ਮਨ ਦੀ ਮਿੱਟੀ ਉੱਤੇ ਕਿਸਨੇ

ਮਨ ਦੀ ਮਿੱਟੀ ਉੱਤੇ ਕਿਸਨੇ
ਪ੍ਰੀਤ ਬੂੰਦਾਂ ਛਿੜਕੀਆਂ
ਸੁਫਨਿਆਂ ਦੇ ਬਾਲ ਨੂੰ ਇਹ
ਕਿਸ ਦੀਆਂ ਨੇ ਗੁੜਤੀਆਂ

ਚਾਹਤਾਂ ਦੇ ਪੰਛੀਆਂ ਨੇ
ਖੋਲੀਆਂ ਜੋ ਖਿੜਕਿਆਂ
ਕੁਝ ਤੇ ਰੀਝਾਂ ਖਚਰੀਆਂ
ਅੰਦਰੋਂ ਅੰਦਰੀ ਗੁੜਕੀਆਂ

ਹੁਸਨ ਦੇ ਭੁਵਾਕੇ ਵਾਂਗੂੰ
ਬਾਂਹੀਂ ਵੰਗਾਂ ਤਿੜਕੀਆਂ
ਇਸ਼ਕ਼ ਦਾ ਤੁਫਾਨ ਬਣਕੇ
ਧੜਕਨਾਂ ਸੀ ਧੜਕੀਆਂ

ਅਸੂਲ ਕਿਉਂ ਨੇ ਉੱਬਲੇ
ਤਲਖੀਆਂ ਕਿਉਂ ਰੜਕੀਆਂ
ਢਿੱਡੀਂ ਪੀੜਾਂ ਉੱਠੀਆਂ
ਰਸਮੋ ਰਿਵਾਜ਼ਾਂ ਬੁੜਕੀਆਂ

ਪ੍ਰੀਤਾਂ ਸੋਹਿਲੇ ਗਾਉਣ ਤੇ
ਕਿਉਂ ਭਾਵਨਾਵਾਂ ਭੜਕੀਆਂ
ਰਾਹ ਜਿਸਨੇ ਰੋਕਿਆ ਸੀ
ਯਾਦ ਨੇ ਉਹ ਝਿੜਕੀਆਂ

ਜੋਸ਼ ਤੇ ਜੁਨੂਨ ਦੀਆਂ
ਬਿਜਲੀਆਂ ਜੋ ਕੜਕੀਆਂ
ਪਰਵਾਜ਼ ਭਰੀ ਚੇਤਨਾ ਨੇ
ਖੁੱਲ ਕੇ ਬਾਹਾਂ ਫੜਕੀਆਂ…SONIA BHARTI