ਮਾਂ ਦੇ ਮਖਣੀ ਖਾਣਿਉਂ ਵੇ (72 ਕਲੀਆ ਛੰਦ)

ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।
ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।

(ਬਹੱਤਰ ਕਲਾ ਛੰਦ)

ਸਉਂ ਗਏ ਤਾਣ ਚਾਦਰੇ ਵੇ,
ਸੰਤ ਜਗਮੇਲ, ਮੱਖਣ ਗੁਰਮੇਲ,
ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,
ਕਰੋ ਹਰਨਾੜੀ, ਪਰਾਣੀ ਫੜਕੇ ।
ਟੈਮ ਚਾਰ ਵਜੇ ਦਾ ਵੇ,
ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,
ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।
ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ,
ਕੱਤੇ ਕੰਮ ਭਾਰਾ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,
ਮਹਿਲ ‘ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਰਹੇ ਮਾਰ ਫੁੰਕਾਰੇ ਵੇ,
ਬਲਦ ਦੋ ਤਕੜੇ, ਜੋੜ ਲਉ ਛਕੜੇ,
ਚਉ ਜੋ ਤੇਜ਼ ਸੱਬਲ, ਰਗੜ ਦਿਉ ਖੱਬਲ,
ਰੇਤਲੇ ਟੀਲੇ, ਡੇਗ ਦਿਉ ਧੋੜੇ ।
ਕੁੱਟ ਬੰਜਰ ਜ਼ਮੀਨਾਂ ਨੂੰ,
ਕਰੜ ਜਹੀ ਧਰਤੀ, ਖਾਦ ਨਾਲ ਭਰਤੀ,
ਸ਼ੱਕਰ ਵਾਂਗ ਭੋਰ, ਤੋੜ ਦਿਉ ਰੋੜੇ ।
ਫਿਰ ਫੇਰ ਕਰਾਹੇ ਵੇ,
ਹਲਾਂ ਰੱਖ ਮਧਰੇ, ਬਣਾ ਦਿਉ ਪੱਧਰੇ,
ਕਰ ਦਿਉ ਰੌਣੀ, ਜਦੋਂ ਵੱਤ ਆਉਣੀ,
ਦੋ ਕੁ ਵਾਰ ਵਾਹ ਕੇ, ਚਟਿਆਈ ਫੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਖ਼ਾਲੀ ਇੰਚ ਛੋਡਦੇ ਨਾ,
ਮੁਲਕ ਜੋ ਸਰਦੇ, ਬੜਾ ਕੰਮ ਕਰਦੇ,
ਲੋਹੇ ਨੂੰ ਕੁੱਟਦੇ, ਨਰਮ ਹੱਥ ਫੁਟਦੇ,
ਮੈਸੋਲੀਨੀ ਸਦਰ, ਪਾੜਦਾ ਲੱਕੜਾਂ ।
ਮੁੰਡੇ ਭਰੇ ਮਜਾਜ਼ਾਂ ਦੇ, ਰਹਿਣ ਨਿੱਤ ਵੇਹਲੇ,
ਦੇਖਦੇ ਮੇਲੇ, ਸੱਥਾਂ ਵਿੱਚ ਬੈਠ, ਮਾਰਦੇ ਜੱਕੜਾਂ ।
ਨਹੀਂ ਵਕਤ ਸ਼ੁਕੀਨੀ ਦਾ,
ਰਹੋ ਅਗਾਂਹ ਸਾਦੇ, ਜਿਵੇਂ ਪਿਉ-ਦਾਦੇ,
ਬਦਲ ਦਿਉ ਚਾਲ, ਕਾਲ ਤੇ ਕਾਲ,
ਘਰੀਂ ਧੁੱਸ ਦੇ ਕੇ, ਗ਼ਰੀਬੀ ਵੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਦਰਿਆ ਦੇ ਕਿਨਾਰੇ ਤੇ,
ਝਾੜੀਆਂ ਸਾੜ, ਫੂਕ ਸਲਵਾੜ੍ਹ,
ਜਿੱਥੇ ਖੜੀ ਪਿਲਸੀ, ਕਰੀ ਕਿਉਂ ਢਿੱਲ ਸੀ ?
ਦੱਭਾਂ ਨੂੰ ਖੁਰਲ, ਮੁੱਢੋਂ ਜੜ ਕੱਢਿਉ ।
ਗਿੱਲ ਬਹੁਤ ਬਰੇਤੀ ਮੇਂ,
ਦੇਹੋ ਬੀ ਗੇਰ, ਲੱਗਣ ਗੇ ਢੇਰ,
ਨਰਮ ਭੁਇੰ ਮਟਰ, ਚਰਾਲਾਂ ਗੱਡਿਉ ।
ਗਿਆਰ੍ਹਾਂ ਬਾਰ੍ਹਾਂ ਸੂਬਿਆਂ ਮੇਂ,
ਜਿੱਥੇ-ਜਿੱਥੇ ਥੋੜਾਂ, ਕੱਢ ਦਿਉ ਬੋੜਾਂ,
ਬੋਰੀਆਂ ਭਰ ਦਿਉ, ਬਿਲਟੀਆਂ ਕਰ ਦਿਉ,
ਜਿਨ੍ਹਾਂ ਦੀ ਫ਼ਸਲ ਹੜ੍ਹਾਂ ਵਿੱਚ ਹੜ੍ਹ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਗੋਰੇ ਬੜੇ ਮਿਹਨਤੀ ਵੇ,
ਟਿੱਬੇ ਜਿਹੇ ਢਾਹ ਲੇ, ਨਵੇਂ ਕੱਢੇ ਖਾਲੇ,
ਜਾਣ ਕਾਰਖ਼ਾਨੀਂ, ਯਾਦ ਆ ਜੇ ਨਾਨੀ ।
ਬਾਰਾਂ ਬਾਰਾਂ ਘੰਟੇ ਡਿਉਟੀਆਂ ਲੱਗੀਆਂ ।
ਨੰਗੇ ਸੀਸ ਦੁਪਹਿਰੇ ਵੇ,
ਬੂਟ ਜਿ ਕਰੜੇ, ਰਹਿਣ ਪੱਬ ਨਰੜੇ,
ਨੀਕਰਾਂ ਖਾਖੀ, ਜੀਨ ਦੀਆਂ ਝੱਗੀਆਂ ।
ਆਲੂ ਨਿਰੇ ਉਬਾਲਣ ਵੇ,
ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ,
ਬੜੀ ਪਵੇ ਗਰਮੀ, ਮਿਲੇ ਸੁਖ ਕਰਮੀਂ,
ਹੈਟ ਲੈਣ ਧੁੱਪ ਤੋਂ, ਟੋਟਣੀ ਸੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।

ਅਫ਼ਰਾਂਸ ਅਮਰੀਕਾ ਮੇਂ,
ਖਿੜੇ ਫੁੱਲ ਚੁਣਦੇ, ਵਿਸਕੀਆਂ ਪੁਣਦੇ,
ਸਿਰੋਂ ਲਾਹ ਟੋਪਾਂ, ਘੜੀ ਜਾਣ ਤੋਪਾਂ
‘ਬਾਬੂ’ ਬੰਬ, ਟੈਂਕ, ਬਣਦੀਆਂ ਜੀਪਾਂ ।
ਏਥੇ ਮੁੱਦਤਾਂ ਗੁਜ਼ਰ ਗਈਆਂ ਵੇ,
ਵਿੰਗੇ ਹਲ ਓਹੋ, ਪੰਜਾਲੀ ਟੋਹੋ,
ਪੱਠਿਆਂ ਦਾ ਤੋੜਾ, ਬਲਦਾਂ ਨੂੰ ਕੀ ਪਾਂ ?
ਥੋੜਾ ਝਾੜ ਦੇਸਣਾਂ ਦਾ,
ਲਵੋ ਬੀ ਹੋਰ, ਟਿਊਬ-ਵੈੱਲ ਬੋਰ,
ਸਵਾਰ ਕੇ ਵਾਹਣ, ਬੀਜੋ ‘ਕਲਿਆਣ’,
ਇੱਕੋ-ਇੱਕ ਕਿਲਿਉਂ, ਸੌ ਕੁ ਮਣ ਝੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।