ਭਾਈ ਜੀਵਨ ਸਿੰਘ

ਸਿੱਖ ਇਤਿਹਾਸ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਗਾਥਾ ਅਤੇ ਅਣਖ ਨਾਲ ਜਿਉਣ ਵਾਲੇ ਵਫਾਦਾਰ ਸੂਰਬੀਰ ਜਰਨੈਲਾਂ, ਯੋਧਿਆਂ, ਸੰਤਾਂ ਅਤੇ ਕਵੀਆਂ ਦਾ ਪਾਵਨ ਸਮੁੰਦਰ ਹੈ। ਸਿੱਖ ਇਤਿਹਾਸ ਦੇ ਅਣਗੌਲੇ ਪਾਤਰ ਯੋਧਿਆਂ ਦੇ ਸੱਚ ਦੀ ਭਾਲ ਲਈ ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਪੰਜਾਬੀ ਇਤਿਹਾਸਕਾਰਾਂ ਦੀਆਂ ਰਚਨਾਵਾਂ ਪੜ੍ਹਨ  ’ਤੇ ਪਤਾ ਲੱਗਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਫ਼ਦਾਰ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਯਤਾ ਜੀ) ਜਿਨ੍ਹਾਂ ਦੀ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ 40 ਸਿੰਘਾਂ ਵਿੱਚੋਂ ਸਿਰਫ਼ ਇਕੱਲਿਆਂ ਦੀ ਹੀ ਇੱਕੋ-ਇਕ ਪਵਿੱਤਰ ਇਤਿਹਾਸਕ ਪ੍ਰਾਚੀਨ ਯਾਦਗਾਰ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਬਣਿਆ ਹੋਇਆ ਹੈ। ਇਸ ਗੁਰਧਾਮ ਦੀ ਕਾਰ ਸੇਵਾ ਵੀ ਹੋਰਨਾਂ ਗੁਰਧਾਮਾਂ ਦੀ ਕਾਰ ਸੇਵਾ ਵਿਚ ਪਹਿਲਾਂ ਮਹਾਰਾਜਾ ਕਰਮ ਸਿੰਘ ਨੇ ਕਰਵਾਈ ਸੀ, ਗੁਰਦੁਆਰਾ ਸ਼ਹੀਦ ਬੁਰਜ ਬਣਾਉਣ ਦੇ ਨਾਲ-ਨਾਲ ਇਸ ਅਸਥਾਨ ’ਤੇ ਪਹਿਲਾਂ ਤੋਂ ਬਣੀ ‘ਪ੍ਰਾਚੀਨ ਖੂਹੀ’ ਦੀ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਇਸ ਦੀ ਕਾਰ ਸੇਵਾ ਪਹਿਲ ਦੇ ਆਧਾਰ ’ਤੇ ਕਰਵਾਈ ਸੀ। ਫਿਰ ਕਰੋੜ ਸਿੰਘੀਆ ਮਿਸਲ ਦੇ ਭਾਈ ਗੁਰਦਿਆਲ ਸਿੰਘ ਨੇ ਇੱਥੇ ਪਰਿਕਰਮਾ ਵਿਚ ਬਣੇ ਸਾਰੇ ਪਵਿੱਤਰ ਇਤਿਹਾਸਕ ਅਸਥਾਨਾਂ ਦੀ ਸੇਵਾ-ਸੰਭਾਲ ਕੀਤੀ। ਜੋ ਆਪਣੇ ਪਰਿਵਾਰ ਸਮੇਤ ਨੰਗੇ ਪੈਰੀਂ ਇੱਥੇ ਆ ਕੇ ਖੁਦ ਸੰਗਤਾਂ ਦੇ ਨਾਲ ਸੇਵਾ ਕਰਵਾਉਂਦੇ ਸਨ। ਫਿਰ ਬਾਬਾ ਨੰਦ ਸਿੰਘ ਜੀ ਬਲ੍ਹਾੜੀ ਕਲਾਂ ਵਾਲਿਆਂ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ। ਕਰੀਬ ਦੋ ਦਹਾਕੇ ਸੰਤ ਬਾਬਾ ਗੁਰਦਿੱਤ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਪ੍ਰੀਤਮ ਸਿੰਘ ਜੋ ਕਿ ਇਕ ਆਜ਼ਾਦੀ ਘੁਲਾਟÇੀਏ ਵੀ ਸਨ, ਨੇ ਇਸ ਅਸਥਾਨ ਦੀ ਸੇਵਾ ਲਗਾਤਾਰ 60 ਸਾਲ ਕਰਕੇ 1 ਫਰਵਰੀ 1996 ਨੂੰ ਸੱਚਖੰਡ ਨਿਵਾਸ ਕਰ ਗਏ, ਤੋਂ ਪਿੱਛੋਂ ਮੌਜੂਦਾ ਮੁੱਖ ਸੇਵਾਦਾਰ ਤੇ ਬਾਬਾ ਪ੍ਰੀਤਮ ਸਿੰਘ ਜੀ ਦੇ ਸਪੁੱਤਰ ਸੰਤ ਬਾਬਾ ਧਰਮ ਸਿੰਘ ਖਾਲਸਾ ਇਕ ਪਰਿਵਾਰ ਦੀ ਤੀਜੀ ਪੀੜ੍ਹੀ ਵਜੋਂ ਇਸ ਇਤਿਹਾਸਕ ਪਾਵਨ ਅਸਥਾਨ ਦੀ ਸੇਵਾ-ਸੰਭਾਲ ਕਰ ਰਹੇ ਹਨ।
ਸ਼ਹੀਦ ਬੁੰਗਾ ਤਪ ਅਸਥਾਨ ਬਾਬਾ ਜੀਵਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1689 ਈ. ਵਿਚ ਬਣਵਾਇਆ। ਇਹ ਅਸਥਾਨ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਨਾਲ ਬਣਿਆ ਹੋਇਆ ਹੈ।  ਗੁਰੂ ਜੀ ਨੇ ਕਿਲਾ ਆਨੰਦਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਫ਼ਦਾਰ ਜਰਨੈਲ ਅਤੇ ਮਹਾਨ ਯੋਧੇ ਬਾਬਾ ਜੀਵਨ ਸਿੰਘ ਨੂੰ ਸੌਂਪੀ ਸੀ ਅਤੇ ਉਹ ਗੋਲੀ-ਬਾਰੂਦ ਵਾਲੇ ਮੁੱਖ ਭੰਡਾਰ ਅਤੇ ਸਾਰੇ ਕਿਲਿਆਂ ਤੋਂ ਵੱਡੇ ਕਿਲੇ ਦੇ ਕਮਾਂਡਰ ਸਨ। ਉਹ ਸਮਕਾਲੀ ਕਵੀ ਕੰਕਣ ਜੀ, ਕਵੀ ਧੰਨਾ ਸਿੰਘ ਜੀ, ਕਵੀ ਖਜਾਨ ਸਿੰਘ ਜੀ ਅਤੇ ਦਰਬਾਰੀ ਕਵੀ ਆਲਮ ਸਿੰਘ ਜੀ ਵਾਂਗ ਗੁਰੂ ਜੀ ਦੇ ਸੰਤ ਸਿਪਾਹੀ ਸਨ। ਭਾਸ਼ਾ ਵਿਭਾਗ ਦੇ ਪ੍ਰਸਿੱਧ ਵਿਦਵਾਨ ਡਾਕਟਰ ਗੁਰਮੁੱਖ ਸਿੰਘ ਨੇ ਬਾਬਾ ਜੀਵਨ ਸਿੰਘ ਦੀ ਰਚਨਾ ‘ਸ੍ਰੀ ਗੁਰ ਕਥਾ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕਰਵਾ ਕੇ ਇਕ ਸ਼ਲਾਘਾਯੋਗ ਕਾਰਜ ਨੇਪਰੇ ਚਾੜ੍ਹਿਆ ਹੈ। ਬਾਬਾ ਜੀ ਨੇ ਇਕ ਸਮਕਾਲੀ ਕਵੀ ਵਜੋਂ ਉਨ੍ਹਾਂ ਨੇ ਆਪਣੀ ਸੂਝ-ਬੂਝ, ਸੋਚ, ਵਿਚਾਰਧਾਰਾ, ਦ੍ਰਿਸ਼ਟੀ ਅਤੇ ਅਧਿਆਤਮਕ ਰਹੱਸ ਨੂੰ ਕਾਵਿ ਰੂਪ ਰੰਗ ਵਿਚ ਬਹੁਤ ਹੀ ਸੁਚੱਜੇ ਢੰਗ-ਤਰੀਕੇ ਨਾਲ ਬਿਆਨ ਕੀਤਾ ਹੈ। ਆਪ ਦੇ ਹਿਰਦੇ ਵਿਚ ਵਸੇ ਗੁਰੂ ਪਿਆਰ, ਦਲੇਰੀ, ਭਗਤੀ, ਸ਼ਰਧਾ, ਸਹਿਨਸ਼ੀਲਤਾ, ਨਿਮਰਤਾ ਅਤੇ ਉਮਾਹ ਦੀ ਭਾਵਨਾ ਨਾਲ ਭਰਪੂਰ ਆਦਿ ਸਭ ਨੇ ਉਨ੍ਹਾਂ ਨੇ ਸਿੱਖੀ ਸਿਧਾਂਤ ਦੇ ਅਨੁਕੂਲ ਸ਼ੈਲੀ ਨੂੰ ਵਿਲੱਖਣ ਰੂਪ ਪ੍ਰਦਾਨ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਗਵਾਹੀਆਂ ਭਰਦੇ ਸਿੱਖ ਗੁਰੂ ਸਾਹਿਬਾਨਾਂ ਨੇ ਪਾਵਨ ਹੁਕਮਨਾਮਿਆਂ ਤੋਂ ਪਤਾ ਲੱਗਦਾ ਹੈ ਕਿ ਆਪ ਦਾ  ਪਰਿਵਾਰ ਪਹਿਲੀ ਤੋੋਂ ਦਸਵੀਂ ਪਾਤਸ਼ਾਹੀ ਤਕ ਪੀੜ੍ਹੀਆਂ ਤੋਂ ਸਿੱਖੀ ਦਾ ਸੇਵਕ ਸੀ। ਆਪ ਗੁਰੂ ਜੀ ਦੇ ਚਰਨ ਕਮਲਾਂ ਦੇ ਸੇਵਕ ਸ਼ਰਧਾਲੂ ਤੇ ਹਰ ਵਕਤ ਦਰਸ਼ਨ ਦੀਦਾਰ ਕਰਨ ਵਾਲੇ ਸਨ ਤੇ ਗੁਰਬਾਣੀ ਦੇ ਨਿੱਤਨੇਮੀ ਸਨ।  ਉਨ੍ਹਾਂ ਦੀ ਵਿਚਾਰਧਾਰਾ ਤੇ ਗੁਰਬਾਣੀ ਦਾ ਪ੍ਰਭਾਵ, ਸੁਖਮਨੀ ਸਾਹਿਬ ਦੀ ਸ਼ੈਲੀ ਦਾ ਪ੍ਰਭਾਵ, ਦਸਮ ਗੁਰੂ ਜੀ ਦੀ ਬਾਣੀ ਦੀ ਸ਼ੈਲੀ ਦਾ ਪ੍ਰਭਾਵ, ਅਕਾਲ ਉਸਤਤ ਦੀ ਪ੍ਰਭਾਵਸ਼ੈਲੀ ਤੇ ਵਿਚਾਰਾਂ ਤੇ ਭੱਟ ਬਾਣੀ ਦੇ ਪ੍ਰਭਾਵ ਵਾਲੀ  ਸ਼ੈਲੀ, ਚਿੱਤਰ ਸ਼ੈਲੀ, ਆਤਮ ਪ੍ਰਧਾਨ ਸ਼ੈਲੀ, ਸੰਬੋਧਨੀ ਸ਼ੈਲੀ ਅਤੇ ਉਪਦੇਸ਼ ਸ਼ੈਲੀ, ਉੱਪਰ ਗੁਰਬਾਣੀ ਦਾ ਡੂੰਘਾ ਪ੍ਰਭਾਵ ਹੈ।
ਉਨ੍ਹਾਂ ਦੇ ਜੀਵਨ ਸਬੰਧੀ ਸਮਕਾਲੀ ਰਚਨਾਵਾਂ ਨੂੰ ਵਾਚਣ ’ਤੇ ਪਤਾ ਲੱਗਦਾ ਹੈ ਕਿ ਸ਼ਰਾਰਤੀ ਕਿਸਮ ਦੇ ਇਤਿਹਾਸਕਾਰਾਂ ਨੇ ਅਪਣੱਤ ਦੀ ਭਾਵਨਾਵਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਜੀਵਨ ਦੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਕਾਫੀ ਛੇੜ-ਛਾੜ ਕੀਤੀ ਹੈ। ਅੱਜ ਦੋ ਦਰਜਨ ਦੇ ਕਰੀਬ ਇਤਿਹਾਸਕ ਅਸਥਾਨ ਹਿੰਦੁਸਤਾਨ ਵਿਚ ਹਨ, ਜਿੱਥੇ  ਭਾਈ ਜੀਵਨ ਸਿੰਘ ਜੀ ਦਾ ਇਤਿਹਾਸ ਦਰਜ ਹੈ। ਕਈ ਉਹ ਅਸਥਾਨ ਵੀ ਹਨ ਜਿੱਥੋਂ ਉਨ੍ਹਾਂ ਦਾ ਇਤਿਹਾਸ ਤੇ ਪੁਰਾਤਨ ਨਿਸ਼ਾਨੀਆਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਮਕਾਲੀ ਲਿਖਤਾਂ ਅਨੁਸਾਰ 22-23 ਦਸੰਬਰ 1704 ਦੀ ਦਰਮਿਆਨੀ ਰਾਤ ਅਤਿਨਾਜ਼ੁਕ ਸਥਿਤੀ ਵਿਚ ਮੌਕੇ ’ਤੇ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਗੁਰੂ ਜੀ ਯੁੱਧ ਨੀਤੀ ਨਾਲ ਆਪਣੀ ਪਾਵਨ ਕਲਗੀ ਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਜੀ  ਨੂੰ ਪਹਿਨਾ ਕੇ ਆਪਣੀ ਜਗ੍ਹਾ ’ਤੇ ਗੜ੍ਹੀ ਦੇ ਬੁਰਜ ਵਿਚ ਬਿਠਾ ਕੇ ਆਪ ਤਿੰਨ ਸਿੰਘਾਂ ਸਮੇਤ ਪਿੰਡ ਰਾਇਪੁਰ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਨੂੰ ਤੁਰ ਗਏ।
ਗੁਰੂ ਜੀ ਦੇ ਗੜ੍ਹੀ ਛੱਡ ਜਾਣ ਪਿੱਛੋਂ ਬਾਬਾ ਜੀਵਨ ਸਿੰਘ ਜੀ ਬਾਕੀ ਸਿੰਘਾਂ ਦੀਆਂ ਸ਼ਹਾਦਤਾਂ ਪਿੱਛੋਂ ਇਕੱਲੇ ਹਜ਼ਾਰਾਂ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਤੇ ਲੜਦੇ ਗੁਰੂ ਜੀ ਵੱਲੋਂ ਬਖਸ਼ਿਸ਼ ਨਾਗਣੀ ਤੇ ਬਾਘਣੀ (ਭਾਗਣੀ) ਬੰਦੂਕਾਂ ਚਲਾਉਂਦੇ ਰਹੇ। ਭਾਈ ਰਤਨ ਸਿੰਘ ਭੰਗੂ ਅਨੁਸਾਰ:-
ਜੀਵਨ ਸਿੰਘ ਰਘੁਰੇਟੜੋ ਬੰਦੂਕੀ ਵਡੋ ਅਖਵਾਇ।
ਏਕ ਬੁਰਜ ਕੇ ਮੱਧ ਬਹੇ ਏਕੜ ਹੀ ਥੋਹ ਪਾਇ।।
ਸਮਕਾਲੀ ਇਤਿਹਾਸ ਤੱਥਾਂ ਅਨੁਸਾਰ ਜਦੋਂ 11 ਨਵੰਬਰ 1675 ਈ. ਨੂੰ ਨੌਵੇਂ ਗੁਰੂ ਸ੍ਰੀ ਗੁਰੂ  ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ ਤਾਂ  ਮੁਗਲ ਹਕੂਮਤ ਨੇ ਐਲਾਨ ਕੀਤਾ ਕਿ ਜੋ ਵੀ ਗੁਰੂ ਜੀ ਦਾ ਪਾਵਨ ਸੀਸ ਤੇ ਧੜ ਨੂੰ ਉਠਾਏਗਾ, ਉਸ ਦਾ ਤੇ ਉਸ ਦੇ ਪਰਿਵਾਰ ਦਾ ਵੀ  ਉਹ ਹਸ਼ਰ ਹੋਏਗਾ। 11-12 ਨਵੰਬਰ ਦੀ ਰਾਤ ਨੂੰ ਮਰਜੀਵੜੇ ਸਿੰਘਾਂ ਭਾਈ ਜੈਯਤਾ ਜੀ (ਬਾਬਾ ਜੀਵਨ ਸਿੰਘ ਜੀ) ਉਨ੍ਹਾਂ ਦੇ ਤਾਇਆ ਭਾਈ ਆਗਿਆ ਰਾਮ ਜੀ, ਅਤੇ ਭਾਈ ਉਦੈ ਜੀ ਨੇ ਭਾਈ ਜੈਯਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ ਦਾ ਸੀਸ ਅਤੇ ਧੜ੍ਹ ਚਾਂਦਨੀ ਚੌਕ ਵਿਚ ਰੱਖ ਕੇ ਗੁਰੂ ਜੀ ਦਾ ਪਾਵਨ ਸੀਸ ਤੇ ਧੜ੍ਹ ਚੁੱਕ ਲਿਆ। ਗੁਰੂ ਜੀ ਦੇ ਧੜ੍ਹ ਦਾ ਸਸਕਾਰ ਭਾਈ ਜੈਤਾ ਜੀ ਦੇ ਪਿਤਾ ਆਗਿਆ ਰਾਮ ਜੀ ਨੇ ਆਪਣੇ ਘਰ ਕਲਿਆਣੇ ਦੀ ਧਰਮਸ਼ਾਲਾ (ਜਿਸ ਦਾ ਵੇਰਵਾ ਪਾਵਨ ਹੁਕਮਨਾਮੇ ਵਿਚ ਵੀ ਮਿਲਦਾ ਹੈ) ਪਿੰਡ ਰਾਇਸੀਨਾ ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਬਣਿਆ ਹੋਇਆ ਹੈ, ਵਿਖੇ ਕਰ ਦਿੱਤਾ। ਭਾਈ ਜੈਤਾ ਜੀ ਪਾਵਨ ਸੀਸ ਲੈ ਕੇ ਬਾਗਪਤ, ਤਰਾਵੜੀ, ਅੰਬਾਲਾ, ਨਾਭਾ ਆਦਿ ਥਾਵਾਂ ਤੋਂ ਦੀ ਲੰਘਦੇ ਹੋਏ 15 ਨਵੰਬਰ 1675 ਈ. ਨੂੰ ਆਨੰਦਪੁਰ ਸਾਹਿਬ ਪਹੁੰਚ ਗਏ। ਫਿਰ 16 ਨਵੰਬਰ 1675 ਈ. ਨੂੰ ਪੂਰਨ ਗੁਰ-ਮਰਿਯਾਦਾ ਨਾਲ ਪਾਵਨ ਸੀਸ ਦਾ ਅੰਤਮ-ਸੰਸਕਾਰ ਕੀਤਾ ਗਿਆ। ਸਸਕਾਰ ਤੋਂ ਬਾਅਦ ਦਸਮ ਪਿਤਾ ਨੇ ਜੁੜੀ ਸਿੱਖ ਸੰਗਤ ਵਿਚ ਸੀਸ ਚੁੱਕ ਕੇ ਲੈ ਆਉਣ ਦੀ ਕਠਿਨਾਈਆਂ ਭਰੀ ਦਾਸਤਾਨ ਸੁਣਨ ਉਪਰੰਤ ਉਨ੍ਹਾਂ ਨੂੰ ਗਲਵੱਕੜੀ ਵਿਚ ਲੈ ਕੇ ‘ਰਘੁਰੇਟੇ  ਗੁਰੂ ਕੇ ਬੇਟੇ’ ਹੋਣ ਦਾ ਸਨਮਾਨ ਦਿੱਤਾ, ਅਤੇ ਦਸਮ ਪਿਤਾ ਨੇ ਇਸ ਬਹਾਦਰੀ ਭਰੇ ਕਾਰਜ ਬਦਲੇ ਭਾਈ  ਜੈਯਤਾ ਜੀ ਦੀ ਕੋਈ ਦਿਲੀ ਇੱਛਾ ਪੂਰੀ ਕਰਨ ਦਾ ਵਚਨ ਦਿੱਤਾ ਤਾਂ ਭਾਈ ਸਾਹਿਬ ਨੇ ਗੁਰੂ ਜੀ ਤੋਂ ਸਿਰਫ਼ ‘‘ਦਰਸ਼ਨ ਤੇ ਇਸ਼ਨਾਨ’’ ਦੀ ਇੱਛਾ ਰੱਖੀ, ਤਾਂ ਗੁਰੂ ਜੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਰਿਕਰਮਾ ਵਿਖੇ ਦੁਖ ਭੰਜਨੀ ਬੇਰੀ ਦੇ ਕੋਲ ਬੂੰਗਾ ਰਘੁਰੇਟਿਆਂ ਭਾਈ ਜੈਤਾ ਜੀ ਦੀ ‘ਇੱਛਾ’ ਨੂੰ ਕਬੂਲਦਿਆਂ ਬਣਵਾਇਆ। ਭਾਈ ਜੈਤਾ ਜੀ ਨੇ ਗੁਰੂ ਜੀ ਨਾਲ ਚਮਕੌਰ ਸਾਹਿਬ ਦੀ ਜੰਗ ਤੱਕ ਸਾਰੀਆਂ ਜੰਗਾਂ ਵਿਚ ਵੱਧ-ਚੜ੍ਹ ਕੇ ਸਿਰਕੱਢ ਜਰਨੈਲ ਵਜੋਂ ਹਿੱਸਾ ਲਿਆ।
ਚਮਕੌਰ ਦੀ ਭਿਆਨਕ ਜੰਗ ਵਿਚ ਆਪ ਦੇ ਛੋਟੇ ਭਰਾ ਭਾਈ ਸੰਗਤ  ਸਿੰਘ, ਆਪ ਦੇ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ ਅਤੇ ਸਹੁਰਾ ਭਾਈ ਸੁਜਾਨ ਸਿੰਘ ਸ਼ਹੀਦ ਹੋ ਗਏ ਜਦੋਂਕਿ ਉਨ੍ਹਾਂ ਦੀ ਮਾਤਾ ਪ੍ਰੇਮੋ ਜੀ ਅਤੇ ਉਨ੍ਹਾਂ ਦੇ ਦੋ ਛੋਟੇ ਸਪੁੱਤਰ ਭਾਈ ਗੁਰਦਿਆਲ ਸਿੰਘ ਅਤੇ ਭਾਈ ਗੁਲਜ਼ਾਰ ਸਿੰਘ ਸਰਸਾ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ। ਆਪ 23 ਦਸੰਬਰ 1704 ਈ. ਨੂੰ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਸਭ ਤੋਂ ਪਿੱਛੋਂ ਸ਼ਹਾਦਤ ਪਾਉਣ ਵਾਲੇ ਇਕੋ-ਇਕ ਮਹਾਨ ਜਰਨੈਲ ਸਨ। ਕਵੀ ਕੰਕਣ ਜੀ ਅਨੁਸਾਰ:-
ਅੰਤ ਇਕੇਲਾ ਗੜ੍ਹ ਮੇ ਬੰਦੂਕੀ ਪ੍ਰਵੀਨ
ਜੀਵਨ ਵਿਚ ਰਘੁਰੇਟੜੋ ਜੋ ਜੂਝ ਗਇਓ ਸੰਗ ਦੀਨ।।
ਵਜੀਰਾ ਅਤਿ ਪ੍ਰਸੰਨ ਭਯੋ ਲੀਓ ਮਾਰ ਗੋਬਿੰਦ।
ਦਿਲੀ ਧਾਇਓ ਸੀਸ ਲੈ ਖੁਸ਼ੀ ਕਰਨ ਨਾਰਿੰਦ।।
-ਗੁਰਮੇਲ ਸਿੰਘ ਗਿੱਲ