ਮੁਰਗਾ ਮਾਤ ਖਾ ਗਿਆ

ਮਾਸਟਰ ਪ੍ਰੇਮ ਦੱਤ ਨੂੰ ਪਤਾ ਲੱਗਾ ਕਿ ਗੁਰਮੁਖ ਸਿੰਘ ਅਸਿਸਟੈਂਟ ਡਿਸਟ੍ਰਿਕਟ ਇੰਨਸਪੈਕਟਰ ਔਫ ਸਕੂਲਜ਼ ਦੀ ਬਦਲੀ ਹੋਣ ਵਾਲੀ ਹੈ। ਉਹ ਕਈ ਵਾਰੀ ਉਹਨਾਂ ਦੇ ਤਰਲੇ ਮਿੰਨਤਾਂ ਕਰ ਚੁੱਕਾ ਸੀ ਕਿ ਸਾਹਿਬ ਉਸਦੇ ਸਕੂਲ ਦੀ ਜਾਣ ਤੋਂ ਪਹਿਲਾਂ ਇਨਸਪੈਕਸ਼ਨ ਕਰਨ ਤੇ ਲਾਗਬੁੱਕ ਵੀ ਲਿਖ ਦੇਣ। ਪਰ ਇਨਸਪੈਕਟਰ ਸਾਹਿਬ ਨੇ ਹਰ ਵਾਰ ਅਣਗੌਲਿਆਂ ਕਰ ਛੱਡਦਾ।

ਮਾਸਟਰ ਵਜ਼ੀਰ ਚੰਦ ਜੋ ਚਲਦਾ ਪੁਰਜ਼ਾ ਸੀ ਤੇ ਗੁਰਮੁਖ ਸਿੰਘ ਦੇ ਨੇੜੇ ਵੀ ਸੀ, ਨੇ ਮਾਸਟਰ ਪ੍ਰੇਮ ਦੱਤ ਦੀ ਦਸ਼ਾ ਦੇਖ ਕੇ ਉਸ ਨੂੰ ਸਮਝਾਇਆ ਕਿ ਗੁਰਮੁਖ ਸਿੰਘ ਦੀ ਕਮਜ਼ੋਰੀ ਮੁਰਗਾ ਹੈ। ਤੂੰ ਦੋ ਮੁਰਗੇ ਝੋਲੇ ਵਿਚ ਪਾ ਕੇ ਉਸ ਦੇ ਦਫਤਰ ਪਹੁੰਚਾ ਦੇ। ਮਾਸਟਰ ਪ੍ਰੇਮ ਦੱਤ ਨੂੰ ਡਰ ਸੀ ਕਿ ਉਹ ਕਿਤੇ ਨਰਾਜ਼ ਹੀ ਨਾ ਹੋ ਜਾਣ ਤੇ ਉਲਟਾ ਉਸ ਦੇ ਗਲ਼ ਪੈ ਜਾਣ।”

ਮਾਸਟਰ ਵਜ਼ੀਰ ਚੰਦ ਨੇ ਸਮਝਾਇਆ ਕਿ ਤੂੰ ਦਫਤਰ ਵਿਚ ਪਹੁੰਚ ਕੇ ਲਾਗ ਬੁੱਕ ਗੁਰਮੁਖ ਸਿੰਘ ਦੇ ਅੱਗੇ ਰੱਖੀਂ ਤੇ ਆਖੀਂ, “ਜੇ ਹਜ਼ੂਰ ਪਾਸ ਸਕੂਲ ਜਾ ਕੇ ਇਨਸਪੈਕਸ਼ਨ ਕਰਨ ਦਾ ਵਕਤ ਨਹੀਂ ਤਾਂ ਮੇਰੀ ਲਾਗ ਬੁੱਕ ਤਾਂ ਲਿਖ ਦਿਉ। ਪਿਛਲੇ ਤਿੰਨਾਂ ਸਾਲਾਂ ਤੋਂ ਤੁਸੀਂ ਮੇਰੇ ਅਫਸਰ ਹੋ ਤੇ ਇਕ ਵਾਰੀ ਵੀ ਤੁਸਾਂ ਸਕੂਲ ਤਸ਼ਰੀਫ ਲਿਆ ਕੇ ਮੈਨੂੰ ਨਹੀਂ ਨਿਵਾਜਿਆ।” ਮਾਸਟਰ ਵਜ਼ੀਰ ਚੰਦ ਨੇ ਹੋਰ ਸਮਝਾਇਆ ਕਿ ਤੂੰ ਹੌਲੀ ਜਿਹੇ ਝੋਲੇ ਵਿਚ ਪਾਏ ਮੁਰਗਿਆਂ ਨੂੰ ਹੱਥ ਨਾਲ ਚੂੰਢੀ ਵੱਢ ਦੇਈਂ। ਦੇਖੀਂ, ਬੱਸ ਫੇਰ ਅੱਗੇ ਸਭ ਠੀਕ ਹੋ ਜਾਵੇਗਾ।”

ਮਾਸਟਰ ਪ੍ਰੇਮ ਦੱਤ ਨੇ ਇਵੇਂ ਹੀ ਕੀਤਾ। ਪਹਿਲਾਂ ਤਾਂ ਇਨਸਪੈਕਟਰ ਸਾਹਿਬ ਨੇ ਧੌਣ ਅਕੜਾਈ ਰੱਖੀ ਤੇ ਉਸ ਦੀਆਂ ਬੇਨਤੀਆਂ ਵੱਲ ਕੋਈ ਧਿਆਨ ਨਾ ਦਿੱਤਾ ਪਰ ਜਦ ਮੁਰਗਿਆਂ ਨੇ ਚੂੰ-ਚੂੰ ਕੀਤੀ ਤਾਂ ਇੰਸਪੈਕਟਰ ਸਾਹਿਬ ਕਹਿਣ ਲੱਗੇ, “ਇਨ੍ਹਾਂ ਮੁਰਗਿਆਂ ਨੂੰ ਕਿੱਥੇ ਲੈ ਜਾ ਰਿਹਾ ਹੈਂ?”

“ਹਜ਼ੂਰ ਬਜ਼ਾਰ ਵਿਚ ਵੇਚਣ ਲਈ ਲਿਜਾ ਰਿਹਾ ਹਾਂ। ਵੇਚ ਕੇ ਕੁਝ ਸੌਦਾ ਪੱਤਾ ਘਰ ਲਈ ਲੈ ਜਾਵਾਂਗਾ।”” ਮਾਸਟਰ ਪ੍ਰੇਮ ਦੱਤ ਨੇ ਉੱਤਰ ਦਿੱਤਾ। ਅੱਗੋਂ ਇਨਸਪੈਕਟਰ ਸਾਹਿਬ ਕਹਿਣ ਲੱਗੇ, “ਚੱਲ ਬਜ਼ਾਰ ਬਜ਼ੂਰ ਨੂੰ ਛੱਡ ਤੇ ਜਾ ਕੇ ਮੇਰੇ ਘਰ ਛੱਡ ਆ। ਬਾਕੀ ਗੱਲ ਫੇਰ ਕਰਾਂਗੇ।”

ਪ੍ਰੇਮ ਦੱਤ ਨੇ ਕਿਹਾ, “ਹਜ਼ੂਰ ਤੁਹਾਡੇ ਦੌਲਤਨਾਮੇ ਦਾ ਮੈਨੂੰ ਪਤਾ ਨਹੀਂ।”

ਇਨਸਪੈਕਟਰ ਸਾਹਿਬ ਕੜਕ ਕੇ ਬੋਲੇ, “ਤੈਨੂੰ ਫੇਰ ਪਤਾ ਕੀ ਆ? ਮੈਨੂੰ ਤਾਂ ਫੇਰ ਤੇਰੇ ਸਕੂਲ ਦਾ ਵੀ ਪਤਾ ਨਹੀਂ। ਇਸੇ ਕਰਕੇ ਹੀ ਤੇਰੀ ਲਾਗ ਬੁੱਕ ਅਜੇ ਤਕ ਅਧੂਰੀ ਪਈ ਹੈ।” … ਜਾਹ, ਹੁਸੈਨਪੁਰੇ ਵਿਚ ਗਲੀ ਨੰਬਰ ਤਿੰਨ ਵਿਚ ਕਿਸੇ ਨੂੰ ਪੁੱਛ ਲਈਂ। ਮੈਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ।”

“ਜੀ ਸਰਕਾਰ, … ਮੈਂ ਹੁਣੇ ਮੁਰਗੇ ਤੁਹਾਡੇ ਘਰ ਪਹੁੰਚਾ ਕੇ ਵਾਪਸ ਆਇਆ।”

ਇਨਸਪੈਕਟਰ ਸਾਹਿਬ ਨੇ ਸਮਝਾਇਆ, “ਵਾਪਸ ਆਉਣ ਦੀ ਲੋੜ ਨਹੀਂ। ਤੂੰ ਆਪਣੇ ਸਕੂਲ ਦੀ ਲਾਗਬੁੱਕ ਇੱਥੇ ਛੱਡ ਜਾ ਤੇ ਆਪਣੇ ਘਰ ਪਰਤ ਜਾਵੀਂ। … ਹੁਣ ਜਿੰਨਾ ਚਿਰ ਮੈਂ ਇੱਥੇ ਹਾਂ, ਇਹ ਮੁਰਗਿਆਂ ਦੀ ਸਪਲਾਈ ਤੇਰੇ ਜ਼ਿੰਮੇ ਹੈ। ਮੈਂ ਬਹੁਤਾ ਤਾਂ ਖਾਂਦਾ ਨਹੀਂ, ਡਾਕਟਰਾਂ ਨੇ ਪ੍ਰਹੇਜ਼ ਦੱਸਿਆ ਹੈ। ਸ਼ਾਮ ਵੇਲੇ ਮੌਜ-ਮਸਤੀ ਸਮੇਂ ਇਕ ਅੱਧਾ, ਰੋਸਟ ਮੁਰਗਾ ਖਾਣ ਦੀ ਮੈਨੂੰ ਛੋਟ ਹੈ।”

ਮਾਸਟਰ ਪ੍ਰੇਮ ਦੱਤ, ਅਗਲੇ ਦਿਨ ਮਾਸਟਰ ਵਜ਼ੀਰ ਚੰਦ ਨੂੰ ਮਿਲਿਆ ਤੇ ਕਹਿਣ ਲੱਗਾ, “ਯਾਰ, ਤੂੰ ਤਾਂ ਚੰਗਾ ਮੈਨੂੰ ਕੜਿੱਕੀ ਵਿਚ ਫਸਾ ਦਿੱਤਾ ਹੈ। ਹੁਣ ਮੈਂ ਹਰ ਰੋਜ਼ ਮੁਰਗੇ ਕਿੱਥੋਂ ਪਹੁੰਚਾਵਾਂ?”

ਮਾਸਟਰ ਵਜ਼ੀਰ ਚੰਦ ਨੇ ਧਰਵਾਸ ਦੇਂਦੇ ਹੋਏ ਕਿਹਾ, “ਘਬਰਾ ਨਾ, ਤੇਰੀ ਲਾਗ ਬੁੱਕ ਵੀ ਤਾਂ ਨਮੂਨੇ ਦੀ ਮੈਂ ਲਿਖਵਾ ਕੇ ਦਿਆਂਗਾ। ਮੇਰਾ ਉਹਨਾਂ ਨਾਲ ਮੇਲ ਜੋਲ ਹੈ। ਇਕ ਅੱਧ ਝੋਲਾ ਸਾਡੇ ਵੱਲ ਵੀ ਇਨਾਇਤ ਕਰਦਾ ਰਹੀਂ।””

ਮਾਸਟਰ ਪ੍ਰੇਮ ਦੱਤ ਨੇ ਹਾਰ ਕੇ ਸਾਰੀ ਉਮਰ ਦੇ ਆਪਣੇ ਅਸੂਲ ਛਿੱਕੇ ਤੇ ਟੰਗ ਕੇ ਪੰਜਵੀਂ ਜਮਾਤ ਦੇ ਲੜਕਿਆਂ ਨੂੰ ਕਿਹਾ, “ਭਾਈ ਅਫਸਰ ਦੇ ਘਰ ਮੁਰਗੇ ਪਹੁੰਚਾਉਣੇ ਹਨ, ਕਿਸ ਕਿਸ ਦੇ ਘਰ ਮੁਰਗੇ ਹਨ?”

ਇਕ ਬੱਚਾ ਕਹਿਣ ਲੱਗਾ, “ਮਾਸਟਰ ਜੀ, ਸਾਡੇ ਘਰ ਮੁਰਗੇ ਤਾਂ ਹਨ ਪਰ ਕੁਝ ਢਿੱਲੇ ਜਿਹੇ ਹਨ। ਕੱਲ੍ਹ ਇਕ ਦੋ ਮਰ ਵੀ ਗਏ ਸਨ। ਜੇ ਕਹੋਂ ਤਾਂ ਮੈਂ ਹੁਣੇ ਝੋਲੇ ਵਿਚ ਪਾ ਕੇ ਲੈ ਆਵਾਂ?”

ਮਾਸਟਰ ਜੀ ਦੀ ਚਿੰਤਾ ਦੂਰ ਹੋ ਗਈ ਤੇ ਕਹਿਣ ਲੱਗੇ, “ਠੀਕ ਹੈ, ਤੂੰ ਅੱਜ ਦਾ ਕੰਮ ਤਾਂ ਸਾਰ, ਬਾਕੀ ਫੇਰ ਦੇਖ ਲਵਾਂਗੇ।”

ਮਾਸਟਰ ਪ੍ਰੇਮ ਦੱਤ ਨੇ ਇੰਸਪੈਕਟਰ ਸਾਹਿਬ ਨੂੰ ਕਿਹਾ, “ਜੀ ਮੈਂ ਮੁਰਗੇ ਘਰ ਪਹੁੰਚਾ ਦਿੱਤੇ ਹਨ। ਜ਼ਰਾ ਨਾਜ਼ੁਕ ਜਿਹੇ ਹਨ, ਉੱਤੋਂ ਗਰਮੀ ਦਾ ਮੌਸਮ ਹੈ, ਅੱਜ ਹੀ ਬਣਾ ਲੈਣਾ।”

ਮਾਸਟਰ ਵਜ਼ੀਰ ਚੰਦ ਵੀ ਇੰਨੇ ਨੂੰ ਆਇਆ, ਮਾਸਟਰ ਵਜ਼ੀਰ ਚੰਦ ਨੂੰ ਮਾਸਟਰ ਪ੍ਰੇਮ ਦੱਤ ਨੇ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਉਸ ਦੇ ਘਰ ਵੀ ਮੁਰਗੀਆਂ ਦਾ ਇਕ ਝੋਲਾ ਪਹੁੰਚਾ ਦਿੱਤਾ ਹੈ।

ਮਾਸਟਰ ਵਜ਼ੀਰ ਚੰਦ ਨੇ ਮਾਸਟਰ ਪ੍ਰੇਮ ਦੱਤ ਦੇ ਸਕੂਲ ਦੀ ਲਾਗ ਬੁੱਕ ਇੰਸਪੈਕਟਰ ਸਾਹਿਬ ਅੱਗੇ ਰੱਖੀ ਤੇ ਕਿਹਾ, “ਹਜ਼ੂਰ ਇਸ ਗਰੀਬ ਦਾ ਛੁਟਕਾਰਾ ਕਰੋ। ਇਸ ਦੀ ਲਾਗ ਬੁੱਕ ਲਿਖ ਦਿਓ, ਬਾਕੀ ਦੀ ਜ਼ਿੰਮੇਦਾਰੀ ਮੇਰੀ। ਤਾਬੇਦਾਰੀ ਵਿਚ ਫਰਕ ਨਹੀਂ ਪਵੇਗਾ। ਇਸ ਜ਼ਿੰਮੇ ਲੱਗੀ ਡਿਊਟੀ ਇਹ ਨਿਭਾਉਂਦਾ ਰਹੇਗਾ।”

ਮਾਸਟਰ ਵਜ਼ੀਰ ਚੰਦ ਪੁਰਾਣਾ ਖਿਡਾਰੀ ਸੀ। ਉਸ ਨੇ ਝੱਟ ਦੁੱਧ ਸੋਡਾ ਮੰਗਵਾ ਕੇ ਅੱਗੇ ਰੱਖਿਆ ਤੇ ਕਹਿਣ ਲੱਗਾ, “ਹਜ਼ੂਰ ਉਰਦੂ ਤੁਹਾਡੀ ਕਮਾਲ ਦੀ ਹੈ।” ਤੇ ਇੰਸਪੈਕਟਰ ਸਾਹਿਬ ਨੇ ਲਿਖ ਦਿੱਤਾ ਕਿ ਸਕੂਲ ਵਿਚ ਬਹੁਤ ਡਿਸਪਲਨ ਸੀ। ਸਕੂਲ ਦੀ ਹਾਜ਼ਰੀ ਸੌ ਪ੍ਰਤੀਸ਼ਤ ਸੀ। ਚਾਰੇ ਦੇ ਚਾਰ ਮਾਸਟਰ ਡਿਊਟੀ ਤੇ ਹਾਜ਼ਰ ਸਨ। ਬੱਚਿਆਂ ਨੇ ਵਰਦੀਆਂ ਸਾਫ ਸੁਥਰੀਆਂ ਪਾਈਆਂ ਹੋਈਆਂ ਸਨ। ਸਕੂਲ ਦਾ ਬਾਗ ਬਗੀਚਾ ਬਹੁਤ ਸੁੰਦਰ ਦੇਖਿਆ ਗਿਆ। ਫੁਲਦਾਰ ਬੂਟੇ ਤੇ ਫਲਦਾਰ ਦਰਖਤ ਸਕੂਲ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੇ ਹਨ। ਪਿੰਡ ਵਾਸੀ ਸਕੂਲ ਦੇ ਹੈੱਡ ਮਾਸਟਰ, ਪ੍ਰੇਮ ਦੱਤ ਤੋਂ ਬਹੁਤ ਖੁਸ਼ ਹਨ। ਪਿੰਡ ਦੇ ਸਰਪੰਚ ਤੇ ਨੰਬਰਦਾਰ ਨੇ ਹੈੱਡ ਮਾਸਟਰ ਪ੍ਰੇਮ ਦੱਤ ਦੀ ਬਹੁਤ ਤਾਰੀਫ ਕੀਤੀ। ਮੈਂ ਇਸ ਸਕੂਲ ਨੂੰ ਏ-ਪਲੱਸ ਦਾ ਗਰੇਡ ਦੇਂਦਾ ਹਾਂ। ਇਹ ਸਕੂਲ ਸੱਚਮੁਚ ਜ਼ਿਲ੍ਹੇ ਵਿਚ ਨਮੂਨੇ ਦਾ ਸਕੂਲ ਹੈ।” ਹੇਠ ਇੰਸਪੈਕਟਰ ਸਾਹਿਬ ਨੇ ਆਪਣੇ ਦਸਤਖਤ ਕਰਕੇ ਤਾਰੀਖ ਪਾ ਦਿੱਤੀ।

ਬਾਅਦ ਵਿਚ ਇੰਸਪੈਕਟਰ ਸਾਹਿਬ ਨੇ ਕਿਹਾ, “ਮੈਂ ਇੰਨੀ ਵਧੀਆ ਲਾਗ ਬੁੱਕ ਘੱਟ ਹੀ ਲਿਖੀ ਹੋਣੀ ਹੈ। ਵਜ਼ੀਰ ਚੰਦ ਇਹਨੂੰ ਸਮਝਾ ਦੇ ਕੇ ਸੇਵਾ ਵਿਚ ਕਸਰ ਨਹੀਂ ਹੋਣੀ ਚਾਹੀਦੀ। ਮੈਂ ਇੱਥੋਂ ਜਾਣ ਵਾਲਾ ਨਹੀਂ। ਭਾਵੇਂ ਮੇਰੇ ਵਿਰੋਧੀਆਂ ਨੇ ਮੇਰੀ ਬਦਲੀ ਬਾਰੇ ਅਫਵਾਹ ਫੈਲਾਈ ਹੋਈ ਹੈ ਪਰ ਮੈਂ ਇੱਥੇ ਹੀ ਰਹਿਣਾ ਹੈ। ਅਗਲੇ ਸਾਲ ਵੀ ਇਸ ਦੀ ਲਾਗ ਬੁੱਕ ਲਿਖਣੀ ਹੈ, ਜੇ ਸੇਵਾ ਵਿਚ ਢਿੱਲ ਆਈ ਤਾਂ ਲਾਗ ਬੁੱਕ ਵਿਚ ਇਹ ਸਭ ਬਾਗ ਬਗੀਚਾ ਉੱਜੜ ਜਾਵੇਗਾ ਤੇ ਇਹ ਪ੍ਰੇਮ ਦੱਤ ਬਾਰਡਰ ਦੇ ਕਿਸੇ ਪਿੰਡ ਵਿਚ ਤਬਦੀਲ ਹੋ ਜਾਵੇਗਾ।””

ਡਿਸਟ੍ਰਿਕਟ ਇੰਸਪੈਕਟਰ ਔਫ ਸਕੂਲਾਂ ਨੂੰ ਇਤਲਾਹ ਮਿਲੀ ਕਿ ਡਵੀਜਨਲ ਇੰਸਪੈਕਟਰ ਜ਼ਿਲੇ ਦੇ ਸਕੂਲਾਂ ਦਾ ਮੁਆਇਨਾ ਕਰਨ ਆ ਰਹੇ ਹਨ।

ਸਕੂਲਾਂ ਦੇ ਹੈੱਡ ਮਾਸਟਰਾਂ ਦੀ ਫੌਰੀ ਮੀਟਿੰਗ ਬੁਲਾਈ ਗਈ ਤੇ ਦੱਸਿਆ ਕਿ ਵਕਤ ਘੱਟ ਹੈ ਪਰ ਜ਼ਿਲ੍ਹੇ ਦੀ ਇੱਜ਼ਤ ਦਾ ਸਵਾਲ ਹੈ। ਰਿਪੋਰਟ ਵਧੀਆ ਮਿਲਣੀ ਚਾਹੀਦੀ ਹੈ।

ਡਿਊਟੀਆਂ ਲਗਾ ਦਿੱਤੀਆਂ ਗਈਆਂ। ਫੰਡ ਵੀ ਇਕੱਠਾ ਕਰ ਲਿਆ ਗਿਆ।

ਮਾਸਟਰ ਵਜ਼ੀਰ ਚੰਦ ਜੋ ਆਪਣੇ ਸਕੂਲ ਘੱਟ ਹੀ ਜਾਂਦਾ ਸੀ ਬਹੁਤਾ ਕਰਕੇ ਉਹ ਦਫਤਰ ਹੀ ਰਹਿੰਦਾ, ਅਫਸਰਾਂ ਦਾ ਚਹੇਤਾ ਜੋ ਸੀ। ਉਸ ਨੇ ਇਨਸਪੈਕਟਰ ਸਾਹਿਬ ਨੂੰ ਕਿਹਾ, “ਇਹ ਸਭ ਕੁਝ ਤੁਸੀਂ ਮੇਰੇ ਜ਼ਿੰਮੇ ਛੱਡ ਦਿਉ। ਜ਼ਿਲ੍ਹੇ ਦੀ ਇਨਸਪੈਕਸ਼ਨ ਦੀ ਰਿਪੋਰਟ ਏ-ਪਲੱਸ ਤੋਂ ਘੱਟ ਨਹੀਂ ਆਵੇਗੀ। ਤੁਸੀਂ ਤਾਂ ਕਦੇ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਤਾ, ਇੱਥੇ ਪਤਾ ਨਹੀਂ ਕੀ ਕੁਝ ਕਰਨਾ ਪੈਣਾ ਹੈ।”

ਸਾਰੇ ਕਰਿੰਦਿਆਂ ਦੀਆਂ ਡਿਊਟੀਆਂ ਲੱਗ ਗਈਆਂ। ਰੈਸਟ ਹਾਊਸ ਬੁੱਕ ਹੋ ਗਿਆ, ਉਹਨਾਂ ਦੀ ਠਾਹਰ ਲਈ। ਦੁਪਹਿਰ ਦੀ ਠਹਿਰ, ਰਾਤ ਦਾ ਖਾਣਾ ਆਦਿ ਸਾਰੇ ਪ੍ਰਬੰਧ ਉਲੀਕੇ ਗਏ।

ਡਵੀਜ਼ਨਲ ਇਨਸਪੈਕਟਰ ਮਿਸਟਰ ਵਰਮਾ ਆਪਣੀ ਜੀਪ ਤੋਂ ਉੱਤਰੇ ਤਾਂ ਉਹਨਾਂ ਦੇ ਸਟੈਨੋ ਨੇ ਵਜ਼ੀਰ ਚੰਦ ਨੂੰ ਦੱਸ ਦਿੱਤਾ ਕਿ ਸਾਹਿਬ ਦੇ ਇੱਥੇ ਆਉਣ ਦਾ ਪ੍ਰੋਗਰਾਮ ਅਚਾਨਕ ਬਣ ਗਿਆ। ਦੋ ਹਾਈ ਸਕੂਲ ਤੇ ਇਕ ਮਿਡਲ ਸਕੂਲ ਦੀ ਇਨਸਪੈਕਸ਼ਨ ਕਰਕੇ ਜਦ ਵਰਮਾ ਸਾਹਿਬ ਵਾਪਿਸ ਆ ਰਹੇ ਸਨ ਉਹਨਾਂ ਦਾ ਧਿਆਨ ਰਾਹ ਵਿਚ ਸੜਕ ਉੱਤੇ ਪੈਂਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਵੱਲ ਪੈ ਗਿਆ। ਉਹਨਾਂ ਜੀਪ, ਡਰਾਈਵਰ ਨੂੰ ਉਧਰ ਮੋੜਨ ਲਈ ਕਿਹਾ। ਸਕੂਲ ਬੰਦ ਹੋਣ ਦਾ ਸਮਾਂ ਸੀ ਕੁਝ ਸਟਾਫ ਮੈਂਬਰ ਤੇ ਬੱਚੇ ਵੀ ਜਾ ਚੁੱਕੇ ਸਨ ਪਰ ਵਰਮਾ ਸਾਹਿਬ ਨੇ ਸਰਸਰੀ ਤੌਰ ’ਤੇ ਚੈੱਕ ਕੀਤਾ। ਹਾਜ਼ਰ ਬੱਚਿਆਂ ਤੋਂ ਕੁਝ ਸਵਾਲ ਵੀ ਪੁੱਛੇ। ਵਰਮਾ ਸਾਹਿਬ ਨੂੰ ਅਹਿਸਾਸ ਹੋਇਆ ਕਿ ਸਕੂਲ ਬੰਦ ਹੋਣ ਸਮੇਂ ਇਹੋ ਜਿਹੀ ਹੀ ਹਾਲਾਤ ਹੁੰਦੀ ਹੈ। ਵਰਮਾ ਸਾਹਿਬ ਨੇ ਘੜੀ ਦੇਖੀ ਤੇ ਜੀਪ ਵਿਚ ਬੈਠਣ ਹੀ ਲੱਗੇ ਸਨ ਕੇ ਪ੍ਰੇਮ ਦੱਤ ਤੋਂ ਇਕ ਵੱਡੀ ਭੁੱਲ ਹੋ ਗਈ, ਉਸ ਆਪਣੇ ਸਕੂਲ ਦੀ ਲਾਗ ਬੁੱਕ ਉਹਨਾਂ ਅੱਗੇ ਪੇਸ਼ ਕਰਕੇ ਬੇਨਤੀ ਕੀਤੀ ਕਿ ਇਸ ਸਕੂਲ ਦੇ ਕਿੰਨੇ ਚੰਗੇ ਭਾਗ ਹਨ ਜੋ ਆਪ ਜਿਹੇ ਵੱਡੇ ਅਫਸਰਾਂ ਨੇ ਇਸ ਸਕੂਲ ਦੀ ਇਨਸਪੈਕਸ਼ਨ ਕੀਤੀ। ਕ੍ਰਿਪਾ ਕਰਕੇ ਦੋ ਅੱਖਰ ਵੀ ਲਿਖ ਦਿਉ।

ਵਰਮਾ ਸਾਹਿਬ ਜੀਪ ਤੋਂ ਉੱਤਰ ਕੇ ਆਫਿਸ ਵਿਚ ਬੈਠ ਕੇ ਲਾਗ ਬੁੱਕ ਲਿਖਣ ਲੱਗੇ ਤਾਂ ਉਹਨਾਂ ਦੀ ਨਜ਼ਰ ਪਿਛਲੀ ਇਨਸਪੈਕਸ਼ਨ ਰੀਪੋਰਟ, ਜੋ ਗੁਰਮੁਖ ਸਿੰਘ ਅਸਿਸਟੈਂਟ ਇਨਸਪੈਕਟਰ ਨੇ ਦੋ ਦਿਨ ਪਹਿਲਾਂ ਲਿਖੀ ਸੀ, ’ਤੇ ਪਈ। ਉਹਨਾਂ ਉਹ ਧਿਆਨ ਨਾਲ ਹਰਫ ਬਾਹਰਫ ਪੜ੍ਹੀ ਤਾਂ ਉਹਨਾਂ ਦੇ ਚਿਹਰੇ ਤੇ ਕਰੋਧ ਆ ਗਿਆ। ਕਮਰੇ ਤੋਂ ਬਾਹਰ ਆ ਕੇ ਕਹਿਣ ਲੱਗੇ, “ਉਹ ਬਾਗ, ਬਗੀਚਾ, ਫੁੱਲਦਾਰ ਪੌਦੇ ਤੇ ਫਲਦਾਰ ਦਰਖਤ, ਹਰਿਆਵਲ ਇਕ ਦਿਨ ਵਿਚ ਕਿੱਥੇ ਗਾਇਬ ਹੋ ਗਈ।””

ਵਰਮਾ ਸਾਹਿਬ ਨੇ ਪ੍ਰੇਮ ਦੱਤ ਨੂੰ ਕਿਹਾ, “ਸੱਚ ਸੱਚ ਬਤਾਉ ਯੇ ਕੈਸੇ ਹੂਆ? ਨਹੀਂ ਤੋ ਤੁਮਾਰੀ ਨੌਕਰੀ ਅੱਜ ਤੋਂ ਹੀ ਖਤਮ।””

ਮਾਸਟਰ ਵਜ਼ੀਰ ਚੰਦ ਜੋ ਹਰ ਮਰਜ਼ ਦੀ ਦਵਾ ਸੀ ਨੇ ਮੌਕਾ ਸੰਭਾਲਦੇ ਕਿਹਾ, “ਹਜ਼ੂਰ ਆਪ ਰੈਸਟ ਹਾਊਸ ਪਹੁੰਚੋ ਸਭ ਕੁਝ ਪਤਾ ਚੱਲ ਜਾਏਗਾ।””

ਵਰਮਾ ਸਾਹਿਬ ਜਦ ਰੈਸਟ ਹਾਊਸ ਪਰਤੇ ਅੱਗੇ ਬਹੁਤ ਵੱਡਾ ਪ੍ਰੋਗਰਾਮ ਤਿਆਰ ਸੀ। ਵਰਮਾ ਸਾਹਿਬ ਨੇ ਗੁੱਸੇ ਵਿਚ ਕਿਹਾ, “ਮਾਸਟਰ ਵਜ਼ੀਰ ਚੰਦ, ਸਭ ਕੋ ਚਲੇ ਜਾਨੇ ਕੀ ਹਦਾਇਤ ਕਰੋ।””

ਵਜ਼ੀਰ ਚੰਦ ਨੇ ਸਭ ਕੁਝ ਬੰਦ ਕਰਾ ਦਿੱਤਾ ਤੇ ਵਕਤ ਨੂੰ ਸੰਭਾਲਦੇ ਹੋਏ ਸਾਹਿਬ ਨੂੰ ਇਕ ਵੱਖਰੇ ਕਮਰੇ ਵਿਚ ਬਿਠਾ ਕੇ ਮੁਰਗੇ ਤੇ ਵਿਸਕੀ ਦੀ ਬੁਛਾੜ ਕਰ ਦਿੱਤੀ, ਵਰਮਾ ਸਾਹਿਬ ਜਦ ਪੂਰੇ ਮੂਡ ਵਿਚ ਆ ਗਏ ਤੇ ਕਹਿਣ ਲੱਗੇ “ਵਜ਼ੀਰ ਚੰਦ ਤੂੰ ਤਾਂ ਮੇਰਾ ਵਜ਼ੀਰ ਹੋਣਾ ਚਾਹੀਦਾ ਹੈਂ। ਤੇਰੀ ਬਦਲੀ ਮੇਰੇ ਕੋਲ ਹੋ ਗਈ ਸਮਝੋ, ਕੱਲ੍ਹ ਆਡਰ ਜਾਰੀ ਹੋ ਜਾਣਗੇ। ਤੂੰ ਮੇਰਾ ਪੀ.ਏ. ਚਾਹੀਦਾ ਹੈਂ, ਹਰ ਮਰਜ਼ ਦੀ ਦਵਾ। ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿਣੀ ਤੇਰੇ ਹੁੰਦੇ ਹੋਏ।”

ਵਜ਼ੀਰ ਚੰਦ ਨੇ ਕਿਹਾ, “ਹਜ਼ੂਰ, ਮੈਂ ਇਹ ਸ਼ਹਿਰ ਛੱਡ ਨਹੀਂ ਸਕਦਾ, ਮੈਨੂੰ ਮੁਆਫ ਕਰੋ। ਵੈਸੇ ਮੈਂ ਤੁਹਾਡਾ ਹਰ ਵਕਤ ਸੇਵਾਦਾਰ ਹਾਂ।””

ਵਰਮਾ ਸਾਹਿਬ ਨੇ ਪੁੱਛਿਆ, “ਵਜ਼ੀਰ ਚੰਦ, ਸਭ ਚਲੇ ਗਏ ਹਨ?”

ਵਜ਼ੀਰ ਚੰਦ ਨੇ ਕਿਹਾ, “ਨਹੀਂ ਜਨਾਬ, ਤੁਹਾਡੇ ਗੁਨਾਹਗਾਰ ਮਾਸਟਰ ਪ੍ਰੇਮ ਦੱਤ ਤੇ ਗੁਰਮੁਖ ਸਿੰਘ ਬਾਹਰ ਖੜ੍ਹੇ ਹਨ ਤੇ ਜਦੋਂ ਤਕ ਤੁਸੀਂ ਉਹਨਾਂ ਨੂੰ ਮੁਆਫ ਨਹੀਂ ਕਰੋਗੇ, ਉਹਨਾਂ ਨੇ ਜਾਣਾ ਨਹੀਂ।””

ਵਰਮਾ ਸਾਹਿਬ ਨੇ ਲੜਖੜਾਉਂਦੀ ਅਵਾਜ਼ ਵਿਚ ਕਿਹਾ, “ਉਹਨਾਂ ਦੋਹਾਂ ਨੂੰ ਫੌਰਨ ਪੇਸ਼ ਕਰੋ।””

“ਦੇਖੋ, ਆਪ ਦੋਨੋਂ ਕਾ ਕਸੂਰ ਬਹੁਤ ਵੱਡਾ ਹੈ। ਪ੍ਰੇਮ ਦੱਤ, ਨੋਟ ਕਰੋ, ਮੈਂ ਫਿਰ ਅਗਲੇ ਸਾਲ ਇਨਸਪੈਕਸ਼ਨ ’ਤੇ ਆਵਾਂਗਾ ਉਦੋਂ ਤਕ ਸਭ ਬਾਗ ਬਗੀਚਾ ਹਰਾ ਹੋਣਾ ਚਾਹੀਦਾ ਹੈ। ਫਲਦਾਰ ਦਰਖਤ, ਫੁੱਲਦਾਰ ਪੌਦੇ ਲੱਗੇ ਹੋਣ, ਹਰਿਆਵਲ ਹੀ ਹਰਿਆਵਲ ਦਿਸੇ ਹਰ ਪਾਸੇ। ਨਹੀਂ ਤੋ ਆਪ ਮੁਝੇ ਜਾਨਤੇ ਹੋ ਕਿਸੀ ਬਾਰਡਰ ਕੇ ਸਕੂਲ ਮੈਂ ਤਬਦੀਲ ਕਰ ਦਿਆਂਗਾ।””

ਅੱਗੋਂ ਪ੍ਰੇਮ ਦੱਤ ਹੱਥ ਜੋੜ ਕੇ ਕਹਿਣ ਲੱਗਾ, “ਹਜ਼ੂਰ, ਐਸਾ ਹੀ ਹੋਗਾ। ਅਬ ਮੁਆਫ ਕਰ ਦਿਉ।”

“ਠੀਕ ਹੈ, ਤੁਮੇਂ ਮੁਆਫ ਕੀਆ।””

“ਗੁਰਮੁਖ ਸਿੰਘ, ਤੁਮ ਮੇਰੇ ਸਾਹਮਣੇ ਮੁਰਗਾ ਬਨ ਕੇ ਦਿਖਾਉ ਤੋ ਮੁਆਫ ਕੀਆ, ਵਰਨਾ ਨੌਕਰੀ ਸੇ ਬਰਖਾਸਤ ਸਮਝੋ।”” ਵਰਮਾ ਸਾਹਿਬ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ।

ਮਾਸਟਰ ਵਜ਼ੀਰ ਚੰਦ ਕਹਿਣ ਲੱਗਾ, “ਹਜ਼ੂਰ, ਗੁਰਮੁਖ ਸਿੰਘ ਨੂੰ ਸਾਰੇ ਸਟਾਫ ਵਾਲੇ ਕੁੱਕੜ ਕਹਿੰਦੇ ਹਨ ਤੇ ਚਾਲ ਢਾਲ ਵੀ ਇਸਦੀ ਕੁੱਕੜ ਵਰਗੀ ਹੈ। ਤੁਸੀਂ ਜ਼ਰਾ ਧਿਆਨ ਨਾਲ ਉਸ ਵੱਲ ਦੇਖੋ।””

“ਯੇ ਬਾਤ ਮੁਝੇ ਪਹਿਲੇ ਕਿਉਂ ਨਹੀਂ ਬਤਾਈ? ਜਾਉ, ਤੁਮੇ ਬੀ ਮੁਆਫ ਕੀਆ। ਗੁਰਮੁਖ ਅੱਗੇ ਤੋ ਐਸਾ ਨਾ ਹੋ, ਆਪ ਕੋ ਹਦਾਇਤ ਹੈ ਮੇਰੀ ਤਰਫ ਸੇ ਔਰ ਸਰਕਾਰ ਕੀ ਤਰਫ ਸੇ।”

ਗੁਰਮੁਖ ਸਿੰਘ ਤੇ ਪ੍ਰੇਮ ਦੱਤ ਨੇ ਵਰਮਾ ਸਹਿਬ ਦਾ ਘੱਟ ਤੇ ਵਜ਼ੀਰ ਚੰਦ ਦਾ ਜ਼ਿਆਦਾ ਧੰਨਵਾਦ ਕੀਤਾ ਜਿਸ ਉਹਨਾਂ ਨੂੰ ਔਖੀ ਘੜੀ ਵਿਚ ਬਚਾ ਲਿਆ। ਵਾਪਸ ਪਰਤਦੇ ਸਮੇਂ ਮਾਸਟਰ ਪ੍ਰੇਮ ਦੱਤ ਨੇ ਕਿਹਾ, “ਯਾਰ ਵਜ਼ੀਰ ਚੰਦ, ਸਾਹਿਬ ਨੂੰ ਤੂੰ ਕੀ ਬਲਾ ਪਿਆਈ ਹੈ ਜੋ ਮੁਰਗੇ ਨੂੰ ਵੀ ਮਾਤ ਦੇ ਗਈ?”

-ਭੁਪਿੰਦਰ ਸਿੰਘ ਨੰਦਾ