ਬਗਾਵਤਨਾਮਾ

ਮੈਂ ਹੱਵਾ ਦੀ ਜਾਈ
ਅੱਜ ਤੁਹਾਨੂੰ ਮੁਖਾਤਿਬ ਹਾਂ
ਖੱਖੜੀਆਂ ਮੱਥੇ ‘ਚ ਇਕ ਸਵਾਲ ਲੈ ਕੇ
ਸੁੰਨੀਆਂ ਅੱਖਾਂ ‘ਚ ਇੱਕ ਮਸ਼ਾਲ ਲੈ
ਜਦ ਦੋ ਆਦਮ ਆਪਸ ਦੇ ਵਿੱਚ ਉਲਝਦੇ ਨੇ
ਭਖਦੇ ਬੋਲਾਂ ਦੀ ਜਦੋਂ ਜੰਗ ਛੇੜਦੇ ਨੇ
ਕਿਉਂ ਹੁੰਦਾ ਹੈ?
ਮਾਂ,ਧੀ ਜਾਂ ਫਿਰ ਭੈਣ ਦਾ ਬਲਾਤਕਾਰ
ਸੁਆਦ ਸੁਆਦ ਹੁੰਦੇ ਓ
ਮੇਰੀ ਲਾਜ ਦੇ ਕੱਜਣ ਨੂੰ ਪਾੜ
ਮੇਰੀ ਕੁੱਖ ਵੱਲ ਭੇਜਦੇ ਓ
ਹਵਸ ਲਿਬੜੇ ਆਪਣੇ ਲਫਜ਼ਾਂ ਦੀ ਭੀੜ
ਬਾਤ ਏਥੇ ਹੀ ਨਾ ਮੁੱਕਦੀ
ਮੈਂ ਜਦੋਂ ਵੀ
ਇਸ ਤਰ੍ਹਾਂ ਦੀ
ਚਗਲੀ ਜੂਨ ਹੰਢਾਉਂਦੀ ਹੋਈ
ਕੁਝ ਸੋਹਣੇਰਾ ਸਿਰਜਦੀ ਹਾਂ
ਕੁਝ ਚੰਗੇਰਾ ਕਰ ਦਿਖਾਵਾਂ
ਫਿਰ ੳਦੋਂ ਵੀ
ਸਭ ਅਸੀਸਾਂ ਤੁਹਾਡੇ ਹਿੱਸੇ
‘ ਸਾਈਂ ਜੀਵੇ”-‘ ਬੁੱਢ ਸੁਹਾਗਣ ‘
‘ ਵੀਰ ਜਿਉਣ ‘-‘ ਪੁੱਤ ਖਿਡਾਵੇਂ ‘
ਹਰ ਅਰਮਾਨ ਤੁਹਾਡੀ ਖਾਤਿਰ
ਹਰ ਵਰਦਾਨ ਤੁਹਾਡੀ ਖਾਤਿਰ
ਹੋ ਸਕੇ ਤਾਂ
ਸਰਵ-ਉੱਚਤਾ ਦੀ ਕਾਲੀ ਨਕਾਬ ਲਾਹ ਕੇ
ਈਮਾਨ ਦੇ ਸ਼ੀਸ਼ੇ ਦੇ ਵਿੱਚ
ਆਪਣਾ ਮੂੰਹ ਤੱਕਿਓ!
ਜਿਹੜੇ ਮੂੰਹ ਨਾਲ ਕਹਿੰਦੇ ਓ
ਕਿ ਔਰਤ ਆਪਣੇ ਹਸ਼ਰ ਲਈ
ਬੱਸ ਆਪ ਜ਼ਿੰਮੇਵਾਰ ਹੈ
ਪੈਰ ਦੀ ਜੁੱਤੀ ਦਾ
ਸਿਰ ਵੱਲ ਆਉਣਾ ਸੋਗਵਾਰ ਹੈ
ਮੈਂ ਕਹਿੰਦੀ ਹਾਂ
ਕੱਢ ਲਏ ਮੈਂ ਪੈਰ
ਇਸ ਦਲਦਲ ਦੇ ਵਿੱਚੋਂ
ਅੱਜ ਐਲਾਨਾਂ
ਆਪਣੇ ਮਕਤਲ ਦੇ ਵਿੱਚੋਂ
ਹੁਣ ਤੁਹਾਡੇ ਸਾਜਿਸ਼ੀ
ਚੱਕਰ- ਵਿਊਹ ਵਿੱਚ ਆਉਣਾ ਨਹੀਂ ਮੈਂ
ਹੁਣ ਨਕਲੀ ਪਰਮੇਸ਼ਰਾਂ ਦੀ
ਰਜ਼ਾ ਵਿੱਚ ਸੌਣਾ ਨਹੀਂ ਮੈਂ
ਹੁਣ ਤੁਹਾਡੀ ਚੱਕੀ ਬਣ ਕੇ
ਇਸ ਤਰ੍ਹਾਂ ਭੌਣਾ ਨਹੀਂ ਮੈਂ
ਹੁਣ ਤੁਹਾਡੇ ਸਾਜਿਸ਼ੀ
ਚੱਕਰ- ਵਿਊਹ ਵਿੱਚ ਆਉਣਾ ਨਹੀਂ ਮੈਂ।

-ਡਾ: ਗੁਰਮਿੰਦਰ ਸਿੱਧੂ