ਬੀਹੀ ਦੀ ਬੱਤੀ– ਸ਼ਿਵ ਕੁਮਾਰ ਬਟਾਲਵੀ

ਮੇਰੀ ਬੀਹੀ ਦੀ ਇਹ ਬੱਤੀ
ਮੇਰੀ ਬੀਹੀ ਦੀ ਇਹ ਬੱਤੀ
ਸਹਿਮੀ ਸਹਿਮੀ ਊਂਘ ਰਹੀ ਹੈ
ਅੰਮ੍ਰਿਤ ਵੇਲੇ ਮੱਠੀ ਮੱਠੀ
ਉਨੀਂਦੇ ਮਾਰੀ ਵੇਸਵਾ ਵਾਕਣ
ਮਰੀਅਲ ਮਰੀਅਲ, ਥੱਕੀ ਥੱਕੀ
ਮੇਰੀ ਬੀਹੀ ਦੀ ਇਹ ਬੱਤੀ ।

ਮੇਰੀ ਬੀਹੀ ਦੀ ਇਹ ਬੱਤੀ
ਬੱਤੀ ਨਹੀਂ, ਬੀਹੀ ਦੀ ਅੱਖੀ
ਬੜੀ ਡਰਾਉਣੀ ਟੀਰ-ਮਟੱਕੀ
ਬੀਹੀ ਜਿਹੜੀ ਢੱਠੀ ਢੱਠੀ
ਬੀਹੀ ਜਿਹੜੀ ਸਾਰੀ ਕੱਚੀ
ਕਿਸੇ ਸ਼ਰਾਬੀ ਦੀ ਮਾਂ ਵਾਕਣ
ਦੱਬੀ ਦੱਬੀ ਘੁੱਟੀ ਘੁੱਟੀ
ਜੋ ਨਾ ਬੋਲੇ ਡਰਦੀ ਉੱਚੀ
ਮਾੜੀ ਮਾੜੀ ਭੁੱਸੀ ਭੁੱਸੀ
ਰੋਗੀ ਮੇਰੀ ਤ੍ਰੀਮਤ ਵਾਕਣ
ਜਿਹੜੀ ਬੱਚਾ ਜੰਮ ਕੇ ਉੱਠੀ
ਹੱਥੋਂ ਸੱਖਣੀ ਕੰਨੋਂ ਬੁੱਚੀ ।
ਇਸ ਬੀਹੀ ਦੇ ਮੱਥੇ ਉੱਤੇ
ਇਹ ਬੱਤੀ ਚਮਗਾਦੜ ਵਾਕਣ
ਲਟਕ ਰਹੀ ਹੈ ਹੋ ਕੇ ਪੁੱਠੀ
ਮੈਲੇ ਸ਼ੀਸ਼ੇ ਸੰਗ ਲੌ ਇਸ ਦੀ
ਈਕਣ ਟੱਕਰਾਂ ਮਾਰ ਰਹੀ ਹੈ
ਜੀਕਣ ਕੋਈ ਜ਼ਖ਼ਮੀ ਮੈਨਾ
ਹੋਵੇ ਪਿੰਜਰੇ ਦੇ ਵਿਚ ਡੱਕੀ
ਜ਼ਿੰਦਗਾਨੀ ਦੀ ਤਲਖ਼ੀ ਕੋਲੋਂ
ਮੇਰੇ ਵਾਕਣ ਅੱਕੀ ਅੱਕੀ
ਮੇਰੀ ਬੀਹੀ ਦੀ ਇਹ ਬੱਤੀ ।

ਮੇਰੀ ਬੀਹੀ ਦੀ ਇਹ ਬੱਤੀ
ਬੱਤੀ ਨਹੀਂ ਬੀਹੀ ਦੀ ਬੱਚੀ
ਕਾਲਾ ਨ੍ਹੇਰਾ ਚੁੰਘ ਰਹੀ ਹੈ
ਸਿਰ ਬੀਹੀ ਦੀ ਹਿੱਕ ‘ਤੇ ਰੱਖੀ
ਨਵ-ਜੰਮੇ ਮੇਰੇ ਬੱਚੇ ਵਾਕਣ
ਹੌਲੀ-ਹੌਲੀ ਮੱਠੀ-ਮੱਠੀ
ਇਹ ਬੀਹੀ ਇਹਦੀ ਅੰਬੜੀ ਸੱਕੀ
ਇਹ ਬੀਹੀ ਮੇਰੀ ਅੰਬੜੀ ਸੱਕੀ
ਇਸ ਬੀਹੀ ਸਾਡੀ ਉਮਰਾ ਕੱਟੀ
ਇਹ ਬੀਹੀ ਸਾਡੀ ਬੇਲਣ ਪੱਕੀ
ਇਸ ਬੱਤੀ ਦਾ ਪੀਲਾ ਚਿਹਰਾ
ਕਈ ਵਾਰੀ ਮੈਨੂੰ ਲੱਗਦਾ ਮੇਰਾ
ਕਈ ਵਾਰੀ ਕਿਸੇ ਖ਼ੂਨੀ ਜਿੰਨ ਦਾ
ਜਿਹੜਾ ਅੰਬਰ ਜੇਡ ਉਚੇਰਾ
ਜਾਂ ਫਿਰ ਬਣ ਜਾਏ ਹੱਥ ਹਿਨਾਈ
ਜਿਹੜਾ ਛਾਪਾਂ ਛੱਲੇ ਪਾਈ
ਮੇਰੇ ਵੱਲੇ ਵਧਦਾ ਆਵੇ
ਵਿੰਹਦਿਆਂ ਵਿੰਹਦਿਆਂ ਸਓਲਾ ਜਿਹਾ
ਮੇਰੀ ਧੀ ਦਾ ਹੱਥ ਬਣ ਜਾਵੇ
ਫਿਰ ਉਹ ਹੱਥ ਛੁਡਾ ਕੇ ਮੈਥੋਂ
ਜਾਵੇ ਇਕ ਮੁੰਡੇ ਸੰਗ ਨੱਸੀ
ਅੱਧੀ ਰਾਤੀਂ ਚੋਰੀ ਛੱਪੀ
ਮੇਰੀ ਗ਼ੁਰਬਤ ਕੋਲੋਂ ਅੱਕੀ
ਮੇਰੀ ਬੀਹੀ ਦੀ ਇਹ ਬੱਤੀ ।

ਮੇਰੀ ਬੀਹੀ ਦੀ ਇਹ ਬੱਤੀ
ਬੱਤੀ ਨਹੀਂ ਚਾਨਣ ਦੀ ਚੱਕੀ
ਨਹੀਂ ਨਹੀਂ ਮੋਈ ਬੀਹੀ ਦਾ ਜਿਉਂ
ਕੀਤਾ ਹੋਵੇ ਦੀਵਾ-ਵੱਟੀ
ਬਿੱਟ ਬਿੱਟ ਪਈ ਹੈ ਵੇਖੀ ਜਾਂਦੀ
ਆਪਣੀ ਮੋਈ ਅੰਬੜੀ ਬਾਰੇ
ਮੈਂ ਜੋ ਕਵਿਤਾ ਲਿਖ ਕੇ ਰੱਖੀ
ਦਿਨ ਚੜ੍ਹਦੇ ਜੋ ਵੇਚ ਦਿਆਂਗਾ
ਆਪਣੀ ਧੀ ਦੇ ਦੰਦਾਂ ਜਿੰਨੇ
ਲੈ ਕੇ ਪੂਰੇ ਦਮੜੇ ਬੱਤੀ
ਇਹ ਬੱਤੀ ਹੈ ਬਿਲਕੁਲ ਬੱਚੀ
ਇਹ ਕੀ ਮੋਇਆਂ ਦਾ ਸਿਰ ਜਾਣੇ
ਗ਼ੁਰਬਤ ਮਾਂ ਦੀ ਵੀ ਨਹੀਂ ਸੱਕੀ
ਮੇਰੀ ਬੀਹੀ ਦੀ ਇਹ ਬੱਤੀ
ਸਹਿਮੀ ਸਹਿਮੀ ਊਂਘ ਰਹੀ ਹੈ
ਅੰਮ੍ਰਿਤ ਵੇਲੇ ਮੱਠੀ ਮੱਠੀ
ਉਨੀਂਦੇ ਮਾਰੀ ਵੇਸਵਾ ਵਾਕਣ
ਮਰੀਅਲ ਮਰੀਅਲ, ਥੱਕੀ ਥੱਕੀ
ਮੇਰੀ ਬੀਹੀ ਦੀ ਇਹ ਬੱਤੀ ।