ਮਹਿਰਮ ਦਿਲ ਦਾ ਮਾਹੀ

ਤੜਕੇ ਤੋਂ ਲਹਿੰਦਾ ਮੋਹਲੇਧਾਰ ਮੀਂਹ ਕਿਣਮਿਣ ਵਿਚ ਬਦਲ ਗਿਆ ਸੀ। ਵਰ੍ਹਦੇ ਮੰਡਰਾਉਂਦੇ ਸੰਘਣੇ ਕਾਲੇ ਬੱਦਲ ਹੌਲੀ-ਹੌਲੀ ਕਿਤੇ ਨੱਠਦੇ ਜਾ ਰਹੇ ਸਨ। ਸਰਘੀ ਨੇ ਆਪਣੇ ਡੋਲੂ ਦੇ ਢੱਕਣ ਵਰਗੀ ਅੱਧੀ ਮੁੰਡੀ ਅੰਬਰ ਦੀ ਹਿੱਕ ‘ਚੋਂ ਬਾਹਰ ਕੱਢ ਲਈ ਸੀ। ਹਨੇਰਾ ਚੀਰਦੀ ਸੂਰਜ ਦੀ ਮੱਧਮ-ਮੱਧਮ ਚਾਂਦਨੀ, ਘਰ ਦੇ ਰੁੱਖਾਂ ‘ਚੋਂ ਛਣ-ਛਣ ਕੇ ਆਉਣ ਲੱਗੀ ਸੀ। ਤੇਜ਼ ਸਰਦ ਹਵਾ ਅਜੇ ਵੀ ਆਪਣੇ ਜੋਬਨ ‘ਤੇ ਸੀ। ਖਿੜਕੀਆਂ ਦੇ ਸ਼ੀਸ਼ਿਆਂ ‘ਤੇ ਜੰਮਿਆ ਕੋਰਾ ਬੂੰਦਾ ਬਣ-ਬਣ ਕੇ ਹੇਠਾ ਟਪਕ ਰਿਹਾ ਸੀ। ਬਾਹਰ ਦੇਖਣ ‘ਤੇ ਵੀ ਕਾਂਬਾ ਛਿੜਦਾ ਸੀ। ਕਿਰਤ ਦਾ ਵੇਲਾ ਸਾਝਰੇ ਹੋਣ ਕਾਰਨ, ਮੇਰੀ ਵਹੁਟੀ ਸੁਨੈਣਾ ਘੁੱਪ ਨੇਰ੍ਹੇ ਹੀ ਘਰੋਂ ਨਿਕਲ ਗਈ ਸੀ। ਤੇ ਮੈਂ ਹਾਲੇ ਵੀ ਬੈੱਡ ‘ਤੇ ਪਿਆ, ਰਜਾਈ ਨਾਲ ਆਪਣੇ ਆਪ ਨੂੰ ਗਰਮ ਕਰਨ ਦਾ ਯਤਨ ਕਰ ਰਿਹਾ ਸਾਂ।
ਅਚਾਨਕ??
ਟਰਨ ਟਰਨ ਫੋਨ ਦੀ ਘੰਟੀ ਵੱਜੀ।
ਹੈਲੋ ਕੌਣ? ਮੈਂ ਉਬਾਸੀ ਲੈਂਦੇ ਰਸੀਵਰ ਕੰਨ ਨਾਲ ਲਗਾਉਂਦਿਆਂ ਕਿਹਾ।
‘ਟੁਮਾਰਾ’ ਝਰਨਾਹਟ ਭਰੀ ਇਕ ਥਰਥਰਾਉਂਦੀ ਜੇਹੀ ਆਵਾਜ਼ ਆਈ।
-”ਟੁ..ਮਾ..ਰਾ…ਤੂੰ? ਝੱਲੀਏ ਤੂੰ ਤਾਂ ਪੂਰੇ ਦੀ ਵ੍ਹਾ ਬਣ ਕੇ ਇੰਝ ਵਿਸਰੀ ਮੈਥੋਂ, ਮੈਂ ਤਾਂ ਭਰਮ ਹੀ ਪਾਲ ਬੈਠਾ ਕਿ ਹੁਣ ਤੂੰ ਨੀ ਲੱਭਦੀ ਪਰ ਅੱਜ ਇੰਦਰਧਨੁਸ਼ ਵਾਂਗ ਤੂੰ ਅਚਨਚੇਤ ਕਿਦਾਂ ਕਿਹੜੇ ਬੱਦਲਾਂ ‘ਚੋਂ ਨਿਕਲ ਆਈ ਏ, ਮੇਰੇ ਲਈ ਕੁਦਰਤ ਦੀ ਇਕ ਨਾਯਾਬ ਸੌਗਾਤ ਬਣ ਕੇ?”
-”ਓਫ ਓ ਉੱਲੂਬਾਟੇ, ਆਪਣੇ ਦੁਆਰ ਦਾ ਜਿੰਦਾ ਤਾਂ ਖੋਲ੍ਹ ਪਹਿਲਾਂ। ਤੇਰੇ ਬੁੰਗੇ ਦੇ ਪ੍ਰਵੇਸ਼ ਦੁਆਰ ‘ਤੇ ਖੜ੍ਹੀ-ਖੜ੍ਹੀ ਦੀ ਕੁਲਫੀ ਨਾ ਜੰਮ ਜੇ ਕਿਤੇ ਮੇਰੀ।”
-”ਇਕ ਵਾਰ ਫਿਰ ਬੋਲ, ਕਿੱਥੇ ਆਂ ਤੂੰ? ਸ਼ਾਇਦ ਤੇਰੇ ਆਉਣ ਦਾ ਆਭਾਸ ਇੱਦਾਂ ਹੀ ਮੇਰੇ ਕੰਨਾਂ ਨੂੰ ਹੋਇਆ ਲੱਗਦੈ।”
-”ਤੇਰੇ ਘਰ ਦੇ ਬਾਹਰ”
-”ਸੱਚੀ… ?”
-”ਮੁੱਚੀ…!”
-”ਏਹ ਹੋਈ ਨਾ ਗੱਲ, ਮੈਂ ਹੁਣੇ ਆਇਆ।”
ਮੈਂ ਦਰਵਾਜ਼ਾ ਖੋਲ੍ਹਿਆ। ਉਹ ਪੂਰੀ ਤਰ੍ਹਾਂ ਭਿੱਜੀ ਹੋਈ ਸੀ। ਕੰਬਦੀ ਹੋਈ ਅੰਦਰ ਆਣ ਵੜੀ। ਠੰਡ ਨਾਲ ਓਦੀਆਂ ਨੰਗੀਆਂ ਬਾਹਾਂ ‘ਤੇ ਲੂ ਕੰਡੇ ਖੜ੍ਹ ਚੁੱਕੇ ਸਨ।
-”ਟੁਮਾਰਾ! ਤੈਂਨੂੰ ਮੈਂ ਸੁਨੈਣਾ ਦੇ ਕੁਝ ਲੀੜੇ ਕੱਢ ਕੇ ਦਿੰਦਾ ਆਂ, ਛੋਟੇ-ਵੱਡੇ ਅਡਜਸਟ ਕਰ ਕੇ ਪਾ ਲੀਂ। ਠੰਡ ਤੋਂ ਤਾਂ ਬੱਚ ਜਾਵੇਂਗੀ। ਜਾਂਦੀ ਆਉਂਦੀ ਸਰਦ ਰੁੱਤ ਹੀ ਚੜ੍ਹਾਉਂਦੀ ਏਂ ਚੰਦ। ਦੇਖੀਂ ਕਿਤੇ ਤੇਰੇ ਨੱਕ ‘ਚੋਂ ਚਿਪਚਿਪੀ ਲੇਸ ਜਿਹੀ ਹੀ ਨਾ ਟਪਕਣ ਲੱਗੇ।”
ਕਾਤਲ ਅਦਾ ‘ਚ ਮੁਸਕਰਾਉਂਦੇ ਤੇ ਹਾਂ ਵਿਚ ਸਿਰ ਹਿਲਾਉਂਦੇ, ਉਹ ਹੀਟਰ ‘ਤੇ ਆਪਣੇ ਸੁੰਨੇ ਹੱਥ ਸੇਕਣ ਲੱਗੀ ਤੇ ਮੈਂ ਉਹਨੂੰ ਕੱਪੜੇ ਦੇ ਕੇ ਕਿਚਨ ਵਿਚ ਚਾਹ ਬਣਾਉਣ ਚਲਾ ਗਿਆ।
ਟੁਮਾਰਾ ਰੂਮ ਦਾ ਬੂਹਾ ਅੱਧਾ ਢੋਅ ਕੇ ਕੱਪੜੇ ਬਦਲਣ ਲੱਗੀ। ਕਮਰੇ ਵਿਚ ਲੱਗੇ ਅਠ੍ਹਾਰਾਂ ਵਾਟ ਦੇ ਬਲਬ ਦੀ ਰੋਸ਼ਨੀ, ਮੋਮਬੱਤੀ ਦੀ ਮੋਮ ਵਰਗੇ ਓਹਦੇ ਨਰਮ ਤੇ ਕੂਲੇ-ਕੂਲੇ ਅੰਗਾਂ ‘ਤੇ ਪੈਂਦੀ ਹੋਈ ਕੰਧ ‘ਤੇ ਆਪਣਾ ਅਕਸ ਬਣਾ ਰਹੀ ਸੀ। ਕਿਸੇ ਸੁਨਿਆਰੇ ਦੁਆਰਾ ਖੁਰਚ-ਖੁਰਚ ਕੇ ਤਰਾਸ਼ੇ ਗਹਿਣੇ ਵਾਂਗੇ ਲੋਹੜੇ ਮਾਰਦਾ ਉਸ ਛੀਟਕੀ ਦਾ ਜਵਾਨ ਹੁਸਨ, ਕੱਦ ਦੇ ਪਰਛਾਵੇਂ ਵਿਚ ਵੀ ਲੱਟ-ਲੱਟ ਬਲ ਰਿਹਾ ਸੀ ਤੇ ਨਾਲ ਹੀ ਉਬਲਦੀ ਚਾਹ ਦੇ ਨਾਲ-ਨਾਲ ਮੇਰਾ ਪੂਰਾ ਵਜੂਦ ਵੀ।
ਮੈਂ ਚਾਹ ਲੈ ਕੇ ਕਮਰੇ ‘ਚ ਆ ਵੜਿਆ। ਉਹ ਅੱਖਾਂ ਮੁੰਦੀ ਖੜ੍ਹੀ ਸੀ। ਸ਼ਰਮ ਪਤਾ ਨਹੀਂ ਓਹਨੂੰ ਕਾਹਦੀ ਆ ਰਹੀ ਸੀ। ਸੁਨੈਣਾ ਦੇ ਲੀੜਿਆਂ ‘ਚ ਜਲ-ਜਲ, ਬਲ-ਬਲ ਕਰਦੇ ਓਹਦੇ ਜੋਬਨਵੰਤੀ ਅੰਗ, ਬਲੌਰੀ ਅੱਖਾਂ ਵਿਚ ਭਰੀ ਇਕ ਅਜੀਬ ਜਿਹੀ ਮਦਹੋਸ਼ੀ ਤੇ ਕੇਸੂ ਬੁੱਲੀਆਂ ‘ਚ ਵਾਰ-ਵਾਰ ਹੁੰਦੀ ਫਰਕਣ, ਜਿਵੇਂ ਮੈਨੂੰ ਆਖ ਰਹੀ ਹੋਵੇ —”ਵੇ ਵੈਰੀਆ ਆ ਜਾ ਉਰੇ! ਘੁੱਟ ਲਾ ਹਿੱਕ ਨਾਲ ਮੈਂਨੂੰ, ਸਮਾਂ ਲੈ ਬਾਹਾਂ ਵਿਚ ਤੇ ਕਰ ਲੈ ਸੰਤੁਸ਼ਟੀ। ਤ੍ਰਿਪਤੀ ਸੰਪੂਰਨ ਕਰਕੇ, ਅੱਜ ਕਰ ਲੈ ਤੂੰ ਤਰਸੇਵਾਂ ਦੂਰ। ਏਸ ਦਿਨ ਨੂੰ ਤਾਂ ਤੂੰ ਅਜ਼ਲਾਂ ਤੋਂ ਤਰਸ ਰਿਹਾ ਸੀ ਤੇ ਅੱਜ ਦੂਰ-ਦੂਰ ਖੜ੍ਹਾ ਕੀ ਕਰਦੈਂ?
”ਲਓ ਜੀ, ਚਾਹ ਪੀ ਲਓ। ਠੰਡੀ ਨਾ ਹੋ ਜੇ।” ਮੈਂ ਕੱਪ ਟੇਬਲ ‘ਤੇ ਰੱਖਦੇ ਕਿਹਾ।
ਉਹ ਅੱਖਾਂ ‘ਚ ਅੱਖਾਂ ਪਾਈ, ਅਦਭੁਤ ਤੱਕਣੀ ਨਾਲ ਤੱਕਦੀ, ਹੌਲੀ-ਹੌਲੀ ਕਦਮ ਪੁਟਦੀ, ਮੇਰੇ ਨਾਲ ਜੁੜ ਕੇ ਖੜ੍ਹ ਗਈ। ਓਹਦੇ ਗਦਰਾਏ ਚੀਕਣੇ ਅੰਗਾਂ ਦੇ ਸਪਰਸ਼ ਨਾਲ ਮੇਰਾ ਤਨ ਬਦਨ ਤੱਤੀ ਰੇਤ ਦੀ ਤਪਸ਼ ‘ਤੇ ਸਪਰਸ਼ ਨਾਲ ਭੁਜਦੇ ਮੱਕੀ ਦੇ ਦਾਣਿਆਂ ਵਾਂਗ ਭੁੜਕ-ਭੁੜਕ ਕੇ ਭੁੱਜਣ ਦੀ ਅਨੁਭੂਤੀ ਦੇਣ ਦਾ ਲੱਗਾ ਸੀ। ਅਚਾਨਕ ਭੱਠੀ ਦੀ ਅੱਗ ਠੰਡੀ ਪੈ ਗਈ। ਟੁਮਾਰਾ ਨੂੰ ਖੰਘ ਛਿੜ ਪਈ ਸੀ। ਸਿਰ ਤਾਂ ਓਹਦਾ ਪਹਿਲਾਂ ਹੀ ਦੁੱਖ ਰਿਹਾ ਸੀ। ਬਿਸਤਰ ਵਿਚ ਲੇਟਦੇ ਹੀ ਓਹਨੇ ਅੱਖਾਂ ਬੰਦ ਕਰ ਲਈਆਂ ਤੇ ਡੂੰਘੇ-ਡੂੰਘੇ ਸਾਹ ਲੈਣ ਲੱਗੀ। ਉਹ ਆਪਣੇ ਇਸ ਰੋਗ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ। ਓਹਨੇ ਸਿੱਖ ਲਿਆ ਸੀ ਕਿ ਸਿਰਦਰਦ, ਜਕੜਨ, ਨਬਜ਼ ਦੇ ਤੇਜ਼ ਹੋਣ, ਚੱਕਰ ਤੇ ਬੇਹੋਸ਼ੀ ਦੇ ਦੌਰੇ ਨੂੰ ਕਿਵੇਂ ਟਾਲਿਆ ਜਾ ਸਕਦੈ। ਮੈਂ ਕੁਝ ਵਕਤ ਓਹਦੇ ਲਾਗੇ ਬੈਠਾਂ ਤੇ ਫਿਰ ਬਰੱਸ਼ ਕਰਨ ਲਈ ਬਾਥਰੂਮ ਵਿਚ ਆ ਗਿਆ।
ਜਦ ਵਾਪਸ ਕਮਰੇ ‘ਚ ਗਿਆ ਤਾਂ ਉਹ ਗੂੜ੍ਹੀ ਨੀਂਦ ਸੁੱਤੀ ਪਈ ਸੀ। ਮੈਂ ਓਹਦੇ ਹੱਥਾਂ ‘ਚ ਹੱਥ ਪਾ ਕੇ ਸਰਾਹਣੇ ਹੀ ਬੈਠ ਗਿਆ ਤੇ ਯਾਦ ਕਰਨ ਲੱਗਾ ਆਪਣੇ ਇਸ ਬਣਦੇ ਵਿਗੜਦੇ ਰਿਸ਼ਤੇ ਦੀ ਪ੍ਰੇਮ ਗਾਥਾ ਦੇ ਕੁਝ ਸੁਨਹਿਰੀ ਪਲ। ਟੁਮਾਰਾ ਯੂਰਪੀਅਨ ਕਲਚਰ ‘ਚ ਵੱਡੀ ਹੋਈ ਇਕ ਔਜੀ ਗੋਰੀ ਸੀ। ਬੜੇ ਕਮਾਲ ਦਾ ਸਵੈ-ਮਾਣ ਸੀ ਉਸ ਦਾ। ਲੋਹੜੇ ਦਾ ਹੁਸਨ, ਰੱਜ ਕੇ ਸੁਨੱਖੀ। ਲੰਮ-ਸਲੰਮੀ ਹੂਰ। ਡੂੰਘੀਆਂ ਨਸ਼ੀਲੀਆਂ ਸ਼ਾਂਤ ਝੀਲ ਵਰਗੀਆਂ ਅੱਖਾਂ, ਜੀਦੇ ‘ਚ ਡੁੱਬਣ ਨੂੰ ਹਮੇਸ਼ਾ ਦਿਲ ਕਰਦੈ। ਥੋੜ੍ਹੀ ਭਾਵੁਕ ਸੀ ਪਰ ਆਮ ਆਸਟ੍ਰੇਲੀਅਨ ਗੋਰੀਆਂ ਤੋਂ ਸ਼ਾਂਤ। ਸ਼ਾਇਦ ਇਹੀ ਸਭ ਤੋਂ ਵੱਡਾ ਮੰਤਰ ਸੀ ਉਸ ਕੋਲ, ਜੀਹਦੇ ਨਾਲ ਮੈਂ ਓਹਦੇ ਵੱਲ ਖਿਚਦਾ ਹੀ ਗਿਆ। ਟੁਮਾਰਾ ਤੇ ਸੁਨੈਣਾ ਦੋਨੋਂ ਮੈਲਬੋਰਨ ਇੰਟਰਨੈਸ਼ਨਲ ਏਅਰਪੋਰਟ ‘ਤੇ ਕੰਮ ਕਰਦੀਆਂ ਸਨ। ਟੁਮਾਰਾ ਦਾ ਕਵਾਂਟਸ ਏਅਰਵੇਜ਼ ਏਅਰਲਾਈਨਜ਼ ਕੰਪਨੀ ਵਿਚ ਡਿਪਾਰਚਰ ਡਿਪਾਰਟਮੈਂਟ ਵਿਚ ਕਸਟਮਰ ਕੇਅਰ ਕਾਊਂਟਰ ‘ਤੇ ਜਵਾਬਦੇਹੀ ਦਾ ਜ਼ਿੰਮਾ ਸੀ ਤੇ ਸੁਨੈਣਾ ਦਾ ਲੈਂਡਿੰਗ ਡਿਪਾਰਟਮੈਂਟ ‘ਚ ਵਿਲਸਨ ਪਰੋਟੈਕਸ਼ਨ ਨਾਂ ਦੀ ਇਕ ਕੰਪਨੀ ‘ਚ ਸਕਿਓਰਿਟੀ ਚੈੱਕ ‘ਤੇ ਸਪੁਰਦੀ ਦਾ ਜ਼ਿੰਮਾ ਸੀ। ਕੰਪਨੀ ਤੇ ਡਿਪਾਰਟਮੈਂਟ ਭਲਾ ਹੀ ਵੱਖੋ-ਵੱਖਰੇ ਸਨ ਪਰ ਇਕੋ ਪਲੇਟਫਾਰਮ ‘ਤੇ ਲੰਬੇ ਸਮੇਂ ਤੋਂ ਇਕੱਠੇ ਕੰਮ ਕਰਦਿਆਂ ਉਨ੍ਹਾਂ ਦੀ ਦੋਸਤੀ ਗਹਿਰੀ ਹੋ ਗਈ ਸੀ। ਟੁਮਾਰਾ ਨਾਲ ਮੇਰਾ ਮਿਲਾਪ, ਪਹਿਲੀ ਵਾਰ ਏਅਰਪੋਰਟ ‘ਤੇ ਹੀ ਹੋਇਆ ਸੀ।
ਉਸ ਰਾਤ ਬਹੁਤ ਮੀਂਹ ਪੈ ਰਿਹਾ ਸੀ ਤੇ ਠੰਡ ਵੀ ਕਾਫੀ ਸੀ। ਮੈਂ ਸੁਨੈਣਾ ਨੂੰ ਏਅਰਪੋਰਟ ਤੋਂ ਪਿਕਅਪ ਕਰਨ ਆਇਆ ਸਾਂ। ਰਾਤ ਦੇ ਸਵਾ ਬਾਰਾਂ ਦਾ ਵਕਤ ਸੀ। ਮੇਰੇ ਪਹੁੰਚਣ ਤੋਂ ਪਹਿਲਾਂ ਹੀ ਦੋਹਾਂ ਨੇ ਸ਼ਿਫਟ ਮੁਕੰਮਲ ਕਰ ਲਈ ਸੀ। ਦੋਵੇਂ ਕਿਸੇ ਖਾਸ ਮੁੱਦੇ ‘ਤੇ ਵਾਰਤਾਲਾਪ ਕਰ ਰਹੀਆਂ ਸਨ। ਮੈਂ ਟਰਮੀਨਲ ਟੀ-ਥ੍ਰੀ ਦੇ ਮੇਨ ਗੇਟ ਕੋਲ ਖੜ੍ਹਾ ਸਾਂ। ਟੁਮਾਰਾ ਨਿੰਮੋ ਝੂਣੀ ਜਿਹੀ ਹੋਈ ਹੁਬਕ ਹੁਬਕ ਕੇ ਡੁਸਕ ਰਹੀ ਸੀ। ਏਅਰਪੋਰਟ ਦੀ ਚਕਾਚੌਂਧ ਰੋਸ਼ਨੀ ‘ਚ ਉਦਾਸੀ ਭਰੇ ਓਹਦੇ ਨੈਣਾਂ ‘ਚੋਂ ਹੇਠਾਂ ਕਿਰਦਾ ਇਕ-ਇਕ ਹੰਝੂ, ਮੋਤੀਆਂ ਵਾਂਗ ਟਪਕਦਾ, ਦੂਰੋਂ ਹੀ ਦਿਖਦਾ ਸੀ। ਮੈਨੂੰ ਦੇਖਦੇ ਹੀ ਸੁਨੈਣਾ ਨੇ ਟੁਮਾਰਾ ਤੋਂ ਵਿਦਾ ਲੀਤੀ ਤੇ ਬਾਏ ਕਹਿ ਕੇ ਮੇਰੇ ਕੋਲ ਆ ਗਈ।
ਉਹ ਕੁਲ ਆਲਮ ਦੀ ਉਦਾਸੀ ਭਰੀ, ਅੱਥਰੂ ਵਹਾਉਣ ਵਾਲੀ ਉਹ ਗੋਰੀ ਕੌਣ ਸੀ? ਮੈਂ ਕਾਰ ਪਾਰਕਿੰਗ ਜ਼ੋਨ ‘ਚੋਂ ਬਾਹਰ ਕੱਢਦੇ ਹੀ ਸੁਨੈਣਾ ਤੋਂ ਪੁੱਛਿਆ—
”ਟੁਮਾਰਾ ਵੈਲਾ ਨਾ ਹੈ ਓਦਾ। ਸੇਜਲ ਮਨ ਨਾਲ ਡੂੰਘੇਰੀ ਪੀੜ ਝੱਲਦੀ, ਜਿੰਦੜੀ ਦੇ ਕਠਿਨ ਤੇ ਕੁਵੱਲੇ ਮੰਜ਼ਰ ਤੋਂ ਗੁਜ਼ਰਦੇ ਹੋਏ ਵੀ ਖੁਸ਼ ਰਹਿਣ ਦੀ ਕੋਸ਼ਿਸ਼ ਕਰਨ ਵਾਲੀ ਸਵੈ-ਹਿਤਕਾਰੀ ਤੇ ਭਾਵਨਾਤਮਕ ਓਜੀ ਗੋਰੀ ਏ ਉਹ। ਜ਼ਿੰਦਗੀ ਦੇ ਹਿਸਾਬ ਵਿਚ ਫਰਕ ਰੱਖ ਕੇ, ਪਾਲਣਹਾਰ ਨੇ ਵੀ ਪਤਾ ਨਹੀਂ ਕਿਹੜੇ ਗੁਨਾਹ ਦੀ ਸਜ਼ਾ ਦਿੱਤੀ ਏ ਉਸਨੂੰ। ਦਿਮਾਗ ਵਿਚ ਕਿਸੇ ਅੰਦਰੂਨੀ ਹਿੱਸੇ ‘ਚ ਕੈਂਸਰ ਹੋਣ ਕਰਕੇ ਉਹਨੂੰ ਆਪਣੇ ਚੱਲਦੇ ਸਾਹਾਂ ਦਾ ਵੀ ਕੋਈ ਭਰੋਸਾ ਨਹੀਂ। ਨੰਨ੍ਹੀ ਜਿਹੀ ਫਰਹਤ ਵੀ ਓਹਦੇ ਵਿਹੜੇ ਦਸਤਕ ਦੇ ਕੇ, ਹਵਾ ਦੇ ਬੁੱਲੇ ਵਾਂਗ ਕਰਵਟ ਬਦਲ ਲੈਂਦੀ ਏ। ਪਤਾ ਨਹੀਂ ਕਿਉਂ? ਆਪਣੇ ਜੀਵਨ ਦੇ ਬਚੇ ਪਲ-ਪਲ ਨੂੰ, ਜੀ ਭਰ-ਭਰ ਕੇ ਜੀਊਣਾ ਚਾਹੁੰਦੀ ਏ ਉਹ”
”ਪਰ ਅੱਜ ਫਿਰ…?”
ਟੁਮਾਰਾ ਤੇ ਓਹਦੇ ਬੁਆਏ-ਫਰੈਂਡ ਬਰੈਨ ਦਰਮਿਆਨ ਕੁਝ ਦਿਨਾਂ ਤੋਂ ਚੱਲਦੀ ਆ ਰਹੀ ਖਟਪਟ ਨੇ ਅੱਜ ਵੱਡੀ ਅਣਬਣ ਦਾ ਰੂਪ ਧਾਰ ਲਿਆ, ਜਿਸ ਦੀ ਵਜ੍ਹਾ, ਅੱਜ ਉਨ੍ਹਾਂ ਦਾ ਫਾਈਨਲ ਬ੍ਰੇਕਅਪ ਹੋ ਗਿਆ। ਮਹੀਨਾ ਕੁ ਪਹਿਲਾਂ ਹੀ ਓਹਦਾ ਇਹ ਹਾਣੀ ਮੈਲਬੋਰਨ ਤੋਂ ਸਿਡਨੀ ਮੂਵ ਹੋਇਆ ਸੀ। ਸਿਡਨੀ ਏਅਰਪੋਰਟ ‘ਤੇ ਉਸ ਨੂੰ ਕੈਥੇ ਪੈਸਫਿਕ ਏਅਰਵੇਜ਼ ‘ਚ ਕੋਈ ਸੀਨੀਅਰ ਪੋਸਟ ਮਿਲ ਗਈ ਸੀ। ਟੁਮਾਰਾ ਬਰੈਨ ਦੀ ਤਰੱਕੀ ਤੋਂ ਬੇਹੱਦ ਖੁਸ਼ ਸੀ। ਉਹ ਆਵਦੇ ਮਾਪਿਆਂ ਨਾਲ ਹੀ, ਜ਼ਿੰਦਗੀ ਦਾ ਅੰਤਿਮ ਪੜਾਅ ਪਾਰ ਕਰਦੇ, ਇਸ ਜਹਾਂ ਤੋਂ ਵਿਦਾਇਗੀ ਲੈਣਾ ਚਾਹੁੰਦੀ ਸੀ। ਤਾਹੀਓਂ ਓਹਨੇ ਬਰੈਨ ਦੀ ਅਲਹਿਦਗੀ ਦਾ ਸੰਤਾਪ ਹੱਸ ਕੇ ਜਰ ਲਿਆ। ਦੋਨੋਂ ਇਕ ਦੂਜੇ ਤੋਂ ਦੂਰ ਹੋ ਗਏ। ਪਹਿਲਾਂ-ਪਹਿਲ ਤਾਂ ਫੋਨ ‘ਤੇ ਦੋਹਾਂ ਦੀ ਗੁਫਤਗੂ ਅਕਸਰ ਹੁੰਦੀ ਰਹਿੰਦੀ ਸੀ ਪਰ ਕੁਝ ਦਿਨਾਂ ਤੋਂ ਬਰੈਨ ਫੋਨ ਘੱਟ ਹੀ ਰਸੀਵ ਕਰਨ ਲੱਗਾ ਸੀ। ਆਪਣੇ ਪ੍ਰਤੀ ਬਰੈਨ ਦਾ ਲਗਾਅ ਦਿਨ-ਬ-ਦਿਨ ਘੱਟਦਾ ਦੇਖ, ਟੁਮਾਰਾ ਨੇ ਥੋੜ੍ਹੀ ਪੜਚੋਲ ਕੀਤੀ। ਪਤਾ ਲੱਗਾ ਕਿ ਬਰੈਨ ਨੇ ਮੁਕਾਇਲਾ ਨਾਂ ਦੀ ਇਕ ਜਰਮਨ ਗੋਰੀ ਨਾਲ ਡੂੰਘੀ ਪ੍ਰੀਤ ਲਗਾ ਰੱਖੀ ਹੈ। ਮੁਕਾਇਲਾ ਬਰੈਨ ਨਾਲ ਹੀ ਮੈਲਬੌਰਨ ਤੋਂ ਸਿਡਨੀ ਸ਼ਿਫਟ ਹੋਈ ਸੀ ਤੇ ਹੁਣ ਦੋਨੋਂ ਇਕ ਰੂਮ ਦੇ ਆਵਾਸ ਵਿਚ ਇਕੱਠੇ ਹੀ ਰਹਿੰਦੇ ਨੇ। ਸੰਗੀ ਦੇ ਸੰਯੋਗ ‘ਚ ਸੰਜੋਏ ਸੁਪਨਿਆਂ ਤੇ ਉਮੰਗਾਂ ਦਾ ਅਚਾਨਕ ਖਿੰਡ ਜਾਣਾ ਟੁਮਾਰਾ ਲਈ ਅਸਹਿ ਤੇ ਅਕਹਿ ਸਦਮਾ ਬਣ ਗਿਆ, ਜਿਸਨੂੰ ਭੋਗਣ ਲਈ ਮਜਬੂਰ ਅੱਜ ਉਹ ਤਿਲਮਿਲਾ ਰਹੀ ਸੀ।”
ਦਗਾਬਾਜ਼ ਸੰਗੀ ਤੇ ਖੋਟੇ ਨਸੀਬ ਨੂੰ ਫਿਟਕਾਰਦੀ, ਉਸ ਗਮਗੀਨ ਗੋਰੀ ਦਾ ਮੁੱਖ ਪਤਾ ਨਹੀਂ ਕਿਉਂ ਮੇਰੇ ਦਿਲ ਵਿਚ ਰੁਸ਼ਨਾਈ ਭਰ ਕੇ ਆਪਣਾ ਪ੍ਰਤੀਬਿੰਬ ਬਣਾ ਗਿਆ ਸੀ। ਸ਼ਾਇਦ ਓਹਦੇ ਨਿਰੰਤਰ ਵਹਿੰਦੇ ਅਸ਼ਕ ਦੇ ਨੀਰ ਦੀਆਂ ਚੰਦ ਬੂੰਦਾਂ ਮੇਰੇ ਦਿਲ ਦੇ ਆਂਗਣ ‘ਚ ਵਰ੍ਹ ਗਈਆਂ ਸਨ। ਤਾਹੀਓਂ ਉਹ ਚੰਦਰੀ, ਰਾਤ ਦਿਨ ਅੱਖਾਂ ਮੂਹਰੇ ਭਲਵਾਨੀ ਗੇੜਾ ਮਾਰਨ ਲੱਗੀ ਸੀ।
ਸੁਨੈਣਾ ਨੂੰ ਪਿੱਕਅਪ ਕਰਨ ਮੈਂ ਹੁਣ ਹਰ ਰੋਜ਼ ਏਅਰਪੋਰਟ ਜਾਣ ਲੱਗਾ ਸਾਂ। ਦੂਰੋਂ ਖੜ੍ਹਾ ਮੈਂ ਟੁਮਾਰਾ ਨੂੰ ਨਿਤ ਦੇਖਦਾ ਪਰ ਉਹ ਹਮੇਸ਼ਾ ਹੀ ਕੰਮ ‘ਚ ਰੁੱਝੀ ਮਿਲਦੀ। ਮੈਂ ਓਹਦੇ ਨਾਲ ਜਾਣ-ਪਛਾਣ ਵਧਾ ਕੇ ਨੇੜਤਾ ਬਣਾਉਣਾ ਚਾਹੁੰਦਾ ਸਾਂ। ਇਸ ਲਕਸ਼ ਨੂੰ ਪੂਰਾ ਕਰਨ ਦੀ ਖਾਹਿਸ਼ ਦਿਲ ‘ਚ ਲੈ ਕੇ ਮੈਂ ਰੋਜ਼ ਅੱਧਾ-ਪੌਣਾ ਘੰਟਾ ਪਹਿਲਾਂ ਹੀ ਏਅਰਪੋਰਟ ਆਉਣ ਲੱਗਾ ਸਾਂ।
ਚੰਦ ਦਿਨਾਂ ‘ਚ ਹੀ ਮੈਂ ਉਸ ਨਾਲ ਨੇੜਤਾ ਵਧਾਉਣ ਲਈ ਗੱਲ ਤੋਰਨ ਦਾ ਸਹੀ ਅਵਸਰ ਵੀ ਲੱਭ ਹੀ ਲਿਆ। ਉਹ ਸਵਾ ਗਿਆਰਾਂ ਜਾਂ ਸਾਡੇ ਗਿਆਰਾਂ ਦੇ ਆਸ-ਪਾਸ, ਪੰਜ-ਸੱਤ ਮਿੰਟਾਂ ਦੀ ਸਮੋਕਿੰਗ ਬਰੇਕ ਲਈ ਟਰਮੀਨਲ ਦੇ ਮੇਨ ਗੇਟ ਤੋਂ ਟੈਕਸੀ ਰੈਕ ਦੇ ਕੋਲ ਸਮੋਕਿੰਗ ਜ਼ੋਨ ‘ਚ ਨਿਤ ਜਾਂਦੀ ਸੀ।
ਇਕ ਦਿਨ ਮੈਂ ਹਿੰਮਤ ਕਰਕੇ ਓਹਦੇ ਕੋਲ ਗਿਆ। ਪਹਿਲੇ ਦਿਨ ਸਾਡੀ ਹਾਏ-ਹੈਲੋ ਹੋਈ। ਥੋੜ੍ਹੀ ਜਾਣ-ਪਛਾਣ ਅੱਗੇ ਵਧੀ। ਇਧਰ-ਉਧਰ ਦੀਆਂ ਗੱਲਾਂ ਕਰਦੇ-ਕਰਦੇ ਸੱਤ-ਅੱਠ ਦਿਨਾਂ ‘ਚ ਹੀ ਸਾਡੀ ਦੋਸਤੀ ਗੂੜ੍ਹੀ ਹੋ ਗਈ। ਦੋ-ਤਿੰਨ ਹਫਤੇ ਅਸੀਂ ਇੰਝ ਹੀ ਸਮੋਕਿੰਗ ਜ਼ੋਨ ‘ਚ ਗੁਫਤਗੂ ਕਰਦੇ ਰਹੇ। ਜਦ ਮੈਨੂੰ ਲੱਗਾ ਕਿ ਲੋਹਾ ਪੂਰਾ ਤੱਤਾ ਏ, ਮੈਂ ਤੱਤੇ ‘ਤੇ ਸੱਟ ਮਾਰਨ ਦੀ ਸੋਚੀ ਤੇ ਓਹਨੂੰ ਕਿਹਾ-
-”ਟੁਮਾਰਾ, ਅੱਜ ਕੋਈ ਖਾਸ ਗੱਲ ਕਰਨੀ ਆ ਤੇਰੇ ਨਾਲ?” ”ਬੋਲ”
-”ਪਹਿਲਾਂ ਪ੍ਰੌਮਿਸ ਕਰ ਤੂੰ ਗੁੱਸਾ ਨੀਂ ਹੋਵੇਗੀ?”
-”ਪ੍ਰੌਮਿਸ”
-”ਟੁਮਾਰਾ, ਮੈਂ ਜਦ ਵੀ ਤੈਨੂੰ ਦੇਖਦਾ ਹਾਂ, ਇਕ ਅਜੀਬ ਜਿਹੀ ਫੀਲਿੰਗ ਆਉਣ ਲੱਗਦੀ ਏ। ਤੇਰੀ ਮੌਜੂਦਗੀ ਰੂਹ ਨੂੰ ਅਜਬ ਜਿਹਾ ਸਕੂਨ ਦਿੰਦੀ ਏ ਤੇ ਅਲਹਿਦਗੀ ਉਸ ਤੋਂ ਵੀ ਵੱਧ ਕੇ ਬੇਚੈਨੀ। ਪਤਾ ਨਹੀਂ ਕਿਉਂ? ਤੈਨੂੰ ਦੇਖ, ਰੱਜ ਨਹੀਂ ਹੁੰਦਾ। ਇਹ ਚਾਹਤ ਏ ਜਾਂ ਮੇਰੀ ਹਵਸ, ਮੈਂ ਖੁਦ ਨਹੀਂ ਜਾਣਦਾ? ਤੂੰ ਹੀ ਦੱਸ, ਹੁਣ ਕਿੱਦਾਂ ਨਜਿੱਠਾਂ ਆਪਣੇ ਚੰਚਲ, ਖੁਦਰਗਜ਼ ਤੇ ਉਤਾਵਲੇ ਮਨ ਨਾਲ?”
”ਆਪਣੇ ਦਿਲ ਤੋਂ ਈ ਪੁੱਛ?” ਮੁੱਖ ਦਾ ਰੁਖ਼ ਦੂਜੇ ਬੰਨੀਂ ਕਰਦੀ ਉਹ ਅਦਭੁਤ ਅਦਾ ‘ਚ ਮੁਸਕਰਾਉਂਦੀ ਹੋਈ ਬੋਲੀ।
ਬਸ ਉਸ ਦਿਨ ਤੋਂ ਸਾਡੀ ਦੋਸਤੀ ਦਾ ਪੰਧ ਨਵੇਂ ਰਾਹ ਪੈ ਗਿਆ ਪਰ ਇਹ ਨਵਾਂ ਰਾਹ ਮੰਜ਼ਿਲ ਤਕ ਨਾ ਪਹੁੰਚਾ ਸਕਿਆ। ਸਹਿਜੇ-ਸਹਿਜੇ ਬਣੇ ਅਰਮਾਨਾਂ ਤੇ ਜਜ਼ਬਾਤਾਂ ਦੇ ਨਾਤੇ ਦੀ ਇਹ ਸਾਂਝ ਪੂਰਨ ਹੋਣ ਤੋਂ ਪਹਿਲਾਂਹੀ ਸੰਪੂਰਨ ਹੋ ਗਈ। ਘਰ-ਗ੍ਰਹਿਸਥੀ ਤੋਂ ਡਰਦਾ ਮੈਂ ਓਹਨੂੰ ਇਕ ਦਿਨ ਕਹਿ ਬੈਠਾ
-”ਟੁਮਾਰਾ, ਸ਼ਾਇਦ ਮੈਂ ਤੇਰੇ ਨਾਲ ਲੌਂਗ ਟਰਮ ਰਿਲੇਸ਼ਨ ਨਿਭਾ ਨਾ ਪਾਵਾਂ। ਪਰ?”
-”ਪਰ ਕੀ?”
-”ਟੁਮਾਰਾ, ਤੂੰ ਜਾਣਦੀ ਏ ਮੈਂ ਕੱਲਾ ਨੀ, ਵਿਆਹੁਤਾ ਕਦੇ ਪੂਰਨ ਖੁਦਮੁਖਤਿਆਰ ਨਹੀਂ ਹੁੰਦੇ। ਤੈਨੂੰ ਵਾਰ-ਵਾਰ ਮਿਲਣਾ ਤੇ ਹਰ ਵਾਰ ਝੂਠ ਬੋਲਣਾ ਮੇਰੇ ਲਈ ਔਖਾ ਏ।”
-”ਫਿਰ ਤੂੰ ਮੇਰੇ ਤੋਂ ਕੀ ਚਾਹੁਣੈ? ਅੱਗ ਤੋਂ ਡਰਦੈ ਵੀ ਤੇ ਉਹਦੇ ‘ਚ ਪੈਰ ਵੀ ਧਰਦੈ।”
-”ਟੁਮਾਰਾ, ਮੈਨੂੰ ਪਵਨ ਦੇ ਇਕ ਬੁੱਲੇ ਦੀ ਲੋੜ ਏ, ਜੋ ਮੇਰੀਆਂ ਕੁਆਰੀਆਂ ਸਧਰਾਂ ਦੇ ਗਰਾਂ ‘ਚ ਫੇਰੀ ਪਾ ਕੇ, ਮੇਰੇ ਅਹਿਸਾਸਾਂ ਨੂੰ ਪੂਰਨ ਕਰ ਸਕੇ। ਭਾਵੇਂ ਇਹ ਸਧਰਾਂ ਚੰਦ ਮਿੰਟਾਂ, ਚੰਦ ਘੰਟਿਆਂ ਲਈ ਹੀ ਪੂਰਨ ਹੋਣ। ਮੈਂ ਇਨ੍ਹਾਂ ਚੰਦ ਛਿਣਾਂ ‘ਚ ਹੀ ਆਪਣੇ ਸਾਰੇ ਅਰਮਾਨ ਪੂਰੇ ਕਰ ਲਵਾਂਗਾ। ਤੇਰੇ ਨਾਲ ਗੁਜ਼ਾਰੇ ਇਨ੍ਹਾਂ ਯਾਦਗਾਰੀ ਪਲਾਂ ਦਾ ਖੂਬਸੂਰਤ ਅਹਿਸਾਸ,
ਇਕ ਸਦੀਵੀ ਖੁਸ਼ਬੂ ਬਣ ਕੇ ਆਖਰੀ ਸਾਹ ਤਕ ਮਹਿਕਦਾ ਰਹੇਗਾ ਮੇਰੇ ਹਰ ਰੋਮ-ਰੋਮ ਵਿਚ। ਜੇ ਤੂੰ ਇਸ ਸੰਗ ਦੀ ਹਾਮੀ ਭਰਦੈਂ ਤਾਂ??”
-”ਅੱਛਾ-ਅੱਛਾ, ਮੈਂ ਹੁਣ ਸਮਝੀ ਤੂੰ ਕਿਧਰ ਨੂੰ ਜਾ ਰਿਹਾ ਏਂ। ਤੂੰ ਡਰਦਾ ਏਂ ਆਪਣੀ ਘਰ ਗ੍ਰਹਿਸਥੀ ਤੋਂ। ਪਰ ਮੈਂ ਤਾਂ ਪੂਰਨ ਆਜ਼ਾਦ ਆਂ। ਫਿਰ ਮੈਂ ਭਲਾ, ਤੇਰੇ ਨਾਲ ਅਜਿਹਾ ਰਿਲੇਸ਼ਨ ਕਿਉਂ ਬਣਾਵਾਂ। ਬੰਧਨਾਂ ‘ਚ ਰਹਿਣਾ ਮੈਨੂੰ ਪਸੰਦ ਨਹੀਂ। ਇਕ ਬੁਆਏ ਫਰੈਂਡ ਛੱਡ ਕੇ ਗਿਆ ਏ, ਮੁੰਡੇ ਥੋੜ੍ਹਾ ਖਤਮ ਹੋ ਗਏ। ਅੱਜ ਨਹੀਂ ਤਾਂ ਕੱਲ ਹੋਰ ਬਣ ਜੂ। ਜਦ ਮਨ ਚਾਹੇ ਵਗਾਰ ਲਵੇ, ਮੈਂ ਕੋਈ ਬਜ਼ਾਰੂ ਗਸ਼ਤੀ ਨਹੀਂ, ਜੋ ਤੇਰੇ ਅਹਿਸਾਸਾਂ ਨੂੰ ਮਹਿਕਾਉਂਦੀ, ਪਵਨ ਦਾ ਬੁੱਲ੍ਹਾ ਬਣੀ ਫਿਰਾਂ। ਪਤਨੀ ਨੂੰ ਪਿਆਰ ਕਰਦੈਂ ਤਾਂ ਓਹਦਾ ਈ ਹੋਕੇ ਰਹਿ। ਬਾਹਰ ਮੂੰਹ ਮਾਰਨ ਲਈ ਇਧਰ-ਉਧਰ ਕਿਉਂ ਤਕਦਾ ਫਿਰਦੈਂ। ਸੁਣਿਆ ਸੀ ਅੱਜ ਅੱਖੀਂ ਪਰਖ ਲਿਆ, ਇੰਡੀਅਨ ਮੁੰਡਿਆਂ ਨੂੰ ਵਾਕਿਆ ਹੀ ਗੋਰੀ ਚਮੜੀ ਨਾਲ ਈ ਮਤਲਬ ਹੁੰਦੈ। ਦਿਲਾਂ ਦੀ ਖੇਡ ਖੇਡਣਾ ਸ਼ਾਇਦ ਉਹ ਜਾਣਦੇ ਹੀ ਨਹੀਂ। ਮੇਰੇ ਬਾਰੇ ਤੈਨੂੰ ਹੁਣ ਹੋਰ ਸੋਚਣ ਦੀ ਲੋੜ ਨਹੀਂ। ਭੁੱਲ ਜਾ ਮੈਨੂੰ।”
ਬਸ ਉਸ ਦਿਨ ਤੋਂ ਸਾਡਾ ਨਿਰੰਤਰ ਜਾਰੀ ਸਫਰ ਇਕ ਦਮ ਥੰਮ੍ਹ ਗਿਆ।
ਪਰ ਤਦ ਤਕ ਓਹਦੇ ਹੁਸਨ ਦੇ ਜਾਦੂ ਨੇ ਮੈਨੂੰ ਪੂਰੀ ਤਰ੍ਹਾਂ ਮਾਨਸਿਕ ਰੋਗੀ ਬਣਾ ਦਿੱਤਾ ਸੀ। ਦੋਸਤੀ ਸਲਾਮਤ ਰਹਿੰਦੀ ਤਾਂ ਸ਼ਾਇਦ ਮਿਲਾਪ ਤਾਂ ਹੁੰਦਾ। ਪਲ ਦੋ ਪਲ ਦੇ ਸਾਥ ਦਾ ਹੌਸਲਾ ਹੀ ਬਥੇਰਾ ਸੀ। ਮੈਂ ਓਹਦੇ ਤੋਂ ਮਾਫੀ ਮੰਗਣਾ ਚਾਹੁੰਦਾ ਸਾਂ। ਪਰ ਹਿੰਮਤ ਨਹੀਂ ਸੀ ਨਜ਼ਰ ਵੀ ਮਿਲਾਉਣ ਦੀ। ਮੈਂ ਕਹਿਣਾ ਚਾਹੁੰਦਾ ਸਾਂ ਓਹਨੂੰ… ਮਾਫ ਕਰੀਂ ਮੈਂ ਦਿਲ ਪੱਖੋਂ ਮਜਬੂਰ ਇਕ ਸਵਾਰਥੀ ਟੱਟੂ ਬਣ ਬੈਠਾ ਸਾਂ। ਜਿਸਦਾ ਮੈਨੂੰ ਬੇਹੱਦ ਅਫਸੋਸ ਏ। ਮਨ ‘ਚ ਖੋਟ ਸੀ। ਪਰ ਦੋਸ਼ ਪੂਰਾ ਮੇਰਾ ਵੀ ਨਹੀਂ। ਭਾਰਤੀ ਤੇ ਪੱਛਮੀ ਕਲਚਰ ਦੇ ਵੱਡੇ ਅੰਤਰ ਦਾ ਹੈ। ਆਸਟ੍ਰੇਲੀਆ ਆਉਂਣ ਤੋਂ ਬਾਅਦ ਹੀ ਮੈਂਨੂੰ ਅਹਿਸਾਸ ਹੋਇਆ ਕਿ ਮੈਂ ਹੁਣ ਤਕ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਧੱਕਾ ਲਗਾ ਕੇ ਹੀ ਅੱਗਾ ਧੱਕਦਾ ਰਿਹਾ ਹਾਂ। ਸਾਰੀ ਉਮਰ ਬਹੁਤੇਰੀ ਸੁਖ-ਸੁਵਿਧਾ, ਐਸ਼ੋ-ਆਰਾਮ ਭਰੀ ਜ਼ਿੰਦਗੀ ਦੀ ਭਾਲ ਵਿਚ ਮਿਹਨਤ ਕਰਦੇ ਗੁਜ਼ਾਰ ਦਿੱਤੀ। ਸਿਰਫ ਕਮਾਉਣਾ, ਖਾਣਾ-ਪੀਣਾ ਤੇ ਪੈਣਾ। ਇਥੇ ਵੀ ਦਿਨ-ਰਾਤ ਓਈ ਕੁਝ। ਮਸ਼ੀਨ ਬਣੇ ਫਿਰਦੈ ਆ। ਜ਼ਿੰਦਗੀ ‘ਚ ਕੋਈ ਰੋਮਾਂਚ ਨਹੀਂ।

ਰੋਮਾਂਚ ਘਰ ਬੈਠੇ ਹੀ ਤਾਂ ਨਹੀਂ ਮਿਲਦਾ, ਇਸ ਲਈ ਥੋੜ੍ਹੀ-ਬਹੁਤੀ ਭੱਜਦੌੜ ਕਰਨੀ ਹੀ ਪੈਂਦੀ ਏ। ਇਹ ਸਭ ਮੈਂ ਤੁਹਾਡੀ ਜਨਰੇਸ਼ਨ ਤੋਂ ਹੀ ਸਿੱਖਿਆ ਹੈ। ਮੈਂ ਤੁਹਾਡੇ ਵਰਗਾ ਹੀ ਬਣਨਾ ਚਾਹੁੰਦਾ ਸਾਂ , ਦਿਨ ਚੜ੍ਹੇ ਇਕ ਨਵੇਂ ਰੋਮਾਂਚ ਨਾਲ, ਇਕ ਨਵੇਂ ਅਹਿਸਾਸ ਨਾਲ, ਇਕ ਨਵੇਂ ਅਨੁਭਵ ਨਾਲ। ਸ਼ਾਇਦ ਇਹ ਮੇਰੀ ਸਭ ਤੋਂ ਵੱਡੀ ਭੁਲ ਸੀ ਪਰ ਯਕੀਨ ਮੰਨੀਂ ਮੈਂ ਅਜਿਹਾ ਭੰਵਰਾ ਨੀਂ ਜੋ ਰਾਹ ‘ਚ ਮਿਲੀ ਹਰ ਨਾਜ਼ੁਕ ਕਲੀ ਦਾ ਰਸਪਾਣ ਕਰਦਾ ਫਿਰਾਂ। ਜ਼ਿੰਦਗੀ ਭਰ ਮੈਂ ਇਕ ਹੀ ਫੁਲ ਦਾ ਰਸਪਾਣ ਕੀਤਾ ਏ ਤੇ ਉਹ ਫੁੱਲ ਹੈ ਮੇਰੀ ਹਮਸਫਰ ਸੁਨੈਣਾ। ਦਿਲਾਂ ਦੀ ਸਾਂਝ ਗੂੜ੍ਹੀ ਕਰਦੇ-ਕਰਦੇ ਤੂੰ ਕਦ ਮੇਰੀ ਆਦਤ ਬਣ ਗਈ, ਮੈਂ ਨਹੀਂ ਜਾਣਦਾ। ਬਸ ਦਿਲ ਨੇ ਧਾਰ ਲਿਆ ਕਿ ਤੂੰ ਹੀ ਮੇਰੀਆਂ ਔੜ ਮਾਰੀਆਂ ਸਧਰਾਂ ਨੂੰ ਨਮ ਕਰਕੇ ਮਹਿਕਾਵੇਂਗੀ। ਬਸ… ਹੌਲੀ-ਹੌਲੀ ਇਹ ਧਾਰਨਾ ਇਕ ਸੁਪਨਾ ਬਣ ਗਈ ਪਰ ਜ਼ਰੂਰੀ ਤਾਂ ਨਹੀਂ ਕਿ ਹਰ ਉਹ ਸੁਪਨੇ ਪੂਰੇ ਹੋਣ ਜੋ ਅਸੀਂ ਖੁੱਲ੍ਹੀਆਂ ਅੱਖਾਂ ਨਾਲ ਅਕਸਰ ਦੇਖਦੇ ਆ। ਮੈਂ ਤੇਰੀ ਦੋਸਤੀ ਦੇ ਲਾਇਕ ਵੀ ਨਹੀਂ। ਕੋਸ਼ਿਸ਼ ਕਰਾਂਗਾ ਤੈਨੂੰ ਨਜ਼ਰ ਹੀ ਨਾ ਆਵਾਂ। ਬਸ ਏਹੀ ਜ਼ਰੀਆ ਨਜ਼ਰ ਆਉਂਦੈ, ਆਪਣੀਆਂ ਭਾਵਨਾਵਾਂ ਨੂੰ ਵੱਸ ਰੱਖਣ ਦਾ। ਜੇ ਹੋ ਸਕੇ ਤਾਂ ਮਾਫ ਕਰੀਂ, ਮੇਰੀ ਇਸ ਖੁਦਗਰਜ਼ੀ ਲਈ।
ਕਹਿਣ ਨੂੰ ਤਾਂ ਹੋਰ ਬਹੁਤ ਕੁਝ ਸੀ ਪਰ ਉਸ ਨਾਲ ਸੰਪਰਕ ਕਰਨ ਦਾ ਕੋਈ ਜ਼ਰੀਆ ਨਜ਼ਰ ਨਹੀਂ ਸੀ ਆਉਂਦੈ। ਫੋਨ ਉਹ ਚੁੱਕਦੀ ਨਹੀਂ ਸੀ। ਫੇਸਬੁਕ ‘ਤੇ ਵੀ ਓਹਨੇ ਮੇਰੇ ਪ੍ਰੋਫਾਈਲ ਬਲੌਕ ਕਰ ਦਿੱਤੀ ਸੀ। ਦਿਲ ਦੀਆਂ ਦਿਲ ਵਿਚ ਰਹਿ ਗਈਆਂ।
ਤਿੰਨ ਹਫਤੇ ਮੁਕ ਗਏ। ਚੜ੍ਹਦੇ ਚੌਥੇ ਦੇ ਪਹਿਲੇ ਦਿਨ ਹੀ ਉਹ ਅਚਨਚੇਤ ਮੇਰੇ ਘਰ ਆ ਗਈ। ਪਤਾ ਨਹੀਂ ਉਹ ਕੀ ਮਨ ‘ਚ ਲੈ ਕੇ ਅਚਾਨਕ ਮੇਰੇ ਘਰ ਆਈ ਸੀ…? ਮੈਂ ਖੁਦ ਹੱਕਾ-ਬੱਕਾ ਸਾਂ।
ਸਵਾ ਘੰਟੇ ਬਾਅਦ ਓਹਨੇ ਅੱਖਾਂ ਖੋਲ੍ਹੀਆਂ। ਉਥਲ-ਪੁਥਲ ਮਚਾਉਂਦੇ ਕਈ ਸਵਾਲ, ਪ੍ਰਸ਼ਨ ਚਿੰਨ੍ਹ ਬਣ ਕੇ, ਮੇਰੇ ਦਿਮਾਗ ‘ਚ ਉਤਸੁਕ ਤਰੰਗਾਂ ਦਾ ਸਰਕਟ ਪੈਦਾ ਕਰ ਰਹੇ ਸਨ ਇਨ੍ਹਾਂ ਉਤਾਬਲੀਆਂ ਤਰੰਗਾਂ ਦੀ ਉਤਸੁਕਤਾਂ ਸਿਰਫ ਟੁਮਾਰਾ ਹੀ ਸ਼ਾਂਤ ਕਰ ਸਕਦੀ ਸੀ। ਮੈਂ ਉਸ ਦੀਆਂ ਅੱਖਾਂ ਵੱਲ ਸਵਾਲੀਆ ਨਜ਼ਰਾਂ ਨਾਲ ਨੇੜਿਓਂ ਤੱਕਿਆ। ਬਿਨਾਂ ਕੁਝ ਬੋਲੇ, ਉਸ ਨੇ ਬਾਹਾਂ ਪਸਾਰ ਲਈਆਂ ਤੇ ਮੈਨੂੰ ਨਿਮੰਤਰਨ ਦਿੱਤਾ। ਮੈਂ ਕਦ ਓਹਦੇ ਨਾਲ ਚੁੰਬੜ ਗਿਆ ਮੈਂ ਖੁਦ ਨਹੀਂ ਜਾਣਦਾ। ਉਸ ਦੀਆਂ ਅੱਖਾਂ ‘ਚ ਖੁਮਾਰੀ ਸੀ। ਇਕ ਅਜੀਬ ਮਦਹੋਸ਼ੀ, ਮੁਖੜੇ ‘ਤੇ ਚਮਕ, ਬੁੱਲ੍ਹੀਆਂ ‘ਤੇ ਲਹਿਰਾਂ ਪਾਉਂਦੀ ਰਸ ਭਰੀ ਮਦਮਸਤ ਲਾਲੀ। ਉਸ ਦੀਆਂ ਸ਼ਰਾਰਤੀ ਅੱਖਾਂ ਨੇ ਮੈਨੂੰ ਇਕ ਬੇਜਾਨ ਪੱਥਰ ਬਣਾ ਦਿੱਤਾ ਸੀ। ਬਿਲਕੁਲ ਸ਼ਾਂਤ..ਤੇ ਬਿਲਕੁਲ ਬੇਵੱਸ!
ਕਮਰੇ ‘ਚ ਇਕ ਅੱਡ ਜਿਹੀ ਚੁੱਪੀ ਸੀ। ਸਿਰਫ ਪਿਆਰ ਦੀਆਂ ਤਰੰਗਾਂ ਵਹਿਣ ਦਾ ਸਾਹਾਂ ਜਿੰਨਾ ਸ਼ੋਰ ਹੀ ਸੀ। ਚੁੱਪੀ ਨੂੰ ਤੋੜਦੀ ਉਹ ਬੋਲੀ… ”ਲੱਕੀ…, ਕੁਝ ਹਫਤੇ ਤੈਥੋਂ ਦੂਰ ਸੀ। ਇਕ ਅਜੀਬ ਜਿਹੀ ਬੇਚੈਨੀ ਨੇ ਪਿੱਛਾ ਨਹੀਂ ਛੱਡਿਆ, ਲੰਮੇਰੇ ਜਾਪਦੇ ਦਿਨ ਤੇ ਸੁਲਗਦੀਆਂ ਰਾਤਾਂ ‘ਚ ਇਹ ਬੇਚੈਨੀ ਹੌਲੀ-ਹੌਲੀ ਜਿਲ੍ਹਬ ਬਣਦੀ ਗਈ ਤੇ ਹੁਣ ਇਹ ਜਿਲ੍ਹਬ, ਅੱਗ ਦਗ ਦੀ ਲਾਟ ਵਾਂਗ ਮਚਣ ਲੱਗੀ ਏ। ਕਾਮ ਭੰਵਰ ਦੇ ਇਸ ਵਹਾਅ ਨੂੰ ਵਹਾਅ ਕੇ ਨਿਰੰਤਰ ਕਰਦੇ ਠੰਡਾ ਇਸ ਸਾੜ ਪਾਉਂਦੀ ਅੱਗ ਦੀ ਲਾਟ ਨੂੰ। ਬਣ ਜਾ ਤੂੰ ਸਾਹਾਂ ਦਾ ਮਹਿਰਮ ਦਿਲ ਦਾ ਮਾਹੀ। ਕਰ ਲੈ ਅੱਜ ਇਕੱਠੇ ਤੂੰ ਉਹ ਸਾਰੇ ਪਲ, ਜੀਹਦੇ ਨਾਲ ਜ਼ਿੰਦਗੀ ਭਰ ਤੇਰੇ ਤਨ-ਬਦਨ ‘ਚ ਮੇਰੇ ਹੋਣ ਦਾ ਅਹਿਸਾਸ ਮਹਿਕਦਾ ਰਹੇ। ਮੈਂ ਇਸ ਜਗ ‘ਚ ਰਹਾਂ ਜਾਂ ਨਾ। ਅੱਜ ਮੈਂ ਤੇਰਾ ਅਧੂਰਾ ਸੁਪਨਾ ਹੀ ਤਾਂ ਪੂਰਾ ਕਰਨ ਆਈ ਆਂ।”
ਸੁੱਕੇ ਅਰਮਾਨਾਂ ਦੀਆਂ ਟਹਿਣੀਆਂ ‘ਤੇ ਫਿਰ ਤੋਂ ਅਹਿਸਾਸ ਰੂਪੀ ਕਰੂੰਬਲਾਂ ਫੁਟ ਆਈਆਂ ਸਨ ਪਰ ਪਤਾ ਨਹੀਂ ਉਹ ਕਿਹੜੀ ਸ਼ਕਤੀ ਸੀ ਜੋ ਇਨ੍ਹਾਂ ਕਰੂੰਬਲਾਂ ਨੂੰ ਵਧਣ ਤੋਂ ਰੋਕ ਰਹੀ ਸੀ। ਅੱਖਾਂ ਅੱਗੇ ਵਾਰ-ਵਾਰ ਸੁਨੈਣਾ ਦਾ ਹੀ ਚਿਹਰਾ ਆ ਰਿਹਾ ਸੀ। ਓਹਦੇ ਨਾਲ ਕੀਤੇ ਉਹ ਸਾਰੇ ਵਾਅਦੇ, ਉਹ ਸਾਰੇ ਕੌਲ ਕਰਾਰ ਯਾਦ ਆ ਰਹੇ ਸਨ, ਜੀਹਨੂੰ ਮੈਂ ਅੱਜ ਇਕ ਅਹਿਸਾਸ ਦੇ ਚੰਦ ਪਲਾਂ ਲਈ…?? ਸੁਨੈਣਾ ਦਾ ਚਿਹਰਾ ਮੇਰੇ ਅੰਦਰ ਉਠਦੀਆਂ ਕਾਮੁਕ ਲਹਿਰਾਂ ਅੱਗੇ ਢਾਲ ਬਣ ਕੇ ਖੜ੍ਹ ਗਿਆ ਸੀ।
ਟੁਮਾਰਾ ਨੇ ਟੌਪ ਉਤਾਰ ਕੇ ਬੈੱਡ ਦੇ ਦੂਜੇ ਪਾਸੇ ਚਲਾ ਮਾਰਿਆ ਤੇ ਜੀਨ ਦੇ ਬਟਨ ਖੋਲ੍ਹਣ ਲੱਗੀ। ਮੈਂ ਉਹਦਾ ਹੱਥ ਫੜਦੇ ਹੀ ਕਿਹਾ…
-”ਟੁਮਾਰਾ..ਪਲੀਜ਼…, ਰੁਕ ਜਾ ਹੋਰ ਬੇਵਸ ਨਾ ਕਰ। ਜ਼ਰਾ ਸੋਚਣ ਦੇ। ਪਤਾ ਨਹੀਂ ਕਿਉਂ ਮੈਨੂੰ ਇਹ ਸਭ ਠੀਕ ਜਿਹਾ ਨਹੀਂ ਲੱਗਦੈ।” ਅੱਜ ਮੈਂ ਦੋ ਰਾਹਾਂ ਵਿਚ ਖੜ੍ਹਾ ਹਾਂ। ਇਕ ਪਾਸੀ ਜਿੱਤ ਹੈ ਤੇ ਦੂਜੇ ਪਾਸੇ ਹਾਰ। ਜੇ ਅੱਜ ਮੈਂ ਜਿੱਤ ਕੇ ਹਾਰ ਗਿਆ ਤਾਂ ਸੁਨੈਣਾ ਦਾ ਦੋਸ਼ੀ ਹੋਵਾਂਗਾ। ਸਾਡੇ ਵਿਚਕਾਰ ਵਿਸ਼ਵਾਸ ਦੇ ਮਣਕਿਆਂ ਦੀ ਜੋ ਮਾਲਾ ਹੈ, ਉਹ ਟੁੱਟ ਕੇ ਖਿੰਡ ਜਾਵੇਗੀ। ਇਨ੍ਹਾਂ ਮਣਕਿਆਂ ਨੂੰ ਇਕੱਠਾ ਕਰਕੇ ਫਿਰ ਤੋਂ ਪਿਰੋਣਾ ਬੜਾ ਮੁਸ਼ਕਲ ਹੋਵੇਗਾ। ਸ਼ਾਇਦ ਅੱਧੀ ਜ਼ਿੰਦਗੀ ਲੱਗ ਜਾਵੇ ਜਾਂ ਫਿਰ ਪੂਰੀ। ਰਿਸ਼ਤੇ ਕੱਚੇ ਮਕਾਨ ਵਾਂਗ ਹੁੰਦੇ ਨੇ, ਅਨੇਕਾਂ ਵਾਰ ਲਿੱਪਣੇ ਪੈਂਦੇ ਨੇ। ਜਦ ਲਿਪਣਾ ਛੱਡ ਕੇ, ਨਵੇਂ ਵੱਲ ਰੁਖ਼ ਕਰ ਲਈਏ ਤਾਂ ਪੁਰਾਣੇ ਮਿੱਟੀ ਬਣ-ਬਣ ਢੇਰੀ ਹੋ ਜਾਂਦੇ ਨੇ ਤੇ ਨਵੇਂ ਪਿੱਛੇ ਪੁਰਾਣੇ ਰਿਸ਼ਤੇ ਨੂੰ ਢੇਰੀ ਹੁੰਦੇ ਮੈਂ ਨਹੀਂ ਦੇਖ ਸਕਦਾ। ਟੁਮਾਰਾ ਮੈਂ ਸੁਨੈਣਾ ਦੇ ਵਿਸ਼ਵਾਸ ਦੀ ਇਹ ਡੋਰ ਕੱਚੀ ਨਹੀਂ ਹੋਣ ਦੇਣੀ ਚਾਹੁੰਦਾ। ਪਲੀਜ਼ ਮੈਨੂੰ ਸਮਝਣ ਦੀ ਕੋਸ਼ਿਸ਼ ਕਰ। ਮਨ ਦੇ ਕਾਲ ਨਾਲ ਮੈਂ ‘ਕੱਲਾ ਨਹੀਂ ਲੜ ਸਕਦਾ, ਤੇਰੇ ਸਾਥ ਦੀ ਵੀ ਮੈਨੂੰ ਲੋੜ ਏ।
ਅਜਿਹਾ ਬਦਲ ਨਹੀਂ ਮੈਂ, ਜੋ ਹਰ ਚੜ੍ਹਦੇ ਸੂਰਜ ਨੂੰ ਸਲਾਮ ਕਰਦਾ ਫਿਰਾਂ ਤੇ ਨਾ ਹੀ ਮੈਂ ਤਰਕਾਲੇ ਦੀ ਉਹ ਸ਼ਾਮ ਆਂ, ਜੋ ਹਰ ਡੁਬਦੇ ਸੂਰਜ ਨੂੰ ਆਪਣੇ ਵਿਚ ਸਮਾਵਣ ਲਈ ਬੇਚੈਨ ਹੋਵਾਂ। ਮੈਂ ਉਹ ਬਦਲ ਆਂ, ਜੋ ਇਕ ਹੀ ਸੂਰਜ ਦੇ ਇਰਦ-ਗਿਰਦ ਘੁੰਮਦਾ ਏ ਤੇ ਉਹ ਸੂਰਜ ਹੈ, ਉਮਰ ਭਰ ਦੀ ਸਰੋਕਾਰ, ਮੇਰੀ ਸਾਥਣ…ਸੁਨੈਣਾ!
-”ਸੋਚ ਲੈ ਫਿਰ ਤੋਂ?” ਉਡਾਰੀ ਮਾਰਨ ਵਾਲੀ ਬੁਲਬੁਲ ਵਾਰ-ਵਾਰ ਬੇਗਾਨੇ ਆਲ੍ਹਣੇ ‘ਤੇ ਨ੍ਹੀਂ ਆਉਂਦੀ। ਟੋਪ ਪਾਉਂਦੀ, ਨੇੜੇ ਹੁੰਦੇ, ਉਸ ਨੇ ਮੇਰੇ ਕੰਨ ‘ਚ ਬੁਲਬੁਲ ਵਾਂਗ ਮਿਠਾਸ ਭਰੀ ਕੂਕ ਮਾਰੀ।
-”ਸੋਚ ਲਿਆ, ਕਿਸਮਤ ਦੇ ਵਹਾਅ ਦਾ ਕੋਈ ਪਤਾ ਨਹੀਂ ਟੁਮਾਰਾ, ਮੌਜ ਮਸਤੀ ਦਾ ਸਿਰਨਾਵਾਂ ਲੱਭਦੇ-ਲੱਭਦੇ ਜੇ ਮੈਂ ਸੱਚਮੁੱਚ ਬੇਗੈਰਤ, ਠਰਕਭੋਰ ਆਸ਼ਕ ਬਣ ਗਿਆ ਤਾਂ ਜ਼ਿੰਦਗੀ ਦੀਆਂ ਅਗਲੀਆਂ ਪਿਛਲੀਆਂ ਗੁੰਝਲਾਂ ਖੋਲ੍ਹਣ ਦੇ ਲਾਇਕ ਵੀ ਨਹੀਂ ਰਹਿਣਾ। ਪਲੀਜ਼ ਟੁਮਾਰਾ ਮੈਨੂੰ ਸਮਝਣ ਦੀ ਕੋਸ਼ਿਸ਼ ਕਰ?
-”ਓ.ਕੇ…ਓ.ਕੇ…ਫਿਰ ਏਨ੍ਹਾਂ ਹੱਕ ਤਾਂ ਹੈ ਹੀ ਮੇਰਾ,ਉਸ ਨੇ ਮੇਰੇ ਬੁੱਲ੍ਹਾਂ ਨੂੰ ਆਪਣੇ ਬੁੱਲ੍ਹਾਂ ਨਾਲ ਜਕੜ ਲਿਆ ਤੇ ਇਕ ਲੰਬਾ ਚੁੰਬਣ ਲੈ ਕੇ ਉਹ ਬਾਹਰ ਵਲ ਨੂੰ ਤੁਰਦੀ ਬੋਲੀ, -”ਬਾਏ, ਆਪਾਂ ਫਿਰ ਕਦੇ ਮਿਲਦੇ ਆਂ, ਏਨੀ ਆਸਾਨੀ ਨਾਲ ਮੈਂ ਤੇਰਾ ਪਿੱਛਾ ਨ੍ਹੀਂ ਛੱਡਦੀ ਹੁਣ। ਅਜਿਹਾ ਦੋਸਤ ਇੰਝ ਨਹੀਂ ਲੱਭਦਾ.. ਆਈ ਐੱਮ ਪ੍ਰਾਊਡ ਟੁ ਬੀ ਯੂਅਰ ਮਾਈ ਬੈੱਸਟ ਫਰੈਂਡ ਫੌਰਐਵਰ।
ਪਿਪਰਾਮਿੰਟ ਦੀ ਸੁਗੰਧੀ ਭਰੇ ਉਹਦੇ ਗਰਮ-ਗਰਮ ਸਾਹਾਂ ਦੇ ਝੱਖੜ ਨਾਲ ਝੰਬਿਆ ਮੈਂ ਹਾਲੇ ਵੀ ਆਪਣੇ ਮਨ ਨਾਲ ਭਿੜ ਰਿਹਾ ਸਾਂ। ਉਹ ਜਾ ਚੁੱਕੀ ਸੀ।
ਸਮਾਂ ਰਿੜਦਾ ਗਿਆ….
ਅਸੀਂ ਹੁਣ ਫੈਮਿਲੀ ਫਰੈਂਡ ਬਣ ਗਏ ਸਾਂ। ਇਕ ਦੂਜੇ ਦੇ ਘਰ ਆਉਣਾ-ਜਾਣਾ ਆਮ ਹੋ ਗਿਆ ਸੀ। ਸੁਨੈਣਾ ਵੀ ਖੁਸ਼ ਸੀ ਤੇ ਟੁਮਾਰਾ ਦੇ ਘਰ ਦੇ ਵੀ। ਟੁਮਾਰਾ ਕਈ ਵਾਰ ਗੱਲਾਂ-ਗੱਲਾਂ ‘ਚ ਸੁਨੈਣਾ ਦੇ ਸਾਹਮਣੇ ਹੀ ਮੇਰਾ ਮੂੰਹ ਚੁੰਮ ਲੈਂਦੀ, ਜੱਫੀ ਪਾ ਕੇ ਝੂਲਣ ਲੱਗਦੀ ਜਾਂ ਫਿਰ ਨੱਕ ਨਾਲ ਨੱਕ ਰਗੜਨ ਲੱਗਦੀ। ਅਜਿਹੀਆਂ ਹਰਕਤਾਂ ਉਹ ਆਮ ਹੀ ਕਰਦੀ ਰਹਿੰਦੀ ਸੀ। ਪਰ ਸੁਨੈਣਾ ਨੇ ਕਦੇ ਗੁੱਸਾ ਨਹੀਂ ਕੀਤਾ ਸੀ। ਸੁਨੈਣਾ ਜਿੰਨਾ ਮੇਰੇ ‘ਤੇ ਵਿਸ਼ਵਾਸ ਕਰਦੀ ਸੀ , ਓਨੀ ਹੀ ਟੁਮਾਰਾ ਨਾਲ ਹਮਦਰਦੀ ਵੀ। ਦੋਸਤੀ ਦੇ ਚੱਲਦੇ, ਮਹੀਨੇ ਦੇ ਮਹੀਨੇ ਬਦਲਣ ਵਾਲੇ ਕੈਲੰਡਰ ਦੇ ਕੁਝ ਵਰਕੇ ਹੀ ਪਲਟੇ। ਟੁਮਾਰਾ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ। ਅੱਖਾਂ ਅੱਗੇ ਕਾਲੇ ਘੇਰੇ ਆ ਗਏ ਸਨ। ਭਾਰ ਦਿਨ-ਬ-ਦਿਨ ਘਟਣਾ ਸ਼ੁਰੂ ਹੋ ਗਿਆ। ਭੁੱਖ ਵੀ ਲਗਣੋਂ ਬੰਦ ਹੋ ਗਈ। ਹੌਲੀ-ਹੌਲੀ ਓਦਾ ਉਠਣਾ ਬੈਠਣਾ ਵੀ ਬੰਦ ਹੋ ਗਿਆ। ਅੰਤ ਵਿਚ ਕੋਮਾ ‘ਚ ਆਉਣ ਕਾਰਨ ਉਹ ਬੇਸੁਰਤ ਹੋ ਗਈ ਸੀ। ਤਿੰਨ-ਚਾਰ ਦਿਨਾਂ ਦੀ ਲੰਬੀ ਡੂੰਘੀ ਬੇਹੋਸ਼ੀ ਤੋਂ ਬਾਅਦ ਉਹ ਆਪਣੇ ਆਖਰੀ ਸਾਹ ਵੀ ਪੂਰੇ ਕਰ ਗਈ। ਬਣ ਬਦਲੀ ਉਹ ਤਾਂ ਦੂਰ ਨੱਠ ਗਈ। ਬਸ ਰਹਿ ਗਈ ਸਿਰਫ ਤੇ ਸਿਰਫ ਮੇਰੇ ਸੁਰਖ ਖਿਆਲਾਂ ‘ਚ। ਬੇਚੈਨ ਹੋ ਕੇ ਮੈਂ ਅਕਸਰ ਹੁਣ, ਓਹਦਾ ਰਾਹ ਤੱਕਦਾ ਹਾਂ। ਦੂਰ-ਦੂਰ ਤਕ ਨਜ਼ਰ ਵੀ ਮਾਰਦਾ ਹਾਂ ਪਰ ਉਹ ਚੰਦਰੀ ਹੁਣ ਨਹੀਂ ਦਸਤਕ ਦਿੰਦੀ, ਮੇਰੇ ਘਰ ਦੇ ਬੂਹੇ। ਬੱਦਲੀ ਬਣ, ਪਤਾ ਨਹੀਂ ਉਹ ਕਿਸੇ ਪਾਸੇ ਨੂੰ ‘ਵਾ ਦੇ ਬੁਲ੍ਹੇ ਸੰਗ ਕਿਧਰੇ ਦੂਰ ਨਿਕਲ ਗਈ। ਦੂਰ… ਬਹੁਤ ਹੀ ਦੂਰ? ਸ਼ਾਇਦ… ਜਿਥੇ ਧਰਤੀ ਤੇ ਆਕਾਸ਼ ਮਿਲਦੈ, ਜਾਂ ਫਿਰ ਸਮੁੰਦਰ ਤੇ ਪਾਤਾਲ?
…………………………………………………………
ਲੇਖਕ – ਰਵੀ ਸੱਚਦੇਵਾ
ਸੱਚਦੇਵਾ ਮੈਡੀਕੋਜ – ਸ੍ਰੀ ਮੁਕਤਸਰ ਸਾਹਿਬ
ਅਜੋਕੀ ਰਿਹਾਇਸ਼ – ਮੈਲਬੋਰਨ (ਆਸਟੇ੍ਲੀਆ)
ਮੋਬਾਇਲ ਨੰਬਰ – 0061- 449965340
ਈਮੇਲ – ravi_sachdeva35@yahoo.com
ਵੈੱਬਸਾਈਟ – http://www.ravisachdeva.com/