ਮਾਤਾ ਸਾਹਿਬ ਕੌਰ

ਜਿਸ ਵਕਤ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸੰਗਤਾਂ ਨੂੰ ਸਿੱਖਿਆ ਦੇਣ ਸਮੇਂ ਇਹ ਬਚਨ ਜ਼ਰੂਰ ਕਹਿੰਦੇ ਹਨ ਕਿ ਅੱਜ ਤੋਂ ਤੁਹਾਡਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਂ ਮਾਤਾ ਸਾਹਿਬ ਕੌਰ ਜੀ ਹਨ। ਇਸ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਮਹਾਨਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ, ਪੰਨਾ 178 ਅਨੁਸਾਰ ਪਿਤਾ ਭਾਈ ਰਾਮੂ ਜੀ ਬਸੀ ਦੇ ਘਰ ਮਾਤਾ ਜਸਦੇਈ ਦੀ ਕੁੱਖ ਤੋਂ ਦਿਨ ਬੁੱਧਵਾਰ 5 ਨਵੰਬਰ 1681 ਈ: ਨੂੰ ਪਿੰਡ ਰੋਹਤਾਸ ਵਿਖੇ ਹੋਇਆ। ਪਹਿਲਾ ਨਾਂਅ ਮਾਪਿਆਂ ਨੇ ਸਾਹਿਬ ਦੇਵਾਂ ਧਰਿਆ। ਰੋਹਤਾਸ ਨਗਰ ਦੀ ਧਰਤੀ ਮਹਿਕ ਪਈ, ਦਿਬ ਸ਼ਕਤੀ ਵਾਲੀ ਅਬੋਧ ਕੰਨਿਆ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਭਾਈ ਰਾਮੂ ਜੀ ਮਿਠਬੋਲੜੇ ਸੱਜਣ ਪੁਰਸ਼ ਸਨ। ਆਪ ਨੂੰ ਪੁੱਤਰਾਂ ਵਾਂਗ ਵਧਾਈਆਂ ਦਿੱਤੀਆਂ।
ਕੁਝ ਸਮਾਂ ਪਾ ਕੇ ਆਪ ਦੇ ਘਰ ਇਕ ਪੁੱਤਰ ਨੇ ਵੀ ਜਨਮ ਲਿਆ, ਜਿਸ ਦਾ ਨਾਂਅ ਸਾਹਿਬ ਚੰਦ ਰੱਖਿਆ। ਇਹ ਸਾਰਾ ਪਰਿਵਾਰ 1700 ਈ: ਵਿਚ ਕਲਗੀਧਰ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਸਭ ਤੋਂ ਪਹਿਲਾਂ ਮਾਤਾ ਸਾਹਿਬ ਦੇਵਾ ਜੀ ਨੇ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਸਤਿਗੁਰੂ ਜੀ ਤੋਂ ਅੰਮ੍ਰਿਤ ਦਾਤ ਪ੍ਰਾਪਤ ਕੀਤੀ। ਮਾਤਾ ਜੀ ਦੇ ਵਿਆਹ ਬਾਰੇ ਰਾਮੂ ਜੀ (ਸ: ਰਾਵ ਸਿੰਘ), ਮਾਤਾ ਜਸਦੇਈ (ਜਸਦੇਵ ਕੌਰ), ਮਾਤਾ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ), ਸਾਹਿਬ ਚੰਦ (ਸਾਹਿਬ ਸਿੰਘ) ਦੀ ਬੇਨਤੀ ਪ੍ਰਵਾਨ ਹੋਈ। ਸਾਰੇ ਪਾਸੇ ਖੁਸ਼ੀਆਂ ਛਾ ਗਈਆਂ। ਚਾਰੇ ਪਾਸੇ ਰੌਣਕ ਹੋ ਗਈ। ਕਵੀ ਇਨ੍ਹਾਂ ਖੇੜਿਆਂ ਦੀ ਰੌਣਕ ਬਾਰੇ ਇਉਂ ਲਿਖਦਾ ਹੈ-
ਹਰ ਚੀਜ਼ ਪੇ ਬਹਾਰ ਥੀ ਹਰ ਸ਼ੈ ਪੇ ਹੁਸਨ, ਦੁਨੀਆ ਜਵਾਨ ਥੀ, ਮੇਰੇ ਅਹਿਦੇ ਸ਼ਬਾਬ ਮੇਂ।
ਦਸਮੇਸ਼ ਗੁਰੂ ਜੀ ਦੀਆਂ ਪਹਿਲਾਂ ਦੋ ਸ਼ਾਦੀਆਂ ਮਾਤਾ ਜੀਤੋ ਜੀ ਨਾਲ 21 ਜੂਨ, 1677 ਈ: ਨੂੰ ਨਵੇਂ ਵਸਾਏ ਗੁਰੂ ਕੇ ਲਾਹੌਰ ਅਤੇ ਦੂਜੀ ਸ਼ਾਦੀ ਬਜਵਾੜਾ ਕਲਾਂ ਦੇ ਵਸਨੀਕ ਪਿਤਾ ਭਾਈ ਰਾਮਸ਼ਰਨ ਉਮਰਾਵ ਤੇ ਮਾਤਾ ਸ਼ਿਵ ਦੇਵੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ ਹੋਈ ਅਤੇ ਤੀਜੀ ਸ਼ਾਦੀ ਮਾਤਾ ਸਾਹਿਬ ਕੌਰ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ 18 ਵੈਸਾਖ 1757 ਬਿ: (19 ਅਪ੍ਰੈਲ 1700 ਈ:) ਦਿਨ ਸੋਮਵਾਰ ਨੂੰ ਕੀਤੀ ਗਈ। ਸ਼ਾਦੀ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲੇ ਦੇ ਰੂਪ ਵਿਚ ਗੁਜ਼ਾਰੀ। ਜੇਕਰ ਮਾਤਾ ਜੀ ਦੇ ਮਨ ਵਿਚ ਇਕ ਪੁੱਤਰ ਦੀ ਇੱਛਾ ਆਈ ਤਾਂ ਜਾਣੀ-ਜਾਣ ਅੰਤਰਯਾਮੀ ਪ੍ਰੀਤਮ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿਚ ਪਾ ਕੇ ਖਾਲਸੇ ਦੀ ਮਾਂ ਹੋਣ ਦਾ ਉੱਚਾ ਰੁਤਬਾ ਬਖਸ਼ਿਆ।
ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ 20 ਦਸੰਬਰ 1704 ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 7 ਅਕਤੂਬਰ, 1708 ਈ: ਦਾ ਬੜਾ ਕਠਿਨ ਅਤੇ ਦੁਖਦਾਈ ਸਮਾਂ ਮਾਤਾ ਸਾਹਿਬ ਕੌਰ ਜੀ ਨੇ ਅੱਖੀਂ ਦੇਖਿਆ ਅਤੇ ਆਪ ਜੀ ਪੰਥ ਗੁਰਦੇਵ ਮਾਤਾ ਸੁੰਦਰ ਕੌਰ ਜੀ ਨਾਲ ਅਡੋਲ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੇ। ਪਰਿਵਾਰ ਵਿਛੋੜੇ ਸਮੇਂ ਆਪ ਜੀ, ਮਾਤਾ ਸੁੰਦਰੀ ਜੀ, ਦੋਵੇਂ ਮਾਤਾਵਾਂ, ਦੋ ਸੇਵਕਣਾਂ, ਬੀਬੀ ਭਾਗ ਕੌਰ, ਬੀਬੀ ਹਰਦਾਸ ਕੌਰ, ਦੋ ਸਿੰਘ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਆਪ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾ ਕੇ ਰਿਹਾਇਸ਼ ਕੀਤੀ। ਇਥੋਂ ਹੀ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸਰਬੰਸਦਾਨੀ ਕੋਲ ਫਰਵਰੀ 1706 ਨੂੰ ਦਰਸ਼ਨਾਂ ਲਈ ਪੁੱਜੀਆਂ। ਚਾਰੇ ਸਾਹਿਬਜ਼ਾਦਿਆਂ ਬਾਰੇ ਜਿਸ ਸਮੇਂ ਮਾਤਾਵਾਂ ਨੇ ਪੁੱਛਿਆ ਤਾਂ ਕਲਗੀਧਰ ਜੀ ਨੇ ਉਨ੍ਹਾਂ ਦਾ ਸ਼ੋਕ ਨਵਿਰਤ ਕਰਨ ਲਈ ਖਾਲਸੇ ਵੱਲ ਇਸ਼ਾਰਾ ਕਰਕੇ ਇਉਂ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਆ-
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।
ਕੁਝ ਸਮਾਂ ਸੇਵਾ ਅਤੇ ਦਰਸ਼ਨ ਕਰਕੇ ਦੋਵੇਂ ਮਾਤਾਵਾਂ ਦਿੱਲੀ ਆ ਗਈਆਂ। ਜਿਸ ਸਮੇਂ ਕਲਗੀਧਰ ਜੀ ਨੇ ਮੋਤੀ ਸ਼ਾਹ ਦੇ ਬਾਗ ‘ਚ ਚਰਨ ਪਾਏ ਤਾਂ ਇਥੋਂ ਫਿਰ ਦੱਖਣ ਦੇਸ਼ ਜਾਣ ਸਮੇਂ ਮਾਤਾ ਸਾਹਿਬ ਕੌਰ ਸਤਿਗੁਰੂ ਜੀ ਦੇ ਨਾਲ ਹੀ ਗਏ। ਦਸਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਰਿਹਾਇਸ਼ ਲਈ ਉਚੇਚਾ ਪ੍ਰਬੰਧ ਕੀਤਾ। ਸੱਚਖੰਡ ਸ੍ਰੀ ਹਜ਼ੂਰ ਸਾਹਿਬ 8-9 ਮਹੀਨੇ ਮਾਤਾ ਜੀ ਕਲਗੀਧਰ ਜੀ ਦੀ ਸੇਵਾ ਵਿਚ ਰਹਿ ਕੇ ਲੰਗਰ ਤਿਆਰ ਕਰਕੇ ਛਕਾਉਂਦੇ ਰਹੇ। ਜਿਸ ਸਮੇਂ ਮਾਤਾ ਜੀ ਦਿੱਲੀ ਰਵਾਨਾ ਹੋਏ ਤਾਂ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਆਪਣੇ ਕਮਰਕਸੇ ਦੇ ਪੰਜ ਸ਼ਸਤਰ ਦੇ ਕੇ ਵਿਦਾ ਕੀਤਾ। ਦਿੱਲੀ ਜਿਥੇ ਕਿ ਅੱਜਕਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਸੁਸ਼ੋਭਿਤ ਹੈ, ਇਥੇ ਆਪ ਸ਼ਸਤਰਾਂ ਦੀ ਸੇਵਾ ਕਰਦੇ ਰਹੇ। ਨਿਤਨੇਮ ਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਲੰਗਰ ਛਕਦੇ ਸਨ। ਆਪ ਜੀ ਇਥੇ ਹੀ ਦਿੱਲੀ ਵਿਚ ਮਾਤਾ ਸੁੰਦਰ ਕੌਰ ਜੀ ਨੂੰ ਪੰਜ ਸ਼ਸਤਰ ਸੰਭਾਲ ਕੇ 15 ਅਕਤੂਬਰ, 1731 ਈ: ਦਿਨ ਸ਼ੁੱਕਰਵਾਰ ਨੂੰ ਪ੍ਰਭੂ ਚਰਨਾਂ ਵਿਚ ਲੀਨ ਹੋ ਗਏ। ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਮਾਤਾ ਸਾਹਿਬ ਕੌਰ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ, ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ 22 ਸਾਲ 9 ਮਹੀਨੇ 15 ਦਿਨ ਜੀਵਤ ਰਹਿ ਕੇ ਖਾਲਸਾ ਪੰਥ ਦੀ ਅਗਵਾਈ ਕੀਤੀ। ਆਪ ਜੀ ਦੀ ਪਾਵਨ ਯਾਦ ਵਿਚ ਨਾਂਦੇੜ ਵਿਚ ਹੀਰਾ ਘਾਟ ਦੇ ਕੋਲ, ਗੁਰਦੁਆਰਾ ਮਾਤਾ ਸਾਹਿਬ ਕੌਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤੇ ਦਿੱਲੀ ਵਿਖੇ ਗੁਰਦੁਆਰੇ ਸੁਸ਼ੋਭਿਤ ਹਨ। ਮਾਤਾ ਸਾਹਿਬ ਕੌਰ ਜੀ ਦੇ ਗੌਰਵਮਈ ਇਤਿਹਾਸ ਤੋਂ ਅਤੇ ਉਨ੍ਹਾਂ ਦੇ ਜੀਵਨ ਉਦੇਸ਼ ਤੋਂ ਪ੍ਰੇਰਨਾ ਲੈ ਕੇ ਗੁਰਮਤਿ ਵਿਚਾਰਾਂ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲਾ ਬਣਾਈਏ।
-ਰਣਧੀਰ ਸਿੰਘ ਸੰਭਲ