ਮੀਲ ਪੱਥਰ – ਸ਼ਿਵ ਕੁਮਾਰ ਬਟਾਲਵੀ

ਮੈਂ ਮੀਲ ਪੱਥਰ, ਹਾਂ ਮੀਲ ਪੱਥਰ
ਮੇਰੇ ਮੱਥੇ ‘ਤੇ ਹੈਨ ਪੱਕੇ
ਇਹ ਕਾਲੇ ਬਿਰਹੋਂ ਦੇ ਚਾਰ ਅੱਖਰ
ਮੇਰਾ ਜੀਵਨ ਕੁਝ ਇਸ ਤਰ੍ਹਾਂ ਹੈ
ਜਿਸ ਤਰ੍ਹਾਂ ਕਿ ਕਿਸੇ ਗਰਾਂ ਵਿਚ
ਥੋਹਰਾਂ ਮੱਲੇ ਉਜਾੜ ਦੈਰੇ ‘ਚ
ਰਹਿੰਦਾ ਹੋਵੇ ਮਲੰਗ ਫੱਕਰ
ਤੇ ਜੂਠੇ ਟੁੱਕਾਂ ਦੀ ਆਸ ਲੈ ਕੇ
ਦਿਨ ਢਲੇ ਜੋ ਗਰਾਂ ‘ਚ ਆਵੇ
ਤੇ ਬਿਨ ਬੁਲਾਇਆਂ ਹੀ ਪਰਤ ਜਾਵੇ
‘ਔ-ਲੱਖ’ ਕਹਿ ਤੇ ਮਾਰ ਚੱਕਰ
ਮੈਂ ਮੀਲ ਪੱਥਰ, ਹਾਂ ਮੀਲ ਪੱਥਰ ।
ਮੈਂ ਜ਼ਿੰਦਗਾਨੀ ਦੇ ਕਾਲੇ ਰਾਹ ਦੇ
ਐਸੇ ਬੇ-ਹਿੱਸ ਪੜਾਅ ‘ਤੇ ਖੜ੍ਹਿਆਂ
ਜਿਤੇ ਖ਼ਾਬਾਂ ਦੇ ਨੀਲੇ ਰੁੱਖਾਂ ‘ਚੋਂ
ਪੌਣ ਪੀਲੀ ਜਿਹੀ ਵਗ ਰਹੀ ਏ
ਅੱਗ ਸਿਵਿਆਂ ਦੀ ਮਘ ਰਹੀ ਏ
ਕਦੇ ਕਦੇ ਕੋਈ ਗ਼ਮਾਂ ਦਾ ਪੰਛੀ
ਪਰਾਂ ਨੂੰ ਆਪਣੇ ਹੈ ਫੜਫੜਾਂਦਾ
ਤੇ ਉਮਰ ਮੇਰੀ ਦੇ ਪੀਲੇ ਅਰਸ਼ੋਂ
ਕੋਈ ਸਿਤਾਰਾ ਹੈ ਟੁੱਟ ਜਾਂਦਾ
ਤੇ ਚਾਂਦੀ-ਵੰਨਾ ਖ਼ਾਬ ਮੇਰਾ
ਸਮੇਂ ਦਾ ਹਰੀਅਲ ਹੈ ਟੁੱਕ ਜਾਂਦਾ
ਵਿੰਹਦੇ ਵਿੰਹਦੇ ਹੀ ਨੀਲੇ ਖ਼ਾਬਾਂ ਦਾ
ਸਾਰਾ ਜੰਗਲ ਹੈ ਸੁੱਕ ਜਾਂਦਾ ।
ਫੇਰ ਦਿਲ ਦੀ ਮਾਯੂਸ ਵਾਦੀ ‘ਚ
ਤਲਖ਼ ਘੜੀਆਂ ਦੇ ਜ਼ਰਦ ਪੱਤਰ
ਉੱਚੀ ਉੱਚੀ ਪੁਕਾਰਦੇ ਨੇ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ
ਉਹ ਝੂਠ ਥੋੜਾ ਹੀ ਮਾਰਦੇ ਨੇ
ਉਹ ਠੀਕ ਹੀ ਤਾਂ ਪੁਕਾਰਦੇ ਨੇ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ ।

ਮੇਰੇ ਪੈਰਾਂ ਦੇ ਨਾਲ ਖਹਿੰਦੀ
ਇਕ ਸੜਕ ਜਾਂਦੀ ਹੈ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੇ ਹੁਸੀਨ ਮਹਿਲਾਂ ‘ਚ
ਇਸ਼ਕ ਮੇਰਾ ਗਵਾਚਿਆ ਹੈ
ਸ਼ਹਿਰ ਜਿਸ ਨੂੰ ਕਿ ਆਸ਼ਕਾਂ ਨੇ
ਸ਼ਹਿਰ ਪਰੀਆਂ ਦਾ ਆਖਿਆ ਹੈ ।

ਸ਼ਹਿਰ ਜਿਸ ਦੀ ਕਿ ਹਰ ਗਲੀ
ਹਾਏ, ਗੀਤ ਵਰਗੀ ਨੁਹਾਰ ਦੀ ਹੈ
ਸ਼ਹਿਰ ਜਿਸ ਦੇ ਹੁਸੀਨ ਪੱਟਾਂ ‘ਚ
ਰਾਤ ਸ਼ਬਨਮ ਗੁਜ਼ਾਰਦੀ ਹੈ
ਤੇ ਹੋਰ ਦੂਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ‘ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੀ ਕਿ ਪਾਕ ਮਿੱਟੀ ਦਾ
ਖ਼ੂਨ ਪੀ ਕੇ ਮੈਂ ਜਨਮ ਲੀਤੈ
ਸ਼ਹਿਰ ਜਿਦ੍ਹੀਆਂ ਕਿ ਦੁਧਨੀਆਂ ‘ਚੋਂ
ਮਾਸੂਮੀਅਤ ਦਾ ਦੁੱਧ ਪੀਤੈ
ਸ਼ਹਿਰ ਜਿਸ ਦੇ ਬੇਰੰਗ ਚਿਹਰੇ ‘ਤੇ
ਝੁਰੜੀਆਂ ਦੇ ਨੇ ਝਾੜ ਫੈਲੇ
ਸ਼ਹਿਰ ਜਿਸ ਦੇ ਕਿ ਸੀਨੇ ਅੰਦਰ ਨੇ
ਗੁਰਬਤਾਂ ਦੇ ਪਹਾੜ ਫੈਲੇ
ਸ਼ਹਿਰ ਜਿਸ ਦੇ ਹੁਸੀਨ ਨੈਣਾਂ ਦੇ
ਦੋਵੇਂ ਦੀਵੇ ਹੀ ਹਿੱਸ ਚੁੱਕੇ ਨੇ
ਸ਼ਹਿਰ ਜਿਸ ਦੇ ਜਨਾਜ਼ਿਆਂ ਲਈ
ਖ਼ਰੀਦੇ ਕਫ਼ਨ ਵੀ ਵਿਕ ਚੁੱਕੇ ਨੇ ।

ਤੇ ਹੋਰ ਤੀਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ‘ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਦ੍ਹੀਆਂ ਮੁਲੈਮ ਸੜਕਾਂ ‘ਤੇ
ਜਾ ਕੇ ਕੋਈ ਕਦੇ ਨਹੀਂ ਮੁੜਦਾ
ਇਹ ਸਮਝ ਲੀਤਾ ਜਾਂਦਾ ਹੈ ਮੁਰਦਾ ।

ਤੇ ਹੋਰ ਚੌਥੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ‘ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੇ ਕਾਲੇ ਬਾਗ਼ਾਂ ‘ਚ
ਸਿਰਫ਼ ਆਸਾਂ ਦੀ ਪੌਣ ਜਾਵੇ
ਕਦੇ ਕਦੇ ਹਾਂ ਓਸ ਜੂਹ ‘ਚੋਂ
ਕੁਝ ਇਸ ਤਰ੍ਹਾਂ ਦੀ ਆਵਾਜ਼ ਆਵੇ
ਓ ਮੀਲ ਪੱਥਰ ! ਓ ਮੀਲ ਪੱਥਰ !
ਆਬਾਦ ਕਰਨੇ ਨੇ ਤੂੰ ਹੀ ਰੱਕੜ
ਤੂੰ ਹੀ ਧਰਤੀ ਦਾ ਕੋਝ ਵਰਨੈਂ
ਤੂੰ ਹੀ ਕਰਨੀ ਫ਼ਜ਼ਾ ਮੁਅੱਤਰ
ਤੂੰ ਹੀ ਸੇਜਾਂ ਨੂੰ ਮਾਨਣਾ
ਸੌਂ ਕੇ ਪਹਿਲਾਂ ਤੂੰ ਵੇਖ ਸੱਥਰ ।
ਪਰ ਮੈਂ ਛੇਤੀ ਹੀ ਸਮਝ ਜਾਂਦਾ
ਇਹ ਮੇਰੇ ਖ਼ਾਬਾਂ ਦਾ ਸ਼ੋਰ ਹੀ ਹੈ
ਜੋ ਲਾ ਰਿਹਾ ਹੈ ਜ਼ਿਹਨ ‘ਚ ਚੱਕਰ
ਮੈਂ ਸਮਝਦਾ ਹਾਂ, ਮੈਂ ਸਮਝਦਾ ਹਾਂ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ ।

ਮੇਰੇ ਮੱਥੇ ਤੋਂ ਆਉਣ ਵਾਲੇ
ਇਹ ਲੋਕ ਪੜ੍ਹ ਕੇ ਕਿਹਾ ਕਰਨਗੇ
ਇਹ ਉਹ ਵਿਚਾਰੀ ਬਦਬਖ਼ਤ ਰੂਹ ਹੈ
ਕਿ ਜਿਹੜੀ ਹਿਰਨਾਂ ਦੇ ਸਿੰਙਾਂ ਉੱਤੇ
ਉਦਾਸ ਲਮ੍ਹਿਆਂ ਨੂੰ ਫੜਣ ਖ਼ਾਤਿਰ
ਉਮਰ ਸਾਰੀ ਚੜ੍ਹ ਰਹੀ ਏ ।
ਇਹ ਉਹ ਹੈ ਜਿਸ ਨੂੰ
ਕਿ ਹੱਠ ਦੇ ਫੁੱਲਾਂ ਦੀ
ਮਹਿਕ ਪਿਆਰੀ ਬੜੀ ਰਹੀ ਏ
ਇਹ ਉਹ ਹੈ ਜਿਸ ਨੂੰ ਕਿ ਨਿੱਕੀ ਉਮਰੇ
ਉਡਾ ਕੇ ਲੈ ਗਏ ਗ਼ਮਾਂ ਦੇ ਝੱਖੜ
ਵਫ਼ਾ ਦੇ ਸੂਹੇ ਦੁਮੇਲ ਉੱਤੇ
ਇਹ ਮੀਲ-ਪੱਥਰ, ਹਾਂ ਮੀਲ-ਪੱਥਰ ।

ਉਹ ਠੀਕ ਹੀ ਤਾਂ ਕਿਹਾ ਕਰਨਗੇ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ ।
ਮੈਂ ਲੋਚਦਾ ਹਾਂ ਕਿ ਇਸ ਚੁਰਾਹੇ ਤੋਂ
ਮੈਨੂੰ ਕੋਈ ਉਜਾੜ ਦੇਵੇ
ਤੇ ਮੇਰੇ ਮੱਥੇ ਦੇ ਕਾਲੇ ਅੱਖ਼ਰਾਂ ‘ਤੇ
ਕੋਟ ਚੂਨੇ ਦਾ ਚਾੜ੍ਹ ਦੇਵੇ
ਜਾਂ ਅੱਗ ਫ਼ੁਰਕਤ ਦੀ ਦਿਨੇਂ ਦੀਵੀਂ
ਵਿਚ ਚੁਰਾਹੇ ਦੇ ਸਾੜ ਦੇਵੇ
ਮੈਂ ਸੋਚਦਾ ਹਾਂ ਜੇ ਪਿਘਲ ਜਾਵਣ
ਇਹ ਬਦਨਸੀਬੀ ਦੇ ਕਾਲੇ ਕੱਕਰ
ਮੈਂ ਸੋਚਦਾ ਹਾਂ ਜੇ ਬਦਲ ਜਾਵਣ
ਮੇਰੀ ਕਿਸਮਤ ਦੇ ਸਭ ਨਛੱਤਰ
ਮੈਂ ਮਨੁੱਖਤਾ ਦੇ ਨਾਮ ਸੁੱਖਾਂਗਾ
ਆਪਣੇ ਗੀਤਾਂ ਦੇ ਸੋਨ-ਛੱਤਰ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ
ਮੇਰੇ ਮੱਥੇ ‘ਤੇ ਹੈਨ ਪੱਕੇ
ਇਹ ਕਾਲੇ ਬਿਰਹੋਂ ਦੇ ਚਾਰ ਅੱਖਰ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ ।