ਬਾਤ ਕੋਈ ਪਾ ਗਿਆ

ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।

ਯਾਦ ਉਹਦੀ ਵਿਚ ਭਾਵੇਂ
ਬੀਤ ਗਿਆ ਰਾਤ ਦਿਨ ,
ਰੋਗ ਐਸਾ ਚੰਦਰਾ ਜੋ
ਹੱਢੀਆਂ ਨੂੰ ਖਾ ਗਿਆ ।

ਯਾਰ ਦੇ ਦੀਦਾਰ ਬਾਝੋਂ
ਜੱਗ ਸੁੱਨਾਂ ਜਾਪਦਾ ਏ,
ਵੀਰਾਨ ਹੋਈ ਜ਼ਿੰਦਗੀ ਦਾ
ਗੀਤ ਕੋਈ ਗਾ ਗਿਆ ।

ਮੱਚਦੀ ਹੋਈ ਅੱਗ ਦਾ
ਮੈਂ ਸੇਕ ਸੀਨੇਂ ਝੱਲਿਆ,
ਉਹ ਤਪੇ ਮਾਰੂਥਲ ਵਾਂਗ
ਸਾਨੂੰ ਵੀ ਤਪਾ ਗਿਆ।

ਰਾਤ ਸਾਰੀ ਅੱਖੀਆਂ ਚੋਂ
ਕਿਣ – ਮਿਣ ਸੀ ਹੋ ਰਹੀ,
ਪਰ ! ਉਹ ਤੂਫ਼ਾਨ ਬਣ
ਦਿਲ ਉਤੇ ਛਾ ਗਿਆ।

ਮੈਂ ਕਈ ਵਾਰੀ ਦਿਲ ਨੂੰ
ਧਰਵਾਸ ਦੇ ਕੇ ਵੇਖਿਆ,
ਉੇਹ ਰੇਤ ਦੇ ਘਰ ਵਾਂਗਰਾਂ
ਸੁਪਨਿਆਂ ਨੂੰ ਢਾ ਗਿਆ।

“ਸੁਹਲ” ਅੱਖਾਂ ਬੰਦ ਕਰ
ਜਦ ਵੀ ਮੈਂ ਝਾਕਿਆ ,
ਇਉਂ ਮੈਨੂੰ ਜਾਪਿਆ ਕਿ
ਆ ਗਿਆ ਉਹ ਆ ਗਿਆ।

ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।

-ਮਲਕੀਅਤ “ਸੁਹਲ”, ਗੁਰਦਾਸਪੁਰ