਮੇਰੇ ਬਾਪੂ ਈਸ਼ਰ ਸਿੰਘ ਵਾਲੀਏ ਦਾ ਹੈ ਅਤੇ ਪਿੰਕੀ ਦੁਆਲੇ ਵਗਲ੍ਹਿਆਂ ਦੂਜਾ ਹੱਥ ਹੁਸਨ ਲਾਲ ਚਾਚੇ ਦਾ ….।

ਉਹਨਾਂ ਪੰਜਾਂ ਦੀ ਬੱਝੀ ਗੰਢ ਵਲ ਦੇਖਦਾ ਮੈਂ ਪਾਣੀਓਂ ਪਤਲਾ ਹੁੰਦਾ ਗਿਆ –ਇਸ ਲਈ ਨਹੀਂ ਕਿ ਸਿਰਫ਼ ਹਰਜੀਤ ਦਾ ਰੌਣ-ਧੌਣ ਸੁਣ ਕੇ ਚੌਥਾ ਮਕਾਨ ਟੋਲਣ ਨਿਕਲ ਤੁਰਿਆ ਸਾਂ , ਜਾਂ ਮੈਂ ਜੈ ਸਿੰਘ ਸੰਘਾ ਤੇ ਵਿਚਕਾਰਲੇ ਵਨਵੈਤਾ ਕੋਠੀਓਂ ਦੁਰਕਾਰਿਆਂ , ਸੱਤਪਾਲ ਸਰਾਫ਼ ਦੀ ਘਰ –ਕੁਟੀਆ ‘ਚ ਸਿਰ ਲੁਕਾਈ ਬੈਠਾਂ ਸਾਂ , ਸਗੋਂ ਇਸ ਲਈ ਕਿ ਧਰਮ-ਧੜਾ , ਵੇਸ-ਲਿਬਾਸ , ਸ਼ਕਲ-ਸੂਰਤ ਦੇ ਉਚੇ –ਭਾਰੇ ਥਮਲੇ ‘ਤੇ ਗੱਡ ਹੋਇਆ ਵੀ ਮੈਂ ਬਾਪੂ-ਚਾਚੇ ਦੇ ਕੱਦ-ਕਾਠ ਨਾਲੋਂ ਕਿੰਨਾ ਬਉਨਾ ਗਿਰਮੁਠੀਆਂ ਲੱਗ ਰਿਹਾ ਸਾਂ ! ਇਹ ਸ਼ਰਮਨਾਕ ਕਿਸਮ ਦੀ ਹੇਠੀ ਮੈਨੂੰ ਆਪਣੀ ਨਾ-ਮੁਰਾਦ ਦੁਬਿਧਾ ਕਾਰਨ ਵੀ ਝੱਲਣੀ ਪਈ ਸੀ ਤੇ ਬਿਨਾਂ ਨਿਰਖੇ-ਪਰਖੇ ਜਣੇ –ਖਣੇ ਮਗਰ ਉੱਠ ਤੁਰਨ ਕਾਰਨ ਵੀ। ਬਾਪੂ-ਚਾਚੇ ਦਾ ਵਿਰਸਾ – ਇਤਿਹਾਸ ਮੈਂ ਕਿੱਨਾਂ ਪਿਛਲ-ਖੁਰੀ ਤੋਰ ਲਿਆ ਸੀ ! ਵਰਮੇਂ-ਬਲਦੇਵ ਵਲ ਦੇਖ ਕੇ ਵੀ ਰਤਾ –ਮਾਸਾ ਨਹੀਂ ਸੀ ਸੰਭਲਿਆ। ਉਹ ਵੀ ਤਾਂ ਆਖਿਰ ਇਸੇ ਆਕਾਸ਼ ਦੀ ਛੱਤਰੀ ਹੇਠ ਜੰਮੇ ਪਲੇ ਸਨ। ਉਹਨਾਂ ਵੀ ਤਾਂ ਸਭ ਨੇ ਏਸੇ ਧਰਤੀ ਦੀ ਰਹਿਤ-ਮਰਯਾਦਾ ਸੇਕੀ-ਹੰਢਾਈ ਸੀ ! ਧਮਕੀ –ਪੱਤਰ ਤੋਂ ਡਰਦਾ ਕੋਈ ਮੇਰੇ ਜਿੰਨਾ ਨੀਵੇਂ ਤਾਂ ਨਹੀਂ ਸੀ ਡਿੱਗਿਆ …!! ਦਸ ਹਜ਼ਾਰ ਦਾ ਕੀਤਾ ਭੁਗਤਾਨ ਵੀ ਕੋਈ ਹਊ-ਪਰੇ ਕਰਨ ਵਾਲੀ ਗੱਲ ਨਹੀਂ ਸੀ !!!!

(1988)

ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ ਦਸੂਹਾ ,ਜ਼ਿਲਾ : ਹੋਸ਼ਿਆਰਪੁਰ ( ਪੰਜਾਬ )
091-94655-74866