ਬਨਵਾਸੀ – Shiv Kumar Batalvi

ਮੈਂ ਬਨਵਾਸੀ, ਮੈਂ ਬਨਵਾਸੀ
ਆਇਆ ਭੋਗਣ ਜੂਨ ਚੁਰਾਸੀ
ਕੋਈ ਲਛਮਣ ਨਹੀਂ ਮੇਰਾ ਸਾਥੀ
ਨਾ ਮੈਂ ਰਾਮ ਅਯੁੱਧਿਆ ਵਾਸੀ
ਮੈਂ ਬਨਵਾਸੀ, ਮੈਂ ਬਨਵਾਸੀ ।

ਨਾ ਮੇਰਾ ਪੰਚ-ਵਟੀ ਵਿਚ ਡੇਰਾ
ਨਾ ਕੋਈ ਰਾਵਣ ਦੁਸ਼ਮਣ ਮੇਰਾ
ਕਣਕ-ਕਕੱਈ ਮਾਂ ਦੀ ਖ਼ਾਤਿਰ
ਮੈਥੋਂ ਦੂਰ ਵਤਨ ਹੈ ਮੇਰਾ
ਪੱਕੀ ਸੜਕ ਦੀ ਪਟੜੀ ਉੱਤੇ
ਸੌਂਦਿਆਂ ਦੂਜਾ ਵਰ੍ਹਾ ਹੈ ਮੇਰਾ
ਮੇਰੇ ਖ਼ਾਬਾਂ ਵਿਚ ਰੋਂਦੀ ਹੈ
ਮੇਰੀ ਦੋ ਵਰ੍ਹਿਆਂ ਦੀ ਕਾਕੀ
ਜੀਕਣ ਪੌਣ ਸਰਕੜੇ ਵਿਚੋਂ
ਲੰਘ ਜਾਂਦੀ ਹੈ ਅੱਧੀ ਰਾਤੀ
ਮੈਂ ਬਨਵਾਸੀ, ਮੈਂ ਬਨਵਾਸੀ ।

ਕੋਈ ਸੁਗਰੀਵ ਨਹੀਂ ਮੇਰਾ ਮਹਿਰਮ
ਨਾ ਕੋਈ ਪਵਨ-ਪੁੱਤ ਮੇਰਾ ਬੇਲੀ
ਨਾ ਕੋਈ ਨਖ਼ਾ ਹੀ ਕਾਮ ਦੀ ਖ਼ਾਤਿਰ
ਆਈ ਮੇਰੀ ਬਣਨ ਸਹੇਲੀ ।

ਮੇਰੀ ਤਾਂ ਇਕ ਬੁੱਢੀ ਮਾਂ ਹੈ
ਜਿਸ ਨੂੰ ਮੇਰੀ ਹੀ ਬੱਸ ਛਾਂ ਹੈ
ਦਿਲ ਭਰ ਥੁੱਕੇ ਦਿੱਕ ਦੇ ਕੀੜੇ
ਜਿਸ ਦੀ ਬੱਸ ਲਬਾਂ ‘ਤੇ ਜਾਂ ਹੈ
ਜਾਂ ਉਹਦੀ ਇਕ ਮੋਰਨੀ ਧੀ ਹੈ
ਜਿਸ ਦੇ ਵਰ ਲਈ ਲੱਭਣੀ ਥਾਂ ਹੈ
ਜਾਂ ਫਿਰ ਅਨਪੜ੍ਹ ਬੁੱਢਾ ਪਿਉ ਹੈ
ਜੋ ਇਕ ਮਿਲ ਵਿਚ ਹੈ ਚਪੜਾਸੀ
ਖ਼ਾਕੀ ਜਿਦ੍ਹੇ ਪਜਾਮੇ ਉੱਤੇ
ਲੱਗੀ ਹੋਈ ਹੈ ਚਿੱਟੀ ਟਾਕੀ
ਕੋਈ ਭੀਲਣੀ ਨਹੀਂ ਮੇਰੀ ਦਾਸੀ
ਨਾ ਮੇਰੀ ਸੀਤਾ ਕਿਤੇ ਗਵਾਚੀ ।

ਮੇਰੀ ਸੀਤਾ ਕਰਮਾਂ ਮਾਰੀ
ਉਹ ਨਹੀਂ ਕੋਈ ਜਨਕ ਦੁਲਾਰੀ
ਉਹ ਹੈ ਧੁਰ ਤੋਂ ਫਾਕਿਆਂ ਮਾਰੀ
ਪੀਲੀ ਪੀਲੀ ਮਾੜੀ ਮਾੜੀ
ਜੀਕਣ ਪੋਹਲੀ ਮਗਰੋਂ ਹਾੜ੍ਹੀ
ਪੋਲੇ ਪੈਰੀਂ ਟੁਰੇ ਵਿਚਾਰੀ
ਜਨਮ ਜਨਮ ਦੀ ਪੈਰੋਂ ਭਰੀ
ਹਾਏ ! ਗੁਰਬਤ ਦੀ ਉੱਚੀ ਘਾਟੀ
ਕੀਕਣ ਪਾਰ ਕਰੇਗੀ ਸ਼ਾਲਾ
ਉਹਦੀ ਤ੍ਰੀਮਤ-ਪਣ ਦੀ ਡਾਚੀ ?
ਹਿੱਕ ਸੰਗ ਲਾ ਕੇ ਮੇਰੀ ਕਾਕੀ ?
ਇਹ ਮੈਂ ਅੱਜ ਕੀਹ ਸੋਚ ਰਿਹਾ ਹਾਂ
ਕਿਉਂ ਦੁਖਦੀ ਹੈ ਮੇਰੀ ਛਾਤੀ ?
ਕਿਉਂ ਅੱਖ ਹੋ ਗਈ ਲੋਹੇ-ਲਾਖੀ
ਮੈਂ ਉਹਦੀ ਅਗਨ ਪ੍ਰੀਖਿਆ ਲੈਸਾਂ
ਨਹੀਂ, ਨਹੀਂ, ਇਹ ਤਾਂ ਹੈ ਗੁਸਤਾਖੀ
ਉਸ ਅੱਗ ਦੇ ਵਿਚ ਉਹ ਸੜ ਜਾਸੀ
ਮੇਰੇ ਖ਼ਾਬਾਂ ਵਿਚ ਰੋਂਦੀ ਹੈ
ਮੇਰੀ ਦੋ ਵਰ੍ਹਿਆਂ ਦੀ ਕਾਕੀ
ਹਰ ਪਲ ਵਧਦੀ ਜਾਏ ਉਦਾਸੀ
ਜੀਕਣ ਵਰ੍ਹਦੇ ਬੱਦਲਾਂ ਦੇ ਵਿਚ
ਉੱਡਦੇ ਜਾਂਦੇ ਹੋਵਣ ਪੰਛੀ
ਮੱਠੀ ਮੱਠੀ ਟੋਰ ਨਿਰਾਸੀ
ਮੈਂ ਬਨਵਾਸੀ, ਮੈਂ ਬਨਵਾਸੀ ।