ਮੁਬਾਰਕ

ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ‘ਚੋਂ ਕੱਢ ਬਾਹਰ ਲਿਆ।।
ਜਾਂ ਸੜਕਾਂ ਤੇ ਰੁਲਦੀ ਮਨੁੱਖਤਾ ਦੀ, ਧੀਆਂ ਭੈਣਾਂ ਦੀ ਇਜ਼ਤ ਰੁਲ੍ਹਦੀ ਦੀ
ਜਾਂ ਵੋਟਾਂ ਲਈ ਵਰਤਾਏ ਨਸ਼ਿਆਂ ਦੀ, ਜਾਂ ਮਜ਼ਲੂਮਾਂ ਉੱਤੇ ਹੁੰਦੇ ਜ਼ੁਲਮਾਂ ਦੀ
ਬਾਬੇ ਬਾਬਰ ਹੱਥ ਆਈ ਸੱਤਿਆ ਦੀ, ਜਾਂ ਕੁੱਖਾਂ ਵਿੱਚ ਹੋ ਰਹੀ ਹੱਤਿਆ ਦੀ
ਲੋਕਾਂ ਦਿਆਂ ਹੱਡਾਂ ਦਾ ਪੁਲ੍ਹ ਬੰਨ ਕੇ, ਜਿਹਨੇ ਕੁੱਲ ਦਾ ਬੇੜਾ ਤਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ।।
ਜਿਥੇ ਭੁੱਖੇ ਵੀ ਨ੍ਹੇਰੇ ਵਿਚ ਸੌਂਦੇ ਨੇ, ਜਿਥੇ ਮਾਫ਼ੀਆ ਹਕੂਮਤ ਕਰਦੇ ਨੇ
ਜਿਥੇ ਬਾਦਲ ਸਿਰ ਮੰਡਰਾਉਂਦੇ ਨੇ, ਜਿਥੇ ਸੱਚ ਕਹਿਣੋਂ ਵੀ ਡਰਦੇ ਨੇ
ਜਿਥੇ ਧਰਮ ਦੇ ਪਹੀਏ ਲੁੱਟ ਦੀ ਗੱਡੀ, ਪਹਿਰਾਵੇ ਦਾ ਭੇਸ ਧਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ।।
ਜਿਹੜੇ ਸੰਗਤਾਂ ਦੇ ਚੜ੍ਹੇ ਚੜਾਵੇ ਨੂੰ, ਅੱਗ ਲਾ ਲਾ ਰੱਬ ਮਨਾਉਂਦੇ ਨੇ
ਜਿਹੜੇ ਬਿਜਲੀ ਲੱਖ ਕਰੋੜਾਂ ਦੀ, ਇਕ ਦਿਨ ਵਿੱਚ ਫੂਕ ਮੁਕਾਉਂਦੇ ਨੇ
ਜਿਹੜੀ ਨਫ਼ਰਤ ਕਰੀ ਮਨੁੱਖਤਾ ਨੂੰ, ਜਿੱਥੇ ਸ਼ੈਤਾਨਾਂ ਦੇ ਡੰਕੇ ਵੱਜਦੇ ਨੇ
ਜਿਹਨੂੰ ਲੰਗਰ ਆਖਣ ਦਾਤੇ ਦਾ, ਜਿਥੇ ਤਕੜੇ ਈ ਖਾਹ ਖਾਹ ਰੱਜਦੇ ਨੇ
ਮਾਇਆ ਤੇ ਚੌਧਰ ਪਾਉਣੇ ਲਈ, ਇਕ ਦੂਜੇ ਦੀ ਪੱਗ ਨੂੰ ਉਤਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ‘ਚੋਂ ਕੱਢ ਬਾਹਰ ਲਿਆ।।
ਜਿੱਥੇ ਰੱਬ ਸੋਨੇ ਦੇ ਮੰਦਰੀਂ ਰਹਿੰਦਾ, ਜਿਥੇ ਰੱਬ ਲਈ ਤਖਤ ਨੇ ਧਰਮਾਂ ਦੇ
ਜਿੱਥੇ ਰੱਬ ਨੂੰ ਲੋੜ ਅਰਦਾਸਾਂ ਦੀ, ਜਿੱਥੇ ਰੱਬ ਦੇ ਕੰਮ ਵਹਿਮਾਂ ਭਰਮਾਂ ਦੇ
ਜਿੱਥੇ ਨਸ਼ਿਆਂ ਦੇ ਦਰਿਆ ਵਗਦੇ, ਜਿਥੇ ਮਨੁੱਖਤਾ ਨੂੰ ਬੰਦਾ ਮਾਰ ਰਿਹਾ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ।।
ਜਿਥੇ ਸਿੱਖਿਆ ਲਈ ਸਕੂਲ ਬੜੇ, ਪਰ ਸਕੂਲਾਂ ਵਿਚ ਕੋਈ ਟੀਚਰ ਨਹੀਂ
ਜਿਥੇ ਪੜ੍ਹਨਾ ਤਾਂ ਹਰ ਕੋਈ ਚਾਹੇ, ਪੜ੍ਹ ਲਿਖ ਕੇ ਵੀ ਕੋਈ ਫ਼ੀਚਰ ਨਹੀਂ
ਜਿਥੇ ਪੱਥਰਾਂ ਨੂੰ ਦੁੱਧਾਂ ਦੇ ਨਾਲ ਧੋਂਦੇ, ਜਿਥੇ ਬੱਚੇ ਦੁੱਧ ਲਈ ਬਿਲਕਦੇ ਨੇ
ਜਿਥੇ ਭੁੱਖੇ ਨੰਗੇ ਲੋਕੀਂ ਸੌਂਦੇ ਨੇ ਲੱਖਾਂ, ਚੜ੍ਹਦੇ ਰੱਬ ਨੂੰ ਰੁਮਾਲੇ ਸਿਲਕ ਦੇ ਨੇ
ਜਿਥੇ ਬਾਣੀ ਪੜ੍ਹ ਪੜ੍ਹ ਲੱਦਣ ਗੱਡੇ, ਪਰ ਮਨੁੱਖਤਾ ਨੂੰ ਮਨੋਂ ਵਿਸਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ।।
ਜਿਥੇ ਬੰਦਿਆਂ ਦੀ ਚਾਲ ਸ਼ੈਤਾਨੀ ਏ, ਇਹੇ ਜੋ ਸ਼ੋਰ ਪਟਾਕਿਆਂ ਬੰਬਾਂ ਦਾ
ਜਿਥੇ ਰੱਬ ਨੇ ਕੌਮ ਤੋਂ ਮੰਗਿਆ ਏ, ਗੁਰਦੁਆਰਾ ਸੋਨੇ ਦੀਆਂ ਕੰਧਾਂ ਦਾ
ਕਿਸ ਧਰਮ ਗਰੰਥ ਚḔ ਲਿਖਿਆ ਏ, ਕਿਸੇ ਰੱਬ ਨੇ ਧਰਮ ਬਣਾਏ ਨੇ
ਕਹਿੜੇ ਪੀਰਾਂ ਪੈਗੰਬਰਾਂ ਗੁਰੂਆਂ ਨੇ, ਇਨਸਾਨਾਂ ਉਤੇ ਫ਼ਤਵੇ ਲਾਏ ਨੇ
ਜਿਥੇ ਸੱਚ ਬੋਲਣ ਵਾਲੇ ਜੋਗੀ ਦਾ, ਲਾ ਲਾ ਫਤਵੇ ਸੀਸ ਉਤਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ

-ਜੋਗਿੰਦਰ ਸੰਘੇੜਾ