ਬੰਦੇ ਦੀ ਜਾਤ

ਨਾ ਮੈਂ ਪੰਛੀ ਨਾ ਮੈਂ ਜਾਨਵਰ, ਮੈਂ ਬੰਦੇ ਦੀ ਜਾਤ ਵੇ ਲੋਕੋ।
ਪਰ ਮੇਰੇ ਕੰਮ ਪਾ ਦੇਂਦੇ ਨੇ ਪਸ਼ੂਆਂ ਨੂੰ ਵੀ ਮਾਤ ਵੇ ਲੋਕੋ।

ਸ਼ਕਲ ਮੋਮਨਾਂ ਵਰਗੀ ਮੇਰੀ, ਭੋਲੀ-ਭਾਲੀ ਸੋਹਣੀ ਸੂਰਤ,
ਪਾਪੀ,ਢੌਂਗੀ ਅਤੇ ਫਰੇਬੀ, ਇਹ ਮੇਰੀ ਔਕਾਤ ਵੇ ਲੋਕੋ।

ਹੇਰਾਫੇਰੀ ਠੱਗੀਠੋਰੀ ਬੇਈਮਾਨੀ ਮੇਰੇ ਹੱਡੀਂ ਰਚ ਗਈ,
ਕਿਸੇ ਵੇਲੇ ਨਾ ਭਲੀ ਗੁਜ਼ਾਰਾਂ, ਦਿਨ ਹੋਵੇ ਜਾਂ ਰਾਤ ਵੇ ਲੋਕੋ।

ਝੂਠ ਬੋਲ ਕੇ ਸਰਦਾ ਜਾਵੇ, ਸੱਚ ਬੋਲਣ ਦੀ ਲੋੜ ਕੀ ਮੈਨੂੰ,
ਗੁੜਤੀ ਦੇ ਵਿਚ ਮਿਲਿਆ ਮੈਨੂੰ, ਕਿੱਦਾਂ ਕਰਨਾ ਘਾਤ ਵੇ ਲੋਕੋ।

ਮੈਂ ਸਿਆਣਾ ਸਬ ਤੋਂ ਵਧ ਕੇ, ਸਾਰੀ ਦੁਨੀਆ ਮੂਰਖ ਜਾਪੇ,
ਆਪਣੇ ਅੰਦਰ ਕਦੀ ਨਾ ਮਾਰੀ, ਇੱਕ ਵਾਰੀ ਵੀ ਝਾਤ ਵੇ ਲੋਕੋ।

ਧਰਮ ਦੀ ਚਾਦਰ ਉੱਤੇ ਲੈ ਕੇ, ਰੱਬ ਨੂੰ ਧੋਖਾ ਦੇ ਲੈਨਾਂ ਵਾਂ,
ਭੋਲਾ ਰੱਬ ਕੀ ਜਾਣੇ-ਬੁੱਝੇ, ਇਹ ਮੇਰੀ ਕਰਾਮਾਤ ਵੇ ਲੋਕੋ।

ਕਿਹੜੇ ਮੂੰਹ ਨਾਲ ਉਸ ਰੱਬ ਦਾ ਮੈਂ, ਕਰਾਂ ਦੱਸੋ ਸ਼ੁਕਰਾਨਾ ਯਾਰੋ,
ਸਬ ਤੋਂ ਉਤੱਮ ਮੈਨੂੰ ਬਖਸ਼ੀ, ਹਉਮੇ ਵਾਲੀ ਦਾਤ ਵੇ ਲੋਕੋ।

ਹੱਥ ਜੋੜ ਕੇ ਕਰਾਂ ਬੇਨਤੀ, ਬਣ ਸਕਦੇ ਤੇ ਬੰਦੇ ਬਣ ਜਾਓ,
ਵਾਰ-ਵਾਰ ਨਹੀਂ ਆਉਣਾ ਜੱਗ ਤੇ, ਸਾਂਭੋ ਮਿਲੀ ਸੌਗਾਤ ਵੇ ਲੋਕੋ।

-ਇੰਦਰਜੀਤ ਸਿੰਘ ਪੁਰੇਵਾਲ