ਬਹੂ-ਰੂਪੀਏ – ਸ਼ਿਵ ਕੁਮਾਰ ਬਟਾਲਵੀ

ਸ਼ਾਮ
ਇਹ ਅੱਜ ਦੀ ਸ਼ਾਮ
ਮੇਰੇ ਘਰ ਵਿਚ ਪਈ ਘੁੰਮਦੀ ਹੈ
ਚੁੱਪ ਚੁੱਪ ਤੇ ਵੀਰਾਨ
ਕਿਸੇ ਨਿਪੱਤਰੇ ਰੁੱਖ ਦੇ ਉੱਤੇ
ਇੱਲ ਦੇ ਆਲ੍ਹਣੇ ਵਾਂਗ
ਗੁੰਮ-ਸੁੰਮ ਤੇ ਸੁੰਨਸਾਨ
ਸ਼ਾਮ-ਇਹ ਅੱਜ ਦੀ ਸ਼ਾਮ

ਐਸੀ ਬੇ-ਹਿਸ ਸ਼ਾਮ ਨੂੰ ਆਖ਼ਿਰ
ਮੈਂ ਘਰ ਬਹਿ ਕੇ ਕੀਹ ਲੈਣਾ ਸੀ
ਇਹ ਕਮਬਖ਼ਤ ਸਵੇਰੇ ਆਉਂਦੀ
ਜੇ ਕਰ ਇਸ ਨੇ ਵੀ ਆਉਣਾ ਸੀ
ਇਹਦੇ ਨਾਲੋਂ ਤਾਂ ਚੰਗਾ ਸੀ
ਕਾਹਵਾ-ਖਾਨੇ ਦੀ ਬੁੱਕਲ ਵਿਚ
ਕਾਫ਼ੀ ਦੇ ਦੋ ਘੁੱਟ ਨਿਗਲ ਕੇ
ਸਿਗਰਟ ਧੁਖਾ ਕੇ ਬਹਿ ਰਹਿਣਾ ਸੀ
ਸਰਮਿਡ-ਮੱਛੀ ਜਹੀਆਂ ਕੁੜੀਆਂ
ਵੇਖਣ ਮਾਤਰ ਸੜਕਾਂ ਉੱਤੇ
ਯਾਰਾਂ ਦੇ ਸੰਗ ਭੌਂ ਲੈਣਾ ਸੀ
ਥੱਕ ਟੁੱਟ ਕੇ ਸੌਂ ਰਹਿਣਾ ਸੀ
ਘਰ ਬਹਿ ਕੇ ਮੈਂ ਕੀਹ ਲੈਣਾ ਸੀ
ਘਰ ਬਹਿ ਕੇ ਮੈਂ ਕੀਹ ਲੈਣਾ ਸੀ ?

ਸਮਾਂ ਵੀ ਕਿੰਨੀ ਚੰਦਰੀ ਸ਼ੈ ਹੈ
ਕਿਸੇ ਪੁਰਾਣੇ ਅਮਲੀ ਵਾਕਣ
ਦਿਨ ਭਰ ਪੀ ਕੇ ਡੋਡੇ ਸੌਹਰਾ
ਗਲੀਆਂ ਤੇ ਬਾਜ਼ਾਰਾਂ ਦੇ ਵਿਚ
ਆਪਣੀ ਝੋਕ ‘ਚ ਟੁਰਿਆ ਰਹਿੰਦੈ ।
ਨਾ ਕੁਝ ਸੁਣਦੈ ਨਾ ਕੁਝ ਕਹਿੰਦੈ ।
ਨਾ ਕਿਤੇ ਖੜ੍ਹਦੈ, ਨਾ ਕਿਤੇ ਬਹਿੰਦੈ ।
ਇਸ ਬਦਬੂ ਦੇ ਜਾਣ ‘ਚ ਹਾਲੇ
ਯੁੱਗਾਂ ਜੇਡਾ ਇਕ ਪਲ ਰਹਿੰਦੈ ।

ਕਾਲੀਆਂ ਕਾਲੀਆਂ ਜੀਭਾਂ ਜੇਹੀਆਂ
ਮੇਰੀ ਹੱਥ-ਘੜੀ ਦੀਆਂ ਸੂਈਆਂ
ਮੇਰੀ ਹਿੱਕ ਵਿਚ ਲੰਮੇ ਲੰਮੇ
ਕੰਡਿਆਂ ਵਾਕਣ ਪੁੜੀਆਂ ਹੋਈਆਂ
ਹਫ਼ੀਆਂ ਹਫ਼ੀਆਂ ਭੱਜ ਭੱਜ ਮੋਈਆਂ
ਦਿਨ ਭਰ ਸਮੇਂ ਦੇ ਖੂਹੇ ਉੱਤੇ
ਬੈਲਾਂ ਵਾਕਣ ਜੋਈਆਂ ਹੋਈਆਂ
ਗ਼ਮ ਦੇ ਪਾਣੀ ਸੰਗ ਸਿੰਜਣ ਲਈ
ਮੇਰੇ ਦਿਲ ਦੀਆਂ ਬੰਜਰ ਰੋਹੀਆਂ
ਅੱਜ ਦੀਆਂ ਸ਼ਾਮਾਂ ਐਵੇਂ ਗਈਆਂ ।

ਰੱਬ ਕਰੇ ਬਦਬੂ ਦੀ ਢੇਰੀ
ਛੇਤੀ ਜਾਵੇ, ਛੇਤੀ ਜਾਵੇ
ਜਾਂ ਰੱਬ ਕਰ ਕੇ ਬਹੁ-ਰੂਪਣੀ
ਚੋਰਾਂ ਦੇ ਸੰਗ ਉੱਧਲ ਜਾਵੇ
ਜਾਂ ਕੋਈ ਐਸਾ ਮੰਤਰ ਚੱਲੇ
ਇਹ ਕਮਬਖ਼ਤ ਭਸਮ ਹੋ ਜਾਵੇ
ਇਸ ਮਨਹੂਸ ਨੇ ਖ਼ੌਰੇ ਕਦ ਤਕ
ਮੇਰਾ ਜ਼ਿਹਨ ਹੈ ਚੱਟਦੇ ਰਹਿਣਾ
ਮੈਂ ਤਾਂ ਹੋਰ ਕਿਸੇ ਸੰਗ ਰਾਤ
ਨੱਚਣ ਬਾਲ-ਰੂਮ ਹੈ ਜਾਣਾ ।