ਪੰਜਾਬੀ ਬੋਲੀਆਂ 3

ਯਾਦ ਵਤਨ ਦੀ ਆਉਂਦੀ ਜਦ ਵੀ
ਦਿਲ ਮੇਰਾ ਕੁਰਲਾਵੇ।
ਜਿਥੇ ਜੰਮੇ ਉਸ ਮਿੱਟੀ ਦਾ
ਚੇਤਾ ਮੁੜ ਮੁੜ ਆਵੇ।
ਬਚਪਨ ਲੰਘਿਆ ਖੇਡ ਕੁੱਦ ਕੇ
ਦੱਸ ਕੋਈ ਕਿਵੇਂ ਭੁਲਾਵੇ।
ਵਿੱਚ ਕਨੇਡਾ ਦੇ
ਪਿੰਡ ਦੀ ਯਾਦ ਸਤਾਵੇ।
ਵਿੱਚ ਕਨੇਡਾ ਦੇ ……….

ਜੰਗਲ ਦੇ ਵਿੱਚ ਜੰਮੀ ਜਾਈ ਚੰਦਰੇ ਪਵਾਧ ਵਿਆਹੀ,
ਹੱਥ ਵਿੱਚ ਖੁਰਪਾ ਮੋਢੇ ਚਾਦਰ ਮੱਕੀ ਗੁੱਦਣ ਲਾਈ,
ਗੁੱਦ ਦੀ ਗੁੱਦ ਦੀ ਦੇ ਪੈਗਏ ਛਾਲੇ ਆਥਣ ਨੂੰ ਘਰ ਆਈ,
ਆਉਂਦੀ ਨੂੰ ਸੱਸ ਦੇਵੇ ਗਾਲੀਆਂ ਘਾਹ ਦੀ ਪੰਡ ਨਾ ਲਿਆਈ,
ਪੰਜੇ ਪੁੱਤ ਤੇਰੇ ਮਰਨ ਸੱਸੜੀਏ ਛੇਵਾਂ ਮਰੇ ਜਵਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ. . . .

ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਊ ਬਥੇਰਾ,

ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀ ਆਗਏ ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ. . . .