ਪਰਦੇਸੀਂ ਜਾ ਰਹੇ ਪੁੱਤਾਂ ਦੇ ਨਾਂ

ਲੱਗਿਆ ਵੀਜ਼ਾ ਹੋਈ ਤਿਆਰੀ
ਖੁਸ਼ੀਆਂ ਦੀ ਪੰਡ ਹੋ ਗਈ ਭਾਰੀ
ਇਸ ਮਿੱਟੀ ਦੀਆਂ ਮੁੱਠਾਂ ਨਾ ਪਰ ਥਿਆਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਪੌਂਡਾਂ ਵਾਲਾ ਦੇਸ ਬੁਲਾਏ
ਕਿਉਂ ਘਬਰਾਏਂ ਝੱਲੀਏ ਮਾਏ!
ਹੁਣ ਨਾ ਤੈਨੂੰ ਤੰਗੀਆਂ ਕਦੇ ਸਤਾਉਣਗੀਆਂ
ਪਰਦੇਸਾਂ ਦੀਆਂ ਮਿੱਟੀਆਂ ਰੰਗ ਦਿਖਾਉਣਗੀਆਂ

ਵੰਡ ਦਿੱਤਾ ਸਭ ਲੀੜਾ-ਲੱਤਾ
ਕਿੱਲੀ ਟੰਗਿਆ ਰਹਿ ਗਿਆ ਕੁੜਤਾ
ਉੱਤੇ ਕੱਢੀਆਂ ਮੋਰਨੀਆਂ ਤੜਪਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਬਕਸੇ ਵਿੱਚ ਕਿਤਾਬਾਂ ਭਰੀਆਂ
ਫੋਟੋਆਂ, ਟੇਪਾਂ ਨੁੱਕਰੇ ਧਰੀਆਂ
ਕੋਲੋਂ ਦੀ ਜਦ ਲੰਘੂੰਗੀ ਕੁਰਲਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਸੋਨੇ ਦਾ ਮਾਂ! ਮਹਿਲ ਪਵਾ ਦੂੰ
ਉੱਤੇ ਤੇਰਾ ਨਾਂ ਲਿਖਵਾ ਦੂੰ
ਚਾਚੀਆਂ ਤਾਈਆਂ ਅੱਗੇ ਪਿੱਛੇ ਭੌਣਗੀਆਂ
ਅੱਖਾਂ ਨਾ ਭਰ ਮਾਏ! ਖੁਸ਼ੀਆਂ ਆਉਣਗੀਆਂ

ਚੁੱਕ ਛਣਕਣਾ,ਗੇਂਦ,ਖਿਡੌਣਾ
ਫਿਰੂੰ ਟੋਲਦੀ ਰੌਣਾ-ਭੋਣਾ
ਦਾਦੀਆਂ ਹਿੱਸੇ ਹੁਣ ਇਹ ਜੂਨਾਂ ਆਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਹੱਥੀਂ ਕਦੇ ਨਾ ਪਾਣੀ ਪਾਇਆ
ਭਈਆਂ ਉੱਤੇ ਹੁਕਮ ਚਲਾਇਆ
ਕਿੱਦਾਂ ਪੁੱਤ ਮਜ਼ਦੂਰੀਆਂ ਤੈਥੋਂ ਹੋਣਗੀਆਂ?
ਸੁਣ ਸੁਣ ਮੈਂ ਤੱਤੜੀ ਨੂੰ ਗਸ਼ੀਆਂ ਆਉਣਗੀਆਂ

ਮਾਂ ! ਤੇਰਾ ਪੁਤ ਸ਼ੇਰਾਂ ਵਰਗਾ
ਸ਼ੇਰਾਂ ਚੋਂ ਸ਼ਮਸ਼ੇਰਾਂ ਵਰਗਾ
ਖੁਦ ਤਕਦੀਰਾਂ ਮੈਥੋਂ ਲੇਖ ਲਿਖਾਉਣਗੀਆਂ
ਰਾਹ ਦੀਆਂ ਸੂਲਾਂ ਆਪਣਾ ਰੂਪ ਵਟਾਉਣਗੀਆਂ

ਰਾਹ ਵਿੱਚ ਤੇਰੇ ਵਿਛਣ ਗਲੀਚੇ
ਹਰੀਆਂ ਛਾਵਾਂ, ਸੁਰਖ ਬਗੀਚੇ
ਏਥੇ ਸਾਰੀਆਂ ਵੇਲਾਂ ਪਰ ਕੁਮਲਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਚੰਗਾ ਹੁਣ ਤੂੰ ਰੱਬ ਹਵਾਲੇ!
ਸਭ ਅਸੀਸਾਂ ਲੈ ਜਾ ਨਾਲੇ!
ਏਹੀ ਤੇਰੀ ਔਖੀ ਘੜੀ ਲੰਘਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ।

-ਡਾ: ਗੁਰਮਿੰਦਰ ਸਿੱਧੂ