ਪੰਜਾਬੀ ਬੋਲੀ

ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,
ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।
ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,
ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ ।
ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ,
ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,
ਆਪ ਦੀ ਜ਼ਬਾਨ ‘ਚ, ਕਿਤਾਬ ਲੋਕੀ ਛਾਪਦੀ ।
ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,
ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ ।
ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ,
ਚੜ੍ਹੀ ‘ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ,
ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ ।
ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ,
ਪੇਟ ਦੀ ਦਰਦ ਨੂੰ, ਕਰੂ ਕੀ ਗੋਲੀ ਤਾਪ ਦੀ ।
ਮਾਦਰੀ ਜ਼ਬਾਨ ਛੱਡ, ਗ਼ੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫ਼ ਕਿਹੜੀ ਗੱਲ ਪਾਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਢੋਲ ਗੱਜ ਪਾਵੇ, ਮਿੱਠੀ ਤੁੱਰਰੀ ਦੀ ਅਵਾਜ਼ ਹੁੰਦੀ,
ਰੇਲ ਚੀਕਾਂ ਮਾਰਦੀ, ਡਰਾਉਣੀ ‘ਵਾਜ਼ ਭਾਫ਼ ਦੀ ।
ਹਿਣਕੇ ਵਛੇਰਾ, ਸ਼ੇਰ ਬਬਰ ਚੰਘਿਆੜੇ,
ਹੋਰ ਮੇਮਨੀ ਦੇ ਨਾਲ, ‘ਵਾਜ਼ ਰਲੇ ਨਾ ਗੜ੍ਹਾਪ ਦੀ ।
ਕੋਇਲ ਕੂ ਕੂ, ਕਰੇ ਸਦਾ, ਆਪਣੀ ਜ਼ਬਾਨ ਵਿੱਚੋਂ,
ਬੁਲਬੁਲ ਆਪਣੀ ਜ਼ਬਾਨ ਕਰਲਾਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।