ਬੇਹਾ ਖ਼ੂਨ – ਸ਼ਿਵ ਕੁਮਾਰ ਬਟਾਲਵੀ

ਖ਼ੂਨ ।
ਬੇਹਾ ਖ਼ੂਨ ।
ਮੈਂ ਹਾਂ, ਬੇਹਾ ਖ਼ੂਨ ।
ਨਿੱਕੀ ਉਮਰੇ ਭੋਗ ਲਈ
ਅਸਾਂ ਸੈ ਚੁੰਮਣਾਂ ਦੀ ਜੂਨ ।

ਪਹਿਲਾ ਚੁੰਮਣ ਬਾਲ-ਵਰੇਸੇ
ਟੁਰ ਸਾਡੇ ਦਰ ਆਇਆ
ਉਹ ਚੁੰਮਣ ਮਿੱਟੀ ਦੀ ਬਾਜ਼ੀ
ਦੋ ਪਲ ਖੇਡ ਗਵਾਇਆ
ਦੂਜਾ ਚੁੰਮਣ ਜੋ ਸਾਨੂੰ ਜੁੜਿਆ
ਉਹ ਸਾਡੇ ਮੇਚ ਨਾ ਆਇਆ
ਉਸ ਮਗਰੋਂ ਸੈ ਚੁੰਮਣ ਜੁੜਿਆ
ਪਰ ਹੋਠੀਂ ਨਾ ਲਾਇਆ
ਮੁੜ ਨਾ ਪਾਪ ਕਮਾਇਆ ।

ਪਰ ਇਹ ਕੇਹਾ ਅੱਜ ਦਾ ਚੁੰਮਣ
ਗਲ ਸਾਡੇ ਲੱਗ ਰੋਇਆ
ਹੋਠਾਂ ਦੀ ਦਹਿਲੀਜ਼ ਸਿਉਂਕੀ
ਤੇ ਚਾਨਣ ਜਿਸ ਚੋਇਆ
ਇਹ ਚੁੰਮਣ ਸਾਡਾ ਸੱਜਣ ਦਿਸਦਾ
ਇਹ ਸਾਡਾ ਮਹਿਰਮ ਹੋਇਆ
ਡੂੰਘੀ ਢਾਬ ਹਿਜਰ ਦੀ ਸਾਡੀ
ਡੁੱਬ ਮੋਇਆ, ਡੁੱਬ ਮੋਇਆ
ਸਾਡਾ ਤਨ-ਮਨ ਹਰਿਆ ਹੋਇਆ ।
ਪਰ ਇਹ ਕਿਹਾ ਕੁ ਦਿਲ-ਪਰਚਾਵਾ
ਪਰ ਇਹ ਕਿਹਾ ਸਕੂਨ ?
ਮੈਂ ਹਾਂ, ਬੇਹਾ-ਖ਼ੂਨ ।

ਖ਼ੂਨ ।
ਬੇਹਾ ਖ਼ੂਨ ।
ਬਾਸ਼ੇ ਨੂੰ ਇਕ ਤਿਤਲੀ ਕਹਿਣਾ
ਇਹ ਹੈ ਨਿਰਾ ਜਨੂਨ
ਬਾਲ-ਵਰੇਸੇ ਜਿਹੜਾ ਮਰਿਆ
ਉਸ ਚੁੰਮਣ ਦੀ ਊਣ
ਮਰ-ਮੁੱਕ ਕੇ ਵੀ ਕਰ ਨਾ ਸਕਦਾ
ਪੂਰੀ ਬੇਹਾ-ਖ਼ੂਨ
ਭਾਵੇਂ ਇਹ ਬ੍ਰਹਿਮੰਡ ਵੀ ਫੋਲੇ
ਜਾਂ ਫਿਰ ਅਰੂਨ ਵਰੂਨ
ਇਹ ਵੀ ਇਕ ਜਨੂਨ
ਮੈਂ ਹਾਲੇ ਤਾਜ਼ੇ ਦਾ ਤਾਜ਼ਾ
ਸਮਝੇ ਮੇਰਾ ਖ਼ੂਨ
ਨਿੱਕੀ ਉਮਰੇ ਮਾਣ ਲਈ
ਜਿਸ ਸੈ ਚੁੰਮਣਾਂ ਦੀ ਜੂਨ ।

ਖ਼ੂਨ ।
ਬੇਹਾ-ਖ਼ੂਨ ।
ਮੈਂ ਹਾਂ ਬੇਹਾ-ਖ਼ੂਨ ।