ਭਾਈ ਘਨੱਈਆ ਜੀ

ਸੰਸਾਰ ਭਰ ਵਿਚ ਮਾਨਵ ਕਲਿਆਣ ਅਤੇ ਨਿਸ਼ਕਾਮ ਮਾਨਵ ਸੇਵਾ ਦੀਆਂ ਵਿਲੱਖਣ ਮਿਸਾਲਾਂ ਕਾਇਮ ਕਰਕੇ ਆਪਣੇ ਨਾਵਾਂ ਨੂੰ ਰੋਸ਼ਨ ਕਰਨ ਵਾਲੇ ਵਿਅਕਤੀਆਂ ਵਿਚੋਂ ਭਾਈ ਘਨੱਈਆ ਜੀ ਦਾ ਨਾਂਅ ਸ਼੍ਰੋਮਣੀ ਅਤੇ ਅਦੁੱਤੀ ਸਥਾਨ ਰੱਖਦਾ ਹੈ।
ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦਾ ਜਨਮ 1648 ਈ: ਵਿਚ ਪਾਕਿਸਤਾਨ ਖੇਤਰ ਵਿਚ ਪਿੰਡ ਸੋਹਦਰਾ ਵਿਖੇ ਖੱਤਰੀਆਂ ਦੇ ਘਰ ਪਿਤਾ ਭਾਈ ਨੱਥੂ ਰਾਮ ਜੀ ਅਤੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ। ਪਿਤਾ ਜੀ ਮੁਗਲ ਸ਼ਾਸਕਾਂ ਨੂੰ ਰਸਦ ਪਹੁੰਚਾਉਣ ਦੀ ਠੇਕੇਦਾਰੀ ਦਾ ਕੰਮ ਕਰਦੇ ਸਨ।
ਬਚਪਨ ਵਿਚ ਹੀ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਪਾਲਣ-ਪੋਸ਼ਣ ਆਪ ਜੀ ਦੀ ਮਾਤਾ ਨੇ ਹੀ ਕੀਤਾ। ਗੁਰਬਾਣੀ ਪ੍ਰੇਮ ਅਤੇ ਸਿੱਖੀ ਸਿਦਕ ਭਾਈ ਘਨੱਈਆ ਜੀ ਨੇ ਛੋਟੀ ਉਮਰੇ ਭਗਤ ਨਨੂਆ ਦੀ ਸ਼ਰਨ ਵਿਚ ਜਾ ਕੇ ਪ੍ਰਾਪਤ ਕੀਤਾ। ਭਾਈ ਨਨੂਆ ਜੀ ਦੀ ਸੰਗਤ ਨਾਲ ਆਪ ਸੇਵਕ ਬਣ ਗਏ। ਇਸ ਉਪਰੰਤ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਭਾਈ ਘਨੱਈਆ ਜੀ ਨੇ ਸਿਮਰਨ ਅਤੇ ਸੇਵਾ ਕਰਨ ਦਾ ਬਲ ਪ੍ਰਾਪਤ ਕੀਤਾ।
ਭਾਈ ਘਨੱਈਆ ਜੀ ਅਤੇ ਸੇਵਾ
ਭਾਈ ਘਨੱਈਆ ਜੀ-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਘਨੱਈਆ ਜੀ ਖ਼ਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਬਰ, ਜ਼ੁਲਮ ਦੇ ਖਾਤਮੇ ਅਤੇ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਹੋ ਰਹੇ ਧਰਮ ਯੁੱਧ ਵਿੱਚ, ਚਮੜੇ ਦੀ ਮਸ਼ਕ ਪਾਣੀ ਦੀ ਭਰ ਕੇ, ਲੜਾਈ ਵਿੱਚ ਚੱਲਦੀਆਂ ਤੋਪਾਂ ਵਿੱਚ, ਗੋਲੀਆਂ ਦੇ ਵਰ੍ਹਦੇ ਮੀਂਹ ਵਿੱਚ, ਤੀਰਾਂ ਦੀ ਬੁਛਾੜ ਵਿੱਚ ਜਿੱਥੇ ਕੋਈ ਪਾਣੀ ਮੰਗਦਾ, ਪਹੁੰਚ ਕੇ ਪਾਣੀ ਪਿਲਾਉਂਦਾ ਹੈ, ਉਹ ਜ਼ਖਮੀਂ ਹੋਏ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਮੁੜ ਜੀਵਤ ਕਰ ਰਿਹਾ ਹੈ।  ਕੀ ਇਹ (ਘਨੱਈਆ)  ਦੁਸ਼ਮਣ ਦੇ ਸੈਨਿਕਾਂ ਨਾਲ ਰਲਿਆ ਹੋਇਆ ਹੈ? ਇਹ ਕਹਿ ਕੇ ਕੁੱਝ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਅਸੀਂ ਤਾਂ ਮੈਦਾਨੇ ਜੰਗ ਵਿੱਚ ਦੁਸ਼ਮਣ ਨੂੰ ਮੁਸ਼ਕਲ ਨਾਲ ਡੇਗਦੇ ਹਾਂ, ਪਰ ਇੱਕ ਮਾਸ਼ਕੀ ਸਿੱਖ ਉਨ੍ਹਾਂ ਨੂੰ ਪਾਣੀ ਪਿਲਾ ਕੇ ਜਿਉਂਦਾ ਕਰ ਦਿੰਦਾ ਹੈ, ਭਾਵ ਨਵਾਂ-ਨਰੋਆ ਕਰ ਦਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘੱਨਈਆ ਜੀ ਨੂੰ ਸੱਦ ਲਿਆ। ਉਹ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਖੜ੍ਹਾ ਸੀ। ਸਿੰਘ ਵੀ ਆਲੇ-ਦੁਆਲੇ ਹੋ ਗਏ। ਸਭ ਲੋਕ ਸੋਚ ਰਹੇ ਸਨ ਕਿ ਦੇਖੀਏ ਹੁਣ ਮਾਸ਼ਕੀ ਨੂੰ ਕੀ ਸਜ਼ਾ ਮਿਲਦੀ ਹੈ?ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਉਤਸੁਕਤਾ ਨਾਲ ਪੁਛਿਆ, ਭਾਈ ਘਨਈਆ ਸਾਰੇ ਸਿੰਘ ਸ਼ਿਕਾਇਤ ਕਰਦੇ ਹਨ ਕਿ ਤੂੰ ਵੈਰੀਆਂ ਨੂੰ ਪਾਣੀ ਪਿਲਾ ਕੇ ਮੁੜ ਜੀਵਤ ਕਰ ਦਿੰਦਾ ਹੈਂ। ਭਾਈ ਘੱਨਈਆ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਕਿਸੇ ਵੈਰੀ ਨੂੰ ਕੋਈ ਪਾਣੀ ਨਹੀਂ ਪਿਲਾਇਆ। ਗੁਰੂ ਜੀ ਨੇ ਕਿਹਾ ਹੋਰ ਕਿਸ ਨੂੰ ਪਾਣੀ ਪਿਲਾਉਂਦਾ ਹੈ। ਕੀ ਤੂੰ ਤੁਰਕ, ਪਹਾੜੀਏ ਨੂੰ ਪਾਣੀ ਨਹੀਂ ਪਿਲਾਇਆ? ਭਾਈ ਘਨੱਈਆ ਜੀ ਦਾ ਜਵਾਬ ਨਾਂਹ ਵਿੱਚ ਸੀ। ਜਵਾਬ ਸੁਣ-ਸੁਣ ਕੇ ਸੰਗਤਾਂ ਹੈਰਾਨ ਹੋ ਰਹੀਆਂ ਸਨ? ਗੁਰੂ ਜੀ ਕਹਿਣ ਲੱਗੇ ਜੇ ਤੂੰ ਤੁਰਕ, ਪਹਾੜੀਏ ਨੂੰ ਪਾਣੀ ਨਹੀਂ ਪਿਲਾਇਆ ਤਾਂ ਫਿਰ ਕੀਹਨੂੰ ਪਿਲਾਉਂਦਾ ਹੈਂ? ਭਾਈ ਘਨਈਆ ਕਹਿਣ ਲੱਗਾ ਮੈਨੂੰ ਤਾਂ ਹਰ ਇੱਕ ਵਿੱਚ ਆਪ ਜੀ ਦਾ ਚਿਹਰਾ ਹੀ ਨਜ਼ਰ ਆਉਂਦਾ ਹੈ। ਮੈਥੋਂ ਤਾਂ ਤੁਸੀਂ ਆਪ ਪਾਣੀ ਮੰਗਦੇ ਹੋ। ਮੈਨੂੰ ਤੁਹਾਡੇ ਬਗੈਰ ਕੋਈ ਨਜ਼ਰ ਨਹੀਂ ਆੳਂੁਦਾ। ਭਾਈ ਘਨਈਆ ਜੀ ਦੇ ਬਚਨ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ।ਭਾਈ ਘਨੱਈਆ ਜੀ ਨੂੰ ਦੁਬਾਰਾ ਜੰਗ ਦੇ ਮੈਦਾਨ ਵਿੱਚ ਤੋਰਦਿਆਂ ਗੁਰੂ ਜੀ ਨੇ ਉਨ੍ਹਾਂ ਦੇ ਹੱਥ ਮਲ੍ਹਮ-ਪੱਟੀ ਦਾ ਡੱਬਾ ਵੀ ਫੜਾ ਕੇ ਕਿਹਾ ਕਿ ‘ਜਿੱਥੇ ਤੂੰ ਪਿਆਸਿਆਂ ਨੂੰ ਜਲ ਛੱਕਾ ਕੇ ਉਨ੍ਹਾਂ ਦੀ ਪਿਆਸ ਦੂਰ ਕਰਦਾ ਹੈਂ, ਹੁਣ ਉੱਥੇ ਉਨ੍ਹਾਂ ਦੇ ਜ਼ਖਮਾਂ ’ਤੇ ਮੱਲ੍ਹਮਪੱਟੀ ਕਰਕੇ ਉਨ੍ਹਾਂ ਦਾ ਦਰਦ ਵੀ ਦੂਰ ਕਰਿਆ ਕਰ। ਭਾਈ ਘਨਈਆ ਜੀ ਨੂੰ ਸਾਰੇ ਹੀ ਸਾਧੂ ਜਾਣਨ ਲੱਗ ਪਏ, ਉਹ ਜਿੱਥੋਂ ਲੰਘਦੇ ਲੋਕੀਂ ਨਮਸਕਾਰ ਕਰਦੇ, ਸ੍ਰੀ ਸੰਤ ਰਤਨ ਮਾਲ੍ਹਾ ਵਿੱਚ ਇਸ ਤਰ੍ਹਾਂ ਲਿਖਿਆ ਹੈ।ਭਾਈ ਘਨੱਈਆ ਜੀ ਸਿੰਘਾਂ ਬੀਚ ਤੇ ਤੁਰਕਾਂ ਬੀਚ ਵੀ ਵਿਚਰਦੇ। ਕੋਈ ਇਸ ਕੋ ਅਟਕਾਵੈ ਨਾਹੀ॥ ਨਿਸੰਗ ਹੀ ਫਿਰੇ॥ ਇੱਕ ਸਮਾਨ ਸਭੀ ਕੋ ਜਾਨ ਕੇ ਸੇਵਾ ਬੜੇ ਪ੍ਰੇਮ ਸੇ ਕਰਹਿ॥ ਅਰ ਸਾਧੂ ਜਾਣ ਕੈ ਸਭੀ ਨਮਸਕਾ ਕਰੈ, ਕੋਈ ਇਸ ਕੋ ਦੁਖਾਵੈ ਨਾਹੀ॥ ਭਾਈ ਘੱਨਈਆ ਜੀ ਤੋਂ ਉਤਸ਼ਾਹਤ ਹੋ ਕੇ ਕਈ ਹੋਰ ਸਿੱਖ ਵੀ ਮੈੌਦਾਨੇ ਜੰਗ ਵਿੱਚ ਜਲ ਦੀ ਸੇਵਾ ਤੇ ਮੱਲ੍ਹਮ-ਪੱਟੀ ਕਰਦੇ।
ਭਾਈ ਘਨੱਈਆ ਜੀ ਵੱਲੋਂ ਜੰਗੇ-ਮੈਦਾਨ ਵਿੱਚ ਕੀਤੀ ਸੇਵਾ ਦਾ ਸੰਕਲਪ ਹੀ ਰੈੱਡ ਕਰਾਸ ਦੀ ਰੂਹ ਬਣਿਆ। ਭਾਈ ਘਨਈਆ ਜੀ ਤੋਂ ਪ੍ਰਚੱਲਤ ‘ਸੇਵਾ ਪੰਥੀ’ ਸੰਪਰਦਾ ਹੋਂਦ ਵਿੱਚ ਆਈ, ਜਿਸ ਦੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਵਿੱਚ 42 ਡੇਰੇ-ਟਿਕਾਣੇ  ਹਨ। ਭਾਈ ਘਨਈਆ ਜੀ ਦੀ ਜਨਮ ਤਾਰੀਖ ਦਾ ਪਤਾ ਨਾ ਹੋਣ ਕਰਕੇ ਰੈੱਡ ਕਰਾਸ ਦੇ ਸੰਕਲਪ ਨੂੰ ਜਨੇਵਾ ਸ਼ਹਿਰ ਦੇ ਹੈਨਰੀ ਡਿਊਨਾ ਦੇ ਜਨਮ ਦਿਨ 8 ਮਈ ਨਾਲ ਜੋੜਿਆ ਗਿਆ ਹੈ।ਹੈਨਰੀ ਡਿਊਨਾ-ਹੈਨਰੀ ਡਿਊਨਾ ਦਾ ਜਨਮ 8 ਮਈ 1828 ਈ.ਨੂੰ ਸਵਿਟਜ਼ਰਲੈਂਡ ਦੇਸ਼ ਦੀ ਰਾਜਧਾਨੀ ਜਨੇਵਾ ਵਿੱਚ ਇੱਕ ਉੱਚ ਘਰਾਣੇ ਵਿੱਚ ਹੋਇਆ। ਬਚਪਨ ਵਿੱਚ ਹੀ ਜਿੰਨੀ ਵਿੱਦਿਆ ਪ੍ਰਾਪਤ ਹੋ ਸਕਦੀ ਸੀ, ਪ੍ਰਾਪਤ ਕੀਤੀ। ਡਿਊਨਾ ਦਾ ਪਿਤਾ ਜੀਨ ਜੈਕ ਡਿਊਨਾ ਇੱਕ ਸਫਲ ਵਪਾਰੀ ਸੀ। 1853 ਤੋਂ 1858 ਤੱਕ ਉਸ ਨੇ ਇੱਕ ਕੰਪਨੀ ਵਿੱਚ ਨੌਕਰੀ ਕੀਤੀ, ਉਪਰੰਤ ਨੌਕਰੀ ਛੱਡ ਕੇ 31 ਸਾਲ ਦੀ ਉਮਰ ਵਿੱਚ ਆਟਾ ਪੀਸਣ ਦੇ ਕਾਰਖਾਨੇ ਲਾਉਣ ਲਈ ਆਪਣੇ ਮਿੱਤਰਾਂ ਕੋਲੋਂ ਭਾਰੀ ਰਕਮਾਂ ਲੈ ਕੇ ਇੱਕ ਸੋਸਾਇਟੀ ਬਣਾਈ। ਆਟਾ ਪੀਸਣ ਦੇ ਕਾਰਖਾਨੇ ਉਸ ਨੇ ਫਰਾਂਸ ਦੇਸ਼ ਦੇ ਅਧੀਨ ਇਲਾਕੇ ਅਲਜੀਰੀਆ ਵਿੱਚ ਲਾਉਣੇ ਸਨ
ਭਾਈ ਘਨੱਈਆ ਜੀ ਨੂੰ ਸਹੀ ਅਰਥਾਂ ਵਿਚ ਸੇਵਾ ਸਿਮਰਨ ਦੇ ਧਨੀ, ਪਰਉਪਕਾਰ ਦੇ ਪੁੰਜ ਅਤੇ ਸ਼ਾਂਤੀ ਦੇ ਅਮਨਦੂਤ ਆਖਿਆ ਜਾ ਸਕਦਾ ਹੈ।
ਸਾਡੀ ਭਾਈ ਘਨੱਈਆ ਪ੍ਰਤੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ, ਜੇਕਰ ਅਸੀਂ ਨਿਸਵਾਰਥ ਭਾਵਨਾ ਨਾਲ ਗਰੀਬਾਂ, ਮਰੀਜ਼ਾਂ ਅਤੇ ਦਰਦਮੰਦਾਂ ਦੀ ਮਦਦ ਲਈ ਅੱਗੇ ਆਈਏ ਅਤੇ ਭਾਈ ਘਨੱਈਆ ਜੀ ਵੱਲੋਂ ਚਲਾਈ ਗਈ ਵਿਚਾਰਧਾਰਾ ਅਤੇ ਨਿਸ਼ਕਾਮ ਮਨੁੱਖੀ ਸੇਵਾ ਦੀ ਸੋਚ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਫੈਲਾਈਏ।