ਪੂਰਨਮਾਸ਼ੀ-ਹਰਵੀਰ ਸਿੰਘ ਗੁਰੂ

“ਪੁੱਤ ਔਖੇ ਸੌਖਿਆਂ ਨੇ ਪੈਸੇ ਕੱਠੇ ਕਰ ਮਸਾਂ ਦਾਖਲਾ ਭਰਿਆ ਸੀ ਤੇਰਾ ਬੀਏ ਦਾ…ਦੇਖੀਂ ਕਿਤੇ ਲਾਂਬਾ ਨਾ ਆਜੇ ਕਿਤੇ ਕੋਈ..ਨਾਲੇ ਗਰੀਬਾਂ ਦੇ ਜਬਾਕਾਂ ਤੇ ਤਾਂ ਕੋਈ ਊਈਂ ਨੀਂ ਮਾਣ ਹੁੰਦਾ..ਜੇ ਉੱਤੋਂ ਓਹ ਪੜ ਵੀ ਜਾਣ ਤਾਂ ਲ਼ੋਕਾਂ ਦੀ ਹਿੱਕ ਤੇ ਲੋਹੜੀ ਪੈ ਜਾਂਦੀ ਆ।”

ਭਾਨੀ ਨੇ ਆਪਣੇ ਨਾਲ ਆਗ ਛਾਂਗਦੇ ਦੀਪ ਨੂੰ ਕਿਹਾ।

“ਮਾਂ….ਐਮੇਂ ਨੀਂ ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰੀ ਜਾਇਆ ਕਰ..ਜੇ ਤੈਨੂੰ ਆਵਦੇ ਢਿੱਡੋਂ ਜਾਏ ਦੇ ਆਖੇ ਤੇ ਯਕੀਨ ਨੀਂ ਤਾਂ ਤੂੰ ਕਿਸੇ ਦਾ ਕਿਉਂ ਕਰਦੀਂ ਏ।” ਦੀਪ ਨੇ ਆਪਣੇ ਸਾਹਿਤਕ ਸ਼ੌਂਕ ਨੂੰ ਗੱਲਾਂ ਚ ਪਰੋਂਦਿਆਂ ਕਿਹਾ।

“ਹੋਰ ਕੀ ਕਰਾਂ..ਲੋਕ ਸੌ ਸੌ ਗੱਲਾਂ ਕਰਦੇ ਨੇ ਪਾੜਿਆਂ ਦੀਆਂ..” ਭਾਨੀ ਨੇ ਹੱਥੀਂ ਫੜੇ ਦਾਹਅ ਨੂੰ ਦੀਪ ਕੰਨੀਂ ਸਿੱਧਾ ਕਰਦਿਆਂ ਆਖਿਆ।

“ਉੱਤੋਂ ਆਹ ਭੁੰਨਣੀ ਨਿਗ੍ਹਾ ਦਿਨੋ ਦਿਨ ਘਟੀ ਜਾਂਦੀ ਆ..ਵੇ ਦੀਪ ਕਦੇ ਕਾਲਜੋਂ ਆਉਦਾਂ ਕੋਈ ਸ਼ੀਸ਼ੀ ਲਿਆ ਦਈ ਪਾੳੇੁਂਂਣ ਨੂੰ।” ਭਾਨੀ ਨੇ ਗੱਲ ਨੂੰ ਮੋੜਾ ਦਿੰਦੇ ਆਖਿਆ।

         ਦੀਪ ਅੱਜ ਸਵੇਰੇ ਪਾਠੀ ਬੋਲਣ ਤੋਂ ਪਹਿਲਾਂ ਕੁਤਰੇ ਆਲੀ ਮਸ਼ੀਂਨ ਦੇ ਪੁਰਾਣੇ ਦਾਤ ਤੋਂ ਬਣੇ ਖਪਰੇ ਨਾਲ ਪੋਂਡੀ ਵੱਡ ਵੱਡ ਸੁਟ ਰਿਹਾ ਸੀ।ਪਿੰਡਾਂ ਚ ਏਹ ਹਰ ਵਾਰ ਹੁੰਦਾ ਹੈ ਕਿ ਪੋਹ ਮਾਘ ਚ ਆਕੇ ਕਈ ਘਰਾਂ ਚ ਤੂੜੀ ਮੁੱਕ ਜਾਂਦੀ ਹੈ।ਏਸ ਕਮੀ ਦੀ ਪੂਰਤੀ ਪੋੰਡੀ ਵੱਡਣ ਵੇਲੇ ਲਾਹੇ ਗਏ ਆਗਾਂ ਤੋਂ ਕੀਤੀ ਜਾਂਦੀ ਏ।ਛੋਟੇ ਕਿਸਾਨਾਂ ਤੇ ਗਰੀਬਾਂ ਲਈ ਏਹ ਆਟਾ ਖਰੀਦਣ ਦੇ ਬਰਾਬਰ ਹੋ ਜਾਂਦਾ ਏ..ਦੀਪ ਨੂੰ ਪਤਾ ਸੀ ਕਿ ਮੁੱਲ ਦੀ ਤੂੜੀ ਨੇ ਕਿੱਥੋਂ ਖੜਨਾ ਏ..ਨਾਲੇ ਮੁੱਲ ਦੀ ਚੀਜ਼ ਦੀ ਕੀ ਭੈਤਾ ਹੁੰਦੀ ਆ..।ਦਸ ਕੁ ਵਜਦੇ ਨੂੰ ਜਦੋਂ ਭਾਨੀ ਦੀਪ ਦੀ ਰੋਟੀ ਲੈਕੇ ਆਈ ਤਾਂ ਦੀਪ ਨੇ ਪੰਦਰਾਂ ਵੀਹ ਦਿਨ ਟਪਾਉਣ ਜੋਗੀ  ਪੋਂਡੀ ਵੱਡ ਲਈ ਸੀ। 

ਅੱਜ ਆਲੇ ਕੰਮ ਵਾਸਤੇ ਭਾਨੀ ਨੇ ਮਸਾਂ ਦੀਪ ਨੂੰ ਕਾਲਜੋਂ ਰੱਖਿਆ ਸੀ।ਦੀਪ ਨੇ ਪਹਿਲਾਂ ਤਾਂ ਬਥੇਰੀ ਆਨਾ ਕਾਨੀ ਕੀਤੀ ਪਰ ਮਾਤਾ ਦੇ ਤੱਤੇ ਸਲੋਕਾਂ ਨੇ ਦੀਪ ਦੀ ਵਾਹ ਨਾ ਚੱਲਣ ਦਿੱਤੀ।ਪਿਛਲੇ ਪਹਿਰ ਦੀਪ ਦਾ ਬਾਪੂ ਮੇਹਰ ਸਿੰਘ ਬਲਦ ਰੇਹੜੀ ਲੈਕੇ ਆਇਆ ਤੇ ਛਾਂਗੇ ਹੋਏ ਆਗ ਘਰ ਪਹੁੰਚ ਗਏ।

   ਅਗਲੇ ਦਿਨ ਜਦੋਂ ਦੀਪ ਕਾਲਜ ਨੂੰ ਤਿਆਰ ਹੋ ਰਿਹਾ ਸੀ ਤਾਂ ਭਾਨੀ ਨੇ ਪਿੱਤਲ ਦੇ ਥਾਲ ਚ ਰੋਟੀ ਪਾਕੇ ਕੰਧੋਲੀ ਤੇ ਰੱਖ ਦਿੱਤੀ।ਦੀਪ ਨੇ ਕਿਤਾਬਾਂ ਕੰਧੋਲੀ ਤੇ ਰੱਖ ਦਿੱਤੀਆਂ।

ਭਾਨੀ ਨੇ ਜਦੋਂ ਥਾਲ ਚ ਹੋਰ ਰੋਟੀ ਰੱਖਣੀ ਚਾਹੀ ਤਾਂ ਕਿਤਾਬਾਂ ਦੇ ਸਭਤੋਂ ਉਪਰ ਪਈ ਕਿਤਾਬ ਤੇ ਇੱਕ ਫੋਟੋ ਬਣੀ ਹੋਈ ਸੀ,ਜਿਸ ਵਿੱਚ ਪੂਰੇ ਚੰਨ ਦੀ ਰਾਤ ਚ ਦੋ ਪਰਛਾਂਵੇ ਮਿਲ ਰਹੇ ਸਨ।ਫੋਟੋ ਦੇਖਕੇ ਭਾਨੀ ਨੇ ਮੂੰਹ ਚ ਚੁੰਨੀ ਲੈਂਦਿਆਂ ਕਿਹਾ..”ਵੇ ਭੁੰਨਣਿਆ..ਐਹੋ ਜਾ ਕੁਸ਼ ਪੜੌਂਦੇ ਥੋਨੂੰ ਓਥੇ..”

“ਨਹੀਂ ਮਾਤਾ..ਏਹ ਤਾਂ ‘ਪੂਰਨਮਾਸ਼ੀ’ ਨਾਵਲ ਆ..ਏਹ ਤਾਂ ਊਂ ਪੜਨ ਵਾਸਤੇ ਲੈਤਾ ਮੁੱਲ।” ਦੀਪ ਨੇ ਭਾਨੀ ਦੇ ਹੱਥ ਚੋਂ ਨਾਵਲ ਫੜਦਿਆਂ ਕਿਹਾ।

“ਆਵਦੇ ਪੜਨ ਆਲਾ ਪੜਿਆ ਕਰ ਬੰਦਿਆਂ ਮਾਂਗੂੰ..ਐਸ ਕੰਜਰ ਕਿੱਤੇ ਨੂੰ ਰਹਿਣਦੇ” ਭਾਨੀ ਨੇ ਚਿਤਾਵਨੀ ਭਰੀ ਤਾਕੀਦ ਕੀਤੀ।ਭਾਨੀ ਦੇ ਬੁੜਬੁੜਾਦਿਆਂ ਤੋਂ ਦੀਪ ਕਿਤਾਬਾਂ ਚੱਕਕੇ ਘਰੋਂ ਬਾਹਰ ਹੋ ਗਿਆ।

“ਤੇਰੇ ਦੂਜਾ ਸਾਲ ਐਸ ਨਾਵਲ ਨੂੰ ਨਾਲ ਚੱਕੀ ਫਿਰਦੇ ਨੂੰ..ਵੀਹ ਆਰੀ ਪੜ ਲਿਆ ਹੋਊ..ਹੁਣ ਤਾਂ ਘਰੇ ਰੱਖਦੇ ਏਹਨੂੰ।” ਪਿੰਡੋਂ ਦੀਪ ਦੇ ਨਾਲ ਪੜਦੇ ਸੀਰੇ ਨਾ ਕਿਹਾ।

” ਓਏ ਤੈਨੂੰ ਕੀ ਪਤਾ ਏਹ ਕੀ ਸ਼ੈਅ ਆ..” ਦੀਪ ਨੇ ਹੱਥੀਂ ਫੜੀਆਂ ਕਿਤਾਬਾਂ ਨੂੰ ਹੋਰ ਘੁੱਟਕੇ ਫੜ ਲਿਆ।

ਦੀਪ ਹੁਰੀਂ  ਜਦੋਂ ਕਾਲਜ ਪਹੁੰਚੇ ਤਾਂ ਪਹਿਲਾ ਲੈਕਚਰ ਸ਼ੁਰੂ ਹੋ ਚੁੱਕਾ ਸੀ।’May i come in sir’ ਆਖਕੇ ਦੀਪ ਹੁਰੀਂ ਮਗਰਲੇ ਡੈਸਕਾਂ ਤੇ ਬੈਠ ਗਏ।ਮਗਰੋਂ ਬੈਠੇ ਦੀਪ ਨੇ ਜਦੋਂ ਅੱਗੇ ਨਿਗਾ ਮਾਰੀ ਤਾਂ ਸੋਨੇ ਰੰਗੀ ਚੁੰਨੀ ਦੇਖਕੇ ਦੀਪ ਨੂੰ ਚਾਅ ਚੜ ਗਿਆ।ਸਾਰੇ ਕਾਲਜ ਚੋਂ ਸਿਰਫ ਇੱਕ ਕੁੜੀ ਸੀ ਜਿਸਦੇ ਸਾਰੇ ਸੂਟਾਂ ਤੇ ਚੁੰਨੀਆਂ ਦੇ ਰੰਗ ਦੀਪ ਨੂੰ ਯਾਦ ਸੀ ਤੇ ਓਹ ਸੀ ‘ਸਰਬੀ’।ਊਂ ਤਾਂ ਪੂਰਾ ਨਾਂ ਸਰਬਜੀਤ ਕੌਰ ਸੀ ਪਰ ਕੱਚਾ ਨਾਂ ਸਰਬੀ ਸੀ।ਦੀਪ ਆਪਣੇ ਆਪ ਨੂੰ ਰੂਪ ਤੇ ਸਰਬੀ ਨੂੰ ਚੰਨੋ ਸਮਝਦਾ ਸੀ।ਤੇ ਸਰਬੀ ਹੈ ਵੀ ਚੰਨ ਈ ਸੀ..ਗੋਰਾ ਸਾਫ ਰੰਗ..ਪੌਣੇ ਛੇ ਫੁੱਟ ਕੱਦ..ਪੈਰੀਂ ਜੁੱਤੀ..ਤੇ ਲੈਸ ਲੱਗੀਆਂ ਚੁੰਨੀਆਂ ਲੈਕੇ ਤੇ ਹਿੱਕ ਨਾਲ ਕਿਤਾਬਾਂ ਲਾਕੇ ਸਰਬੀ ਜਦੋਂ ਤੁਰਦੀ ਤਾਂ ਦੀਪ ਨੂੰ ਜਿਮੇਂ ਜਹਾਨ ਭੁੱਲ ਜਾਂਦਾ..ਤੇ ਜਦੋਂ ਦੋਵਾਂ ਦੇ ਦੋ-ਦੋ ਨੈਣ ਚਾਰ ਹੋਕੇ ਮੁੜਦੇ ਤਾਂ ਲੱਗਦਾ ਜਿਮੇਂ ਓਹ ਇੱਕ ਹੋ ਗਏ ਹੋਣ..ਭਾਵੇਂ ਓਹਨਾਂ ਦੋਹਾਂ ਦਾ ਕਾਲਜ ਚ ਦੂਜਾ ਸਾਲ ਸੀ ਪਰ ਪਹਿਲਾਂ ਇੱਕ ਦੂਜੇ ਨੂੰ ਬੁਲਾਉਣ ਦੀ ਝਿਜਕ ਅਜੇ ਤੱਕ ਦੂਰ ਨਹੀਂ ਸੀ ਹੋਈ..ਜਦੋਂ ਓਹ ਇੱਕ ਦੂਜੇ ਦੇ ਕੋਲੋਂ ਲੰਘਦੇ ਤਾਂ ਕਦੇ ਸਰਬੀ ਨੀਵੀਂ ਪਾ ਲੈੰਦੀ ਤੇ ਕਦੇ ਦੀਪ..।ਸਰਬੀ ਦੀਆਂ ਸਹੇਲੀਆਂ ਪਾਲੀ ਤੇ ਕਰਮੀ ਵੀ ਗੱਲਾਂ ਬਾਤਾਂ ਚ ਸਰਬੀ ਨੂੰ ਦੀਪ ਦਾ ਨਾਂ ਲੈਕੇ ਛੇੜਦੀਆਂ ਰਹਿੰਦੀਆਂ..ਇੱਕ ਵਾਰ ਤਾਂ ਸਰਬੀ ਮੂੰਹ ਫੁਲਾ ਲੈਂਦੀ ਪਰ ਓਹਨਾਂ ਦਾ ਓਹਦੇ ਕੋਲ ਦੀਪ ਦਾ ਨਾਂ ਲੈਣਾ ਬੜਾ ਚੰਗਾ ਲੱਗਦਾ..ਸਰਬੀ ਮਨ ਹੀ ਮਨ ਬੜਾ ਝੁਰਦੀ ਵੀ ਕਮਲਾ ਕਦੇ ਤਾਂ ਮੂੰਹੋ ਬੁਲਾ ਲਵੇ..ਮੂੰਹ ਕੱਲਾ ਰੋਟੀ ਦੀਆਂ ਬੁਰਕੀਆਂ ਪਾਉਣ ਵਾਸਤੇ ਥੋੜਾ ਹੁੰਦੈ..

ਇੱਕ ਵਾਰ ਪੰਜਾਬੀ ਦੇ ਲੈਕਚਰ ਚ ਲੈਕਚਰਾਰ ਨੇ ਬੋਲਦਿਆਂ ਕਿਹਾ ਸੀ,”ਅਸੀਂ ਪੜ ਜਿੰਨਾ ਮਰਜ਼ੀ ਲਈਏ..ਓਨਾ ਚਿਰ ਉਸਦਾ ਕੋਈ ਫੈਦਾ ਨਹੀਂ,ਜਿੰਨਾ ਚਿਰ ਅਸੀਂ ਉਸਤੇ ਅਮਲ ਨਹੀਂ ਕਰਦੇ..ਉਸਨੂੰ ਆਪਣੀ ਨਿੱਜੀ ਜਿੰਦਗੀ ਚ ਲਾਗੂ ਨਹੀਂ ਕਰਦੇ….ਹੁਣ ਤੁਸੀਂ ਇਸ ਨਾਵਲ ਤੇ ਹੀ ਲਾ ਲਉ(ਲੈਕਚਰਾਰ ਨੇ ਅੱਗੇ ਬੈਠੀ ਸਰਬੀ ਦੇ ਮੂਹਰੋਂ ਪੂਰਨਮਾਸ਼ੀ ਨਾਵਲ ਚੱਕਕੇ)..ਏਸ ਨਾਵਲ ਚ ਏਹੀ ਦੱਸਿਆ ਗਿਆ ਕਿ ਪਿਆਰ ਹਮੇਸ਼ਾ ਕੁਰਬਾਨੀ ਮੰਗਦੈ।”

“ਤੁਹਾਡੇ ਚੋਂ ਏਹ ਨਾਵਲ ਕਿਸ ਕਿਸ ਨੇ ਪੜਿਐ?..ਹੱਥ ਖੜੇ ਕਰੋ”

ਸਾਰੀ ਕਲਾਸ ਚੋਂ ਕੱਲੇ ਸਰਬੀ ਤੇ ਦੀਪ ਨੇ ਹੱਥ ਖੜੇ ਕੀਤੇ ਹੋਏ ਸਨ।

ਲੈਕਚਰਾਰ ਨੇ ਮੁਸਕਰਾ ਕੇ ਨਾਵਲ ਵਾਪਸ ਰੱਖ ਦਿੱਤਾ।

 ਅੱਜ ਜਦੋਂ ਆਖਰੀ ਲੈਕਚਰ ਤੋਂ ਬਾਦ ਦੀਪ ਕਾਹਲੀ ਨਾਲ ਕਾਲਜ ਦੇ ਬੱਸ ਅੱਡੇ ਵੱਲ ਜਾ ਰਿਹਾ ਸੀ ਤਾਂ ਪਾਲੀ ਨੇ ਦੀਪ ਨੂੰ ਅਵਾਜ਼ ਦੇਕੇ ਰੋਕ ਲਿਆ..

“ਦੀਪ ਅੱਜ ਸਿੱਧਾ ਪਿੰਡ ਈਂ ਜਾਏਂਗਾ?” ਪਾਲੀ ਨੇ ਸਿੱਧਾ ਸਵਾਲ ਕੀਤਾ।ਸਰਬੀ ਮਗਰ ਚੁੱਪਚਾਪ ਖੜੀ ਸੀ।

“ਹਾਂ..ਕਿਮੇਂ ਸੀ?” ਦੀਪ ਨੇ ਕਾਹਲ ਨਾਲ ਕਿਹਾ।

“ਓਹ ਮੇਰੀ ਮਾਸੀ ਦੀ ਕੁੜੀ ਨੂੰ ਆਹ ਸੂਟ ਫੜਾਉਣਾ ਕਢਾਈ ਵਾਸਤੇ..ਓਹਨੇ ਸਲਾਈ ਕਢਾਈ ਦਾ ਕੰਮ ਸਿੱਖਿਆ ਹੋਇਐ।” ਦੀਪ ਦੇ ਪਿੰਡ ਪਾਲੀ ਦੀ ਮਾਸੀ ਵਿਆਹੀ ਸੀ।

“ਕੋਈ ਨੀਂ ਫੜਾਦੂੰਗਾ..ਢਿੱਲਮਾਂ ਦੇ ਆ ਨੇ ਤੇਰੇ ਮਾਸੀ?।”ਦੀਪ ਨੇ ਮੋੜਕੇ ਪੁਛਿਆ।

“ਹਾਂ ਓਹਨਾਂ ਦੇ ਈ ਆ..” ਪਾਲੀ ਨੇ ਸੂਟ ਫੜਾਉਦਿਆਂ ਕਿਹਾ।

“ਪਾਲੀ ਪਿਛਲੇ ਮਹੀਨੇ ਨਾਵਲ ਤਾਂ ਤੂੰ ਫੜਿਆ ਸੀ ਪੜਨ ਵਾਸਤੇ..ਫੇਰ ਸਰਬੀ ਨੇ ਹੱਥ ਕਿਉਂ ਖੜਾ ਕੀਤਾ ਸੀ ਕਲਾਸ ਚ” ਦੀਪ ਨੇ ਦਿਲ ਜਾ ਕਰੜਾ ਕਰਕੇ ਪੁੱਛਿਆ।

“ਵੇ ਘਝੁਡੂਆ..ਸਰਬੀ ਨੇ ਹੀ ਮੰਗਿਆ ਸੀ ਪੜਨ ਵਾਸਤੇ..ਪਰ ਆਵਦੀ ਏਹਦੀ ਹਿੰਮਤ ਨੀਂ ਪਈ..ਤਾਂ ਮੈਂਨੂੰ ਫੜਨਾ ਪਿਆ।” ਸਰਬੀ ਮਗਰ ਖੜੀ ਸ਼ਰਮ ਨਾਲ ਪਾਣੀ ਪਾਣੀ ਹੋ ਰਹੀ ਸੀ।

“ਹਾਂ ਸੱਚ..ਸੂਟ ਧਿਆਨ ਨਾਲ ਲਿਜਾਈਂ..ਸੂਟ ਮੇਰਾ ਨੀਂ,ਸਰਬੀ ਦਾ ਏ..” ਪਾਲੀ ਏਨਾ ਆਖਕੇ ਸਰਬੀ ਦੀ ਬਾਂਹ ਖਿੱਚਕੇ ਲੈ ਗਈ।

ਦੀਪ ਕਦੇ ਸੂਟ ਵੱਲ ਤੇ ਕਦੇ ਓਹਨਾਂ ਦੋਨਾਂ ਵੱਲ ਦੇਖ ਰਿਹਾ ਸੀ।

ਦੀਪ ਅੱਜ ਸਰਬੀ ਦੇ ਸੂਟ ਨੂੰ ਲੈਕੇ ਕਾਲਜ ਜਾ ਰਿਹਾ ਸੀ।ਦੀਪ ਦੇ ਦਿਲ ਦੀ ਹਾਲਤ ਜਾਂ ਤਾਂ ਰੱਬ ਨੂੰ ਪਤਾ ਸੀ ਜਾਂ ਦੀਪ ਨੂੰ..ਦੀਪ ਬਾਰ ਬਾਰ ਸੋਚ ਰਿਹਾ ਸੀ ਕਿ ਜਦੋਂ ਸਰਬੀ ਨੂੰ ਬੁਲਾਇਆ ਤਾਂ ਓਹਨੂੰ ਸਰਬੀ ਕਹਾਂ ਕਿ ਸਰਬਜੀਤ ਕਹਾਂ..ਦੀਪ ਜਦੋਂ ਕਾਲਜ ਪਹੁੰਚਿਆ ਤਾਂ ਓਹਦੇ ਸਾਰੇ ਚਾਅ ਧਰੇ ਧਰਾਏ ਰਹਿ ਗਏ..ਸਰਬੀ ਅੱਜ ਕਾਲਜ ਨਹੀਂ ਆਈ ਸੀ..ਦੀਪ ਉਦਾਸ ਮਨ ਨਾਲ ਕੱਲਾ ਨਿੰਮ ਥੱਲੇ ਬੈਠਾ ਸੀ।

“ਸਰਬੀ ਦਾ ਸੂਟ ਲਿਆਂਦਾ?” ਪਾਲੀ ਦੀ ਅਵਾਜ਼ ਨੇ ਦੀਪ ਦੀ ਬੇਧਿਆਨੀ ਨੂੰ ਤੋੜਿਆ।

ਦੀਪ ਨੇ ਲਫਾਫੇ ਚ ਪਾਏ ਸੂਟ ਨੂੰ ਪਾਲੀ ਅੱਗੇ ਕਰ ਦਿੱਤਾ।

‘ਸਰਬੀ ਕਿਉਂ ਨੀਂ ਆਈ?’ ਪੁੱਛਣ ਦੀ ਹਿੰਮਤ ਦੀਪ ਚ ਨਾ ਹੋਈ।

“ਅਗਲੇ ਸੋਮਵਾਰ ਨੂੰ ਸਰਬੀ ਦਾ ਜਨਮਦਿਨ ਆ..ਪਾਰਟੀ ਕਰੂ ਸਾਨੂੰ..ਤਾਂ ਆਹ ਸੂਟ ਬਣਾਇਐ ਓਹਨੇ।” ਪਾਲੀ ਨੇ ਸੂਟ ਨੂੰ ਦੇਖਦਿਆਂ ਕਿਹਾ।

ਦੀਪ ਬਿਨਾਂ ਕੁਸ਼ ਬੋਲੇ ਉੱਠਕੇ ਤੁਰਨ ਲੱਗਿਆ।

“ਸੱਚ…ਅਸਲੀ ਗੱਲ ਤਾਂ ਦੱਸਣੀ ਭੁੱਲ ਈ ਗਈ…ਅਸਲੀ ਮਹਿਮਾਨ ਤਾਂ ਤੂੰ ਹੀ ਏਂ..ਤੇਰੇ ਵਾਸਤੇ ਸਵਾਇਐ ਸਪੈਸ਼ਲ ਸੂਟ ਅਗਲੀ ਨੇ..ਪਹੁੰਚ ਜਾਂਈ ਟੈਮ ਨਾਲ ਤੂੰ ਵੀ ਬਣ ਠਣ ਕੇ..ਹਾਰਕੇ ਮੈਨੂੰ ਹੀ ਮੂੰਹ ਹਿਲਾਉਣਾ ਪਿਐ..ਤੁਸੀਂ ਤਾਂ ਨੀਂ ਬੁਲਾਉਦੇਂ ਦੋਮੇਂ ਇੱਕ ਦੂਜੇ ਨੂੰ..” ਪਾਲੀ ਤੁਰਨ ਲੱਗੀ ਕਹਿ ਗਈ।

ਇੱਕ ਵਾਰ ਤਾਂ ਦੀਪ ਨੂੰ ਲੱਗਿਆ ਜਿਮੇਂ ਏਹ ਸੁਪਨਾ ਹੋਵੇ..ਪਰ ਓਹ ਸ਼ਰਮਾ ਕੇ ਨੀਵੀਂ ਪਾ ਗਿਆ।

 ਕਾਲਜ ਤੋਂ ਮੁੜਦੇ ਹੋਏ ਦੀਪ ਨੇ ਸ਼ਹਿਰ ਦੇ ਮੈਡੀਕਲ ਤੋਂ ਭਾਨੀ ਵਾਸਤੇ ਅੱਖਾਂ ਚ ਪਾਉਣ ਆਲੀ ਦਵਾਈ ਲੈਣੀ ਸੀ।ਦੀਪ ਜਦੋਂ ਦਵਾਈ ਲੈਕੇ ਵਾਪਿਸ ਅੱਡੇ ਵੱਲ ਆ ਰਿਹਾ ਸੀ ਤਾਂ ਇੱਕ ਕੱਪੜਿਆਂ ਦੀ ਦੁਕਾਨ ਦੇ ਮੂਹਰੇ ਓਹ ਰੁਕ ਗਿਆ।ਦੁਕਾਨ ਚ ਲੱਗੇ ਸ਼ੀਸ਼ਿਆਂ ਚ ਭਾਂਤ ਭਤੇਲੇ ਰੰਗ ਦੀਆਂ ਸ਼ਰਟਾਂ ਤੇ ਪੈਟਾਂ ਲੱਗੀਆਂ ਹੋਈਆਂ ਸਨ।…’ਬਣ ਠਣ ਕੇ ਆਈਂ’ ਆਖੇ ਪਾਲੀ ਦੇ ਬੋਲ ਜਦੋਂ ਦੀਪ ਦੇ ਯਾਦ ਆਏ ਤਾਂ ਦੀਪ ਦਾ ਮਨ ਉਦਾਸ ਹੋ ਗਿਆ…ਮਹਿੰਗੇ ਕੱਪੜੇ ਲੈਣ ਜੋਗੇ ਪੈਸੇ ਦੀਪ ਕੋਲ ਅੱਜ ਤੱਕ ਨਹੀਂ ਸਨ..ਦੁਕਾਨ ਮੂਹਰੇ ਪਏ ਪੁਤਲਿਆਂ ਨੂੰ ਦੇਖਕੇ ਦੀਪ ਨੇ ਸੋਚਿਆ..’ਮਨਾ ਆਪਣੇ ਨਾਲੋਂ ਤਾਂ ਆਹ ਪੁਤਲੇ ਚੰਗੇ ਨੇ ਜੇਹੜੇ ਹਰ ਗਰਮੀ ਸਰਦੀ ਮਹਿੰਗੇ ਤੇ ਨਮੇਂ ਕੱਪੜੇ ਤਾਂ ਪਾ ਲੈਂਦੇ ਨੇ’..ਏਹਨਾਂ ਸੋਚ ਵਿਚਾਰਾਂ ਚ ਦੀਪ ਕਦੋਂ ਪਿੰਡ ਆ ਗਿਆ,ਓਹਨੂੰ ਪਤਾ ਹੀ ਨਾ ਲੱਗਿਆ।

ਅੱਜ ਸੋਮਵਾਰ ਸੀ।ਦੀਪ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਓਹ ਖੁਸ਼ ਹੋਵੇ ਜਾਂ ਉਦਾਸ..ਏਸੇ ਸੋਚਾਂ ਚ ਦੀਪ ਜਦੋਂ ਕਾਲਜ ਜਾਣ ਲਈ ਨਹਾਉਣ ਵਾਸਤੇ ਪਾਣੀ ਪਾਉਣ ਲੱਗਿਆ ਤਾਂ ਦੀਪ ਦਾ ਪਿਉ ਮੇਹਰ ਸਿੰਘ ਮੋਢੇ ਤੇ ਕਹੀ ਧਰਕੇ ਘਰੇ ਵੜਿਆ।

“ਤੁਸੀਂ ਕਿਮੇਂ ਰਾਹ ਚੋਂ ਈਂ ਮੁੜ ਆਏ..ਖੇਤ ਨੀਂ ਗਏ?” ਭਾਨੀ ਨੇ ਕੰਧੋਲੀ ਤੋਂ ਸਿਰ ਉੱਚਾ ਕਰਦਿਆਂ ਪੁਛਿਆ।

“ਮੈਨੂੰ ਰਾਹ ਚ ਢਿੱਡਲਾਂ ਦਾ ਭੋਲਾ ਮਿਲ ਗਿਆ..ਕਹਿੰਦਾ ਕੁੜੀ ਵਾਸਤੇ ਮੁੰਡੇ ਦੀ ਦੱਸ ਪਈ ਆ..ਮੇਰੇ ਨਾਲ ਚੱਲ ਮੁੰਡਾ ਦੇਖਣ..ਧੀ ਧਿਆਣੀ ਦਾ ਰਿਸ਼ਤਾ ਹੁੰਦੈ..ਮੈਥੋਂ ਜਵਾਬ ਨੀਂ ਦਿੱਤਾ ਗਿਆ..ਮੈਂਨੂੰ ਹਾਰਕੇ ਮੁੜਨਾ ਪਿਆ।”ਮੇਹਰ ਸਿੰਘ ਨੇ ਕਹੀ ਰੱਖਦਿਆਂ ਆਖਿਆ।

“ਹੁਣ ਪਾਣੀ ਦਾ ਕੀ ਹੋਊ..ਮਸਾਂ ਮਸਾਂ ਮੋਟਰ ਮਿਲੀ ਆ ਛੱਡਣ ਨੂੰ..ਉੱਤੋਂ ਪੱਛੋਂ ਚੱਲੀ ਜਾਂਦੀ ਆ..ਨਰਮਾ ਔੜ ਤੇ ਆ..ਜੇ ਦੋ ਦਿਨ ਪਾਣੀ ਕੰਨਿਉਂ ਲਾਂਘੇ ਤਾਂ ਸਾਰਾ ਫਲ ਡਿੱਗਪੂ।” ਭਾਨੀ ਨੇ ਚੁੱਲੇ ਮੂਹਰੇ ਬੈਠੀ ਨੇ ਹੀ ਸਾਰੀ ਕਹਾਣੀ ਇੱਕੋ ਸਾਹ ਕਹਿਤੀ।

“ਹੁਣ ਐਹੇ ਜੇ ਮੌਕੇ ਜਵਾਬ ਤਾਂ ਨੀਂ ਦਿੱਤਾ ਜਾਂਦਾ..ਓਏ ਦੀਪ..ਤੂੰ ਰਹਿ ਪੈ ਅੱਜ ਕਾਲਜੋਂ..ਮੋਟਰ ਛੱਡਲੀਂ?” ਮੇਹਰ ਨੇ ਦੀਪ ਨੂੰ ਪੁੱਛਿਆ।

ਦੀਪ ਨੇ ਹੱਥ ਚ ਫੜੀ ਬਾਲਟੀ ਥਾਂਏ ਰੱਖ ਦਿੱਤੀ।ਉਸਨੂੰ ਸਮਝ ਨਹੀਂ ਸੀ ਆ ਰਿਹਾ ਵੀ ਕੀ ਜਵਾਬ ਦੇਵੇ।

“ਓਏ ਜਦੋਂ ਨੂੰ ਤੂੰ ਬੋੰਲੇਗਾ,ਓਦੋਂ ਨੂੰ ਨਰਮੇ ਖਿੜ ਜਾਣਗੇ..ਦੱਸ ਵੀ..ਰਹਿਪੇਂਗਾ?” ਮੇਹਰ ਸਿੰਘ ਨੇ ਕਾਹਲੀ ਨਾਲ ਪੁਛਿਆ।

“ਰਹਿ ਪੈਨੈਂ” ਆਖਕੇ ਦੀਪ ਕਹੀ ਮੋਢੇ ਤੇ ਧਰਕੇ ਘਰੋਂ ਬਾਹਰ ਹੋ ਗਿਆ।

“ਵੇ ਰੋਟੀ ਤਾਂ ਖਾ ਜਾਂਦਾ..ਨਹੀਂ ਗਰਮੀ ਪੈਜੂ ਅੰਦਰ” ਭਾਨੀ ਚੱੁਲੇ ਮੂਹਰੇ ਬੈਠੀ ਬੋਲੀ।

ਦੀਪ ਨੇ ਦਸ ਵੱਜਦੇ ਨੂੰ ਮੋਟਰ ਛੱਡ ਲਈ ਸੀ।ਭਾਨੀ ਨੇ ਵੇਹੜੇ ਚੋਂ ਕਿਸੇ ਹੱਥ ਰੋਟੀ ਤੇ ਚਾਹ ਗੁੜ ਦਾ ਸਮਾਨ ਭੇਜ ਦਿੱਤਾ ਸੀ।ਦੀਪ ਨੇ ਕਦੋਂ ਰੋਟੀ ਖਾਧੀ ਤੇ ਚਾਹ ਪੀਤੀ,ਓਹਦੇ ਕੋਈ ਧਿਆਨ ਨਹੀਂ ਸੀ,ਉਸਦੀ ਸੁਰਤ ਤਾਂ ਕਾਲਜ ਚ ਫਿਰਦੀ ਸੀ।

‘ਖਬਰੇ ਮੇਰੇ ਬਾਰੇ ਕੀ ਸੋਚਦੀ ਹੋਊ’ ਦੀਆਂ ਸੋਚਾਂ ਨੇ ਦੀਪ ਨੂੰ ਬੇਜਾਨ ਜਾ ਕਰ ਛੱਡਿਆ ਸੀ।

ਤੇ ਦੂਜੇ ਪਾਸੇ ਕਾਲਜ ਚ…ਸਰਬੀ ਨੇ ਸੋਮਵਾਰ ਦਾ ਦਿਨ ਮਸਾਂ ਚੜਾਇਆ ਸੀ..ਨਮੇਂ ਬਣਾਏ ਸੂਟ ਤੇ ਸਰਬੀ ਨੇ ਦੋ ਦੋ ਵਾਰ ਪਰੈਸ ਮਾਰੀ..ਉਸਨੂੰ ਜਾਪਿਆ ਜਿਮੇਂ ਸੂਟ ਚ ਦੀਪ ਦੇ ਹੱਥਾਂ ਦੀ ਮਹਿਕ ਹੋਵੇ..ਪਿੰਡ ਆਲੇ ਬੱਸ ਅੱਡੇ ਤੇ ਪਾਲੀ ਤੇ ਕਰਮੀ ਉਸਨੂੰ ਮਿਲੀਆਂ ਤਾਂ ਉਹਨਾਂ ਨੇ ਸਰਬੀ ਨੂੰ ਓਥੇ ਹੀ ਛੇੜਨਾ ਸ਼ੁਰੂ ਕਰ ਦਿੱਤਾ..ਸ਼ਹਿਰ ਦੇ ਬੱਸ ਅੱਡੇ ਚੋਂ ਸਰਬੀ ਹੁਰਾਂ ਨੇ ਕੁਝ ਸਮੋਸੇ ਤੇ ਮਿਠਾਈ ਦਾ ਸਮਾਨ ਲੈਤਾ..ਕਾਲਜ ਪਹੁੰਚ ਕੇ ਓਹ ਸਿੱਧਾ ਲਾਇਬਰੇਰੀ ਦੇ ਨਾਲ ਲੱਗਦੇ ਗਾਰਡਨ ਚ ਜਾ ਬੈਠੀਆਂ।

“ਹਾਏ…ਉਡੀਕ ਕੀ ਹੁੰਦੀ ਏ..ਕੋਈ ਅੱਜ ਸਰਬੀ ਨੂੰ ਪੁੱਛਕੇ ਦੇਖੇ”ਕਰਮੀ ਨੇ ਜਾਣਕੇ ਸਰਬੀ ਦੀ ਵੱਖੀ ਚ ਚੂੰਡੀ ਵੱਡਦਿਆਂ ਕਿਹਾ।

“ਕਿਉਂ ਐਮੇਂ ਕਮਲ ਘੋਟਿਐ” ਸਰਬੀ ਨੇ ਕਰਮੀਂ ਦੇ ਮੋੜਮੀੰ ਚੂੰਡੀ ਵੱਡਦਿਆਂ ਆਖਿਆ।

ਓਹਨਾਂ ਨੂੰ ਓਥੇ ਬੈਠਿਆਂ ਘੰਟਾ ਹੋ ਚੱਲਿਆ ਸੀ..ਪਰ ਦੀਪ ਕਾਲਜ ਚ ਵੜਦਾ ਨਾ ਦਿੱਸਿਆ।ਸਰਬੀ ਲਈ ਹੁਣ ਸਬਰ ਕਰਨਾ ਔਖਾ ਹੋ ਰਿਹਾ ਸੀ।ਇਸ ਦੌਰਾਨ ਓਹਨਾਂ ਨੂੰ ਦੀਪ ਦੇ ਪਿੰਡੋਂ ਨਾਲ ਪੜਦਾ ਸੀਰਾ ਆਉਂਦਾ ਦਿਸਿਆ।

“ਸੀਰੇ ਅੱਜ ਦੀਪ ਨੀਂ ਆਇਆ ਕਾਲਜ?” ਪਾਲੀ ਨੇ ਸੀਰੇ  ਨੂੰ ਲਾਇਬਰੇਰੀ ਚ ਵੜਦੇ ਨੂੰ ਪੁਛਿਆ।

“ਸ਼ੈਦ ਨਾ ਆਵੇ..ਅੱਜ ਪਿੰਡੋਂ ਵੀ ਮੇਰੇ ਨਾਲ ਨੀਂ ਆਇਆ ਬੱਸ ਚ।” ਐਨਾ ਆਖਕੇ ਸੀਰਾ ਅੰਦਰ ਵੜ ਗਿਆ।

  ਐਨਾ ਸੁਣਕੇ ਸਰਬੀ ਦਾ ਸਬਰ ਜਵਾਬ ਦੇ ਗਿਆ।ਉਹ ਗੋਡਿਆਂ ਚ ਸਿਰ ਦੇਕੇ ਜਬਾਕਾਂ ਵਾਂਗ ਰੋਣ  ਲੱਗ ਗਈ ਸੀ।

ਦੀਪ ਦੀ ਆਰਥਿਕ ਮਜਬੂਰੀ ਨੇ ਸਰਬੀ ਦੇ ਅੱਲੜ ਪਿਆਰ ਨੂੰ ਰੌਂਦ ਦਿੱਤਾ ਸੀ।

“ਅੜੀਏ ਕਿਉਂ ਬੂਕੀ ਜਾਨੀ ਏ..ਕੋਈ ਕੰਮ ਹੋ ਗਿਐ ਹੋਣੈ?” ਕਰਮੀ ਨੇ ਸਰਬੀ ਨੂੰ ਮੋਢਿਉਂ ਫੜਕੇ ਦਿਲਾਸਾ ਦੇਣਾ ਚਾਹਿਆ।

“ਉਹਨੂੰ ਏਨਾ ਵੀ ਨੀ ਪਤਾ ਵੀ ਕੋਈ ਓਹਨੂੰ ਮਿਲਣ ਵਾਸਤੇ ਪਿਛਲੇ 15 ਦਿਨਾਂ ਤੋਂ ਤਿਆਰੀ ਕਰੀ ਜਾਂਦੈ।” ਐਨਾ ਆਖਕੇ ਸਰਬੀ ਦੇ ਹੌਂਕੇ ਲੇਰਾਂ ਚ ਬਦਲ ਗਏ।ਓਹ ਤਿੰਨੇ ਖਾਣ ਆਲਾ ਸਮਾਨ ਓਥੀ ਛੱਡਕੇ ਬਾਰਾਂ ਵੱਜਦੇ ਨੂੰ ਪਿੰਡ ਵਾਿਪਸ ਆ ਗਈਆਂ ਸਨ।

ਕਾਲਜੋਂ ਆਕੇ ਸਰਬੀ ਨੇ ਕੱਪੜੇ ਵੀ ਨਾ ਬਦਲੇ ਤੇ ਸਿਰ ਦੁਖਣ ਦਾ ਬਹਾਨਾ ਲਾਕੇ ਬਿਸਤਰਿਆਂ ਆਲੇ ਕਮਰੇ ਚ ਆਕੇ ਖੇਸ ਲੈਕੇ ਸਾਰਾ ਦਿਨ ਹੁਬਕੀ ਰੋਂਦੀ ਰਹੀ।

..,ਤੇ ਓਧਰ ਦੀਪ ਖੇਤੋਂ ਆਇਆ ਤੇ ਨਹਾਕੇ ਇੱਕ ਅੱਧੀ ਰੋਟੀ ਖਾਕੇ ਕੋਠੇ ਤੇ ਮੰਜਾ ਚਾੜਕੇ ਪੈ ਗਿਆ।ਨਰਮੇ ਨੂੰ ਲਾਏ ਪਾਣੀ ਨਾਲ ਧਰਤੀ ਦੀ ਪਿਆਸ ਤਾਂ ਭਾਵੇਂ ਬੁਝ ਗਈ ਸੀ ਪਰ ਇਸ਼ਕ ਦੀ ਅੱਗ ਨੇ ਦੀਪ ਦੇ ਦਿਲ ਦੇ ਪਿੜਾਂ ਚ ਪਏ ਅਰਮਾਨਾਂ ਦੇ ਬੋਹਲਾਂ  ਨੂੰ ਫੂਕ ਦਿੱਤਾ ਸੀ।

  ਅਗਲੀ ਸਵੇਰ ਦੀਪ ਕਾਲਜ ਜਾਣ ਵਾਸਤੇ ਕਾਹਲੀ ਨਾਲ ਪਹਿਲਾਂ ਹੀ ਤਿਆਰ ਹੋ ਗਿਆ।ਪਿੰਡੋਂ ਬੱਸ ਲੈਕੇ ਕਾਲਜ ਜਾਣ ਤੱਕ ਸਿਰਫ ਘੰਟਾ ਕੁ ਲਗਦਾ ਸੀ ਪਰ ਅੱਜ ਏਹੀ ਘੰਟਾ ਵਰਿਆਂ ਵਰਗਾ ਹੋ ਗਿਆ ਸੀ।ਦੀਪ ਨੇ ਅੱਜ ਸੀਰੇ ਨੂੰ ਵੀ ਨਾ ਉਡੀਕਿਆ।

   ਦੀਪ ਜਦੋਂ ਕਾਲਜ ਪਹੁੰਚਿਆ ਤਾਂ ਪਾਲੀ ਤੇ ਕਰਮੀ ਗਾਰਡਨ ਵਿੱਚ ਬੈਠੀਆਂ ਸਨ।ਦੀਪ ਕਰੜੇ ਜੇ ਦਿਲ ਨਾਲ ਉਹਨਾਂ ਕੋਲ ਗਿਆ।

“ਸਰਬੀ ਨੀਂ ਆਈ ਅੱਜ?” ਦੀਪ ਨੇ ਆਪਣੀ ਸਾਰੀ ਤਾਕਤ ਕੱਠੀ ਕਰਕੇ ਪੁਛਿਆ।

“ਏਹੀ ਸਵਾਲ ਓਹ ਕੱਲ ਸਾਰਾ ਦਿਨ ਪੁਛੀ ਗਈ ਬੀ ਦੀਪ ਨੀਂ ਆਇਆ ਅੱਜ?” ਪਾਲੀ ਨੇ ਆਪਣੇ ਵੱਲੋਂ ਪੂਰੇ ਗੁੱਸੇ ਨਾਲ ਕਿਹਾ।

ਦੀਪ ਨੇ ਕਿਸੇ ਗੁਨਾਹਗਾਰ ਵਾਂਗੂੰ ਨੀਵੀਂ ਪਾ ਲਈ।

“ਕੀ ਕਰਾਂ,ਘਰੇ ਕੰਮ ਈ ਐਨਾ ਜਰੂਰੀ….” ਦੀਪ ਨੇ ਜਦੋਂ ਦੱਸਣਾ ਚਾਹਿਆ ਤਾਂ ਪਾਲੀ ਨੇ ਵਿੱਚੋਂ ਟੋਕਦਿਆਂ ਕਿਹਾ।

“ਸਾਨੂੰ ਸਫਾਈਆਂ ਦੇਣ ਦੀ ਲੋੜ ਨੀਂ..ਓਹਨੂੰ ਦੱਸੀਂ ਆਵਦੀ ਕੁਸ਼ ਲੱਗਦੀ ਨੂੰ,ਜਦੋਂ ਮਿਲੀ।” ਪਾਲੀ ਨੇ ਗੱਲ ਦਾ ਨਿਬੇੜਾ ਕਰਦਿਆਂ ਆਖਿਆ।ਦੀਪ ਜਦੋਂ ਓਥੋਂ ਤੁਰਨ ਲੱਗਿਆ ਤਾਂ ਪਾਲੀ ਨੇ ਪਿੱਛੋਂ ਅਵਾਜ਼ ਦੇਕੇ ਕਿਹਾ..”ਕਲਾਸਰੂਮ ਚ ਬੈਠੀ ਰੋਈ ਜਾਂਦੀ ਆ..ਜਾਕੇ ਵਰਾ ਲੈ ਓਹਨੂੰ।”

ਦੀਪ ਨੇ ਅਹਿਸਾਨਮੰਦ ਨਜ਼ਰਾਂ  ਨਾਲ ਪਾਲੀ ਦਾ ਧੰਨਵਾਦ ਕੀਤਾ।

ਦੀਪ ਜਦੋਂ ਕਮਰੇ ਦੇ ਬਾਰ ਚ ਪਹੁੰਚਿਆ ਤਾਂ ਉਸਦੀ ਧੜਕਨ ਤੇਜ਼ ਹੋ ਗਈ।ਜੱਕੋਤੱਕੀ ਚ ਹਿੰਮਤ ਜੀ ਕਰਕੇ ਦੀਪ ਕਮਰੇ ਚ ਦਾਖਿਲ ਹੋਇਆ।

ਸਰਬੀ ਸਭਤੋਂ ਅਖੀਰਲੇ ਡੈਸਕ ਤੇ ਨੀਵੀਂ ਪਾਈ ਬੈਠੀ ਸੀ।

ਦੀਪ ਦੇ ਪੈਰਾਂ ਦੇ ਖੜਕੇ ਨੂੰ ਸਰਬੀ ਨੇ ਪਹਿਚਾਣ ਲਿਆ ਸੀ।ਦੀਪ ਹਿੰਮਤ ਕਰਕੇ ਸਰਬੀ ਦੇ ਕੋਲ ਜਾਕੇ ਖੜ ਗਿਆ।

ਉਸਨੂੰ ਸਮਝ ਨਹੀਂ ਸੀ ਆ ਰਹੀ ਵੀ ਕੀ ਕਰੇ ਤੇ ਕੀ ਆਖੇ।

“ਸਰਬੀ…..” ਇੱਕ ਲੰਬੀ ਚੁੱਪ ਪਿੱਛੋਂ ਦੀਪ ਦੇ ਮੂੰਹੋਂ ਇੱਕ ਲਫਜ਼ ਮਸਾਂ ਨਿਕਲਿਆ।

ਸਰਬੀ ਨੇ ਸਿਰ ਉਪਰ ਚੱਕਕੇ ਵੀ ਨਾ ਦੇਖਿਆ ਤੇ ਉਸੇ ਤਰਾਂ ਨੀਵੀਂ ਪਾਕੇ ਰੋੰਦੀ ਰਹੀ।

  ਦੀਪ ਨੇ ਓਥੀਂ ਖੜੇ ਨੇ ਹਿੰਮਤ ਜੀ ਕਰਕੇ ਖੇਤ ਜਾਣ ਬਾਰੇ ਸਾਰੀ ਵਿੱਥਿਆ ਸੁਣਾ ਦਿੱਤੀ।ਦੀਪ ਦੇ ਚੁੱਪ ਹੋਣ ਤੋਂ ਬਾਦ ਸਰਬੀ ਨੇ ਪਹਿਲੀ ਵਾਰ ਉਪਰ ਸਿਰ ਚੁੱਕ ਕੇ ਦੀਪ  ਨੂੰ ਦੇਖਿਆ।ਸਰਬੀ ਨੂੰ ਦੀਪ ਦੇ ਬੋਲਾਂ ਨਾਲੋ ਉਹਦੀਆਂ ਅੱਖਾਂ ਚ ਜ਼ਿਆਦਾ ਸੱਚਾਈ ਜਾਪੀ।

ਸਰਬੀ ਨੇ ਖੜੀ ਹੋਕੇ ਬਿਨਾਂ ਕੁਝ ਬੋਲਿਆਂ ਦੀਪ ਨੂੰ ਕਮਲਿਆਂ ਵਾਂਗ ਬਾਂਹਾਂ ਚ ਘੁੱਟ ਲਿਆ।ਦੀਪ ਨੂੰ ਕੁਝ ਵੀ ਨਹੀਂ ਸੀ ਸਮਝ ਆ ਰਿਹਾ ਵੀ ਕੀ ਹੋ ਰਿਹਾ ਏ..ਦੀਪ ਨੂੰ ਲੱਗਿਆ ਕਿ ਜਿਮੇਂ ਉਹ ਕੋਈ ਫਿਲਮੀ ਸੀਨ ਨੂੰ ਜੀਅ ਰਿਹਾ ਹੋਵੇ..ਦਸਾਂ ਮਿੰਟਾਂ ਬਾਦ ਸਰਬੀ ਅੱਖਾਂ ਪੂੰਝਦੀ ਹੋਈ ਪਿੱਛੇ ਹੋ ਗਈ।ਪਿਆਰ ਚ ਕਮਲੀ,ਰੋ ਰੋ ਕੇ ਹੋਈ ਬੇਹਾਲ ਤੇ ਸਰਬੀ ਦੇ ਮਾਸੂਮ ਚੇਹਰੇ ਨੂੰ ਦੇਖਕੇ ਦੀਪ ਨੂੰ ਲੱਗਿਆ ਕਿ ਦੁਨੀਆਂ ਤੇ ਇਸ ਤੋਂ ਜ਼ਿਆਦਾ ਪਿਆਰੀ ਸ਼ੈਅ ਕੋਈ ਹੋਵੇ…

“ਜੇ ਪਹਿਲਾਂ ਪਤਾ ਹੁੰਦਾ ਵੀ ਤੇਰੇ ਨੈਣਾਂ ਚ ਐਨਾ ਪਾਣੀ ਆ ਤਾਂ ਮੈਂ ਊਈਂ ਮੋਟਰ ਨਾਲ ਮੱਥਾ ਮਾਰੀ ਗਿਆ…ਏਹਦੇ ਨਾਲੋਂ ਤਾਂ ਤੂੰ ਸਾਡਾ ਨਰਮਾ ਰਮਾ ਦਿੰਦੀ।” ਦੀਪ ਨੇ ਸਰਬੀ ਨੂੰ ਛੇੜਦਿਆਂ ਕਿਹਾ।

“ਹੁਣ ਗੱਲਾਂ ਆਗੀਆਂ ਤੈਨੂੰ..” ਸਰਬੀ ਦੀਪ ਦੀ ਵੱਖੀ ਚ ਕੂਹਣੀ  ਮਾਰਕੇ ਕਮਰੇ ਚੋਂ ਬਾਹਰ ਹੋ ਗਈ।

      ਏਸ ਮੋਹ ਪਿਆਰ ਚ ਆਖਰੀ ਪੇਪਰ ਕਦੋਂ ਆ ਗਏ..ਕਿਸੇ ਨੂੰ ਪਤਾ ਨਹੀਂ ਸੀ..ਜਿਉਂ ਜਿਉਂ ਆਖਰੀ ਪੇਪਰ ਨੇੜੇ ਆ ਰਿਹਾ ਸੀ ਤਾਂ ਸਰਬੀ ਦਾ ਗੋਰਾ ਰੰਗ ਰੂੰਅ ਦੇ ਫੰਭੇ ਵਾਂਗ ਉੱਡ ਰਿਹਾ ਸੀ..ਅਖੀਰ ਨੂੰ ਅੱਜ ਬੀਏ ਫਾਈਨਲ ਦਾ ਅਖੀਰਲਾ ਪੇਪਰ ਸੀ..ਸਾਰਿਆਂ ਨੂੰ ਪੇਪਰ ਖਤਮ ਹੋਣ ਦਾ ਚਾਅ ਸੀ ਪਰ ਦੀਪ ਤੇ ਸਰਬੀ ਲਈ ਜਿਮੇਂ ਉਮਰ ਭਰ ਦਾ ਵਿਛੋੜਾ ਸੀ..ਪੇਪਰ ਤੋਂ ਬਾਦ ਅੱਜ ਦੀਪ ਓਸੇ ਕਮਰੇ ਦੇ ਅਖੀਰਲੇ ਡੈਸਕ ਤੇ ਬੈਠਾ ਸੀ..ਸਰਬੀ ਜਦੋਂ ਕਮਰੇ ਚ ਆਈ ਤਾਂ ਦੀਪ ਦਾ ਹੌਕਾ ਨਿਕਲ ਗਿਆ..ਸਰਬੀ ਕੰਬਦੇ ਕਦਮਾਂ ਨਾਲ ਦੀਪ ਦੇ ਕੋਲ ਜਾਕੇ ਖੜ ਗਈ..ਦੋਹਾਂ ਦੇ ਨੈਣਾਂ ਚ ਏਨੀ ਹਿੰਮਤ ਨਹੀਂ ਸੀ ਕਿ ਇੱਕ ਦੂਜੇ  ਨੂੰ ਤੱਕ ਲੈਣ…ਸਰਬੀ ਨੇ ਨੀਵੀਂ ਪਾਈ ਦੀਪ ਨੂੰ ਬਾਹਾਂ ਚ ਘੁੱਟ ਲਿਆ..ਸੁੱਚੇ ਮੋਤੀ ਵਰਗੇ ਦੋ ਹੰਝੂ ਦੀਪ ਦੀ ਧੌਣ ਤੋਂ ਹੁੰਦੇ ਹੋਏ ਦੀਪ ਦੀ  ਛਾਤੀ ਤੇ ਆਕੇ ਰੁਕ ਗਏ..ਸਰਬੀ ਲਈ ਉੱਥੇ ਰੁਕਣਾ ਬੇਹਾਲ ਹੋ ਗਿਆ..ਦੀਪ ਦੇ ਸਿਰ ਨੂੰ ਚੁੰਮਕੇ ਸਰਬੀ ਪਾਗਲਾਂ ਵਾਂਗ ਭੱਜਕੇ ਕਮਰੇ ਚੋਂ ਬਾਹਰ ਹੋ ਗਈ..

ਦੀਪ ਨੂੰ ਕੋਈ ਪਤਾ ਨਹੀਂ ਸੀ ਕਿ ਸੀਰਾ ਉਸਨੂੰ ਕਦੋਂ ਕਮਰੇ ਚੋਂ ਉਠਾਕੇ ਪਿੰਡ ਲੈ ਆਇਆ ਸੀ..

ਜਦੋਂ ਦੀਪ ਆਪਣੇ ਘਰ ਦੀ ਗਲੀ ਮੁੜਨ  ਲੱਗਿਆ ਤਾਂ ਸੀਰੇ ਨੇ ਦੀਪ ਨੂੰ ਮੋਢਿਉਂ ਰੋਕ ਕੇ ਕਿਹਾ..”ਜਦੋਂ ਮਰਜ਼ੀ ਲੋੜ ਹੋਈ ਤਾਂ ਬੇਝਿਜਕ ਦੱਸੀਂ।”

    ਪੇਪਰ ਹੋਇਆਂ ਨੂੰ ਤਿੰਨ ਮਹੀਨੇ ਹੋ ਚੱਲੇ ਸਨ..ਰਿਜ਼ਲਟ ਅਜੇ ਤੱਕ ਨਹੀੰ ਆਇਆ ਸੀ..ਦੀਪ ਨੇ ਦਿਲ ਲਾਉਣ ਵਾਸਤੇ ਪੂਰਨਮਾਸ਼ੀ ਨਾਵਲ ਇੱਕ ਵਾਰ ਫੇਰ ਪੜਨਾ ਸ਼ੁਰੂ ਕਰ ਦਿੱਤਾ ਸੀ।

ਮੇਹਰ ਸਿੰਘ ਨੇ ਦੋ ਕਿੱਲੇ ਐਤਕੀਂ ਠੇਕੇ ਤੇ ਫੇਰ ਲੈਕੇ ਨਰਮਾ ਬੀਜਿਆ ਸੀ..ਦੀਪ ਸ਼ਹਿਰੋਂ ਡੀਏਪੀ ਲੈਕੇ ਆਇਆ ਸੀ..ਪਾਣੀ ਪੀਕੇ ਦੀਪ ਬੈਠਕ ਚ ਆਕੇ ਨਾਵਲ ਪੜਨ ਲੱਗ ਪਿਆ।

“ਵੇ ਦੀਪ ਆਪਣੇ ਢਿੱਲਮਾਂ ਦੇ ਬਿਆਹ ਨੀ ਮੁੰਡੇ ਦਾ..ਉਹਨਾਂ ਦੇ ਆਏ ਗਇਆਂ ਚੋਂ ਕੋਈ ਕੁੜੀ ਆਪਣੇ ਘਰੇ ਪੱਤਲ ਦੇਕੇ ਗਈ ਆ..ਖੌਰੇ ਕੀ ਨਾਂ ਦੱਸਦੀ ਸੀ..ਹਾਂ ਸੱਚ ਪਾਲੀ..ਪਾਲੀਉ ਈ ਕਹਿੰਦੀ ਸੀ..।” ਭਾਨੀ ਨੇ ਚਾਹ ਦਾ ਗਲਾਸ ਲੱਕੜ ਦੇ ਬਣੇ ਸਟੂਲ ਤੇ ਰੱਖਦਿਆਂ ਕਿਹਾ।

ਪਾਲੀ ਦਾ  ਨਾਂ ਸੁਣਦਿਆਂ ਦੀਪ ਨਾਵਲ ਨੂੰ ਮੰਜੇ ਤੇ ਰੱਖਕੇ ਖੜਾ ਹੋ ਗਿਆ।

“ਆਹੋ ਓਹ ਨਾਲ ਪੜਦੀ ਸੀ ਮੇਰੇ..ਚਾਹ ਪਾਣੀ ਪਿਆਤਾ ਸੀ।” ਦੀਪ ਦਾ ਅਸਲੀ ਗੱਲ ਪੁੱਛਣ ਦਾ ਹੌਂਸਲਾ ਨਾ ਪਿਆ।

“ਚਾਹ ਨੂੰ ਛੱਡ..ਪੱਕਾ ਦੁੱਧ ਪਿਆਤਾ ਸੀ ਤੌੜੀ ਆਲਾ।” ਭਾਨੀ ਨੇ ਬਾਹਰ ਹੁੰਦਿਆਂ ਕਿਹਾ।

    ਦੀਪ ਨੂੰ ਖਬਰੇ ਕਿਉੰ ਲੱਗ ਰਿਹਾ ਸੀ ਕਿ ਸਰਬੀ ਬਾਰੇ ਜਰੂਰ ਕੋਈ ਨਾ ਕੋਈ ਗੱਲ ਆ..ਦੀਪ ਨੇ ਚਾਹ ਦੇ ਗਲਾਸ ਬਾਰੇ ਕੋਈ ਧਿਆਨ ਨਾ ਦਿੱਤਾ,ਚਾਹ ਪਈ ਪਈ ਠੰਡੀ ਹੋ ਗਈ।

    ਸਵੇਰੇ ਦੀਪ ਜਦੋਂ ਖੇਤ ਕੰਨਿਉਂ ਗੇੜਾ ਮਾਰਕੇ ਘਰ ਆ ਰਿਹਾ ਸੀ ਤਾਂ ਗੁਰੂਘਰ ਬਾਬੇ ਨੇ ਢਿੱਲਮਾਂ ਦੇ ਬਿਆਹ ਬਾਰੇ ਦੁੱਧ ਦੀ ਬੇਨਤੀ ਬੋਲੀ।ਦੀਪ ਨੂੰ ਜਾਪਿਆ ਕਿ ਦੁੱਧ ਦੇ ਬਹਾਨੇ ਪਾਲੀ ਨੂੰ ਮਿਲਿਆ ਜਾ ਸਕਦਾ ਹੈ।

  ਘਰੇ ਆਕੇ ਦੀਪ ਨੇ ਆਪਣੇ ਮਾਂ ਤੋਂ ਪੁੱਛੇ ਬਗੈਰ ਹੀ ਘਰ ਦੇ ਦੱੁਧ ਆਲੇ ਡੋਲੂ ਚ ਘਰ ਦੇ ਡੰਗ ਜੋਗਰਾ ਦੁੱਧ ਗੜਬੀ ਚ ਕੱਢਿਆ ਤੇ ਢਿੱਲਮਾਂ ਦੇ ਘਰ ਨੂੰ ਸਿੱਧਾ ਹੋ ਗਿਆ।

ਦੀਪ ਜਦੋਂ ਬਿਆਹ ਆਲੇ ਘਰ ਪਹੁੰਚਿਆ ਤਾਂ ਮੁੰਡੇ ਦੀ ਨਾਹਈ-ਧੋਈ ਹੋ ਰਹੀ ਸੀ।ਬਿਆਹ ਆਲੇ ਮੁੰਡੇ ਦੇ ਚਾਚੇ ਨੂੰ ਦੁੱਧ ਫੜਾਕੇ ਦੀਪ ਮੇਲ-ਗੇਲ ਚੋਂ ਪਾਲੀ ਨੂੰ ਲੱਭਣ ਲੱਗਿਆ।

“ਜੇ ਕੱਲ ਹੀ ਘਰ ਮਿਲ ਜਾਂਦਾ ਤਾਂ ਐਥੇ ਆਉਣ ਦੀ ਲੋੜ ਈ ਨਾ ਪੈਂਦੀ।” ਪਾਲੀ ਨੇ ਮਗਰੋਂ ਆਕੇ ਦੀਪ ਨੂੰ ਕਿਹਾ।

“ਸਾਸਰੀ….” ਬਾਕੀ ਲ਼ਫਜ਼ ਦੀਪ ਦੇ ਮੂੰਹ ਚ ਹੀ ਅਟਕ ਗਏ।

  ਪਾਲੀ ਇਸ਼ਾਰੇ ਨਾਲ ਦੀਪ ਨੂੰ ਗਲੀ ਚ ਲੈ ਗਈ।      “ਉਹਨੂੰ ਮਿਲ ਲੈ..ਨਹੀਂ ਮਰ ਜਾਣੈ ਉਹਨੇ।” ਪਾਲੀ ਨੇ ਦੀਪ ਦੋ ਟੁੱਕ ਕਿਹਾ।

ਦੀਪ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਪਾਲੀ ਨੂੰ ਕੀ ਜਵਾਬ ਦੇਵੇ।ਗਲੀ ਚ ਉਹਨਾਂ ਨੂੰ ਖੜਿਆਂ ਦੇਖਕੇ ਆਸੇ ਪਾਸੇ ਆਲੇ ਲੰਘਦਿਆਂ ਨੂੰ ਹੈਰਾਨੀ ਹੋਈ।

 “ਮੈਂ ਕਰਾਂ ਤਾਂ ਕਰਾਂ ਕੀ..।” ਦੀਪ ਨੇ ਬੇਵਸੀ ਜਾਹਿਰ ਕੀਤੀ।

“ਬਾਹਲੀਆਂ ਗੱਲਾਂ ਦਾ ਟੈਮ ਨੀਂ..ਤਾਂ ਹੀ ਤਾਂ ਮੈਂ ਤੇਰੇ ਘਰ ਗਈ ਸੀ ਕੱਲ..ਪਿੰਡੋਂ ਆਉੰਦੀ ਹੋਈ ਨੂੰ ਸਰਬੀ ਨੇ ਸੁਨੇਹਾ ਭੇਜਿਆ ਤੈਨੂੰ..ਐਤਵਾਰ ਨੂੰ ਮਿਲ ਲਈਂ ਉਹਨੂੰ ਰਾਤ ਨੂੰ..ਉਹਨਾਂ ਦੇ ਘਰ ਦੇ ਨਾਲ ਸੂੲਾ ਜਾਂਦਾ ਏ..ਬਾਰਾਂ ਵਜੇ ਤੋਂ ਬਾਦ ਮਿਲੂ ਓਹੋ।” ਪਾਲੀ ਨੇ ਕਾਹਲੀ ਕਾਹਲੀ ਚ ਦੀਪ ਨੂੰ ਦੱਸਿਆ।

“ਰਾਤ ਨੂੰ..? ਨਾਲੇ ਐਤਵਾਰ ਤਾਂ ਅੱਜ ਈ ਆ..।” ਦੀਪ ਨੇ ਹੈਰਾਨਗੀ ਨਾਲ ਪੁਛਿਆ।

“ਚਾਹੇ ਅੱਜ ਹੀ ਆ..ਪਰ ਤਕੜਾ ਹੋਕੇ ਮਿਲੀਂ..ਸੂਏ ਦਾ ਪੁਲ ਟੱਪਕੇ,ਡੇਕਾਂ ਆਲਾ ਘਰ ਆ..।” ਪਾਲੀ ਜਾਂਦੀ ਹੋਈ ਕਹਿ ਗਈ।

   ਦੱੁਧ ਆਲਾ ਡੋਲੂ ਫੜਕੇ ਦੀਪ ਘਰੇ ਆ ਗਿਆ।ਬੈਠਕ ਚ ਜਾਕੇ ਦੀਪ ਨੇ ਫੇਰ ਨਾਵਲ ਚੱਕ ਲਿਆ।ਨਾਵਲ ਦਾ ਵੀ ਬੱਸ ਆਖਰੀ ਹਿੱਸਾ ਪੜਨ ਆਲਾ ਰਹਿ ਗਿਆ ਸੀ।

  ਏਸੇ ਜੱਕੋਤੱਕੀ ਚ ਓਹਨੇ ਆਥਣ ਦੇ ਚਾਰ ਵਜਾ ਦਿੱਤੇ।

ਹਾਰਕੇ ਦੀਪ ਸੀਰੇ ਦੇ ਘਰ ਨੂੰ ਸਿੱਧਾ ਹੋ ਗਿਆ।ਸੀਰੇ ਦੇ ਘਰੇ ਦੀਪ ਨੂੰ ਪਤਾ ਲੱਗਿਆ ਕਿ ਸੀਰਾ ਤਾਂ ਖੇਤ ਗਿਆ ਹੋਇਆ ਏ..ਜਦੋਂ ਨੂੰ ਦੀਪ ਸੀਰੇ ਕੋਲ ਖੇਤ ਗਿਆ ਤਾਂ ਸੀਰਾ ਕੱਖ ਵੱਡ ਰਿਹਾ ਸੀ।ਦੀਪ ਸੀਰੇ ਕੋਲ ਜਾਕੇ ਵੱਟ ਤੇ ਖੜ ਗਿਆ।ਦੀਪ ਨੂੰ ਦੇਖਕੇ ਸੀਰਾ ਥੋੜਾ ਹੈਰਾਨ ਹੋਇਆ।

“ਸੁੱਖ ਤਾਂ ਹੈ..ਐਹੇ ਜੇ ਵੇਲੇ..ਓਹ ਵੀ ਐਥੇ..।” ਸੀਰੇ ਨੇ ਦਾਤੀ ਨੂੰ ਵੱਟ ਤੇ ਸੇਹ ਦੇ ਤੱਕਲੇ ਵਾਂਗੂੰ ਖੁਬੋਦਿਆਂ ਕਿਹਾ।

“ਅੱਜ ਰਾਤ ਨੂੰ..ਬਾਰਾਂ ਵਜੇ..ਓਹਦੇ ਪਿੰਡ..।”  ਦੀਪ ਨੇ ਬਾਹਲੀ ਲੰਬੀ ਚੌੜੀ ਗੱਲ ਨਾ ਕੀਤੀ।

“ਪਤਾ ਕਿਮੇਂ ਲੱਗਿਆ..ਮਤਬਲ ਬੀ ਕੀਹਦੇ ਰਾਹੀਂ ਸੁਨੇਹਾ ਮਿਲਿਆ?” ਸੀਰੇ ਨੇ ਉਤਸੁਕਤਾ ਨਾਲ ਪੁਛਿਆ।

“ਪਾਲੀ ਆਈ ਏ ਆਵਦੀ ਮਾਸੀ ਕੋਲ..ਬਿਆਹ ਤੇ..ਢਿੱਲਮਾਂ ਦੇ..।” ਦੀਪ ਨੇ ਦੱਸਿਆ।

“ਫੇਰ ਕੀਹਨੂੰ ਡੀਕਦੈਂ..” ਸੀਰੇ ਨੇ ਬਾਂਹ ਤੋਂ ਕਾਲਰ ਉਪਰ ਕਰਦਿਆਂ ਕਿਹਾ।

“ਜਾਮਾਂਗੇ ਕਾਹਤੇ?” ਦੀਪ ਨੇ  ਵੀ ਮਨ ਬਣਾ ਲਿਆ ਸੀ।

“ਚਾਹੇ ਕਿਸੇ ਦਾ ਜਹਾਜ਼ ਚੱਕਣਾ ਪੈਜੇ..ਓਹਦੀ ਫਿਕਰ ਨਾ ਕਰ..ਬੱਸ ਦਿਲ ਕਰੜਾ ਰੱਖੀਂ।” ਸੀਰੇ ਨੇ ਹਿੱਕ ਥਾਪੜੀ।

“ਕਿੰਨੇ ਵਜੇ ?” ਦੀਪ ਨੇ ਤੁਰਨ ਲੱਗੇ ਨੇ ਪੁਛਿਆ।

“ਨੌਂ ਵੱਜਦੇ ਨੂੰ ਤੇਰੀ ਗਲੀ ਆਲੇ ਮੋੜ ਤੇ..ਕੇਹੜਾ ਓਹਦਾ ਪਿੰਡ ਬਾਹਲੀ ਦੂਰ ਆ..ਚਾਲੀ ਮਿੰਟਾਂ ਦੀ ਵਾਟ ਆ..ਨਾਲੇ ਖਾਲੀ ਹੱਥ ਨਾ ਆਈਂ..।” ਸੀਰੇ ਨੇ ਖੁਬੋਈ ਦਾਤੀ ਨੂੰ ਚੱਕਦਿਆਂ ਕਿਹਾ।

  ਘਰੇ ਆਕੇ ਦੀਪ ਬੈਠਕ ਚ ਆ ਪਿਆ।ਦੀਪ ਲਈ ਹਾਲੇ ਵੀ ਉਲਝਣ ਬਣੀ ਹੋਈ ਸੀ..ਏਹਨਾਂ ਸੋਚਾਂ ਚ ਹੀ ਆਥਣ ਦੀ ਰੋਟੀ ਦਾ  ਵੇਲਾ ਹੋ ਗਿਆ।

“ਵੇ ਮੁੰਡਿਆ ਰੋਟੀ ਖਾਲੈ ਆਕੇ..ਲੈਟ ਦਾ ਨੀਂ ਪਤਾ ਕਦੋਂ ਵੱਗਜੇ..।” ਭਾਨੀ ਨੇ ਬਾਹਰੋਂ ਅਵਾਜ਼ ਦਿੱਤੀ।

ਦੀਪ ਨੇ ਨਲਕੇ ਤੇ ਹੱਥ ਧੋਤੇ ਤੇ ਵੇਹੜੇ ਚ ਪਏ ਮੰਜੇ ਤੇ ਆਕੇ ਬੈਠ ਗਿਆ।

“ਤੇਰਾ ਚਿੱਤ ਤਾਂ ਠੀਕ ਆ..।” ਭਾਨੀ ਨੇ ਰੋਟੀ ਮੰਜੇ ਤੇ ਰੱਖਦਿਆਂ ਆਖਿਆ।

“ਕੁਸ਼ ਨੀਂ..ਐਮੀਂ ਥੋੜਾ ਸਿਰ ਜਾ ਦੁਖਦਾ ਸੀ।” ਦੀਪ ਨੇ ਗੱਲ ਟਾਲੀ।

“ਗੋਲ਼ੀ ਗੂਲੀ ਲੈ ਲੈਂਦਾ..ਹੈਥੇ ਹਰੇ ਜੇ ਪੰਨੇ ਆਲੀ ਪਈ ਸੀ..ਕਨਸ ਕੋਲੇ।” ਭਾਨੀ ਨੇ ਉੱਤਰ ਦਿੱਤਾ।

“ਮਾਂ ਆਪਣਾ ਪੋੰਡੀ ਵੱਡਣ ਆਲਾ ਖਪਰਾ ਜਾ ਕਿੱਥੇ ਆ?” ਦੀਪ ਨੇ ਰੋਟੀ ਖਤਮ ਕਰਦਿਆਂ ਆਖਿਆ।

“ਕਿਉਂ ਕੀ ਲੋੜ ਪੈਗੀ?” ਭਾਨੀ ਨੇ ਦੀਪ ਕੰਨੀਂ ਮੁੜਦਿਆਂ ਪੁਛਿਆ।

“ਕੁਸ਼ ਨੀਂ..ਓਹ ਸੀਰੇ ਨੇ ਅੱਜ ਮੋਟਰ ਛੱਡਣੀ ਆ ਰਾਤ ਨੂੰ..ਉਹਨੇ ਮੰਗਿਐ?” ਦੀਪ ਨੇ ਬਹਾਨਾ ਘੜਿਆ।

“ਆਹ..ਤੂੜੀ ਆਲੇ ਚ ਪਿਆ ਹੋਊ ਸਿੱਟਿਆ ਕਿਤੇ?” ਭਾਨੀ ਨੇ ਪਰਾਂਤ ਚੱਕਦਿਆਂ ਆਖਿਆ।

   ਦੀਪ ਨੇ ਤੂੜੀ ਆਲੇ ਕਮਰੇ ਚੋਂ ਖਪਰਾ ਲੱਭਿਆ ਤੇ ਤਸੱਲੀ ਕੀਤੀ..ਓਹਦੀ ਧਾਰ ਅਜੇ ਵੀ ਤਿੱਖੀ ਸੀ।ਦੀਪ ਜਦੋਂ ਪਰਨਾ ਚੱਕਣ ਲਈ ਬੈਠਕ ਚ ਗਿਆ ਤਾਂ ਪੂਰਨਮਾਸ਼ੀ ਨਾਵਲ ਮੰਜੇ ਤੇ ਪਿਆ ਸੀ..ਦੀਪ ਨੇ ਦੋ ਪਲ ਓਹਦੇ ਵੱਲ ਤੱਕਿਆ..ਪਤਾ ਨੀਂ ਦੀਪ ਦੇ ਮਨ ਵਿੱਚ ਕੀ ਆਈ,ਉਸਨੇ ਤੁਰਨ ਲੱਗੇ ਨੇ ਨਾਵਲ ਨਾਲ ਚੱਕ ਲਿਆ।

 ਦੀਪ ਜਦੋਂ ਮੋੜ ਤੇ ਪਹੁੰਚਿਆ ਤਾਂ ਸੀਰਾ ਪਹਿਲਾਂ ਹੀ ਮੋਟਰਸ਼ੈਕਲ ਲੈਕੇ ਖੜਾ ਸੀ।

“ਏਹ ਕੀਹਦਾ ਏ?” ਦੀਪ ਨੇ ਮਗਰ ਬੈਠਦਿਆਂ ਪੁਛਿਆ।

“ਜੀਹਦਾ ਮਰਜ਼ੀ ਹੋਵੇ..ਤੂੰ ਦਿਲ ਤਕੜਾ ਰੱਖ” ਸੀਰੇ ਨੇ ਮੋਟਰਸ਼ੈਕਲ ਦੀ ਰੇਸ ਦਿੰਦਿਆਂ ਕਿਹਾ।

    ਨੇ੍ਰੇ ਚ ਹੌਲੀ ਹੌਲੀ ਡਿੱਕ ਡੋਲੇ ਖਾਂਦੇ ਓਹ ਸਰਬੀ ਦੇ ਪਿੰਡ ਦਸ ਵਜੇ ਨੂੰ ਪਹੁੰਚ ਗਏ।

“ਦੋ ਘੰਟੇ ਕੀ ਕਰਾਂਗੇ?” ਸੀਰੇ ਨੇ ਮੋਟਰਸ਼ੈਕਲ ਦਾ ਸਟੈਂਡ ਲਾਉਦਿਆਂ ਆਖਿਆ।

“ਡੀਕਣਾ ਈ ਪੈਣੈ ..ਹੋਰ ਕੀ ਕਰਨਾ।” ਦੀਪ ਨੇ ਖਪਰਾ ਮੋਟਰਸ਼ੈਕਲ ਦੇ  ਨਾਲ ਖੜਾ ਕਰਦਿਆਂ ਆਖਿਆ।

“ਐਥੋਂ ਤੱਕ ਗੱਲ ਕਿਮੇਂ ਪਹੁੰਚ ਗਈ..ਗੱਲ ਸ਼ੁਰੂ ਕਿਮੇਂ ਹੋਈ ਸੀ?” ਸੀਰੇ ਨੇ ਟੈਮ ਟਪਾਉਣ ਦੇ ਮਾਰੇ ਨੇ ਪੁਛਿਆ।

  ਦੀਪ ਨੇ ਸੂਏ ਦੀ ਭੜੀਂ ਤੇ ਬੈਠਦਿਆਂ ਗੱਲ ਸ਼ੁਰੂ ਕੀਤੀ।ਪੂਰਨਮਾਸ਼ੀ ਦੀਪ ਨੇ ਝੋਲੀ ਚ ਰੱਖ ਲਿਆ।ਸੀਰਾ ਵੀ ਦੀਪ ਦੇ ਬਰੋਬਰ ਆਕੇ ਬੈਠ ਗਿਆ।ਗੱਲਾਂ ਗੱਲਾਂ ਚ ਕਦੋਂ ਬਾਰਾਂ ਵੱਜ ਗਏ,ਓਹਨਾਂ ਨੂੰ ਪਤਾ ਹੀ ਨਾ ਲੱਗਿਆ।

“ਆੜੀਆ ਬਾਰਾਂ ਤੋਂ ਪੰਜ ਉੱਤੇ ਹੋਗੇ।” ਸੀਰੇ ਨੇ ਨੰਬਰਾਂ ਆਲੀ ਘੜੀ ਤੋਂ ਟੈਮ ਦੇਖਦਿਆਂ ਕਿਹਾ।

  ਦੀਪ ਨੇ ਖੜਾ ਹੋਕੇ ਲੰਮਾ ਸਾਹ ਲਿਆ।ਸੀਰੇ ਨੇ ਦੀਪ ਦਾ ਮੋਢਾ ਥਾਪੜਿਆ।ਦੀਪ ਮੋਟਰਸ਼ੈਕਲ ਨਾਲ ਲਾਏ ਖਪਰੇ ਨੂੰ ਚੱਕਕੇ ਤੁਰ ਪਿਆ।ਪੂਰਨਮਾਸ਼ੀ ਵੀ ਦੀਪ ਦੇ ਹੱਥ ਚ ਹੀ ਸੀ।ਜਦੋਂ ਦੀਪ ਸੂਏ ਦਾ ਪੁਲ ਟੱਪਿਆ ਤਾਂ ਡੇਕਾਂ ਆਲਾ ਘਰ ਦੀਪ ਨੂੰ ਨਜਰੀਂ ਪਿਆ।ਦੀਪ ਦੇ ਦਿਲ ਦੀ ਧੜਕਨ ਤੇਜ਼ ਹੋ ਗਈ।ਦੀਪ ਆਸਾ ਪਾਸਾ ਜਾ ਦੇਖਕੇ ਡੇਕਾਂ ਦੇ ਨਾਲ ਹੋਕੇ ਖੜ ਗਿਆ।ਚਾਰੇ ਪਾਸੇ ਮੌਤ ਵਰਗਾ ਸੰਨਾਟਾ ਸੀ।ਪੰਜ ਕੁ ਮਿੰਟਾਂ ਬਾਦ ਪੱਤਿਆਂ ਦੀ ਸਰਸਰਾਹਟ ਹੋਈ।ਦੀਪ ਨੇ ਖਪਰੇ ਨੂੰ ਘੁੱਟਕੇ ਫੜ ਲਿਆ।ਦੀਪ ਦੇ ਹਾਣ ਦਾ ਪਰਛਾਵਾਂ ਹੌਲੀ ਹੌਲੀ ਦੀਪ ਵੱਲ ਵੱਧ ਰਿਹਾ ਸੀ।ਦੀਪ ਨੂੰ ਤੋਰ ਪਛਾਨਣ ਚ ਦੇਰ ਨਾ ਲੱਗੀ।ਸਰਬੀ ਪੋਲੇ ਪੋਲੇ ਕਦਮਾਂ ਨਾਲ ਦੀਪ ਦੇ ਬਰੋਬਰ ਆ ਗਈ।

ਸਰਬੀ ਚੁਪਚਾਪ ਆਕੇ ਦੀਪ ਦੀ ਹਿੱਕ ਨਾਲ ਲੱਗ ਗਈ।

ਦੀਪ ਨੇ ਵੀ ਖਪਰੇ ਨੂੰ ਥੱਲੇ ਸੁੱਟਕੇ ਸਰਬੀ ਨੂੰ ਘੁੱਟ ਲਿਆ।ਓਹ ਕਿੰਨਾ ਚਿਰ ਏਸੇ ਵਿਸਮਾਦੀ ਹਾਲਤ ਚ ਖੜੇ ਰਹੇ।

“ਦੀਪ ਜੇ ਤੂੰ ਅੱਜ ਨਾ ਆਉੰਦਾ ਤਾਂ ਮੈਂ ….।” ਦੀਪ ਨੇ ਆਪਣੇ ਹੱਥ ਨਾਲ ਸਰਬੀ ਨੂੰ ਬੋਲਣੋਂ ਰੋਕ ਦਿੱਤਾ।

“ਆਉਂਦਾ ਕਿਉਂ ਨਾ…” ਆਖਦਿਆਂ ਦੀਪ ਜਜਬਾਤੀ ਹੋ ਗਿਆ।

“ਆਹ ਹੱਥ ਚ ਕੀ ਆ” ਸਰਬੀ ਨੇ ਦੀਪ ਦੇ ਹੱਥ ਚ ਫੜੀ ਚੀਜ਼ ਦੇਖਕੇ ਕਿਹਾ।

“ਏਹ ਤਾਂ ਪੂਰਨਮਾਸ਼ੀ ਆ..” ਦੀਪ ਨੇ ਸਰਬੀ ਦਾ ਮੱਥਾ ਚੁੰਮਦਿਆਂ ਕਿਹਾ।

“ਤੇ ਅੱਜ ਹੈ ਵੀ ਪੂਰਨਮਾਸ਼ੀ …” ਸਰਬੀ ਨੇ ਪੂਰੇ ਚੰਨ ਕੰਨੀਂ ਦੇਖਦਿਆਂ ਕਿਹਾ।

“ਅੱਜ ਪੂਰਨਮਾਸ਼ੀ ਆ?” ਦੀਪ ਨੇ ਹੈਰਾਨੀ ਨਾਲ ਚੰਨ ਕੰਨੀਂ ਦੇਖਕੇ ਕਿਹਾ।

ਉਹਨਾਂ ਦੋਵਾਂ ਦੇ ਪਰਛਾਵੇਂ ਸੂਏ ਦੇ ਵੱਗਦੇ ਪਾਣੀ ਚ ਤਰ ਰਹੇ ਸਨ।

“ਹੁਣ?” ਦੀਪ ਨੇ ਖਪਰੇ ਨੂੰ ਕੱਸਕੇ ਫੜਦਿਆਂ ਆਖਿਆ।

“ਜਿਮੇਂ ਤੇਰੀ ਮਰਜ਼ੀ।” ਸਰਬੀ ਨੇ ਹਿੱਕ ਨਾਲ ਲੱਗੀ ਨੇ ਆਖਿਆ।

“ਸਰਬੀ ਮੈਂ ਦਿਆਲਾ ਬਣਕੇ ਆਇਆ ਹਾਂ…ਮੈਨੂੰ ਰੂਪ ਜਾਂ ਦਿਆਲਾ ਬਣਾਉਣਾ ਤੇਰੇ ਸਾਰੇ ਆ।” ਦੀਪ ਨੇ ਆਖਰੀ ਫੈਸਲਾ ਦੱਸਿਆ।

  ਸਰਬੀ ਨੇ ਜਿਸ ਪਿਆਰ ਨਾਲ ਦੀਪ ਨੂੰ ਦੇਖਿਆ,ਉਸਨੂੰ ਲ਼ਫਜ਼ਾਂ ਚ ਬਿਆਨ ਕਰਨਾ ਔਖਾ ਸੀ।ਸਰਬੀ ਤੇ ਦੀਪ ਨੇ ਇੱਕ ਵਾਰ ਫੇਰ ਤੋਂ ਇੱਕ ਦੂਜੇ ਨੂੰ ਘੁੱਟ ਲਿਆ।

“ਦੀਪ ਆਪਣੇ ਆਪ ਨੂੰ ਸਾਂਭਕੇ ਰੱਖੀਂ।” ਸਰਬੀ ਨੇ ਜਿਮੇਂ ਆਪਣੇ ਵੱਲੋਂ ਫੈਸਲਾ ਸੁਣਾ ਦਿੱਤਾ ਸੀ।

“ਮੈਨੂੰ ਆਸ ਸੀ ਕਿ ਤੂੰ ਮੈਨੂੰ ਰੂਪ ਹੀ ਬਣਾਏਂਗੀ।” ਦੀਪ ਨੇ ਹੱਥੀਂ ਫੜੇ ਖਪਰੇ ਨੂੰ ਧਰਤੀ ਤੇ ਸੁੱਟ ਦਿੱਤਾ।

  ਸਰਬੀ ਨੂੰ ਦੀਪ ਕੋਲੋਂ ਵੱਖ ਹੋਣਾ ਮੌਤ ਸਮਾਨ ਲੱਗ ਰਿਹਾ ਸੀ।ਸਰਬੀ ਇੱਕ ਵਾਰ ਤਾਂ ਦੀਪ ਨੂੰ ਉੱਥੇ ਛੱਡਕੇ ਦੂਰ ਹੋ ਗਈ ਪਰ ਪੰਜ ਕੁ ਕਦਮ ਤੁਰਨ ਤੋਂ ਬਾਦ ਦੁਬਾਰਾ ਆਕੇ ਦੀਪ ਨੂੰ ਚੁੰਬੜ ਗਈ।ਰੱਬ ਦੀਆਂ ਦੋ ਸੱਚੀਆਂ ਰੂਹਾ ਪੂਰਨਮਾਸ਼ੀ ਦੀ ਰਾਤ ਨੂੰ ਜ਼ਾਰੋਜ਼ਾਰ ਰੋ ਰਹੀਆਂ ਸਨ।…..ਆਖਿਰ ਦਸਾਂ ਮਿੰਟਾਂ ਬਾਦ ਸਰਬੀ ਦੀਪ ਦੇ ਹੱਥ ਚੋਂ ਪੂਰਨਮਾਸ਼ੀ ਫੜਕੇ ਕਾਹਲੀ  ਨਾਲ ਆਪਣੇ ਘਰ ਚਲੀ ਗਈ।..ਦੀਪ ਹੌਲੀ ਹੌਲੀ ਤੁਰਦਾ ਹੋਇਆ ਸੀਰੇ ਕੋਲ ਪਹੁੰਚਿਆ।ਦੀਪ ਨੂੰ ਕੱਲਾ ਦੇਖਕੇ ਸੀਰਾ ਕੁਸ਼ ਨਾ ਬੋਲਿਆ।ਸੀਰੇ ਨੇ ਮੋਟਰਸ਼ੈਕਲ ਸਟਾਰਟ ਕੀਤਾ ਤੇ ਦੀਪ ਚੁਪਚਾਪ ਪਿੱਛੇ ਬੈਠ ਗਿਆ।

ਜਦੋਂ ਨੂੰ ਉਹ ਪਿੰਡ ਪਹੁੰਚੇ ਤਾਂ ਪਾਠੀ ਬੋਲ ਰਿਹਾ ਸੀ।
   ਦਸ ਸਾਲ ਬਾਦ..
   “ਸ਼ਾਮ ਨੂੰ ਬੈਂਕ ਚੋਂ ਵਾਪਿਸ ਆਉਂਦੇ ਹੋਏ ਜੋਤ ਦੇ ਟੇਬਲ ਆਲੀ ਬੁੱਕ ਲੈ ਆਇਉ..ਕੱਲ ਦਾ ਕਹੀ ਜਾਂਦਾ।” ਮਨਪ੍ਰੀਤ ਨੇ ਕਿਚਨ ਚੋਂ ਅਵਾਜ਼ ਦਿੱਤੀ।

“ਲੈ ਆਊਂਗਾ।” ਦੀਪ ਨੇ ਬੂਟਾਂ ਦੇ ਫੀਤੇ ਬੰਨਦੇ ਕਿਹਾ।

ਸ਼ਾਮ ਨੂੰ ਜਦੋਂ ਦੀਪ ਬੁੱਕ ਡੀਪੋ ਤੋਂ ਜੋਤ ਦਾ ਸਮਾਨ ਲੈਕੇ ਵਾਪਿਸ ਗੱਡੀ ਚ ਬੈਠਾ ਤਾਂ ਓਹ ਦੁਬਾਰਾ ਉੱਠਕੇ ਡਿਪੋ ਤੇ ਚਲਾ ਗਿਆ।

“ਹਾਂ ਜੀ ਸਰ..ਤੁਹਾਡੇ ਕੋਲੋਂ ਜਸਵੰਤ ਸਿੰਘ ਕੰਵਲ ਜੀ ਨਾਵਲ ਪੂਰਨਮਾਸ਼ੀ ਮਿਲ ਜਾਏਗਾ?” ਦੀਪ ਨੇ ਗੱਡੀ ਦੀ ਚਾਬੀ ਕੈਬਿਨ ਤੇ ਰੱਖਦਿਆਂ ਪੁਛਿਆ।

“ਮਿਲਜੂਗਾ ਜੀ।” ਡਿਪੋ ਆਲੇ ਭਾਈ ਨੇ ਕੰਮ ਕਰਦੇ ਮੁੰਡੇ ਨੂੰ ਨਾਵਲ ਲਿਆਉਣ ਲਈ ਕਿਹਾ।

ਨਾਵਲ ਲੈਕੇ ਦੀਪ ਗੱਡੀ ਚ ਆ ਬੈਠਾ।ਸੀਟ ਤੇ ਬਹਿਕੇ ਦੀਪ ਨੇ ਨਾਵਲ ਤੇ ਛਪੀ ਫੋਟੋ ਨੂੰ ਧਿਆਨ ਨਾਲ ਦੇਖਿਆ।

ਦੀਪ ਦੇ ਚੇਹਰੇ ਤੇ ਮੱਲੋਮੱਲੀ ਇੱਕ ਮਿੱਠੀ ਜੀ ਮੁਸਕਾਨ ਖਿੰਡ ਗਈ।ਨਾਵਲ ਨੂੰ ਨਾਲ ਦੀ ਸੀਟ ਤੇ ਰੱਖਕੇ ਦੀਪ ਨੇ ਗੱਡੀ ਸਟਾਰਟ ਕੀਤੀ…ਗੱਡੀ ਦੇ ਪਿੱਛੇ ਲਿਖਿਆ ਹੋਇਆ ਸੀ…..

‘ਰੌੰਅ ਗਿਆ ਹੱਡਾਂ ਚ ਮੇਰੇ,

ਮੈਂ ਸੁੰਘਿਆ ਸੀ ਫੁੱਲ ਕਰਕੇ…’

@ਹਰਵੀਰ ਸਿੰਘ ਗੁਰੂ