ਨਹੀਂ ਡਰ ਮੌਤ ਦਾ ਕੋਈ – Hrajinder Bal

ਨਹੀਂ ਡਰ ਮੌਤ ਦਾ ਕੋਈ, ਜੇ ਡਰ ਹੈ ਤਾਂ ਇਹੋ ਡਰ ਹੈ।
ਚੁਫੇਰੇ ਮੱਚਦੇ ਭਾਂਬੜ ਤੇ ਮੇਰਾ ਕੱਖਾਂ ਦਾ ਘਰ ਹੈ।

ਨਹੀਂ ਸ਼ਿਕਵਾ ਕਿ ਮਾਰੂਥਲ ਜਿਹਾ ਮੇਰਾ ਮੁਕੱਦਰ ਹੈ।
ਮੇਰੇ ਦਿਲ ਵਿਚ ਕਿਸੇ ਦੇ ਪਿਆਰ ਦਾ ਡੂੰਘਾ ਸਮੁੰਦਰ ਹੈ।

ਸੀ ਠਿੱਲ੍ਹੇ ਤਾਂ ਇਕੱਠੇ ਪਰ ਤੂੰ ‘ਕੱਲਾ ਪੁੱਜਿਐਂ ਕੰਢੇ,
ਤੇਰਾ ਅਪਣਾ ਮੁਕੱਦਰ ਸੀ, ਮੇਰਾ ਅਪਣਾ ਮੁਕੱਦਰ ਹੈ।

ਸਮੁੰਦਰ ਤੋਂ ਵੀ ਡੂੰਘੇ ਹੁੰਦੇ ਨੇ ਦਰਿਆ ਦਿਲਾਂ ਵਾਲ਼ੇ,
ਹੈ ਕੋਰਾ ਝੂਠ ਕਿ ਦਿਲ ਨਾਲ਼ੋਂ ਵੀ ਡੂੰਘਾ ਸਮੁੰਦਰ ਹੈ।

ਕਹੋ ਉਸਨੂੰ ਨਾ ਐਵੇਂ ਰੀਝ ਲਾ ਫੁਲਕਾਰੀਆਂ ਕੱਢੇ,
ਉਦ੍ਹੇ ਹਿੱਸੇ ‘ਚ ਤਾਂ ਅਜ ਵੀ ਉਹੀ ਪੀੜਾਂ ਦੀ ਚਾਦਰ ਹੈ।

ਮੈਂ ਘਰ ਨੂੰ ਘਰ ਕਹਾਂ ਕਿੱਦਾਂ? ਇਦ੍ਹੇ ਤੋਂ ਖ਼ੌਫ ਆਉਂਦੈ ਹੁਣ!
ਸੀ ਤੇਰੇ ਨਾਲ ਘਰ ਮੰਦਿਰ, ਤੇਰੇ ਬਾਝੋਂ ਇਹ ਖੰਡਰ ਹੈ।

ਨਾ ਉੱਚੀ ਬੋਲ, ਹੌਲ਼ੀ ਗੱਲ ਕਰ, ਨਾ ਸੁਣ ਲਵੇ ਕੋਈ,
ਤਮਾਸ਼ਾ ਨਾ ਵਿਖਾ, ‘ਬੱਲ’! ਇਹ ਮੁਹੱਬਤ ਦਾ ਨਿਰਾਦਰ ਹੈ।