ਨੋਨੂੰ ਪਹਿਲਵਾਨ

ਮੇਰੀ ਪਤਨੀ ਨੂੰ ਗਿਲਾ ਹੈ ਕਿ ਮੇਰਾ ਲਾਡ ਪਿਆਰ ਰਿਸ਼ੂ ਦੀਆਂ ਆਦਤਾਂ ਵਿਗਾੜ ਰਿਹਾ ਹੈ। ਉਹ ਹਰ ਰੋਜ਼ ਮੇਰੇ ਕੋਲ ਸ਼ਿਕਾਇਤ ਕਰਦੀ ਹੈ ਕਿ ਰਿਸ਼ੂ ਪੜ੍ਹਨ ਵੱਲ ਧਿਆਨ ਨਹੀਂ ਦੇਂਦਾ ਸਗੋਂ ਖੇਡਾਂ ਵਿਚ ਹੀ ਮਸਤ ਰਹਿੰਦਾ ਹੈ। ਰਿਸ਼ੂ ਸਾਡੀ ਇਕਲੌਤੀ ਸੰਤਾਨ ਹੈ, ਇਸ ਲਈ ਪਤਨੀ ਦਾ ਚਿੰਤਾਤੁਰ ਹੋਣਾ ਸੁਭਾਵਿਕ ਵੀ ਹੈ। ਉਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੈਂ ਵੀ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਰਿਸ਼ੂ ਮੇਰੀ ਗੱਲ ਧਿਆਨ ਨਾਲ ਸੁਣਦਾ ਹੈ। ਮੈਨੂੰ ਖੁਸ਼ ਕਰਨ ਲਈ ਉਹ ਕਾਪੀ ਜਾਂ ਕਿਤਾਬ ਖੋਲ੍ਹ ਕੇ ਪੜ੍ਹਨ ਵੀ ਲੱਗ ਜਾਂਦਾ ਹੈ। ਪਰ ਜਦੋਂ ਉਸ ਨੂੰ ਕਿਸੇ ਸਾਥੀ ਦੀ ਅਵਾਜ਼ ਪੈ ਜਾਵੇ ਤਾਂ ਉਹ ਮੇਰੀਆਂ ਸਾਰੀਆਂ ਹਦਾਇਤਾਂ ਭੁੱਲ ਕੇ ਕ੍ਰਿਕਟ ਦਾ ਬੈਟ ਚੁੱਕ ਕੇ ਬਾਹਰ ਵੱਲ ਭੱਜ ਜਾਂਦਾ ਹੈ।

“ਆਹ ਵੇਖ ਲਵੋ – ਹੋਇਆ ਹੈ ਤੁਹਾਡੇ ਲਾਡਲੇ ਤੇ ਕੋਈ ਤੁਹਾਡੀਆਂ ਗੱਲਾਂ ਦਾ ਅਸਰ?” ਪਤਨੀ ਮੈਂਨੂੰ ਇਕ ਬਾਪ ਦੇ ਫਰਜ਼ਾਂ ਦਾ ਅਹਿਸਾਸ ਕਰਾਉਣ ਲਈ ਆਪਣੀ ਸੁਰ ਕੁਝ ਤਿੱਖੀ ਕਰ ਲੈਂਦੀ ਹੈ।

“ਕੋਈ ਨੀ ਬੱਚਾ ਹੈ – ਅਜੇ ਖੇਡਣ ਦੀ ਉਮਰ ਐ।” ਰਿਸ਼ੂ ਤੇ ਗੁੱਸੇ ਹੋਣ ਦੀ ਬਜਾਇ ਮੈਂ ਪਤਨੀ ਨੂੰ ਹੀ ਸਮਝਾਉਣ ਲੱਗ ਪੈਂਦਾ ਹਾਂ ਤਾਂ ਉਸ ਦੀ ਖਿਝ ਹੋਰ ਵਧ ਜਾਂਦੀ ਹੈ।

“ਹੂੰਅ, ਬਾਦ ਵਿਚ ਤੁਸੀਂ ਹੀ ਪਛਤਾਉਗੇ।” ਉਹ ਮੇਰੇ ਵੱਲ ਕੌੜਾ ਜਿਹਾ ਝਾਕਦਿਆਂ ਰਸੋਈ ਵੱਲ ਤੁਰ ਪੈਂਦੀ ਹੈ।

ਇਹ ਗੱਲ ਨਹੀਂ ਕਿ ਮੈਂਨੂੰ ਰਿਸ਼ੂ ਦੀ ਪੜਾਈ ਦਾ ਪਤਨੀ ਨਾਲੋਂ ਘੱਟ ਫਿਕਰ ਹੈ। ਪਰ ਮੈਂ ਕੀ ਕਰਾਂ। ਮੈਂ ਉਸ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਪਿਆਰ ਨਾਲ ਤਾਂ ਸਮਝਾ ਸਕਦਾ ਹਾਂ ਪਰ ਮੇਰੇ ਆਪਣੇ ਅੰਦਰਲੇ ਕੰਪਲੈਕਸ ਮੈਂਨੂੰ ਉਸ ਨਾਲ ਸਖਤੀ ਵਰਤਣ ਦੀ ਇਜ਼ਾਜ਼ਤ ਨਹੀਂ ਦੇਂਦੇ। ਜਦੋਂ ਮੈਂ ਰਿਸ਼ੂ ਨੂੰ ਝਿੜਕਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਕੰਪਲੈਕਸ ਹੀ ਮੇਰੀ ਜੀਭ ਠਾਕ ਦੇਂਦੇ ਨੇ। ਅਸਲ ਵਿਚ ਇਹ ਕੰਪਲੈਕਸ ਹੀ ਮੇਰਾ ਅਤੀਤ ਨੇ। ਮੇਰੀ ਸਮੱਸਿਆ ਦੀ ਤਹਿ ਤੀਕ ਜਾਣ ਲਈ ਤੁਹਾਨੂੰ ਮੇਰੇ ਅਤੀਤ ਨਾਲ ਵੀ ਜੁੜਨਾ ਪਵੇਗਾ। ਗੱਲ ਰਾਹ ’ਤੇ ਪਾਉਣ ਲਈ ਆਪਾਂ ਇਸ ਅਤੀਤ ਦਾ ਕੋਈ ਨਾ ਰੱਖ ਲੈਂਦੇ ਹਾਂ। ਨੋਨੂੰ ਮੇਰੇ ਬਚਪਨ ਦਾ ਨਿੱਕਾ ਨਾਂ ਹੈ। ਇਸ ਲਈ ਆਪਣੇ ਅਤੀਤ ਨੂੰ ਵੀ ਮੈਂ ਇਹੀ ਨਾਂ ਦੇ ਕੇ ਖੁਸ਼ ਹਾਂ। ਮੇਰਾ ਅਤੀਤ ਰੂਪੀ ਨੋਨੂੰ ਨਹੀਂ ਚਾਹੁੰਦਾ ਕੇ ਰਿਸ਼ੂ ਦੇ ਖੇਡਣ ਕੁੱਦਣ ਜਾਂ ਮੌਜ ਮਸਤੀ ਕਰਨ ਵਿਚ ਕੋਈ ਰੁਕਾਵਟ ਪਵੇ। ਇਸੇ ਕਾਰਨ ਹੀ ਮੈਨੂੰ ਪਤਨੀ ਦੇ ਉਪਦੇਸ਼ ਸੁਣਨੇ ਪੈਂਦੇ ਨੇ। ਇਸੇ ਲਈ ਹੀ ਮੈਂ ਕਈ ਵਾਰ ਮਜ਼ਾਕ ਦਾ ਪਾਤਰ ਵੀ ਬਣਿਆ ਹਾਂ।

ਕੁਝ ਦਿਨ ਪਹਿਲੋਂ ਦੀ ਗੱਲ ਹੈ। ਰਿਸ਼ੂ ਦੇ ਸਕੂਲ ਵੱਲੋ ਮੈਂਨੂੰ ਖੇਡਾਂ ਦੇ ਉਦਘਾਟਨ ਕਰਨ ਦਾ ਸੱਦਾ ਮਿਲਿਆ। ਦਫਤਰ ਦੇ ਰੁਝੇਵੇਂ ਮੈਨੂੰ ਅਜਿਹੇ ਕੰਮਾਂ ਦੀ ਇਜ਼ਾਜਤ ਨਹੀਂ ਦੇਂਦੇ, ਪਰ ਸਕੂਲ ਵੱਲੋਂ ਰਿਸ਼ੂ ਦੀ ਪਾਈ ਸਿਫਾਰਸ਼ ਕਾਰਣ ਮੈਂਨੂੰ ਉੱਥੇ ਜਾਣਾ ਹੀ ਪਿਆ। ਦੌੜਾਂ ਦੇ ਮੁਕਾਬਲੇ ਵਿਚ ਰਿਸ਼ੂ ਵੀ ਭਾਗ ਲੈ ਰਿਹਾ ਸੀ। ਮੈਂ ਬੇਹੱਦ ਖੁਸ਼ ਸਾਂ ਕਿ 100 ਮੀਟਰ ਦੌੜ ਵਿਚ ਉਹ ਆਪਣੇ ਹੋਰ ਸਾਥੀਆਂ ਨੂੰ ਪਛਾੜ ਕੇ ਬਹੁਤ ਅੱਗੇ ਲੰਘ ਗਿਆ ਸੀ। ਉਸ ਦੀ ਜਿੱਤ ’ਤੇ ਸਾਰੇ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਪਰ ਉਤੇਜਨਾ ਵਿਚ ਮੇਰੀਆਂ ਤਾੜੀਆਂ ਦੀ ਅਵਾਜ਼ ਕੁਝ ਸਕਿੰਟ ਬਾਦ ਤੀਕ ਵੀ ਗੂੰਜਦੀ ਰਹੀ। ਨਾਲ ਬੈਠਾ ਸਕੂਲ ਪ੍ਰਿੰਸੀਪਲ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਝਾਕਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਥੇ ਸਧਾਰਣ ਦਰਸ਼ਕ ਨਹੀਂ ਸਗੋਂ ਮੁੱਖ ਮਹਿਮਾਨ ਵਜੋਂ ਹਾਜ਼ਰ ਹਾਂ। ਮੈਨੂੰ ਆਪਣੇ ਬੇਟੇ ਦੀ ਜਿੱਤ ਤੇ ਆਪਣੀ ਖੁਸ਼ੀ ਦਾ ਏਨਾ ਖੁੱਲ੍ਹਾ ਇਜ਼ਹਾਰ ਨਹੀਂ ਕਰਨਾ ਚਾਹੀਦਾ।

ਮੇਰੇ ਅੰਦਰਲਾ ਅਫਸਰ ਵੀ ਕਈ ਵਾਰ ਮੈਂਨੂੰ ਤਾੜਣਾ ਕਰਦਾ ਹੈ ਕਿ ਮੈਂ ਆਮ ਲੋਕਾਂ ਨਾਲ ਐਨਾ ਮਿਕਸ ਅਪ ਨਾ ਹੋਇਆ ਕਰਾਂ। ਅਫਸਰੀ ਰੋਹਬ ਦਾਬ ਬਣਾਈ ਰੱਖਣ ਲਈ ਇਹ ਜ਼ਰੂਰੀ ਵੀ ਹੈ। ਪਰ ਮੇਰੇ ਅੰਦਰਲਾ ਨੋਨੂੰ ਕਿਸੇ ਅਫਸਰੀ ਜ਼ਾਬਤੇ ਦੀ ਪ੍ਰਵਾਹ ਨਹੀਂ ਕਰਦਾ। ਉਹ ਤਾਂ ਸਗੋਂ ਮੈਨੂੰ ਘੇਰ ਕੇ ਹੀ ਆਮ ਲੋਕਾਂ ਦੀ ਸੰਗਤ ਵਿਚ ਲੈ ਜਾਂਦਾ ਹੈ। ਮੈਂ ਅਕਸਰ ਉਸ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਤਾਂ ਨਿਰਾ ਛਲੇਡਾ ਹੈ ਜੋ ਵੱਖ ਵੱਖ ਰੂਪ ਧਾਰ ਕੇ ਮੇਰੇ ਸਾਹਮਣੇ ਆ ਖੜ੍ਹਦਾ ਹੈ। ਅਜੇ ਪਰਸੋਂ ਦੀ ਗੱਲ ਹੈ। ਡਿਊਟੀ ਤੋਂ ਘਰ ਪਰਤ ਰਿਹਾ ਸਾਂ। ਸਰਕਾਰੀ ਸਕੂਲ ਕੋਲੋਂ ਲੰਘਿਆਂ ਤਾਂ ਦੋ ਹੁੰਦੜਹੇਲ ਜਿਹੇ ਮੁੰਡੇ ਇਕ ਮਰੀਅਲ ਜਿਹੇ ਹੋਰ ਮੁੰਡੇ ਦੀ ਕੁੱਟ ਮਾਰ ਕਰ ਰਹੇ ਸਨ। ਮੈਂਨੂੰ ਲੱਗਿਆ ਕੁੱਟ ਖਾਣ ਵਾਲਾ ਨੋਨੂੰ ਹੈ, ਜੋ ਮੇਰੇ ਆਪਣੇ ਅਤੀਤ ਦਾ ਹਿੱਸਾ ਹੈ। ਮੈਂ ਝੱਟ ਡਰਾਇਵਰ ਨੂੰ ਜੀਪ ਰੋਕ ਦੇਣ ਦਾ ਹੁਕਮ ਕੀਤਾ ਤੇ ਵਾਹੋਦਾਹੀ ਨੋਨੂੰ ਨੂੰ ਕੁੱਟਣ ਵਾਲੇ ਮੁੰਡਿਆਂ ਵੱਲ ਨੱਠਿਆ। ਮੇਰੇ ਗੰਨ ਮੈਨ ਵੀ ਮੇਰੇ ਮਗਰ ਭੱਜੇ।

“ਖਬਰਦਾਰ ਜੇ ਹੁਣ ਇਸ ‘ਤੇ ਹੱਥ ਉਠਾਇਆ ਤਾਂ।” ਮੈਂ ਦੂਰੋਂ ਹੀ ਮੁੰਡਿਆਂ ਨੂੰ ਲਲਕਾਰਿਆ। ਮੁੰਡੇ ਗੰਨਮੈਨਾਂ ਤੋ ਡਰਦੇ ਭੱਜ ਖਲੋਤੇ। ਮੈਂ ਥਰ ਥਰ ਕੰਬ ਰਹੇ ਉਸ ਕੰਮਜ਼ੋਰ ਜਿਹੇ ਬੱਚੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਤਾਂ ਉਹ ਹੁਬਕੀ ਹੁਬਕੀ ਰੋਣ ਲੱਗਾ।

“ਬਈ ਰੋਣਾ ਨਹੀਂ, ਉਹ ਹੁਣ ਤੈਨੂੰ ਕੁਝ ਨਹੀਂ ਕਹਿਣਗੇ।” ਮੈਂ ਉਸ ਨੂੰ ਦਿਲਾਸ ਦਿੱਤਾ ਤੇ ਜੀਪ ਵੱਲ ਤੁਰ ਪਿਆ। ਮੇਰਾ ਡਰਾਇਵਰ ਤੇ ਗੰਨਮੈਨ ਪ੍ਰੇਸ਼ਾਨ ਜਿਹੇ ਹੋਏ ਮੇਰੇ ਵੱਲ ਵੇਖ ਰਹੇ ਸਨ। ਕੁਝ ਪਲ ਲਈ ਮੈਨੂੰ ਵੀ ਉਹਨਾਂ ਤੋਂ ਸੰਗ ਜਿਹੀ ਆਈ। ਕੀ ਸੋਚਦੇ ਹੋਣਗੇ ਉਹ ਕਿ ਅਜੀਬ ਖਬਤੀ ਜਿਹਾ ਬੰਦਾ ਹੈ ਉਹਨਾਂ ਦਾ ਅਫਸਰ। ਭਲਾ ਇਸ ਨੇ ਬੱਚਿਆਂ ਦੀ ਲੜਾਈ ਤੋਂ ਕੀ ਲੈਣਾ ਸੀ। ਮੈਂ ਆਪਣੇ ਆਪ ਨਾਲ ਫੈਸਲਾ ਕੀਤਾ ਕਿ ਅੱਗੇ ਤੋਂ ਅਜਿਹੀਆਂ ਆਮ ਜਿਹੀਆਂ ਘਟਨਾਵਾਂ ਵਾਪਰਣ ਤੇ ਮੈਂ ਆਪਣੇ ਆਪ ਤੇ ਜ਼ਾਬਤਾ ਰੱਖਾਂਗਾ। ਭਾਵੇਂ ਮੈਂਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਮੇਰੇ ਅਤੀਤ ਦੇ ਕੰਪਲੈਕਸ ਮੈਨੂੰ ਅਜਿਹਾ ਕਰਨ ਦੇਣਗੇ।

ਕਈ ਵਾਰ ਸੋਚਦਾ ਹਾਂ ਕਿ ਮੈਂ ਮਾਨਸਿਕ ਰੋਗੀ ਤਾਂ ਨਹੀਂ ਬਣ ਗਿਆ। ਮੇਰਾ ਆਪਣੇ ਆਪ ਤੇ ਕੰਟਰੋਲ ਘਟਦਾ ਜਾ ਰਿਹਾ ਹੈ। ਮੈਂ ਨੋਨੂੰ ਦੀ ਹਰ ਜਿੱਦ ਪੁਗਾਉਣ ਲਈ ਝੱਟ ਤਿਆਰ ਹੋ ਜਾਂਦਾ ਹਾਂ। ਕੁਝ ਦਿਨ ਹੋਏ ਰਿਸ਼ੂ ਘਰ ਦੇ ਪਾਰਕ ਵਿਚ ਹਾਈ ਜੰਪ ਲਾਉਣ ਦੀ ਪ੍ਰੈਕਟਿਸ ਕਰ ਰਿਹਾ ਸੀ। ਮੇਰੇ ਅੰਦਰੋਂ ਆਈ ਅਵਾਜ਼ ਨੇ ਮੈਨੂੰ ਪਰੇਰਿਆ ਕੇ ਮੈਂ ਵੀ ਰਿਸ਼ੂ ਵਾਂਗ ਹੀ ਇਕ ਅੱਧ ਜੰਪ ਲਾ ਕੇ ਵੇਖਾਂ। ਮੇਰੇ ਅਫਸਰੀ ਜਿਹਨ ਨੇ ਮੈਨੂੰ ਇਸ ਗੱਲੋਂ ਵਰਜਿਆ ਵੀ, ਪਰ ਮੈਂ ਤਾਂ ਪੂਰੀ ਤਰ੍ਹਾਂ ਨੋਨੂੰ ਦੇ ਸੰਮੋਹਨ ਵਿਚ ਆ ਚੁੱਕਾ ਸਾਂ। ਇਹ ਤਸੱਲੀ ਕਰਕੇ ਕਿ ਰਿਸ਼ੂ ਤੋਂ ਇਲਾਵਾ ਮੈਨੂੰ ਕੋਈ ਵੇਖ ਨਹੀਂ ਰਿਹਾ, ਮੈਂ ਵੀ ਭੱਜ ਕੇ ਇਕ ਉੱਚੀ ਛਲਾਂਗ ਲਾ ਦਿੱਤੀ। ਮੈਂਨੂੰ ਅਜਿਹਾ ਕਰਦਿਆ ਵੇਖ ਕੇ ਰਿਸ਼ੂ ਬਹੁਤ ਖੁਸ਼ ਹੋਇਆ।

“ਵੈੱਲ ਡਨ ਪਾਪਾ! ਵੈੱਲ ਡਨ!” ਰਿਸ਼ੂ ਨੇ ਮੈਨੂੰ ਇਕ ਹੋਰ ਛਲਾਂਗ ਲਾਉਣ ਲਈ ਪ੍ਰੇਰਿਆ।

“ਬੱਸ ਆਹੀ ਕਸਰ ਰਹਿ ਗਈ ਸੀ। ਜੇ ਕੋਈ ਵੇਖ ਲਵੇ ਤਾਂ ਕੀ ਕਹੇਗਾ? ਐਸ. ਡੀ. ਐਮ. ਸਾਹਿਬ ਹੁਣ ਤੁਹਾਡੀ ਉਮਰ ਬੱਚਿਆਂ ਵਾਂਗ ਉਛਲਣ ਕੁੱਦਣ ਦੀ ਨਹੀਂ ਰਹੀ। ਕੀ ਹੋ ਜਾਂਦਾ ਹੈ ਤੁਹਾਨੂੰ ਕਦੇ ਕਦੇ।” ਪਤਾ ਨਹੀਂ ਕਿਹੜੇ ਪਾਸਿਉਂ ਪਤਨੀ ਸਾਹਮਣੇ ਆ ਖਲੋਤੀ ਸੀ। ਉਸ ਮੇਰੀ ਚੰਗੀ ਕਲਾਸ ਲਾਈ ਤੇ ਇਹ ਸਲਾਹ ਵੀ ਦਿੱਤੀ ਕਿ ਮੈਂ ਕਿਸੇ ਸਾਈਕਾਲੋਜਿਸਟ ਕੋਲੋਂ ਆਪਣਾ ਇਲਾਜ ਕਰਾਵਾਂ।

ਡਿਊਟੀ ਤੋਂ ਬਾਦ ਰਿਲੈਕਸ ਮੂਡ ਵਿਚ ਹੋਣ ਤੇ ਵੀ ਮੇਰੇ ਅੰਦਰ ਬੈਠਾ ਨੋਨੂੰ ਮੈਂਨੂੰ ਰਿਲੈਕਸ ਨਹੀਂ ਹੋਣ ਦੇਂਦਾ। ਉਹ ਮੈਨੂੰ ਬਦੋਬਦੀ ਮੇਰੇ ਅਤੀਤ ਵੱਲ ਲੈ ਤੁਰਦਾ ਹੈ।

“ਹਰ ਵੇਲੇ ਮੇਰੇ ਮੋਢਿਆਂ ਤੇ ਬੈਠਾ ਰਹਿੰਦਾ ਐਂ – ਕਿਸੇ ਵੇਲੇ ਖਹਿੜਾ ਵੀ ਛੱਡ ਦਿਆ ਕਰ।” ਮੈਂ ਉਸ ਨੂੰ ਝਿੜਕਣ ਦੀ ਕੋਸ਼ਿਸ਼ ਕਰਦਾ ਹਾਂ।

“ਹਾ ਹਾ ਹਾ … ਤਾਂ ਸਾਹਿਬ ਹੁਣ ਮੈਥੋਂ ਖਹਿੜਾ ਛਡਾਉਣਾ ਚਾਹੰਦੇ ਨੇ।” ਉਹ ਹੱਸ ਪੈਂਦਾ ਹੈ।

“ਹਾਂ, ਚਾਹੁੰਦਾ ਹਾਂ – ਤੇਰਾ ਸਾਥ ਮੇਰੇ ਲਈ ਪ੍ਰੇਸ਼ਾਨੀਆ ਹੀ ਖੜ੍ਹੀਆਂ ਕਰਦਾ ਹੈ।” ਮੈਂ ਦਲੀਲ ਦੇਂਦਾ ਹਾਂ।

“ਤਾਂ ਫਿਰ ਕੋਸ਼ਿਸ਼ ਕਰ ਕੇ ਵੇਖ ਲਵੋ – ਮੇਰੇ ਕੋਲੋਂ ਭੱਜ ਕੇ ਕਿੱਥੇ ਜਾਵੋਗੇ।” ਉਹ ਮੈਨੂੰ ਚੈਲਿੰਜ ਜਿਹਾ ਕਰ ਦੇਂਦਾ ਹੈ ਤੇ ਉਸ ਦੇ ਇਸ ਚੈਲਿੰਜ ਵਿਚ ਪੂਰਾ ਆਤਮ ਵਿਸ਼ਵਾਸ ਵੀ ਝਲਕਦਾ ਹੈ।

ਸੱਚਮੁਚ ਹੀ ਮੇਰੇ ਵਿਚ ਏਨੀ ਜ਼ੁਰਅਤ ਨਹੀਂ ਹੈ ਕਿ ਮੈਂ ਉਸ ਤੋਂ ਭੱਜ ਸਕਾਂ। ਉਸ ਦੀ ਸੰਗਤ ਦਾ ਇਕ ਵੱਡਾ ਫਾਇਦਾ ਵੀ ਹੋਇਆ ਹੈ। ਭਾਵੇਂ ਮੈਂ ਹੋਰ ਅਫਸਰਾਂ ਵਾਂਗ ਮਹਿੰਗੀਆਂ ਕੋਠੀਆਂ ਕਾਰਾਂ ਦਾ ਮਾਲਕ ਨਹੀਂ ਹਾਂ ਪਰ ਅੱਜ ਮੇਰੀ ਗਿਣਤੀ ਜ਼ਿਲ੍ਹੇ ਦੇ ਚੋਣਵੇਂ ਇਮਾਨਦਾਰ ਅਫਸਰਾਂ ਵਿਚ ਹੈ।

ਨੋਨੂੰ ਨਾਲ ਮੇਰਾ ਕੀ ਰਿਸ਼ਤਾ ਹੈ, ਉਹ ਮੇਰੇ ਤੇ ਹਾਵੀ ਪ੍ਰਭਾਵੀ ਕਿਉਂ ਰਹਿੰਦਾ ਹੈ? ਲੱਗਦੀ ਵਾਹ ਮੈਂ ਇਹ ਗੱਲ ਦੂਜਿਆਂ ਤੋਂ ਛੁਪਾਉਣ ਦੀ ਹੀ ਕੋਸ਼ਿਸ਼ ਕੀਤੀ ਹੈ। ਪਰ ਅਜਿਹਾ ਕਰਦਿਆਂ ਮੈਂ ਮਾਨਸਿਕ ਤੌਰ ’ਤੇ ਝੰਬਿਆ ਜਾਂਦਾ ਹਾਂ। ਭੱਠ ਪਵੇ ਅਜਿਹੀ ਅਫਸਰੀ ਜਿਹੜੀ ਮੈਨੂੰ ਨੋਨੂੰ ਨਾਲ ਰਿਸ਼ਤਾ ਰੱਖਣ ਤੋਂ ਵਰਜਦੀ ਹੈ। ਲਉ, ਅੱਜ ਮੈਂ ਤੁਹਾਨੂੰ ਵੀ ਨੋਨੂੰ ਨਾਲ ਮਿਲਾ ਹੀ ਦੇਂਦਾ ਹਾਂ।

“ਹਾਂ ਬਈ ਨੋਨੂੰ ਪਹਿਲਵਾਨਾ! ਅੱਜ ਫਿਰ ਦੌੜ ਲਾਉਣ ਦਾ ਇਰਾਦਾ ਹੈ।” ਡੀ. ਪੀ. ਈ. ਮਾਸਟਰ ਤਾਰਾ ਸਿੰਘ ਨੇ ਉੱਚੀ ਤੇ ਭੱਦੀ ਜਿਹੀ ਹਾਸੀ ਹੱਸਦਿਆਂ ਆਪਣਾ ਸਾਰਾ ਜਬਾੜ੍ਹਾ ਖੋਲ੍ਹ ਦਿੱਤਾ।

“ਜੀ ਜੀ ਜੀ ਨਹੀਂ।” ਮਸਾਂ ਹੀ ਟੁੱਟਵੇ ਬੋਲ ਨੋਨੂੰ ਦੇ ਮੂਹੋਂ ਨਿਕਲੇ। ਇਕ ਅਣਜਾਣ ਜਿਹੇ ਭੈ ਨਾਲ ਉਸਦਾ ਸਾਰਾ ਸਰੀਰ ਕੰਬਣ ਲੱਗ ਪਿਆ ਸੀ।

“ਉਏ ਫਿਰ ਆਹ ਡਿਸਕੋ ਡਾਂਸ ਕਿਉਂ ਕਰਦੈਂ – ਜਾਹ ਬਹਿ ਜਾ ਮੌਜ ਨਾਲ ਟਾਹਲੀ ਦੀ ਛਾਵੇਂ।” ਡੀ. ਪੀ. ਈ. ਨੇ ਹੱਸਦਿਆਂ ਹੀ ਸਾਹਮਣੇ ਖੜ੍ਹੀ ਟਾਹਲੀ ਵੱਲ ਇਸ਼ਾਰਾ ਕਰ ਦਿੱਤਾ।

ਅਧਿਆਪਕ ਵੱਲੋਂ ਛੁਟਕਾਰਾ ਮਿਲਣ ਤੇ ਉਸ ਦੇ ਸਾਹ ਵਿਚ ਸਾਹ ਆਇਆ। ਉਸ ਦੇ ਕੁਝ ਜਮਾਤੀ ਕਬੱਡੀ ਖੇਡਣ ਲੱਗ ਪਏ ਤੇ ਕੁਝ ਹੋਰ ਨੇੜਲੇ ਟਰੈਕ ਵਿਚ ਦੌੜਾਂ ਲਾਉਣ ਲੱਗ ਪਏ। ਕਮਜ਼ੋਰ ਜਿਹੀਆਂ ਲੱਤਾਂ ਘਸੀਟਦਾ ਉਹ ਟਾਹਲੀ ਦੀ ਛਾਵੇਂ ਜਾ ਬੈਠਾ। ਹੋਰਨਾਂ ਸਾਥੀਆਂ ਨੂੰ ਖੇਡਦੇ ਭੱਜਦੇ ਤੇ ਉੱਛਲਦੇ ਕੁੱਦਦੇ ਵੇਖ ਕੇ ਉਸ ਦੇ ਮਨ ਤੇ ਕੀ ਬੀਤ ਰਹੀ ਸੀ ਇਹ ਕੇਵਲ ਉਹ ਹੀ ਜਾਣਦਾ ਸੀ। ਕਦੇ ਉਹ ਸੁੱਕ ਕੇ ਤੀਲਾ ਬਣੀਆਂ ਆਪਣੀਆਂ ਮਰੀਅਲ ਜਿਹੀਆ ਲੱਤਾਂ ਵੱਲ ਵੇਖਦਾ ਜੋ ਮੌਕਾ ਪੈਣ ਤੇ ਉਸਦੇ ਸਰੀਰ ਦਾ ਭਾਰ ਚੁੱਕਣੋ ਜਵਾਬ ਦੇ ਜਾਂਦੀਆਂ ਤੇ ਕਦੇ ਆਪਣੇ ਸਾਥੀਆਂ ਦੇ ਗੋਲ ਮਟੋਲ ਤੇ ਲਿਸ਼ਕਦੇ ਪੱਟਾਂ ਵੱਲ ਵੇਖਣ ਲੱਗਦਾ। ਉਹ ਉਸ ਵਕਤ ਆਪਣੀਆਂ ਅੱਖਾਂ ਮੀਚ ਕੇ ਕਲਪਨਾ ਜਿਹੀ ਕਰਨ ਲੱਗ ਪੈਂਦਾ ਕਿ ਉਸ ਵਿਚ ਕੋਈ ਦੈਵੀ ਸ਼ਕਤੀ ਆ ਗਈ ਹੈ ਤੇ ਉਹ ਖੇਡ ਮੈਦਾਨ ਵਿਚ ਦੌੜ ਲਾਉਂਦਿਆਂ ਆਪਣੇ ਹੋਰ ਸਾਥੀਆਂ ਤੋਂ ਬਹੁਤ ਅੱਗੇ ਨਿੱਕਲ ਗਿਆ ਹੈ। ਇਸ ਕਲਪਨਾ ਨਾਲ ਇਕ ਪਲ ਲਈ ਉਸ ਦੇ ਹੋਠਾਂ ਤੇ ਮੁਸਕਰਾਹਟ ਆ ਜਾਂਦੀ ਪਰ ਅਗਲੇ ਹੀ ਪਲ ਫਿਰ ਉਸ ਨੂੰ ਆਪਣੀ ਤਰਸਯੋਗ ਹਾਲਤ ਦਾ ਅਹਿਸਾਸ ਹੋ ਜਾਂਦਾ।

ਉਹ ਸੋਚਦਾ, ਬਹੁਤ ਸੋਚਦਾ ਕਿ ਸਕੂਲੀ ਕਿਤਾਬਾਂ ਤਾਂ ਬਚਪਨ ਨੂੰ ਜੀਵਨ ਦਾ ਸੁਨਿਹਰੀ ਕਾਲ ਕਹਿੰਦੀਆਂ ਹਨ ਪਰ ਉਸ ਦੇ ਹਿੱਸੇ ਆਇਆ ਇਹ ਕਾਲ ਤਾਂ ਬਿਲਕੁਲ ਹਨੇਰਾ ਹੈ। ਸੋਕੇ ਦੀ ਨਾ-ਮੁਰਾਦ ਬੀਮਾਰੀ ਨੇ ਉਸ ਤੋਂ ਹੱਸਣ-ਖੇਡਣ, ਤੁਰਨ-ਫਿਰਨ ਤੇ ਉਛਲਣ-ਕੁੱਦਣ ਦਾ ਅਧਿਕਾਰ ਪੂਰੀ ਤਰ੍ਹਾਂ ਖੋਹ ਲਿਆ ਸੀ। ਕੁਝ ਘਰ ਦੀ ਗਰੀਬੀ ਤੇ ਕੁਝ ਅਗਿਆਨਤਾ ਕਾਰਨ ਠੀਕ ਇਲਾਜ ਨਾ ਹੋਇਆ ਤਾਂ ਉਸ ਦਾ ਸਾਰਾ ਸਰੀਰ ਬੇਹੱਦ ਕੰਮਜ਼ੋਰ ਹੋ ਗਿਆ। ਸੋਕੇ ਦੀ ਬਿਮਾਰੀ ਨੇ ਉਸ ਦੀਆਂ ਲੱਤਾਂ ਨੂੰ ਵਿਸ਼ੇਸ਼ ਤੌਰ ਤੇ ਆਪਣਾ ਸ਼ਿਕਾਰ ਬਣਾਇਆ। ਉਸ ਦੀ ਅਨਪੜ੍ਹ ਮਾਂ ਕਦੇ ਉਸ ਨੂੰ ਪੀਰਾਂ ਫਕੀਰਾਂ ਦੀਆਂ ਦਰਗਾਹਾਂ ’ਤੇ ਲੈ ਜਾਂਦੀ ਤੇ ਕਦੇ ਲੋਕਾਂ ਵੱਲੋ ਦੱਸੇ ਘਰੇਲੂ ਓਹੜ- ਪੋਹੜ ਕਰਦੀ। ਮਾਂ ਮੱਛੀ ਦੇ ਤੇਲ ਨਾਲ ਉਸ ਦੀਆਂ ਲੱਤਾਂ ਦੀ ਮਾਲਸ਼ ਕਰਦੀ ਤਾਂ ਦਰਦ ਨਾਲ ਉਸਦੀਆਂ ਚੀਕਾਂ ਨਿੱਕਲ ਜਾਂਦੀਆਂ। ਪਰ ਹੋਰਨਾਂ ਬੱਚਿਆਂ ਵਾਂਗ ਤੁਰ ਫਿਰ ਸਕਣ ਦੀ ਖਾਹਿਸ਼ ਅਧੀਨ ਉਹ ਹਰ ਦਰਦ ਸਹਿਣ ਲਈ ਤਿਆਰ ਰਹਿੰਦਾ। ਉਮਰ ਦੇ ਅੱਠਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ਤੇ ਮਾਂ ਦੀਆਂ ਦੁਆਵਾਂ ਰੰਗ ਲਿਆਈਆਂ ਤਾਂ ਉਹ ਧਰਤੀ ‘ਤੇ ਪਹਿਲੀ ਪੁਲਾਂਘ ਪੁੱਟਣ ਵਿਚ ਸਫਲ ਹੋਇਆ।

ਸੋਕੇ ਦੀ ਬਿਮਾਰੀ ਵੱਲੋਂ ਬਖਸ਼ੇ ਪਤਲੇ ਛੀਂਟਕੇ ਸਰੀਰ ਸੰਗ ਸਕੂਲੀ ਜੀਵਨ ਵਿਚ ਪ੍ਰਵੇਸ਼ ਪਾਇਆ ਤਾਂ ਉਹ ਅਜੀਬ ਜਿਹੀ ਹੀਣ ਭਾਵਨਾ ਦਾ ਸ਼ਿਕਾਰ ਸੀ। ਉਹ ਹੁਣ ਅਸਾਨੀ ਨਾਲ ਤੁਰ ਫਿਰ ਤਾਂ ਸਕਦਾ ਸੀ ਪਰ ਜਦੋਂ ਆਪਣੇ ਹਾਣੀ ਜੁਆਕਾਂ ਵਾਂਗ ਖੇਡਣ-ਕੁੱਦਣ ਦੀ ਕੋਸ਼ਿਸ਼ ਕਰਦਾ ਤਾ ਸਰੀਰ ਦਾ ਸਤੁੰਲਨ ਵਿਗੜ ਜਾਣ ਕਾਰਨ ਧੜੰਮ ਕਰਕੇ ਹੇਠਾਂ ਡਿੱਗ ਪੈਂਦਾ। ਹੋਰ ਜਮਾਤੀਆਂ ਵਾਂਗ ਖੇਡਣਾ ਕੁੱਦਣਾ ਉਸ ਦੇ ਹਿੱਸੇ ਨਹੀਂ ਸੀ ਆਇਆ। ਸਕੂਲ ਵਿਚ ਪ੍ਰਵੇਸ਼ ਕਰਨ ਦੇ ਪਹਿਲੇ ਹੀ ਦਿਨ ਉਸ ਨੂੰ ਹੋਰ ਬੱਚਿਆਂ ਦੇ ਹਾਸੇ ਤੇ ਮਜ਼ਾਕ ਦਾ ਪਾਤਰ ਬਣਨਾ ਪੈ ਗਿਆ ਸੀ। ਉਸ ਦੇ ਜਮਾਤੀ ਉਸ ਨੁੰ ਜਾਣ ਬੁੱਝ ਕੇ ਖੇਡਣ ਜਾਂ ਭੱਜਣ ਲਈ ਉਕਸਾਉਂਦੇ ਪਰ ਉਹ ਚੁੱਪ ਰਹਿਣ ਵਿਚ ਹੀ ਆਪਣਾ ਭਲਾ ਸਮਝਦਾ। ਫਿਰ ਵੀ ਉਸਦੇ ਜਮਾਤੀ ਉਸ ਦਾ ਮਜ਼ਾਕ ਉਡਾਉਣ ਲਈ ਕੋਈ ਨਾ ਕੋਈ ਮੌਕਾ ਭਾਲ ਹੀ ਲੈਂਦੇ।

ਕੁਝ ਸ਼ਰਾਰਤੀ ਜਮਾਤੀ ਉਸਨੂੰ ਨੋਨੂੰ ਪਹਿਲਵਾਨ ਕਹਿ ਕੇ ਵੀ ਚਿੜਾਉਂਦੇ। ਨੋਨੂੰ ਉਸ ਦੀ ਮਾਂ ਵੱਲੋਂ ਰੱਖਿਆ ਨਿੱਕਾ ਨਾਂ ਸੀ ਪਰ ਪਹਿਲਵਾਨ ਸ਼ਬਦ ਉਸ ਦੀ ਛੇੜ ਦਾ ਚਿੰਨ੍ਹ ਬਣ ਕੇ ਰਹਿ ਗਿਆ। ਆਪਣੀ ਸਰੀਰਕ ਕੰਮਜ਼ੋਰੀ ਕਾਰਨ ਉਹ ਉਸਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਜਮਾਤੀਆਂ ਨੂੰ ਢੁੱਕਵਾਂ ਜਵਾਬ ਨਾ ਦੇ ਸਕਦਾ ਤਾਂ ਬੇਵਸੀ ਵਿਚ ਰੋਣ ਲੱਗ ਪੈਂਦਾ। ਅਜਿਹੇ ਮੌਕੇ ਤੇ ਕੁਝ ਨਰਮ ਦਿਲ ਜਮਾਤੀ ਉਸ ਨਾਲ ਹਮਦਰਦੀ ਵੀ ਵਿਖਾਉਂਦੇ ਤੇ ਸ਼ਰਾਰਤੀ ਜਮਾਤੀਆਂ ਨੂੰ ਵਰਜਦੇ ਵੀ। ਠਠਿਆਰਾਂ ਦਾ ਗਿਆਨ ਤਾਂ ਉਸ ਨਾਲ ਵਧੇਰੇ ਹੀ ਹਮਦਰਦੀ ਨਾਲ ਪੇਸ਼ ਆਉਂਦਾ। ਉਹ ਸਰੀਰੋਂ ਵੀ ਤਕੜਾ ਸੀ। ਉਸ ਨੂੰ ਪ੍ਰੇਸ਼ਾਨ ਕਰਨ ਵਾਲੇ ਜਮਾਤੀਆਂ ਨੂੰ ਉਹ ਕੁੱਟਣ ਤੀਕ ਜਾਂਦਾ। ਸਾਰੀ ਜਮਾਤ ਵਿੱਚੋਂ ਕੇਵਲ ਉਹ ਹੀ ਉਸਦਾ ਦੋਸਤ ਬਣ ਸਕਿਆ ਸੀ। ਉਂਝ ਵੀ ਉਹ ਉਸ ਵਾਂਗ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਗਿਆਨ ਤੋਂ ਇਲਾਵਾ ਉਹ ਹਰ ਜਮਾਤੀ ਨਾਲ ਗੱਲ ਕਰਨ ਤੋਂ ਝਿਜਕਦਾ। ਉਸਨੂੰ ਡਰ ਰਹਿੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਉਸਦਾ ਕਿਹੜਾ ਜਮਾਤੀ ਉਸ ਦਾ ਮਜ਼ਾਕ ਉਡਾ ਦੇਵੇ। ਜਿਸ ਦਿਨ ਗਿਆਨ ਸਕੂਲ ਨਾ ਆਉਂਦਾ, ਉਹ ਸਾਰਾ ਦਿਨ ਸਹਿਮਿਆ ਸਹਿਮਿਆ ਰਹਿੰਦਾ।

ਇਕੱਲੇ ਗਿਆਨ ਨਾਲ ਵੀ ਉਹ ਆਪਣੇ ਦਿਲ ਦੀਆਂ ਗੱਲਾਂ ਕਿੰਨਾ ਕੁ ਚਿਰ ਕਰ ਸਕਦਾ ਸੀ। ਅਕਸਰ ਉਹ ਆਪਣੇ ਆਪ ਵਿਚ ਹੀ ਗੁਆਚਿਆ ਜਿਹਾ ਰਹਿਣ ਲੱਗ ਪਿਆ। ਉਹ ਹਰ ਸਮੇਂ ਜਾਂ ਤਾਂ ਗੁੰਮ ਸੁੰਮ ਹੋਇਆ ਕੁਝ ਸੋਚਦਾ ਰਹਿੰਦਾ ਜਾਂ ਕਈ ਤਰ੍ਹਾਂ ਦੀਆਂ ਕਲਪਨਾਵਾਂ ਕਰਦਾ ਰਹਿੰਦਾ। ਆਪਣੀ ਕਲਪਨਾ ਵਿਚ ਉਹ ਅਜਿਹੇ ਦ੍ਰਿਸ਼ ਸਿਰਜਦਾ ਕਿ ਉਹ ਸ਼ਹਿਰ ਦਾ ਸੱਭ ਤੋਂ ਧਨਾਢ ਬੰਦਾ ਬਣ ਗਿਆ ਹੈ ਤੇ ਉਸ ਦੇ ਹਾਣੀ ਜਮਾਤੀ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਝੁਕ ਝੁਕ ਕੇ ਸਲਾਮਾਂ ਕਰ ਰਹੇ ਹਨ। ਕਲਪਨਾ ਹੀ ਕਲਪਨਾ ਵਿਚ ਉਹ ਕੁਝ ਜਮਾਤੀਆਂ ਨੂੰ ਕੌੜਾ ਕਰਾਰਾ ਵੀ ਬੋਲਦਾ ਤੇ ਕੁਝ ਨੂੰ ਹਾੜੇ ਜਿਹੇ ਕੱਢਦੇ ਵੇਖ ਕੇ ਸੁਆਦ ਲੈਂਦਾ ਰਹਿੰਦਾ। ਇਸ ਵੇਲੇ ਉਸ ਦੀ ਕਲਪਨਾ ਸ਼ਕਤੀ ਉਸ ਨੂੰ ਵੱਡਾ ਅਫਸਰ ਵੀ ਬਣਾ ਦੇਂਦੀ ਪਰ ਉਸ ਦੇ ਫਰਿਆਦੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਜਮਾਤੀ ਹੀ ਹੁੰਦੇ।

ਜਿਉਂ ਜਿਉਂ ਉਹ ਉੱਪਰਲੀਆਂ ਕਲਾਸਾਂ ਵਿਚ ਚੜ੍ਹਦਾ ਜਾਂਦਾ ਉਸ ਅੰਦਰਲੀ ਹੀਣ ਭਾਵਨਾ ਵਧਦੀ ਜਾਂਦੀ। ਇਹ ਹੀਣ ਭਾਵਨਾ ਹਰ ਕਲਾਸ ਵਿਚ ਨਵੇਂ ਰੰਗ ਵਟਾਉਂਦੀ। ਛੇਵੀਂ ਜਮਾਤ ਵਿਚ ਪ੍ਰਵੇਸ਼ ਪਾਇਆ ਤਾਂ ਇਕ ਵਿਸ਼ੇਸ਼ ਪੀਰੀਅਡ ਖੇਡਾਂ ਦਾ ਵੀ ਲੱਗਣਾ ਸ਼ੂਰੂ ਹੋ ਗਿਆ। ਇਹ ਪੀਰੀਅਡ ਉਸ ਨੂੰ ਸੱਭ ਤੋਂ ਵੱਧ ਮਾਨਸਿਕ ਕਸ਼ਟ ਪਹੁੰਚਾਉਂਦਾ ਸੀ। ਉਸ ਆਪਣੇ ਦੌੜ ਨਾ ਸਕਣ ਦੀ ਸਮੱਸਿਆ ਡੀ.ਪੀ. ਈ. ਮਾਸਟਰ ਤਾਰਾ ਸਿੰਘ ਨੂੰ ਦੱਸੀ ਪਰ ਅੜਬ ਕਿਸਮ ਦਾ ਡੀ. ਪੀ. ਈ. ਇਸ ਜਿੱਦ ਤੇ ਅੜ ਗਿਆ ਕੇ ਖੇਡਾਂ ਦਾ ਪੀਰੀਅਡ ਹੈ ਤਾਂ ਉਸ ਨੂੰ ਖੇਡਣਾ ਹੀ ਪਵੇਗਾ।

“ਕਿਤੇ ਨੀ ਤੈਨੂੰ ਮੰਨੋ ਪੈਂਦੀ – ਐਵੇਂ ਬਹਾਨੇ ਨਾ ਕਰ।” ਡੀ.ਪੀ. ਈ. ਨੇ ਉਸ ਨੂੰ ਝਿੜਕਦਿਆਂ ਦੌੜਨ ਲਈ ਮਜ਼ਬੂਰ ਕੀਤਾ ਤਾਂ ਦੋ ਤਿੰਨ ਪੁਲਾਘਾਂ ਬਾਦ ਹੀ ਉਹ ਡਿੱਗ ਪਿਆ। ਸੱਟ ਲੱਗਣ ਕਾਰਨ ਉਸ ਦੀਆਂ ਕੂਹਣੀਆਂ ਵਿੱਚੋਂ ਖੂਨ ਸਿੰਮਣ ਲੱਗਾ। ਉਸ ਨੂੰ ਅੱਖਾਂ ਜਿਹੀਆਂ ਬੰਦ ਕਰਦਿਆਂ ਵੇਖ ਕੇ ਡੀ. ਪੀ. ਈ. ਡਰ ਗਿਆ। ਡੀ.ਪੀ.ਈ. ਨੇ ਮੁੰਡਿਆਂ ਤੋਂ ਪਾਣੀ ਮੰਗਵਾ ਕੇ ਉਸ ਨੂੰ ਪਿਲਾਇਆ ਤਾਂ ਉਸ ਦੀ ਸੁਰਤ ਕੁਝ ਸੰਭਲੀ।

ਉਸ ਦਿਨ ਤੋਂ ਬਾਦ ਕਦੇ ਡੀ. ਪੀ. ਈ. ਨੇ ਉਸ ਨੂੰ ਦੌੜਣ ਲਈ ਤਾਂ ਮਜਬੂਰ ਨਾ ਕੀਤਾ ਪਰ ਹਰੇਕ ਨਾਲ ਮਜ਼ਾਕ ਕਰਨ ਦੀ ਆਦਤ ਤੋਂ ਬਾਜ਼ ਨਾ ਆਉਂਦਿਆਂ ਉਹ ਉਸਨੂੰ ਪੁੱਛਣੋ ਨਾ ਹਟਦਾ ਕਿ ‘ਫਿਰ ਦੌੜ ਲਾਉਣੀ ਹੈ ਜਾਂ ਨਹੀਂ।’ ਜਦੋਂ ਡੀ. ਪੀ.ਈ. ਮਾਸਟਰ ਵੀ ਉਸਦੇ ਜਮਾਤੀਆਂ ਵਾਂਗ ਉਸ ਨੂੰ ਨੋਨੂੰ ਪਹਲਿਵਾਨ ਕਹਿ ਦੇਂਦਾ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ। ਇਸ ਅਧਿਆਪਕ ਲਈ ਉਸ ਦੇ ਦਿਲ ਵਿਚ ਰੱਤੀ ਭਰ ਵੀ ਸਤਿਕਾਰ ਨਹੀਂ ਸੀ, ਸਗੋਂ ਨਫਰਤ ਹੀ ਨਫਰਤ ਸੀ। ਹੁਣ ਉਹ ਆਪਣੀ ਕਲਪਨਾ ਵਿਚ ਇਸ ਮਾਸਟਰ ਨੂੰ ਬਿਮਾਰ ਹੋਇਆ ਵੀ ਵੇਖਣ ਦੀ ਇੱਛਾ ਵੀ ਰੱਖਣ ਲੱਗ ਪਿਆ ਸੀ ਤੇ ਕਿਸੇ ਵੇਲੇ ਉਸ ਨੂੰ ਐਕਸੀਡੈਂਟ ਦਾ ਸ਼ਿਕਾਰ ਵੀ ਬਣਾ ਦੇਂਦਾ ਸੀ। ਸਾਰੀ ਸਕੂਲੀ ਪੜਾਈ ਦੌਰਾਨ ਉਸ ਦੀ ਇਹ ਤੀਬਰ ਇੱਛਾ ਰਹੀ ਕੇ ਡੀ.ਪੀ.ਈ. ਦੀ ਇਕ ਲੱਤ ਜ਼ਰੂਰ ਟੁੱਟ ਜਾਵੇ ਤਾਂ ਜੋ ਉਸ ਨੂੰ ਮੁੜ ਦੌੜਨ ਲਈ ਛੇੜ ਨਾ ਸਕੇ।

ਸਕੂਲ ਵਿਚ ਲੱਗਦੇ ਅੱਠ ਪੀਰੀਅਡਾਂ ਵਿੱਚੋਂ ਜੇ ਕੋਈ ਪੀਰੀਅਡ ਉਸ ਨੂੰ ਮਾਨਸਿਕ ਰਾਹਤ ਦੇਂਦਾ ਸੀ ਤਾਂ ਉਹ ਸੀ, ਪੰਜਾਬੀ ਭਾਸ਼ਾ ਦਾ ਪੀਰੀਅਡ। ਪੰਜਾਬੀ ਵਿਸ਼ੇ ਵਿੱਚੋਂ ਹੁਸ਼ਿਆਰ ਹੋਣ ਕਾਰਨ ਉਹ ਗਿਆਨੀ ਮਾਸਟਰ ਦਾ ਵਿਸ਼ੇਸ਼ ਚਹੇਤਾ ਬਣਿਆ ਹੋਇਆ ਸੀ। ਸਕੂਲ ਦੇ ਸਾਰੇ ਮਾਸਟਰਾਂ ਨਾਲੋਂ ਉਹ ਗਿਆਨੀ ਮਾਸਟਰ ਦਾ ਹੀ ਵੱਧ ਸਤਿਕਾਰ ਕਰਦਾ। ਉਸ ਦੇ ਹਮੇਸ਼ਾ ਚੁੱਪਚਾਪ ਰਹਿਣ ਤੇ ਕਦੇ ਕਦਾਈਂ ਕੋਈ ਗੰਭੀਰ ਜਿਹੀ ਗੱਲ ਕਰ ਦੇਣ ਦੇ ਸੁਭਾਅ ਵੱਲ ਵੇਖਦਿਆਂ ਇਕ ਦਿਨ ਗਿਆਨੀ ਮਾਸਟਰ ਨੇ ਸੁਭਾਵਿਕ ਹੀ ਕਹਿ ਦਿੱਤਾ, “ਇਹ ਮੁੰਡਾ ਜ਼ਰੂਰ ਹੀ ਵੱਡਾ ਹੋ ਕੇ ਕੋਈ ਲੇਖਕ ਜਾਂ ਫਿਲਾਸਫਰ ਬਣੇਗਾ।” ਭਾਵੇਂ ਅਧਿਆਪਕ ਨੇ ਇਹ ਗੱਲ ਹਾਸੇ ਵਿਚ ਹੀ ਕਹੀ ਹੋਵੇ ਪਰ ਉਸ ਦੇ ਦਿਲ ਨੂੰ ਪੂਰੀ ਤਰ੍ਹਾਂ ਭਾਅ ਗਈ। ਉਸ ਨੇ ਮਨ ਹੀ ਮਨ ਫੈਸਲਾ ਲੈ ਲਿਆ ਕਿ ਉਹ ਵੱਡਾ ਹੋ ਕੇ ਲੇਖਕ ਤੇ ਕੇਵਲ ਲੇਖਕ ਹੀ ਬਣੇਗਾ। ਹੁਣ ਉਸ ਦੀ ਕਲਪਨਾ ਵਿਚ ਉਹ ਦ੍ਰਿਸ਼ ਵੀ ਸ਼ਾਮਿਲ ਹੋ ਗਏ ਕਿ ਉਹ ਬਹੁਤ ਵੱਡਾ ਲੇਖਕ ਬਣ ਗਿਆ ਹੈ ਤੇ ਉਸ ਦਾ ਮਜਾਕ ਉਡਾਉਂਦੇ ਰਹੇ ਜਮਾਤੀ ਉਸ ਨਾਲ ਦੋਸਤੀ ਕਰਨ ਲਈ ਉਤਾਵਲੇ ਹਨ।

ਗਿਆਨੀ ਅਮਰਜੀਤ ਸਿੰਘ ਨੇ ‘ਮੇਰਾ ਜੀਵਨ ਨਿਸ਼ਾਨਾ’ ਵਿਸ਼ੇ ਤੇ ਲੇਖ ਲਿਖਾਉਂਦਿਆਂ ਹਰੇਕ ਜਮਾਤੀ ਨੂੰ ਅਲੱਗ ਅਲੱਗ ਕਰਕੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦਾ ਜੀਵਨ ਨਿਸ਼ਾਨਾ ਕੀ ਹੈ? ਕਿਸੇ ਵਿਦਿਆਰਥੀ ਨੇ ਇੰਜਨੀਅਰ ਬਨਣ ਦੀ ਇੱਛਾ ਪ੍ਰਗਟਾਈ ਤਾਂ ਕੋਈ ਡਾਕਟਰ ਬਣ ਕੇ ਖੁਸ਼ ਸੀ। ਕੋਈ ਸਫਲ ਕਿਸਾਨ ਬਣਨਾ ਚਾਹੁੰਦਾ ਸੀ ਤਾਂ ਕੋਈ ਉੱਘਾ ਖਿਡਾਰੀ। ਜਦੋਂ ਉਸ ਦੀ ਵਾਰੀ ਆਈ ਤਾਂ ਉਸ ਨੇ ਬੜੇ ਆਤਮ ਵਿਸ਼ਵਾਸ ਨਾਲ ਕਹਿ ਦਿੱਤਾ ਕਿ ਉਹ ਲੇਖਕ ਹੀ ਬਣਨਾ ਚਾਹੇਗਾ। ਉਸ ਦੀ ਗੱਲ ਸੁਣ ਕੇ ਗਿਆਨੀ ਮਾਸਟਰ ਉੱਚੀ ਸਾਰੀ ਹੱਸ ਪਿਆ। ਅਧਿਆਪਕ ਨੂੰ ਹੱਸਦਿਆਂ ਵੇਖ ਕੇ ਸਾਰੀ ਜਮਾਤ ਹੀ ਉਸ ਦੇ ਹਾਸੇ ਵਿਚ ਸ਼ਾਮਿਲ ਹੋ ਗਈ।

‘ਸ਼ਾਬਸ਼! ਮੇਰਾ ਅਸ਼ੀਰਵਾਦ ਤੇਰੇ ਨਾਲ ਹੈ। ਤੂੰ ਜ਼ਰੂਰ ਆਪਣੇ ਮਕਸਦ ਵਿਚ ਕਾਮਯਾਬ ਹੋਵੇਂਗਾ। ਤੂੰ ਯਾਰ ਸੱਚਮੁੱਚ ਪਹਿਲਵਾਨ ਏਂ – ਆਪਣੀ ਅਕਲ ਤੇ ਮਿਹਨਤ ਨਾਲ ਤੂੰ ਕਈਆ ਦੀ ਪਿੱਠ ਲੁਆ ਸਕਦਾ ਹੈਂ।” ਪੰਜਾਬੀ ਮਾਸਟਰ ਨੇ ਉਸ ਦੀ ਪਿੱਠ ਥਾਪੜੀ। ਆਪਣੇ ਚਹੇਤੇ ਅਧਿਆਪਕ ਦੇ ਮੂੰਹੋਂ ਨਿੱਕਲਿਆ ਪਹਿਲਵਾਨ ਸ਼ਬਦ ਉਸ ਨੂੰ ਬੁਰਾ ਨਾ ਲੱਗਾ, ਸਗੋਂ ਉਹ ਹੋਰ ਵੀ ਉਹਨਾਂ ਦਾ ਸ਼ਰਧਾਲੂ ਬਣ ਗਿਆ।

ਦਸਵੀਂ ਜਮਾਤ ਤੀਕ ਅਪੜਦਿਆਂ ਉਸ ਦੇ ਸਰੀਰ ਵਿਚ ਵੀ ਸਹਿਜੇ ਸਹਿਜੇ ਜਾਨ ਪੈਣ ਲੱਗੀ। ਕਾਲਜ ਅੱਪੜਦਿਆਂ ਤੀਕ ਭਾਵੇਂ ਸਰੀਰਕ ਪੱਖੋਂ ਉਹ ਕੰਮਜ਼ੋਰ ਹੀ ਵਿਖਾਈ ਦੇਂਦਾ ਸੀ ਪਰ ਪਹਿਲਾਂ ਦੇ ਮੁਕਾਬਲੇ ਉਹ ਆਪਣੀ ਹੀਣ ਭਾਵਨਾ ’ਤੇ ਕਾਫੀ ਕਾਬੂ ਪਾ ਚੁੱਕਾ ਸੀ। ਆਪਣੀ ਇਕੱਲਤਾ ਤੋਂ ਛੁਟਕਾਰਾ ਪਾਉਣ ਲਈ ਉਸ ਲਈ ਕਾਲਜ ਦੀ ਲਾਇਬਰੇਰੀ ਰਾਮ ਬਾਣ ਸਿੱਧ ਹੋਈ।

ਮੈਂ ਐਸ. ਡੀ. ਐਮ. ਨਰਿੰਦਰ ਕੁਮਾਰ ਖੁਰਾਣਾ ਹੁਣ ਸੂਬੇ ਦਾ ਜਾਣਿਆ ਪਹਿਚਾਣਿਆ ਤੇ ਇਮਾਨਦਾਰ ਦਿੱਖ ਵਾਲਾ ਅਫਸਰ ਹੀ ਨਹੀਂ ਹਾਂ ਸਗੋਂ ਸਾਹਿਤ ਦੇ ਖੇਤਰ ਵਿਚ ਵੀ ਮੇਰਾ ਚੰਗਾ ਨਾਂ ਥਾਂ ਹੈ। ਮੇਰੇ ਛੇ ਕਾਵਿ ਸੰਗ੍ਰਹਿ ਤੇ ਤੇ ਤਿੰਨ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਮੇਰੇ ਨਵੇਂ ਕਾਵਿ ਸੰਗ੍ਰਹਿ ਨੂੰ ਪਿਛਲੇ ਸਾਲ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ। ਹੁਣ ਮੇਰੇ ਪਾਠਕ ਕੇਵਲ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਮੌਜੂਦ ਨੇ। ਮੈਨੂੰ ਲੇਖਕ ਬਨਣ ਦੀ ਪ੍ਰੇਰਣਾ ਦੇਣ ਵਾਲੇ ਗਿਆਨੀ ਮਾਸਟਰ ਅਮਰਜੀਤ ਸਿੰਘ ਭਾਵੇਂ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਪਰ ਮੇਰੀਆ ਯਾਦਾਂ ਵਿਚ ਉਹ ਅਮਰ ਨੇ। ਉਹ ਸਾਹਮਣੇ ਕੰਧ ਤੇ ਲੱਗੀ ਹਾਰ ਵਾਲੀ ਫੋਟੋ ਮੇਰੇ ਸਤਿਕਾਰਯੋਗ ਅਧਿਆਪਕ ਦੀ ਹੈ। ਮੇਰਾ ਜਮਾਤੀ ਗਿਆਨ ਅੱਜ ਵੀ ਮੇਰਾ ਦੋਸਤ ਹੈ। ਮੈਂ ਉਸ ਨੂੰ ਆਪਣੇ ਰਸੂਖ ਨਾਲ ਆਪਣੇ ਹੀ ਦਫਤਰ ਵਿਚ ਕਲਰਕ ਰਖਵਾ ਦਿੱਤਾ ਹੈ। ਦਫਤਰ ਵਿਚ ਉਹ ਮੇਰੇ ਨਾਲ ਮੇਰੇ ਅਧੀਨ ਕਰਮਚਾਰੀ ਵਜੋਂ ਹੀ ਵਿਚਰਦਾ ਹੈ ਪਰ ਦਫਤਰ ਤੋਂ ਬਾਦ ਮੈਂ ਉਸ ਨਾਲ ਆਪਣੇ ਦਿਲ ਦੀ ਹਰ ਗੱਲ ਪਹਿਲਾਂ ਵਾਂਗ ਹੀ ਕਰ ਲੈਂਦਾ ਹਾਂ।

ਮੈਨੂੰ ਉੱਚੇ ਰੁਤਬੇ ‘ਤੇ ਪਹੁੰਚਾਉਣ ਵਿਚ ਮੇਰੀ ਅਨਪੜ੍ਹ ਮਾਂ ਦਾ ਵੀ ਬਹੁਤ ਯੋਗਦਾਨ ਰਿਹਾ ਹੈ। ਸੀਮਤ ਆਮਦਨੀ ਵਾਲੇ ਮੇਰੇ ਪਿਤਾ ਨੇ ਤਾਂ ਮੇਰੇ ਦਸਵੀਂ ਕਰ ਲੈਣ ਤੋਂ ਬਾਦ ਹੀ ਮੈਂਨੂੰ ਅੱਗੇ ਪੜ੍ਹਾਉਣ ਤੋਂ ਜੁਆਬ ਦੇ ਦਿੱਤਾ ਸੀ। ਮੇਰੀ ਮਾਂ ਨੇ ਹੀ ਲੋਕਾਂ ਦੇ ਕਪੜੇ ਸਿਉਂ ਕੇ ਮੇਰੇ ਕਾਲਜ ਦੀਆਂ ਫੀਸਾਂ ਭਰੀਆਂ। ਮਾਂ ਦੇ ਵਿਸ਼ਵਾਸ਼ ‘ਤੇ ਖਰਾ ਉਤਰਨ ਲਈ ਮੈਂ ਵੀ ਪੂਰੀ ਮਿਹਨਤ ਕੀਤੀ। ਮੈਂ ਆਪਣਾ ਵਿਹਲਾ ਸਮਾਂ ਕਾਲਜ ਦੇ ਹੋਰ ਸਾਥੀਆਂ ਵਾਂਗ ਗੱਪਾਂ ਮਾਰ ਕੇ ਨਹੀਂ ਬਿਤਾਇਆ ਸਗੋਂ ਦਿਨ ਰਾਤ ਮਿਹਨਤ ਕਰਕੇ ਹਰ ਕਲਾਸ ਵਿੱਚੋਂ ਟੌਪ ਕਰਦਾ ਰਿਹਾ। ਮੇਰੇ ਅੰਦਰਲੇ ਨੋਨੂੰ ਪਹਿਲਵਾਨ ਨੇ ਵੀ ਮੈਨੂੰ ਜਿੰਦਗੀ ਵਿਚ ਸਫਲ ਬਣਾਉਣ ਲਈ ਪੂਰੀ ਵਾਹ ਲਾਈ। ਉਹ ਮੈਂਨੂੰ ਵਾਰ ਵਾਰ ਵੰਗਾਰਦਾ ਰਿਹਾ ਕੇ ਮੈਂ ਜ਼ਮਾਨੇ ਅੱਗੇ ਸਾਬਤ ਕਰਾਂ ਕਿ ਸਰੀਰਕ ਕਮਜ਼ੋਰੀ ਵਾਲੇ ਲੋਕ ਵੀ ਆਪਣੀ ਅਕਲ ਤੇ ਲਗਨ ਨਾਲ ਜਿੰਦਗੀ ਦੀ ਦੌੜ ਜਿੱਤ ਸਕਦੇ ਨੇ।

ਹੁਣ ਵੀ ਨੋਨੂੰ ਮੇਰੇ ਵਿਅਕਤੀਤਵ ‘ਤੇ ਮੇਰੀ ਅਫਸਰੀ ਦਾ ਵਧੇਰੇ ਪ੍ਰਭਾਵ ਨਹੀਂ ਪੈਣ ਦੇਂਦਾ। ਹੋਰਨਾਂ ਅਫਸਰਾਂ ਨੂੰ ਦੋ ਨੰਬਰ ਦੀ ਕਮਾਈ ਕਰਦਿਆਂ ਵੇਖਦਾ ਹਾਂ ਤਾਂ ਪਲ ਦੋ ਪਲ ਲਈ ਮੈਂ ਵੀ ਦੁਬਿਧਾ ਵਿਚ ਪੈ ਜਾਂਦਾ ਹਾਂ। ਇਸ ਸਮੇਂ ਨੋਨੂੰ ਹੀ ਮੈਨੂੰ ਦੁਬਿਧਾ ਵਿੱਚੋਂ ਕੱਢਦਾ ਹੈ ਤੇ ਸਖਤੀ ਨਾਲ ਵਰਜਦਾ ਹੈ ਕਿ ਮੈਂ ਕਿਸੇ ਹੋਰ ਨੋਨੂੰ ਨਾਲ ਜਿਆਦਤੀ ਨਾ ਕਰਾਂ।

ਜਦੋਂ ਮੇਰਾ ਰਿਸ਼ੂ ਖੇਡ-ਕੁੱਦ ਰਿਹਾ ਹੋਵੇ ਤਾਂ ਮੇਰੇ ਅੰਦਰਲੇ ਨੋਨੂੰ ਨੂੰ ਵਿਸ਼ੇਸ਼ ਲੁਤਫ ਆਉਂਦਾ ਹੈ। ਜਦੋਂ ਉਹ ਹਾਕੀ, ਫੁਟਬਾਲ ਤੇ ਦੌੜਾਂ ਵਰਗੀਆਂ ਖੇਡਾਂ ਵਿਚ ਭਾਗ ਲੈਂਦਾ ਹੈ ਤਾਂ ਮੈਂਨੂੰ ਲੱਗਦਾ ਹੈ ਕਿ ਮੇਰੇ ਅੰਦਰਲਾ ਕੋਈ ਖਲਾਅ ਭਰ ਰਿਹਾ ਹੈ।

ਅੱਜ ਰਿਸ਼ੂ ਫੇਰ ਸਕੂਲ ਵਲੋਂ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਣ ਲਈ ਬਠਿੰਡੇ ਗਿਆ ਹੈ। ਮੈਂ ਘੰਟੇ ਭਰ ਤੋਂ ਉਸ ਦੀ ਵਾਪਸੀ ਦੀ ਉਡੀਕ ਕਰ ਰਿਹਾ ਹਾਂ। ਮੇਰੀ ਪਤਨੀ ਵੀ ਉਸਦੇ ਲੇਟ ਹੋ ਜਾਣ ਕਾਰਣ ਬੇਚੈਨ ਜਿਹੀ ਇੱਧਰ-ਉੱਧਰ ਗੇੜੇ ਕੱਢ ਰਹੀ ਹੈ।

“ਡੈਡੀ, ਕਾਨਗਰੈਚੂਲੇਸ਼ਨ! ਤੁਹਾਡੇ ਬੇਟੇ ਨੇ ਸਾਰੀਆਂ ਦੌੜਾਂ ਵਿਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦੌੜਾਂ ਦੀ ਓਵਰ ਹਾਲ ਟਰਾਫੀ ਵੀ ਮੈਨੂੰ ਹੀ ਹਾਸਿਲ ਹੋਈ ਹੈ।” ਅਚਾਨਕ ਹੀ ਇਕ ਵੱਡੀ ਤੇ ਚਮਕਦਾਰ ਟਰਾਫੀ ਹੱਥ ਵਿਚ ਫੜੀ ਰਿਸ਼ੂ ਸਾਡੇ ਸਾਹਮਣੇ ਆ ਖੜ੍ਹਾ ਹੋਇਆ ਹੈ। ਮੇਰੀ ਪਤਨੀ ਉਸ ਵੱਲ ਬਲਿਹਾਰ ਜਾਣ ਵਾਲੀਆ ਨਜ਼ਰਾਂ ਨਾਲ ਵੇਖ ਰਹੀ ਹੈ।

“ਹਿੱਪ! ਹਿੱਪ! ਹੁਰਰੇ! ਮੇਰਾ ਨੋਨੂੰ ਜ਼ਿਲ੍ਹਾ ਜਿੱਤ ਗਿਆ ਐ। ਮੇਰੇ ਵੱਲੋਂ ਤੈਨੂੰ ਤੇ ਤੇਰੀ ਮੰਮੀ ਨੂੰ ਸੀਪਲ ਵਿਚ ਗਰੈਂਡ ਪਾਰਟੀ।” ਆਪਣਾ ਅਫਸਰੀ ਜ਼ਾਬਤਾ ਭੁੱਲ ਕੇ ਮੈਂ ਬੱਚਿਆਂ ਵਾਂਗ ਰੀਐਕਸ਼ਨ ਕਰ ਰਿਹਾ ਹਾਂ ਪਰ ਅੱਜ ਮੇਰੀਆਂ ਹਰਕਤਾਂ ਤੇ ਪਤਨੀ ਨੇ ਕੋਈ ਇਤਰਾਜ਼ ਨਹੀਂ ਕੀਤਾ।

“ਡੈਡੀ! ਇਹ ਨੋਨੂੰ ਕੌਣ ਐ?” ਰਿਸ਼ੂ ਨੇ ਹੈਰਾਨੀ ਨਾਲ ਮੈਥੋਂ ਪੁੱਛਿਆ ਹੈ।

“ਤੂੰ ਹੀ ਮੇਰਾ ਨੋਨੂੰ ਐਂ ਬੇਟੇ।” ਮੈਂ ਰਿਸ਼ੂ ਨੂੰ ਆਪਣੀਆਂ ਬਾਹਾਂ ਵਿਚ ਭਰ ਲਿਆ ਹੈ। ਮੇਰੀਆਂ ਅੱਖਾਂ ਵਿਚ ਖੁਸ਼ੀ ਭਰੇ ਹੰਝੂ ਤੈਰ ਰਹੇ ਹਨ।

-ਨਿਰੰਜਣ ਬੋਹਾ